ਮਾਲਵਿੰਦਰ ਮਾਲੀ ਪਟਿਆਲਾ ਜੇਲ੍ਹ ’ਚੋਂ ਰਿਹਾਅ
ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਸੋਢੀ
ਪਟਿਆਲਾ/ਐੱਸਏਐੱਸ ਨਗਰ, 30 ਅਕਤੂਬਰ
ਉੱਘੇ ਸਮਾਜਿਕ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਹੇਠਲੀ ਅਦਾਲਤ ’ਚੋਂ ਰਿਹਾਈ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਅੱਜ ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਮਾਲੀ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਕਿਹਾ ਕਿ ਉਹ ਸਰਕਾਰੀ ਜਬਰ ਅਤੇ ਜ਼ੁਲਮ ਖ਼ਿਲਾਫ਼ ਕਦੇ ਨਹੀਂ ਝੁਕਣਗੇ ਅਤੇ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਮਾਲੀ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅੱਜ ਮਾਲੀ ਦੇ ਦੋਸਤ ਹਰਪਾਲ ਕੌਰ ਅਤੇ ਉਨ੍ਹਾਂ ਦੇ ਪਤੀ ਤੇਜਾ ਸਿੰਘ ਨਾਗਰਾ ਨੇ ਮੁਹਾਲੀ ਦੀ ਅਦਾਲਤ ਵਿੱਚ ਜ਼ਮਾਨਤੀ ਬਾਂਡ ਭਰੇ। ਜੋੜੇ ਨੇ ਅਦਾਲਤ ਵਿੱਚ ਐੱਫਡੀ, ਆਧਾਰ ਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਜਮ੍ਹਾਂ ਕਰਵਾਏ ਗਏ। ਉਪਰੰਤ ਜ਼ਿਲ੍ਹਾ ਅਦਾਲਤ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਮਾਲਵਿੰਦਰ ਮਾਲੀ ਨੂੰ ਰਿਹਾਅ ਕਰਨ ਦੇ ਆਨਲਾਈਨ ਆਦੇਸ਼ ਜਾਰੀ ਕੀਤੇ ਗਏ। ਅੱਜ ਦੇਰ ਸ਼ਾਮ ਮਾਲੀ ਨੂੰ ਪਟਿਆਲਾ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਅਤੇ ਉਹ ਆਪਣੇ ਸਮਰਥਕਾਂ ਤੇ ਇਨਸਾਫ਼ਪਸੰਦ ਲੋਕਾਂ ਦੇ ਵੱਡੇ ਕਾਫ਼ਲੇ ਨਾਲ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਪਟਿਆਲਾ ਸਥਿਤ ਘਰ ਪੁੱਜੇ। ਜ਼ਿਕਰਯੋਗ ਹੈ ਕਿ ਮਾਲੀ ਨੂੰ ਇੱਕ ਟੀਵੀ ਚੈਨਲ ਦੀ ਇੰਟਰਵਿਊ ਦੌਰਾਨ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਦਰਜ ਕੇਸ ਦੇ ਆਧਾਰ ’ਤੇ ਪਟਿਆਲਾ ਸਥਿਤ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਘਰੋਂ 16 ਸਤਬੰਰ ਰਾਤ ਨੂੰ ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇੱਕ ਰਾਤ ਥਾਣੇ ਵਿੱਚ ਬਿਤਾਉਣ ਉਪਰੰਤ ਅਗਲੇ ਹੀ ਦਿਨ 17 ਸਤੰਬਰ ਨੂੰ ਅਦਾਲਤ ’ਚ ਪੇਸ਼ ਕਰਨ ’ਤੇ ਮਾਲੀ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਕਿਸਾਨ ਆਗੂ ਡਾ. ਦਰਸ਼ਨਪਾਲ, ਰਣਜੀਤ ਗਰੇਵਾਲ, ਅਜਾਇਬ ਟਿਵਾਣਾ, ਰਣਧੀਰ ਸਮੂਰਾਂ, ਜਸਦੇਵ ਨੂਗੀ, ਰਾਣਾ ਨਿਰਮਾਣ, ਹਰਦੀਪ ਸੇਹਰਾ, ਅਵਤਾਰ ਕੌਰਜੀਵਾਲਾ ਸਣੇ ਕਈ ਹੋਰਾਂ ਨੇ ਮਾਲੀ ਦਾ ਨਿੱਘਾ ਸਵਾਗਤ ਕੀਤਾ।
ਪੰਜਾਬ ਸਰਕਾਰ ਤੇ ਪੁਲੀਸ ਨੇ ਧੱਕੇਸ਼ਾਹੀ ਦੀਆਂ ਹੱਦਾਂ ਪਾਰ ਕੀਤੀਆਂ: ਡਾ. ਪਿਆਰੇ ਲਾਲ
ਮੁਹਾਲੀ ਅਦਾਲਤ ਦੇ ਬਾਹਰ ਡਾ. ਪਿਆਰੇ ਲਾਲ ਗਰਗ, ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਅਤੇ ਜੀਟੀਯੂ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਗੱਲਬਾਤ ਦੌਰਾਨ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਅਤੇ ਪੁਲੀਸ ਦੀਆਂ ਕਥਿਤ ਵਧੀਕੀਆਂ ਬਾਰੇ ਗੱਲ ਕੀਤੀ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਰਾਜ ਸਰਕਾਰ ਅਤੇ ਪੁਲੀਸ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ। ਮਾਲੀ ਦੀ ਗ੍ਰਿਫ਼ਤਾਰੀ ਪਹਿਲਾਂ ਕੀਤੀ ਗਈ ਜਦੋਂਕਿ ਕੇਸ ਬਾਅਦ ਵਿੱਚ ਦਰਜ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮਾਲੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹਾਈ ਕੋਰਟ ਨੇ ਬਰਾਬਰਤਾ ਦੇ ਸਿਧਾਂਤ ਤਹਿਤ ਅਗਲੀ ਪੇਸ਼ੀ ਤੱਕ ਮਾਲੀ ਨੂੰ ਜ਼ਮਾਨਤ ਦਿੱਤੀ ਹੈ। ਹਰਪਾਲ ਕੌਰ ਅਤੇ ਤੇਜਾ ਸਿੰਘ ਨਾਗਰਾ ਨੇ ਕਿਹਾ ਕਿ ਮਾਲੀ ਵਿਰੁੱਧ ਦਰਜ ਕੇਸ ਝੂਠਾ ਹੈ, ਇਸ ਨੂੰ ਮੁੱਢੋਂ ਰੱਦ ਕੀਤਾ ਜਾਵੇ।