ਸਕੰਕ
ਹਰਪ੍ਰੀਤ ਸੇਖਾ
ਗੁਨੀਤ ਦਾ ਰੌਂਅ ਦੇਖ ਕੇ ਪਰਮਿੰਦਰ ਨੂੰ ਚੜ੍ਹਿਆ ਰੋਹ ਉੱਡ ਪੁੱਡ ਗਿਆ। ਗੁਨੀਤ ਥੱਪ ਥੱਪ ਪੈਰ ਪਟਕਦੀ ਆਪਣੇ ਕਮਰੇ ਵਿੱਚ ਗਈ ਤੇ ਠਾਹ ਦੇ ਕੇ ਦਰਵਾਜ਼ਾ ਬੰਦ ਕਰ ਲਿਆ। ਫਿਰ ਉਸੇ ਵੇਗ ਨਾਲ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਹਨੇਰੀ ਵਾਂਗ ਪਰਮਿੰਦਰ ਵੱਲ ਆਉਂਦੀ ਬੋਲੀ, “ਡਿਡ ਯੂ ਐਂਟਰ ਮਾਈ ਰੂਮ- ਕੀ ਤੂੰ ਮੇਰੇ ਕਮਰੇ ਵਿੱਚ ਵੜੀ ਸੀ?” ਫਿਰ ਪਰਮਿੰਦਰ ਦਾ ਜਵਾਬ ਉਡੀਕੇ ਬਿਨਾਂ ਹੀ ਬੋਲੀ, “ਆਈ ਟੋਲਡ ਯੂ ਸੋ ਮੈਨੀ ਟਾਈਮਜ਼ ਨਾਟ ਟੂ ਕਲੀਨ ਮਾਈ ਰੂਮ। ਡੂ ਯੂ ਵਾਂਟ ਮੀ ਟੂ ਗੈੱਟ ਆਊਟ ਆਫ ਦਿਸ ਸ਼ਿੱਟ ਹੋਲ- ਮੈਂ ਤੈਨੂੰ ਕਿੰਨੇ ਵਾਰ ਕਿਹਾ ਹੈ ਕਿ ਮੇਰੇ ਕਮਰੇ ਦੀ ਸਫ਼ਾਈ ਨਾ ਕਰਿਆ ਕਰ। ਕੀ ਤੂੰ ਚਾਹੁੰਦੀ ਹੈਂ ਕਿ ਮੈਂ ਇਸ ਨਰਕ ’ਚੋਂ ਨਿਕਲ ਜਾਵਾਂ?” ਪਰਮਿੰਦਰ ਦੇ ਚਿੱਤ ’ਚ ਆਈ, ‘ਹੋਰਾਂ ਮੂਹਰੇ ਇਸ ਦੀ ਜ਼ੁਬਾਨ ਨਹੀਂ ਨਿਕਲਦੀ ਤੇ ਮੈਨੂੰ ਵੇਖ ਕਿਵੇਂ ਝਈਆਂ ਲੈ ਲੈ ਪੈਂਦੀ ਹੈ।’ ਪਰ ਉਸ ਨੇ ਇਸ ਤਰ੍ਹਾਂ ਕਿਹਾ ਨਹੀਂ। ਉਹ ਬੋਲੀ, “ਆਈ ਐਮ ਸੌਰੀ।”
“ਜਸਟ ਲੀਵ ਮੀ ਅਲੋਨ, ਵਿੱਲ ਯੂ? ਮੈਨੂੰ ਇਕੱਲੀ ਛੱਡ ਦੇ, ਕਰੇਂਗੀ ਇਹ?” ਆਖਦੀ ਗੁਨੀਤ ਮੁੜ ਆਪਣੇ ਕਮਰੇ ’ਚ ਚਲੀ ਗਈ ਤੇ ਉਸੇ ਜ਼ੋਰ ਨਾਲ ਮੁੜ ਬੂਹਾ ਬੰਦ ਕਰ ਲਿਆ।
ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਕੇ ਪਰਮਿੰਦਰ ਨਿੰਮੋਝੂਣੀ ਹੋ ਗਈ ਸੀ। ਸਕੂਲ ਬੁਲਾ ਕੇ ਉਸ ਨੇ ਪਰਮਿੰਦਰ ਨੂੰ ਕਿਹਾ ਸੀ ਕਿ ਗੁਨੀਤ ਵਿੱਚੋਂ ਮੁਸ਼ਕ ਮਾਰਨ ਲੱਗਾ ਸੀ। ਵਿਦਿਆਰਥੀ ਉਸ ਦੀ ਸ਼ਿਕਾਇਤ ਕਰਦੇ ਸਨ। ਪਰਮਿੰਦਰ ਨੂੰ ਇਸ ਦਾ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਸਕੂਲ ਵਿੱਚ ਗੁਨੀਤ ਨੂੰ ਕਈ ਵਿਦਿਆਰਥੀ ਸਕੰਕ ਕਹਿਣ ਲੱਗੇ ਸਨ। ਉਸ ਨੇ ਇੱਕ ਦਿਨ ਗੁਨੀਤ ਨੂੰ ਸਕੂਲੋਂ ਲੈਣ ਗਈ ਨੇ ਆਪਣੇ ਕੰਨੀਂ ਸੁਣਿਆ ਸੀ। ਕਾਰ ਵਿੱਚ ਬੈਠਣ ਲੱਗੀ ਗੁਨੀਤ ਨੂੰ ਕਿਸੇ ਨੇ ਆਵਾਜ਼ਾ ਕਸਿਆ ਸੀ, “ਹੇ ਸਕੰਕ, ਮੁੜ ਕੇ ਸਕੂਲ ਨਾ ਆਵੀਂ। ਸਾਨੂੰ ਤੇਰੀ ਲੋੜ ਨਹੀਂ।” ਇਹ ਸੁਣ ਕੇ ਪਰਮਿੰਦਰ ਦੇ ਮਨ ਅੰਦਰ ਉੱਠਿਆ ਤਾਂ ਸੀ ਕਿ ਗੁਨੀਤ ਨੂੰ ਕਹੇ, ‘‘ਚੰਗੀ ਹੈਂ ਇਹ ਸੁਣ ਕੇ?” ਪਰ ਉਸ ਨੇ ਇਹ ਗੱਲ ਆਪਣੇ ਬੁੱਲ੍ਹਾਂ ’ਤੇ ਨਹੀਂ ਸੀ ਆਉਣ ਦਿੱਤੀ। ਉਸ ਰਾਤ ਵੀ ਪਰਮਿੰਦਰ ਉੱਸਲਵੱਟੇ ਲੈਂਦੀ ਰਹੀ ਸੀ। ਆਪਣੀ ਧੀ ਦਾ ਪਿਆ ਇਹ ਨਾਂ ਉਸ ਨੂੰ ਅੰਦਰੋਂ ਅੰਦਰ ਵੱਢ-ਵੱਢ ਖਾ ਰਿਹਾ ਸੀ। ਉਸ ਨੂੰ ਕਈ ਸਾਲ ਪਹਿਲਾਂ ਦਾ ਵੇਲਾ ਯਾਦ ਆਇਆ ਸੀ, ਜਦੋਂ ਉਹ ਗੁਨੀਤ ਨੂੰ ਲੈ ਕੇ ਆਪਣੀ ਮਾਸੀ ਦੇ ਘਰ ਗਈ ਸੀ। ਮਾਸੀ ਦੇ ਘਰੋਂ ਆਉਂਦੀ ਦੁਰਗੰਧ ਨੇ ਉਨ੍ਹਾਂ ਦਾ ਉੱਥੇ ਖੜ੍ਹਨਾ ਦੁੱਭਰ ਕਰ ਦਿੱਤਾ ਸੀ। ਗੁਨੀਤ ਨੇ ਉਸ ਦੇ ਕੰਨ ਨੇੜੇ ਮੂੰਹ ਕਰ ਕੇ ਕਿਹਾ ਸੀ, “ਚਲੋ ਚੱਲੀਏ ਏਥੋਂ। ਇਨ੍ਹਾਂ ਦੇ ਘਰੋਂ ਬਹੁਤੀ ਸਟਿੰਕ ਆਉਂਦੀ ਐ।” ਮਾਸੀ ਬੋਲੀ ਸੀ, “ਕੀ ਕਰੀਏ ਭਾਈ ਬਹੁਤ ਓਹੜ-ਪੋਹੜ ਕਰ ਲਏ ਸਟਿੰਕ ਜਾਂਦੀ ਈ ਨਹੀਂ। ਤਿੰਨ ਵੀਕਾਂ ਹੋ ਗਈਆਂ। ਸਕੰਕ ਸਾਡੇ ਕੁੱਤੇ ’ਤੇ ਸਪਰੇਅ ਕਰ ਗਿਆ। ਓਦਣ ਦਾ ਅਸੀਂ ਕੁੱਤਾ ਘਰ ਦੇ ਅੰਦਰ ਨਹੀਂ ਵੜਨ ਦਿੱਤਾ। ਮੁਸ਼ਕ ਘਰੋਂ ਵੀ ਆਈ ਜਾਂਦੈ।”
“ਚੰਗਾ ਮਾਸੀ, ਅਸੀਂ ਤਾਂ ਚਲਦੀਆਂ ਫੇਰ,” ਆਖ ਕੇ ਗੁਨੀਤ ਦੀ ਉਂਗਲ ਫੜ ਪਰਮਿੰਦਰ ਉਦੋਂ ਹੀ ਉਨ੍ਹਾਂ ਦੇ ਘਰੋਂ ਆ ਗਈ ਸੀ। ਰਾਹ ਵਿੱਚ ਗੁਨੀਤ ਬੋਲੀ ਸੀ, ‘‘ਮੰਮੀ, ਸਕੰਕ ਕਿਹੋ ਜਿਹਾ ਹੁੰਦਾ?’’ ‘‘ਮੈਂ ਦੇਖਿਆ ਤਾਂ ਹੈ ਨਹੀਂ ਪਰ ਕਹਿੰਦੇ ਆ ਬਿੱਲੀ ਕੁ ਜਿੱਡਾ ਹੁੰਦੈ,’’ ਪਰਮਿੰਦਰ ਨੇ ਜਵਾਬ ਦਿੱਤਾ ਸੀ। ‘‘ਉਹ ਡੌਗੀ ’ਤੇ ਕਿਉਂ ਸਟਿੰਕੀ ਸਪਰੇਅ ਕਰ ਗਿਆ?’’ ‘‘ਡੌਗੀ ਉਸ ਨੂੰ ਮਾਰਨ ਲੱਗਾ ਹੋਵੇਗਾ।’’ ਪਰਮਿੰਦਰ ਦਾ ਇਹ ਜਵਾਬ ਸੁਣ ਕੇ ਗੁਨੀਤ ਨੇ ‘‘ਓਹ!’’ ਕਿਹਾ ਤੇ ਚੁੱਪ ਕਰ ਗਈ ਸੀ। ਉਸ ਦਿਨ ਬਾਰੇ ਸੋਚ ਕੇ ਪਰਮਿੰਦਰ ਦੇ ਚਿੱਤ ’ਚ ਆਈ ਸੀ ਕਿ ਉਹ ਗੁਨੀਤ ਨੂੰ ਮਾਸੀ ਦੇ ਘਰੋਂ ਆਉਂਦੀ ਦੁਰਗੰਧ ਬਾਰੇ ਯਾਦ ਕਰਵਾ ਕੇ ਨਹਾਉਣ ਲਈ ਮਨਾਵੇ। ‘ਮੇਰੀ ਗੱਲ ਨੂੰ ਪੁੱਠਾ ਹੀ ਨਾ ਪਾ ਲਵੇ,’ ਸੋਚ ਕੇ ਪਰਮਿੰਦਰ ਨੇ ਆਪਣੇ ਆਪ ਨੂੰ ਰੋਕ ਲਿਆ ਸੀ, ਪਰ ਅੱਜ ਪ੍ਰਿੰਸੀਪਲ ਨੂੰ ਮਿਲਣ ਤੋਂ ਬਾਅਦ ਘਰ ਮੁੜਦੀ ਪਰਮਿੰਦਰ ਨੂੰ ਰੋਹ ਚੜ੍ਹ ਗਿਆ ਸੀ। ਉਹ ਸਿੱਧੀ ਗੁਨੀਤ ਦੇ ਕਮਰੇ ਵਿੱਚ ਗਈ। ਕਮਰੇ ਦੀ ਖਿੜਕੀ ਖੋਲ੍ਹੀ। ਫਿਰ ਨਾਲ ਜੁੜਵੇਂ ਗ਼ੁਸਲਖ਼ਾਨੇ ਦੀ ਬਾਰੀ ਖੋਲ੍ਹ ਕੇ ਪੱਖਾ ਚਲਾਇਆ ਤੇ ਸਫ਼ਾਈ ਕਰਨ ਵਿੱਚ ਜੁਟ ਗਈ। ਬਿਸਤਰੇ ਤੱਕ ਦੇ ਲੀੜਿਆਂ ਨੂੰ ਧੋ ਸੁੱਟਿਆ। ਸਫ਼ਾਈ ਕਰਦਿਆਂ ਹੀ ਗੁਨੀਤ ਨੂੰ ਸਕੂਲੋਂ ਲੈ ਕੇ ਆਉਣ ਦਾ ਸਮਾਂ ਹੋ ਗਿਆ। ਮੁਸ਼ਕ ਦੂਰ ਕਰਨ ਵਾਲੇ ਜੋਸ਼ ਨਾਲ ਹੀ ਉਹ ਕਾਰ ਵਿੱਚ ਬੈਠਦੀ ਗੁਨੀਤ ਨੂੰ ਬੋਲੀ, “ਅੱਜ ਘਰ ਜਾ ਕੇ ਪਹਿਲਾ ਕੰਮ ਨਹਾਉਣ ਦਾ ਕਰਨੈ।” ਗੁਨੀਤ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ। ਪਰਮਿੰਦਰ ਬੋਲੀ, “ਦੇਖਦੀ ਕੀ ਐਂ? ਨਹਾਉਣਾ ਪੈਣਾ।”
“ਆਈ ਡੌਂਟ ਵਾਂਟ ਟੂ- ਮੈਂ ਨਹੀਂ ਚਾਹੁੰਦੀ,” ਗੁਨੀਤ ਨੇ ਆਪਣਾ ਉਹੀ ਜਵਾਬ ਦਿੱਤਾ, ਜਿਹੜਾ ਉਹ ਪਰਮਿੰਦਰ ਦੇ ਉਸ ਨੂੰ ਨਹਾਉਣ ਲਈ ਕਹਿਣ ਵੇਲ਼ੇ ਦਿੰਦੀ ਸੀ।
ਪਰਮਿੰਦਰ ਦਾ ਜੋਸ਼ ਕੁਝ ਮੱਠਾ ਪੈ ਗਿਆ, ਪਰ ਉਸ ਅੰਦਰਲੇ ਰੋਹ ਵਿੱਚ ਕਮੀ ਨਾ ਆਈ। ਘਰ ਦੇ ਗੈਰਾਜ ਵਿੱਚ ਕਾਰ ਲਾਉਂਦਿਆਂ ਉਹ ਬੋਲੀ, “ਕਿਉਂ ਸਾਨੂੰ ਜ਼ਲੀਲ ਕਰਾਉਂਦੀ ਐਂ। ਦੇਖ ਕਿਵੇਂ ਮੁਸ਼ਕ ਮਾਰਦੈ। ਨਹਾ ਮਰ ਲੈ, ਕੁਝ ਨ੍ਹੀਂ ਹੁੰਦਾ।”
“ਮੈਨੂੰ ਨਹੀਂ ਮੁਸ਼ਕ ਆਉਂਦਾ,” ਗੁਨੀਤ ਨੇ ਆਪਣੀਆਂ ਬਾਹਾਂ ਵਾਰੀ ਵਾਰੀ ਉੱਪਰ ਕਰ ਕੇ ਆਪਣੀਆਂ ਕੱਛਾਂ ਸੁੰਘਦੀ ਨੇ ਕਿਹਾ। “ਦੇਖ ਕਿੱਥੇ ਮੁਸ਼ਕ ਐ? ਤੂੰ ਮੇਰੀ ਮਾਂ ਐਂ। ਤੈਨੂੰ ਵੀ ਮੇਰੇ ’ਚੋਂ ਮੁਸ਼ਕ ਆਉਂਦੈ?” ਇਸ ਤਰ੍ਹਾਂ ਕਹਿੰਦੀ ਗੁਨੀਤ ਦੀ ਆਵਾਜ਼ ਕੁਝ ਉੱਚੀ ਹੋ ਗਈ। ਉਸ ਨੇ ਕਾਰ ਵਿੱਚੋਂ ਨਿਕਲ ਕੇ ਕਾਰ ਦਾ ਦਰਵਾਜ਼ਾ ਠਾਹ ਦੇ ਕੇ ਬੰਦ ਕੀਤਾ ਤੇ ਬੋਲੀ, “ਸਾਰਿਆਂ ਨੂੰ ਮੇਰੇ ’ਚੋਂ ਮੁਸ਼ਕ ਆਉਂਦੈ। ਕੋਈ ਮੈਨੂੰ ਪਸੰਦ ਨਹੀਂ ਕਰਦਾ।” ਥੱਪ ਥੱਪ ਪੈਰ ਪਟਕਦੀ ਉਹ ਆਪਣੇ ਕਮਰੇ ਵੱਲ ਚਲੀ ਗਈ।
ਗੁਨੀਤ ਦੀ ਆਖ਼ਰੀ ਕਹੀ ਗੱਲ ਨਾਲ ਪਰਮਿੰਦਰ ਆਪਣੇ ਆਪ ’ਚ ਪਰਤ ਆਈ। ‘ਕਿਉਂ ਕਹਿਣਾ ਸੀ ਤੱਤੇ ਘਾਅ, ਫਿਰ ਠਹਿਰ ਕੇ ਆਖ ਦਿੰਦੀ,’ ਉਸ ਦੇ ਚਿੱਤ ’ਚ ਆਈ। ਉਸ ਨੇ ਸੋਚਿਆ ਕਿ ਗੁਨੀਤ ਦੇ ਮਗਰ ਜਾਵੇ ਅਤੇ ਉਸ ਨੂੰ ਆਪਣੀ ਬੁੱਕਲ ’ਚ ਘੁੱਟ ਲਵੇ, ਪਰ ਉਸ ਨੇ ਇਸ ਤਰ੍ਹਾਂ ਨਾ ਕੀਤਾ। ਉਸ ਨੇ ਸੋਚਿਆ ਕਿ ਕੁਝ ਠੰਢੀ ਹੋਈ ਤੋਂ ਉਸ ਦੇ ਕਮਰੇ ਵਿੱਚ ਜਾਵੇਗੀ ਅਤੇ ਉਸ ਨੂੰ ਦੁਲਾਰੇਗੀ, ਪਰ ਗੁਨੀਤ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਤਪ ਕੇ ਪਰਤੀ ਸੀ। ਫਿਰ ਆਪਣਾ ਗੁੱਸਾ ਜ਼ਾਹਿਰ ਕਰ ਕੇ ਮੁੜ ਗਈ ਸੀ।
ਕੁਝ ਹੀ ਮਿੰਟਾਂ ਬਾਅਦ ਪਰਮਿੰਦਰ ਨੂੰ ਗੁਨੀਤ ਦੀ ਲੇਰ ਮਾਰਨ ਵਰਗੀ ਆਵਾਜ਼ ਸੁਣੀ। ਉਹ ਆਖ ਰਹੀ ਸੀ, “ਮਾਂ, ਤੂੰ ਕਿਉਂ ਮੇਰੇ ਨਾਲ ਐਦਾਂ ਕਰਦੀ ਐਂ?” ਪਰਮਿੰਦਰ ਭੱਜ ਕੇ ਗੁਨੀਤ ਦੇ ਕਮਰੇ ਵਿੱਚ ਗਈ। “ਮੇਰੀ ਜੀਨ ਕਿੱਥੇ ਹੈ?” ਗੁਨੀਤ ਚੀਕੀ।
“ਉਹ ਰਾਤ ਨੂੰ ਤੂੰ ਕੀ ਕਰਨੀ ਸੀ? ਮੈਂ ਤਾਂ ਧੋ ਦਿੱਤੀ ਉਹ।”
“ਅੱਜ ਫੇਰ ਅੱਜ ਫੇਰ,” ਆਖਦੀ ਗੁਨੀਤ ਬਾਹਾਂ ਪਟਕਦੀ ਆਪਣੇ ਕਮਰੇ ਵਿਚ ਘੁੰਮਣ ਲੱਗੀ। ਪਰਮਿੰਦਰ ਐਂਟੀਵੈਨ ਦੀ ਇੱਕ ਗੋਲ਼ੀ, ਜਿਹੜੀਆਂ ਡਾਕਟਰ ਨੇ ਅਜਿਹੇ ਮੌਕਿਆਂ ’ਤੇ ਵਰਤਣ ਲਈ ਦਿੱਤੀਆਂ ਸਨ ਤੇ ਕਈ ਦਿਨਾਂ ਤੋਂ ਇਨ੍ਹਾਂ ਦੀ ਲੋੜ ਨਹੀਂ ਸੀ ਪਈ, ਦੌੜ ਕੇ ਚੁੱਕ ਲਿਆਈ। ਗੋਲ਼ੀ ਉਸ ਨੇ ਗੁਨੀਤ ਦੀ ਜੀਭ ਥੱਲੇ ਰੱਖ ਦਿੱਤੀ।
ਗੁਨੀਤ ਦੇ ਟਿਕਣ ਤੋਂ ਬਾਅਦ ਪਰਮਿੰਦਰ ਸੋਚਣ ਲੱਗੀ ਕਿ ਗੁਨੀਤ ਕਿਉਂ ਨਹੀਂ ਨਹਾਉਂਦੀ। ਉਹ ਕਿਵੇਂ ਉਸ ਨੂੰ ਇਸ ਲਈ ਰਾਜ਼ੀ ਕਰੇ? ਉਸ ਦੇ ਦਿਮਾਗ਼ ਵਿੱਚ ਪ੍ਰਿੰਸੀਪਲ ਦੇ ਬੋਲ ਆ ਗਏ। ਉਸ ਨੇ ਕਿਹਾ ਸੀ, “ਗੁਨੀਤ ਦੀ ਪਹਿਲਾਂ ਕਦੇ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ, ਹੁਣ ਹੀ ਕੁਝ ਦੇਰ ਤੋਂ ਇਸ ਦਾ ਵਿਹਾਰ ਬਦਲਿਆ ਹੈ।”
ਪ੍ਰਿੰਸੀਪਲ ਦੀ ਗੱਲ ਯਾਦ ਕਰ ਕੇ ਪਰਮਿੰਦਰ ਦੇ ਦਿਮਾਗ਼ ਵਿੱਚ ਕੱਪੜਿਆਂ ਦੀਆਂ ਤਹਿਆਂ ਮਾਰ ਕੇ ਚਿਣ ਚਿਣ ਕੇ ਰਖਣਿਆਂ ਵਿੱਚ ਟਿਕਾਉਂਦੀ ਦਸਾਂ ਸਾਲਾਂ ਦੀ ਗੁਨੀਤ ਘੁੰਮ ਗਈ। ਫਿਰ ਉਸ ਨੂੰ ਤਿੰਨ ਕੁ ਸਾਲ ਪਹਿਲਾਂ ਦਾ ਸਮਾਂ ਯਾਦ ਆਇਆ, ਜਦੋਂ ਪਰਮਿੰਦਰ ਦੇ ਘਰਵਾਲੇ, ਅਮਰਜੀਤ ਦਾ ਭਤੀਜਾ, ਮੋਨੂ, ਨਵਾਂ ਨਵਾਂ ਇੰਡੀਆ ਤੋਂ ਆਇਆ ਸੀ ਤੇ ਉਨ੍ਹਾਂ ਕੋਲ ਰਹਿਣ ਲੱਗਾ ਸੀ। ਇੱਕ ਦਿਨ ਗੁਨੀਤ ਨੇ ਪਰਮਿੰਦਰ ਨੂੰ ਕਿਹਾ ਸੀ, “ਮੰਮ, ਅੱਜ ਮੈਨੂੰ ਦਾਦੀ ਵਾਲਾ ਵਾਸ਼ਰੂਮ ਵਰਤਣਾ ਪੈਣਾ ਸੀ। ਮੈਨੂੰ ਕਾਹਲ਼ੀ ਸੀ। ਉੱਥੇ ਤਾਂ ਮੋਨੂ ਵੀਰੇ ਨੇ ਬਹੁਤ ਗੰਦ ਪਾਇਆ ਹੋਇਆ ਸੀ। ਸਿੰਕ ਦੇ ਦੁਆਲੇ ਕਾਊਂਟਰ ’ਤੇ ਕਿੰਨਾ ਸਾਰਾ ਪਾਣੀ। ਟਾਇਲਟ ’ਚ ਸ਼ਿੱਟ ਦੀ ਸਟੇਨ ਲੱਗੀ ਹੋਈ ਸੀ। ਟਾਇਲਟ ਤੋਂ ਬਾਹਰ ਪਿਸ਼ਾਬ ਦਾ ਪਡਲ ਬਣਿਆ ਵਿਆ ਸੀ। ਦਾਦੀ ਨੂੰ ਆਪਣਾ ਵਾਸ਼ਰੂਮ ਮੋਨੂ ਨਾਲ ਕਿਉਂ ਸ਼ੇਅਰ ਕਰਨਾ ਪੈਂਦਾ? ਤੁਸੀਂ ਆਪਣੇ ਵਾਲ਼ਾ ਉਸ ਨਾਲ ਸ਼ੇਅਰ ਕਰ ਲਵੋ।”
‘ਉਦੋਂ ਮੋਨੂ ਨੂੰ ਆਖਦੀ ਸੀ, ਹੁਣ ਆਪ ਕਿੰਨਾ ਗੰਦ ਪਾਉਂਦੀ ਹੈ,’ ਪਰਮਿੰਦਰ ਦੇ ਚਿੱਤ ’ਚ ਆਈ। ਉਸ ਨੂੰ ਯਾਦ ਨਹੀਂ ਆਇਆ ਕਿ ਕਦੋਂ ਤੋਂ ਗੁਨੀਤ ਇਸ ਤਰ੍ਹਾਂ ਕਰਨ ਲੱਗੀ ਸੀ। ਬਹੁਤ ਸਾਲਾਂ ਤੋਂ ਉਸ ਨੇ ਗੁਨੀਤ ਦਾ ਕਮਰਾ ਤੇ ਗ਼ੁਸਲਖ਼ਾਨਾ ਸਾਫ਼ ਕਰਨੇ ਛੱਡੇ ਹੋਏ ਸਨ। ਗੁਨੀਤ ਆਪ ਹੀ ਕਰਦੀ ਸੀ। ਪਰਮਿੰਦਰ ਦੇ ਦਿਮਾਗ਼ ’ਚ ਆਪਣੀ ਸਹੇਲੀ ਦੀ ਗੱਲ ਆ ਗਈ। ਉਸ ਨੇ ਕਿਹਾ ਸੀ, “ਮੇਰੀ ਧੀ ਨੂੰ ਤਾਂ ਵਾਲ਼ ਲਹਾਉਣ ਦਾ ਨਵਾਂ ਨਵਾਂ ਚਾਅ ਚੜ੍ਹਿਆ। ਹਫ਼ਤੇ ਕੁ ਬਾਅਦ ਆਖੂ ਕਿ ਮੰਮ ਆਈ ਬਰੋ ਬਣਵਾਉਣ ਚੱਲੀਏ।” ਪਰਮਿੰਦਰ ਨੇ ਜਵਾਬ ਦਿੰਦਿਆਂ ਕਿਹਾ ਸੀ, “ਮੇਰੀ ਤਾਂ ਮੇਰੇ ਵਰਗੀ ਹੀ ਸਾਦੀ ਐ।” ਉਸ ਦਿਨ ਪਰਮਿੰਦਰ ਨੂੰ ਇਹ ਕਹਿੰਦਿਆਂ ਮਾਣ ਮਹਿਸੂਸ ਹੋਇਆ ਸੀ, ਪਰ ਅੱਜ ਉਹ ਫ਼ਿਕਰਮੰਦ ਹੋ ਗਈ। ਉਹ ਇਨ੍ਹਾਂ ਸੋਚਾਂ ਵਿੱਚ ਹੀ ਸੀ, ਜਦੋਂ ਉਸ ਨੂੰ ਆਪਣੀ ਸੱਸ ਦੀ ਆਵਾਜ਼ ਸੁਣੀ। ਉਹ ਆਖ ਰਹੀ ਸੀ, “ਕੁੜੇ ਪਰਮਿੰਦਰ ਕੀ ਗੱਲ ਸੀ? ਗੁਨੀਤ ਨੇ ਕਿਵੇਂ ਉਧ ਮੂਲ ਚੁੱਕਿਆ ਸੀ?”
“ਕੁਛ ਨੀਂ ਬੀਬੀ, ਨਾ ਪੜ੍ਹਨ ’ਚ ਧਿਆਨ ਲਾਉਂਦੀ ਐ ਨਾ ਘਰੇ ਕੋਈ ਕੰਮ ਧੰਦਾ ਕਰਦੀ ਐ। ਮੈਂ ਮਾੜਾ ਜਿਹਾ ਆਖ ਦਿੱਤਾ ਤਾਂ ਗੁੱਸੇ ਹੋ ਗਈ।” “ਕਾਹਨੂੰ ਆਖਣਾ ਸੀ। ਨਿਆਣੀ ਐ। ਮੋਨੂ ਨੂੰ ਆਖ ਪੜ੍ਹਾ ਦਿਆ ਕਰੇ। ਕਈ ਦਿਨ ਹੋ ਗਏ ਉਹਦਾ ਮੂੰਹ ਦੇਖੇ ਵੀ। ਰਾਤ ਨੂੰ ਪਤਾ ਨਹੀਂ ਕਦੋਂ ਮੁੜਦੈ।”
“ਉਹ ਬੀਬੀ ਹੁਣ ਪੀਜ਼ੇ ’ਤੇ ਬਿਜ਼ੀ ਹੁੰਦੈ। ਜਿੱਦਣ ਦੀ ਮੈਂ ਘਰੇ ਰਹਿਣ ਲੱਗੀ ਆਂ, ਓਦਣ ਦਾ ਉਸ ਦਾ ਓਥੇ ਕੰਮ ਵਧ ਗਿਐ।” ਜਿਸ ਦਿਨ ਪਹਿਲੀ ਵਾਰ ਪਰਮਿੰਦਰ ਦੇ ਸੈੱਲ ਫ਼ੋਨ ’ਤੇ ਸਕੂਲ ਤੋਂ ਗੁਨੀਤ ਦਾ ਉਲਾਂਭਾ ਆਇਆ ਸੀ, ਪਰਮਿੰਦਰ ਨੇ ਝੱਟ ਫ਼ੈਸਲਾ ਕਰ ਲਿਆ ਸੀ ਕਿ ਉਹ ਹੁਣ ਕੰਮ ’ਤੇ ਨਹੀਂ ਜਾਵੇਗੀ। ਸਕੂਲੋਂ ਆਇਆ ਫ਼ੋਨ ਸੁਣ ਕੇ ਪਰਮਿੰਦਰ ਨੂੰ ਫ਼ਿਕਰ ਹੋ ਗਿਆ ਸੀ। ਗੁਨੀਤ ਦੁਪਹਿਰ ਤੋਂ ਬਾਅਦ ਦੀਆਂ ਜਮਾਤਾਂ ਖੁੰਝਾਉਣ ਲੱਗੀ ਸੀ। ਪਰਮਿੰਦਰ ਨੇ ਘਰ ਵਾਲੇ ਫ਼ੋਨ ’ਤੇ ਦੋ ਕੁ ਵਾਰ ਸਕੂਲ ਦੀ ‘ਮਿਸਡ ਕਾਲ’ ਦੇਖੀ ਸੀ, ਪਰ ਉਸ ਨੇ ਗੌਲ਼ਿਆ ਨਹੀਂ ਸੀ। ਗੁਨੀਤ ਸਵੇਰ ਵੇਲ਼ੇ ਬਿਨਾਂ ਨਾਗਾ ਸਮੇਂ ਸਿਰ ਸਕੂਲ ਜਾਂਦੀ ਸੀ। ਗੁਨੀਤ ਦੇ ਸਕੂਲ ਜਾਣ ਵੇਲ਼ੇ ਕਈ ਵਾਰ ਪਰਮਿੰਦਰ ਨੂੰ ਜਾਗ ਨਹੀਂ ਸੀ ਆਉਂਦੀ। ਉਹ ਅਤੇ ਅਮਰਜੀਤ ਦੁਪਹਿਰੇ ਬਾਰਾਂ ਕੁ ਵਜੇ ਆਪਣੀ ਪੀਜ਼ਾ ਸ਼ਾਪ ’ਤੇ ਚਲੇ ਜਾਂਦੇ ਅਤੇ ਰਾਤ ਨੂੰ ਬਾਰਾਂ ਤੋਂ ਬਾਅਦ ਹੀ ਮੁੜਦੇ। ਗੁਨੀਤ ਦੇ ਸਕੂਲ ਲਿਜਾਣ ਲਈ ‘ਲੰਚ’ ਵਾਸਤੇ ਪਰਮਿੰਦਰ ਦੁਕਾਨ ਤੋਂ ਹੀ ਪੀਜ਼ਾ, ਲਿਜ਼ਾਨੀਆ ਜਾਂ ਚਿਕਨ ਵਿੰਗਜ਼ ਲੈ ਆਉਂਦੀ। ਜੇ ਉਸ ਤੋਂ ਕੁਝ ਨਾ ਲਿਆਂਦਾ ਜਾਂਦਾ ਤਾਂ ਰਸੋਈ ’ਚ ਪੰਜ ਡਾਲਰ ਰੱਖ ਦਿੰਦੀ। ਉਸ ਨੇ ਸੁਣ ਰੱਖਿਆ ਸੀ ਕਿ ਗਿਆਰਵੀਂ-ਬਾਹਰਵੀਂ ਜਮਾਤ ਦੇ ਨੰਬਰ ਹੀ ਅੱਗੇ ਕਿਸੇ ਕਾਲਜ ਯੂਨੀਵਰਸਿਟੀ ਦੇ ਦਾਖ਼ਲੇ ਵੇਲ਼ੇ ਦੇਖੇ ਜਾਂਦੇ ਹਨ। ਇਸ ਲਈ ਪੜ੍ਹਾਈ ਦਾ ਜ਼ੋਰ ਉਦੋਂ ਹੀ ਪੈਂਦਾ ਹੈ। ਗੁਨੀਤ ਹਾਲੇ ਦਸਵੀਂ ’ਚ ਸੀ। ਪਰਮਿੰਦਰ ਭਾਣੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਸਕੂਲ ਤੋਂ ਆਇਆ ਫ਼ੋਨ ਉਸ ਲਈ ਅਚਾਨਕ ਡਿੱਗੇ ਬੰਬ ਵਾਂਗ ਸੀ। ਉਸ ਨੇ ਸ਼ੁਕਰ ਕੀਤਾ ਕਿ ਜਦੋਂ ਫ਼ੋਨ ਆਇਆ, ਉਦੋਂ ਅਮਰਜੀਤ ‘ਪੀਜ਼ਾ ਡਲਿਵਰ’ ਕਰਨ ਗਿਆ ਹੋਇਆ ਸੀ। ਉਹ ਅਮਰਜੀਤ ਦੇ ਤੱਤੇ ਸੁਭਾਅ ਤੋਂ ਡਰਦੀ ਸੀ। ਦੁਕਾਨ ’ਤੇ ਵਾਪਸ ਆਏ ਅਮਰਜੀਤ ਨੂੰ ਉਹ ਬੋਲੀ, “ਗੁਨੀਤ ਦਾ ਫ਼ੋਨ ਆਇਐ। ਉਸ ਨੂੰ ਬੁਖ਼ਾਰ ਹੈ। ਡਾਕਟਰ ਦੇ ਲੈ ਕੇ ਜਾਣੈ। ਇੱਥੇ ਸੰਭਾਲ਼ ਲਿਓ। ਜਾਂ ਮੋਨੂ ਨੂੰ ਫ਼ੋਨ ਕਰ ਲਿਓ ਕਿ ਪਹਿਲਾਂ ਆ ਜਾਊ।”
ਰਾਹ ਵਿੱਚ ਉਹ ਇਹੀ ਸੋਚਦੀ ਆਈ ਕਿ ਜਮਾਤਾਂ ਖੁੰਝਾ ਕੇ ਗੁਨੀਤ ਕਿੱਥੇ ਜਾਂਦੀ ਹੋਵੇਗੀ। ਉਹ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗੀ ਕਿ ਪਿਛਲੇ ਦਿਨੀਂ ਗੁਨੀਤ ਦੇ ਵਿਹਾਰ ’ਚ ਕੀ ਬਦਲਿਆ ਸੀ। ਪੜ੍ਹਾਈ ਵਿੱਚ ਉਹ ਬਹੁਤੀ ਹੁਸ਼ਿਆਰ ਨਹੀਂ ਸੀ, ਪਰ ਨਾਲਾਇਕ ਵੀ ਨਹੀਂ ਸੀ। ਗੁਨੀਤ ਦੇ ਐਲੀਮੈਂਟਰੀ ਸਕੂਲ ਵੇਲ਼ੇ ਪਰਮਿੰਦਰ ‘ਪੇਰੈਂਟ ਟੀਚਰ ਮੀਟਿੰਗਾਂ’ ਵਿੱਚ ਜਾਂਦੀ ਰਹੀ ਸੀ। ਹੁਣ ਉਸ ਨੂੰ ਲੱਗਣ ਲੱਗਾ ਸੀ ਕਿ ਗੁਨੀਤ ਵੱਡੀ ਹੋ ਗਈ ਹੈ, ਇਸ ਦੀ ਲੋੜ ਨਹੀਂ। ਪਰਮਿੰਦਰ ਨੇ ਮਹਿਸੂਸ ਕੀਤਾ ਕਿ ਗੁਨੀਤ ਨੂੰ ਦੇਖਣ ਦਾ ਤਾਂ ਉਸ ਨੂੰ ਮੌਕਾ ਹੀ ਨਹੀਂ ਮਿਲਦਾ। ਸਵੇਰੇ ਗੁਨੀਤ ਦੇ ਸਕੂਲ ਜਾਣ ਵੇਲ਼ੇ ਕੁਝ ਪਲਾਂ ਦੀ ਝਲਕ ਹੀ ਦਿਸਦੀ ਸੀ। ਸ਼ਾਮ ਨੂੰ ਜਦੋਂ ਗੁਨੀਤ ਸਕੂਲ ਤੋਂ ਮੁੜਦੀ ਸੀ, ਉਹ ਆਪ ਘਰ ਨਹੀਂ ਸੀ ਹੁੰਦੀ। ਇਨ੍ਹਾਂ ਖ਼ਿਆਲਾਂ ’ਚ ਹੀ ਉਹ ਸਿੱਧੀ ਸਕੂਲ ਦੇ ਨੇੜੇ ‘ਮੈਕਡੌਨਲਡ ਵਾਲੇ ਪਲਾਜ਼ੇ’ ’ਚ ਚਲੀ ਗਈ, ਜਿੱਥੇ ਸਕੂਲ ਦੇ ਨਿਆਣੇ ਆਮ ਹੀ ਅੱਧੀ ਛੁੱਟੀ ਵੇਲ਼ੇ ਜਾਂਦੇ ਸਨ। ਉੱਥੇ ਗੁਨੀਤ ਉਸ ਨੂੰ ਨਾ ਦਿਸੀ। ਉਸ ਨੇ ਕਾਰ ਘਰ ਵੱਲ ਕਰ ਲਈ। ਘਰ ਪਹੁੰਚ ਕੇ ਉਸ ਨੇ ਆਪਣੇ ਕਮਰੇ ’ਚ ਬੈਠੀ ਬੀਬੀ ਨੂੰ ਗੁਨੀਤ ਬਾਰੇ ਪੁੱਛਿਆ। ਉਹ ਬੋਲੀ, “ਸਿੱਧੀ ਆਵਦੇ ਕਮਰੇ ’ਚ ਚੜ੍ਹ ਜਾਂਦੀ ਐ ਭਾਈ। ਅੱਗੇ ਸਕੂਲੋਂ ਆ ਕੇ ਜੱਫੀ ਪਾ ਕੇ ਮਿਲਦੀ ਸੀ। ਹੁਣ ਤਾਂ ਚੁੱਪ ਕਰ ਕੇ ਕੋਲ਼ੋਂ ਲੰਘ ਜਾਂਦੀ ਐ।”
ਬੀਬੀ ਨੂੰ ਜਵਾਬ ਦਿੱਤੇ ਬਿਨਾਂ ਪਰਮਿੰਦਰ ਪੌੜੀਆਂ ਚੜ੍ਹ ਗਈ। ਗੁਨੀਤ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਦਿਆਂ ਹੀ ਪਰਮਿੰਦਰ ਨੂੰ ਦਮ ਘੁੱਟਵੀਂ ਗੰਧ ਆਈ। ਗੁਨੀਤ ਬਿਸਤਰੇ ਵਿੱਚ ਪਈ ਸੀ। “ਕੀ ਗੱਲ ਐ ਗੁਨੀਤ? ਦੁਖਦੈ ਕੁਛ?” ਪਰਮਿੰਦਰ ਨੇ ਪੁੱਛਿਆ। ਗੁਨੀਤ ਨੇ ਕੋਈ ਹੁੰਗਾਰਾ ਨਾ ਭਰਿਆ। ਪਰਮਿੰਦਰ ਨੇ ਉਸ ਦੇ ਮੱਥੇ ’ਤੇ ਹੱਥ ਰੱਖਿਆ। ਉਸ ਨੂੰ ਉਹ ਠੀਕ ਲੱਗਾ। ਉਹ ਬੋਲੀ, “ਕੀ ਦੁਖਦੈ? ਚੱਲ, ਜੇ ਨਹੀਂ ਠੀਕ ਤਾਂ ਡਾਕਟਰ ਨੂੰ ਦਿਖਾ ਆਈਏ।”
ਗੁਨੀਤ ਨੇ ਕੋਈ ਹੁੰਗਾਰਾ ਨਾ ਭਰਿਆ। ਪਰਮਿੰਦਰ ਨੇ ਉਸ ਨੂੰ ਹਲੂਣਿਆ। ਗੁਨੀਤ ਨੇ ਅੱਖ ਨਾ ਪੁੱਟੀ। ‘ਐਨੀ ਬੇਸੁਰਤੀ ਕਿਉਂ?’ ਪਰਮਿੰਦਰ ਨੂੰ ਸ਼ੱਕ ਹੋਇਆ। ਇਕਦਮ ਉਸ ਨੂੰ ਖ਼ਿਆਲ ਆਇਆ ਕਿ ਗੁਨੀਤ ਦੇ ਕਮਰੇ ’ਚੋਂ ਆਉਂਦੀ ਗੰਧ ਉਨ੍ਹਾਂ ਦੀ ਦੁਕਾਨ ’ਤੇ ਨਿੱਤ ਦੇ ਗਾਹਕ ਟੌਮੀ ਕੋਲੋਂ ਆਉਂਦੀ ਹੁੰਦੀ ਹੈ, ਜਿਹੜਾ ਭੰਗ ਪੀਂਦਾ ਹੈ। ਇਸ ਖ਼ਿਆਲ ਦੇ ਆਉਂਦਿਆਂ ਹੀ ਪਰਮਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੇ ਗੁਨੀਤ ਨੂੰ ਜ਼ੋਰ ਨਾਲ ਝੰਜੋੜਿਆ। ‘‘ਹੂੰ’’ ਆਖ ਕੇ ਗੁਨੀਤ ਨੇ ਅੱਖਾਂ ਪੁੱਟੀਆਂ ਤੇ ਮੁੜ ਮੀਚ ਲਈਆਂ। ਪਰਮਿੰਦਰ ਨੂੰ ਆਪਣਾ ਡਰ ਸੱਚ ਲੱਗਾ। ਉਹ ਕਮਰੇ ਨਾਲ ਜੁੜਵੇਂ ਗ਼ੁਸਲਖ਼ਾਨੇ ਵਿੱਚ ਗਈ। ਗੁਨੀਤ ਨੇ ਟਾਇਲਟ ਫਲੱਸ਼ ਨਹੀਂ ਸੀ ਕੀਤੀ ਹੋਈ। ਇੱਕ ਪਲ ਪਰਮਿੰਦਰ ਨੂੰ ਲੱਗਾ ਕਿ ਕਮਰੇ ਵਿਚਲਾ ਮੁਸ਼ਕ ਇਸੇ ਕਰਕੇ ਹੈ। ਇਸ ਖ਼ਿਆਲ ਨਾਲ ਉਸ ਨੂੰ ਪਲ ਦੀ ਪਲ ਕੁਝ ਰਾਹਤ ਮਹਿਸੂਸ ਹੋਈ। ਉਸ ਨੇ ਧਿਆਨ ਨਾਲ ਟਾਇਲਟ ਵਿੱਚ ਦੇਖਿਆ। ਉਸ ਨੂੰ ਮੁੜੇ ਕਾਗਜ਼ ਵਰਗਾ ਕੁਝ ਦਿਸਿਆ। ਇਕਦਮ ਉਸ ਨੂੰ ਲੱਗਾ ਕਿ ਉਹ ਕਿਸੇ ਬੀੜੀ ਦਾ ਬਚਿਆ ਟੋਟਾ ਹੈ। ਉਸ ਨੇ ਉਸੇ ਵੇਲ਼ੇ ਉਵੇਂ ਹੀ ਆਪਣਾ ਹੱਥ ਗੰਦੇ ਪਾਣੀ ਵਿੱਚ ਪਾ ਕੇ ਉਹ ਟੁਕੜਾ ਚੁੱਕ ਲਿਆ। ਉਹ ਉਸ ਟੁਕੜੇ ਨੂੰ ਦੇਖਦੀ ਰਹੀ ਫਿਰ ਕਾਊਂਟਰ ’ਤੇ ਰੱਖ ਕੇ ਬੁੜਬੜਾਈ, “ਮਿਹਰ ਕਰੀਂ ਰੱਬਾ, ਮੇਰਾ ਵਹਿਮ ਹੀ ਹੋਵੇ।” ਉਹ ਬਿਨਾਂ ਹੱਥ ਪੂੰਝਿਆਂ ਹੀ ਦਰਾਜ਼ਾਂ ਨੂੰ ਫਰੋਲਣ ਲੱਗੀ। ਉਸ ਨੂੰ ਉੱਥੋਂ ਕੁਝ ਵੀ ਓਪਰਾ ਨਾ ਲੱਭਿਆ। ਫਿਰ ਉਹ ਕਮਰੇ ਵਿੱਚ ਬਣੀ ਕੱਪੜਿਆਂ ਵਾਲੀ ਅਲਮਾਰੀ ਕੋਲ ਚਲੀ ਗਈ। ਉੱਥੇ ਇੱਕ ਕੋਨੇ ਵਿੱਚ ਉਤਾਰੇ ਹੋਏ ਕੱਪੜਿਆਂ ਦੇ ਢੇਰ ਵੱਲ ਉਸ ਨੇ ਦੇਖਿਆ। ਫਿਰ ਬੁੜਬੜਾਈ, “ਤਾਂ ਹੀ ਨਹੀਂ ਸੀ ਕਮਰੇ ’ਚ ਵੜਨ ਦਿੰਦੀ। ਨਾ ਆਪ ਧੋਂਦੀ ਐ, ਨਾ ਅਗਲੇ ਨੂੰ ਧੋਣ ਦਿੰਦੀ ਐ।” ਇਹ ਆਖਦੀ ਉਹ ਕੱਪੜਿਆਂ ਦੇ ਢੇਰ ’ਤੇ ਝਪਟ ਹੀ ਪਈ। ਉਹ ਕਾਹਲ਼ੀ ਕਾਹਲ਼ੀ ਕੱਪੜਿਆਂ ਦੀ ਉਥਲ਼ ਪੁਥਲ਼ ਕਰਨ ਲੱਗੀ। ਜੇਬਾਂ ਵਾਲਿਆਂ ਦੀਆਂ ਜੇਬਾਂ ਫਰੋਲਣ ਲੱਗੀ। ਉਸ ਨੂੰ ਉੱਥੋਂ ਵੀ ਕੁਝ ਇਤਰਾਜ਼ਯੋਗ ਨਾ ਲੱਭਿਆ। ਫਿਰ ਉਹ ਦਰਾਜ਼ਾਂ ਵਿੱਚ ਰੱਖੇ ਧੋਤੇ ਕੱਪੜਿਆਂ ਦੀ ਫਰੋਲ਼ਾ ਫਰਾਲ਼ੀ ਕਰਨ ਲੱਗੀ। ਇੱਕ ਜੇਬ ਵਿੱਚੋਂ ਉਸ ਨੂੰ ਕੁਝ ਨੋਟ ਮਿਲੇ। ਉਸ ਨੇ ਗਿਣੇ। ਪੰਜਾਹਾਂ ਦੇ ਛੇ ਨੋਟ ਸਨ। ਇੱਕ ਪਲ ਉਸ ਨੇ ਉਨ੍ਹਾਂ ਵੱਲ ਟਿਕਟਿਕੀ ਲਾ ਕੇ ਦੇਖਿਆ। ਫਿਰ ਉੱਥੇ ਹੀ ਰੱਖ ਦਿੱਤੇ। ਮੁੜ ਹੋਰ ਕੱਪੜਿਆਂ ਦੀ ਤਲਾਸ਼ੀ ਲੈਣ ਲੱਗੀ। ਕੱਪੜਿਆਂ ਦੀ ਤਹਿ ’ਚੋਂ ਉਸ ਨੂੰ ਪਲਾਸਟਿਕ ਦੀ ਇੱਕ ਲਿਫ਼ਾਫ਼ੀ (ਜ਼ਿੱਪ ਲੌਕ ਸੈਂਡਵਿਚ ਬੈਗ) ਮਿਲੀ। ਭੰਗ ਵਾਲੀਆਂ ਬੀੜੀਆਂ ਦੇਖ ਕੇ ਪਰਮਿੰਦਰ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਾ ਆਇਆ। ਉਹ ਅੱਖਾਂ ਪਾੜ ਪਾੜ ਕੇ ਉਨ੍ਹਾਂ ਵੱਲ ਦੇਖਦੀ ਰਹੀ। ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ। ਫਿਰ ਉਹ ਤੇਜ਼ੀ ਨਾਲ ਗੁਨੀਤ ਕੋਲ ਗਈ ਤੇ ਉਸ ਉੱਪਰ ਦੁਹੱਥੜ ਮਾਰ ਕੇ ਚੀਕੀ, “ਆਹ ਕੀ ਸਿਰ ਖੇਹ ਪਵਾਉਣ ਲੱਗੀ ਐਂ- ਕੀ ਹੋ ਗਿਆ ਤੇਰੀ ਅਕਲ ਨੂੰ?” ਗੁਨੀਤ ਨੂੰ ਝੰਜੋੜਦੀ ਉਹ ਬੋਲੀ ਜਾ ਰਹੀ ਸੀ, “ਦੱਸਦੀ ਐਂ ਤੇਰੇ ਪਿਓ ਨੂੰ। ਤੇਰੇ ਟੁਕੜੇ ਟੁਕੜੇ ਨਾ ਕੀਤੇ ਤਾਂ ਆਖੀਂ ਮੈਨੂੰ।” ਬੋਲਦੀ ਤੇ ਗੁਨੀਤ ਨੂੰ ਝੰਜੋੜਦੀ ਉਹ ਰੋਣ ਲੱਗੀ। ਮੰਜੇ ਦੇ ਨਾਲ ਹੀ ਬੈਠ ਗਈ, ਉਸ ਦੀਆਂ ਲੱਤਾਂ ਭਾਰ ਝੱਲਣੋਂ ਜਵਾਬ ਦੇ ਗਈਆਂ। ਉਸ ਨੂੰ ਲੱਗਾ ਕਿ ਸਭ ਕੁਝ ਤਬਾਹ ਹੋ ਗਿਆ ਹੈ। ਰੋਣ ਕੁਝ ਥੰਮਿਆ ਤਾਂ ਉਸ ਨੂੰ ਹੇਠੋਂ ਆਉਂਦੀਆਂ ਬੀਬੀ ਦੀਆਂ ਆਵਾਜ਼ਾਂ ਸੁਣਨ ਲੱਗੀਆਂ। ਉਹ ਵੀ ਲਗਾਤਾਰ ਬੋਲੀ ਜਾ ਰਹੀ ਸੀ, “ਦੱਸੋ ਕੀ ਹੋ ਗਿਆ? ਕਾਹਦਾ ਰੋਣ ਧੋਣ ਐ? ਨਾ ਦੱਸੋ, ਮੈਂ ਕਿਹੜਾ ਘਰ ਦਾ ਜੀਅ ਆਂ...”
“ਕੁਛ ਨੀ ਰਿਹਾ, ਬੀਬੀ...,” ਆਖਦੀ ਪਰਮਿੰਦਰ ਦੀ ਲੇਰ ਨਿਕਲ ਗਈ। ਉਹ ਮੁੜ ਰੋਣ ਲੱਗੀ। ਫਿਰ ਉਸ ਦੇ ਦਿਮਾਗ਼ ’ਚ ਆਇਆ ਕਿ ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੁੜੀ ਨਸ਼ੇ ਕਰਦੀ ਹੈ ਤਾਂ ਉਸ ਦਾ ਭਵਿੱਖ ਮਾਰਿਆ ਜਾਵੇਗਾ। ਜੇ ਬੀਬੀ ਜਾਂ ਮੋਨੂ ਨੂੰ ਪਤਾ ਲੱਗ ਗਿਆ ਤਾਂ ਇੰਡੀਆ ਤੱਕ ਖ਼ਬਰ ਪਹੁੰਚ ਜਾਵੇਗੀ। ਬੀਬੀ ਦੀ ਫਿਰ ਆਵਾਜ਼ ਆਈ ਤੋਂ ਪਰਮਿੰਦਰ ਉੱਚੀ ਆਵਾਜ਼ ’ਚ ਬੋਲੀ, “ਕੁਛ ਨੀ ਹੋਇਆ। ਬਹਿਜਾ ਚੁੱਪ ਕਰ ਕੇ।”
ਪਰਮਿੰਦਰ ਮੁੜ ਲਿਫ਼ਾਫ਼ੀ ਵੱਲ ਦੇਖਣ ਲੱਗੀ। “ਕਿੱਥੋਂ ਲੈਂਦੀ ਹੋਵੇਗੀ ਪੈਸੇ?” ਉਸ ਨੂੰ ਕੱਪੜਿਆਂ ‘ਚੋਂ ਮਿਲੇ ਡਾਲਰਾਂ ਦਾ ਖ਼ਿਆਲ ਆਇਆ। ‘ਸਾਡੇ ਕਮਰੇ ’ਚੋਂ ਚੋਰੀ ਕਰਦੀ ਹੋਵੇਗੀ?’ ਸੋਚ ਕੇ ਪਰਮਿੰਦਰ ਦਾ ਰੋਣ ਨਿਕਲ ਗਿਆ। ਫਿਰ ਉਸ ਨੂੰ ਖ਼ਿਆਲ ਆਇਆ ਕਿ ਜੇ ਅਮਰਜੀਤ ਨੂੰ ਪਤਾ ਲੱਗ ਗਿਆ, ਉਹ ਤਾਂ ਗੁਨੀਤ ਨੂੰ ਜਾਨੋਂ ਮਾਰ ਦੇਵੇਗਾ। ਉਹ ਉੱਠੀ ਅਤੇ ਗੁਨੀਤ ਦੇ ਕੱਪੜਿਆਂ ਵਿੱਚੋਂ ਡਾਲਰ ਚੁੱਕ ਕੇ ਆਪਣੇ ਕਮਰੇ ਦੀ ਅਲਮਾਰੀ ਵਿੱਚ ਰੱਖ ਆਈ, ਜਿੱਥੇ ਅਮਰਜੀਤ ਦੁਕਾਨ ਤੋਂ ਲਿਆ ਕੇ ਨਗਦੀ ਰੱਖਦਾ ਸੀ। ਗੁਨੀਤ ਦੇ ਕਮਰੇ ’ਚ ਮੁੜ ਕੇ ਉਸ ਨੇ ਕਮਰੇ ਦੀਆਂ ਬਾਰੀਆਂ ਖੋਲ੍ਹ ਦਿੱਤੀਆਂ ਅਤੇ ਮੁਸ਼ਕਮਾਰ ਛਿੜਕਾਅ ਕਰ ਦਿੱਤਾ।
ਪਰਮਿੰਦਰ ਨੇ ਸੋਚ ਲਿਆ ਕਿ ਉਹ ਹੁਣ ਕੰਮ ’ਤੇ ਨਹੀਂ ਜਾਵੇਗੀ। ਗੁਨੀਤ ਨੂੰ ਆਪ ਹੀ ਸਕੂਲ ਛੱਡ ਕੇ ਆਵੇਗੀ ਤੇ ਆਪ ਹੀ ਲੈ ਕੇ ਆਵੇਗੀ। ਹਾਲੇ ਅਮਰਜੀਤ ਨੂੰ ਕੁਝ ਨਹੀਂ ਦੱਸੇਗੀ ਅਤੇ ਆਪਣੇ ਆਪ ਸਭ ਕੁਝ ਠੀਕ ਕਰ ਲਵੇਗੀ।
ਅਗਲੀ ਸਵੇਰ ਗੁਨੀਤ ਨੂੰ ਜਗਾਉਂਦਿਆਂ ਪਰਮਿੰਦਰ ਬੋਲੀ, “ਚੱਲ ਉੱਠ ਕੇ ਤਿਆਰ ਹੋ, ਸਕੂਲ ਛੱਡ ਕੇ ਆਵਾਂ।” ਫਿਰ ਉਸ ਨੂੰ ਬਾਹੋਂ ਫੜ ਕੇ ਉਠਾਇਆ ਅਤੇ ਗ਼ੁਸਲਖ਼ਾਨੇ ਵਿੱਚ ਵਾੜ ਦਿੱਤਾ। ਕੁਝ ਹੀ ਮਿੰਟਾਂ ’ਚ ਗੁਨੀਤ ਦੰਦਾਂ ’ਤੇ ਬੁਰਸ਼ ਫੇਰ ਕੇ ਅਤੇ ਵਾਲ਼ਾਂ ਨੂੰ ਇਕੱਠੇ ਕਰ ਕੇ ਹੇਠ ਰਸੋਈ ਵਿੱਚ ਆ ਗਈ। ਪਰਮਿੰਦਰ ਨੇ ਖਾਣਾ-ਮੇਜ਼ ’ਤੇ ਸੀਰੀਅਲ ਵਾਲਾ ਡੱਬਾ, ਕੌਲ਼ਾ ਅਤੇ ਦੁੱਧ ਦੀ ਕੇਨੀ ਰੱਖ ਦਿੱਤੀ। ਗੁਨੀਤ ਨੇ ਕੌਲ਼ ਵਿੱਚ ਸੀਰੀਅਲ ਤੇ ਦੁੱਧ ਰਲਾਇਆ ਅਤੇ ਗਲਪ ਗਲਪ ਕਰ ਕੇ ਖਾ ਗਈ। ਪਰਮਿੰਦਰ ਉਸ ਵੱਲ ਦੇਖਦੀ ਰਹੀ। ਜਦੋਂ ਗੁਨੀਤ ਨੇ ਕੌਲ਼ ਵਿੱਚ ਬਚਦੇ ਦੁੱਧ ਨੂੰ ਮੂੰਹ ਨਾਲ ਕੌਲ਼ਾ ਲਾ ਕੇ ਖ਼ਤਮ ਕੀਤਾ, ਪਰਮਿੰਦਰ ਬੋਲੀ, “ਨਹਾ ਲੈ।”
“ਮੈਂ ਨਹੀਂ ਚਾਹੁੰਦੀ।”
“ਚੰਗਾ ਉੱਠ ਫਿਰ ਸਕੂਲ ਛੱਡ ਕੇ ਆਵਾਂ।”
“ਮੈਂ ਆਪੇ ਚਲੀ ਜਾਵਾਂਗੀ।”
“ਨਹੀਂ, ਮੈਂ ਛੱਡ ਕੇ ਆਵਾਂਗੀ।”
ਗੁਨੀਤ ਨੇ ਇੱਕ ਪਲ ਪਰਮਿੰਦਰ ਵੱਲ ਦੇਖਿਆ ਤੇ ਸਕੂਲ ਵਾਲਾ ਪਿੱਠੂ ਚੁੱਕ ਕੇ ਗੈਰਾਜ ਵੱਲ ਜਾਣ ਲੱਗੀ।
“ਦਾਦੀ ਨੂੰ ਮਿਲ ਕੇ ਨਹੀਂ ਜਾਵੇਂਗੀ?” ਪਰਮਿੰਦਰ ਨੇ ਕਿਹਾ। ਪਹਿਲਾਂ ਗੁਨੀਤ ਇਸ ਤਰ੍ਹਾਂ ਕਰਦੀ ਸੀ, ਜਦੋਂ ਪਰਮਿੰਦਰ ਆਪ ਉਸ ਨੂੰ ਸਕੂਲ ਛੱਡ ਕੇ ਆਉਂਦੀ ਸੀ।
ਗੁਨੀਤ ਅਣਸੁਣੀ ਕਰ ਕੇ ਅੱਗੇ ਤੁਰੀ ਗਈ।
ਸਕੂਲ ਛੱਡਣ ਗਈ ਪਰਮਿੰਦਰ ਨੇ ਕਾਰ ਸਕੂਲ ਤੋਂ ਉਲਟੇ ਰੁਖ਼ ਮੋੜ ਲਈ ਅਤੇ ਇੱਕ ਸੁੰਨੀ ਗਲ਼ੀ ਵਿੱਚ ਜਾ ਕੇ ਰੋਕ ਲਈ। ਆਪਣੀ ਜੇਬ ਵਿੱਚੋਂ ਰਾਤ ਗੁਨੀਤ ਦੇ ਕੱਪੜਿਆਂ ਵਿੱਚੋਂ ਲੱਭੀ ਲਿਫ਼ਾਫ਼ੀ ਕੱਢ ਕੇ ਉਸ ਨੂੰ ਦਿਖਾਉਂਦੀ ਬੋਲੀ, “ਆਹ ਤੇਰੀ ਕਲੌਜ਼ਿਟ ’ਚੋਂ ਮਿਲੀ ਐ।”
ਗੁਨੀਤ ਨੇ ਮੋਢੇ ਚੜ੍ਹਾ ਦਿੱਤੇ ਤੇ ਬੋਲੀ, “ਮੈਨੂੰ ਨਹੀਂ ਪਤਾ ਇਸਦਾ।”
ਪਰਮਿੰਦਰ ਦਾ ਜੀਅ ਕੀਤਾ ਕਿ ਉਹ ਵੱਟ ਕੇ ਚਪੇੜ ਮਾਰੇ, ਪਰ ਉਸ ਨੇ ਆਪਣੇ ਆਪ ਨੂੰ ਰੋਕ ਲਿਆ ਤੇ ਬੋਲੀ, “ਮੈਂ ਤੈਥੋਂ ਇਹ ਨਹੀਂ ਪੁੱਛਦੀ ਕਿ ਕਦੋਂ ਦੀ ਇਹ ਲੈਣ ਲੱਗੀ ਹੈਂ। ਹਾਲੇ ਮੈਂ ਤੇਰੇ ਡੈਡੀ ਨੂੰ ਨਹੀਂ ਦੱਸਦੀ ਕੁਝ। ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਨਾ, ਤੈਨੂੰ ਜਾਨੋਂ ਮਾਰ ਦੇਣਗੇ। ਤੈਨੂੰ ਪਤਾ ਹੈ ਉਨ੍ਹਾਂ ਦੇ ਗੁੱਸੇ ਦਾ।” ਗੁਨੀਤ ਨੇ ਕੋਈ ਜਵਾਬ ਨਾ ਦਿੱਤਾ। ਪਰਮਿੰਦਰ ਫਿਰ ਬੋਲੀ, “ਅੱਜ ਤੋਂ ਮੈਂ ਹੀ ਤੈਨੂੰ ਸਕੂਲ ਛੱਡ ਕੇ ਆਵਾਂਗੀ ਤੇ ਮੈਂ ਹੀ ਲੈ ਕੇ ਆਵਾਂਗੀ। ਕੋਈ ਕਲਾਸ ਨਹੀਂ ਮਿੱਸ ਕਰਨੀ। ਸਮਝ ਗਈ ਨਾ ਮੇਰੀ ਗੱਲ?” ਰੁਕ ਕੇ ਪਰਮਿੰਦਰ ਨੇ ਫਿਰ ਕਿਹਾ, “ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ, ਮੈਨੂੰ ਦੱਸ। ਤੈਨੂੰ ਉਦੋਂ ਹੀ ਲਿਆ ਕੇ ਦੇਵਾਂਗੀ। ਰੀਸੈਸ ਵੇਲ਼ੇ ਸਕੂਲੋਂ ਬਾਹਰ ਨਹੀਂ ਜਾਣਾ। ਜਿਹੜਾ ਕੁਝ ਕਹੇਂਗੀ ਖਾਣ ਲਈ ਲਿਆ ਕੇ ਦੇਵਾਂਗੀ। ਜਿਹੜੇ ਰਾਹ ਤੂੰ ਤੁਰੀ ਐਂ ਨਾ...,” ਆਖਦੀ ਪਰਮਿੰਦਰ ਤੋਂ ਗੱਲ ਪੂਰੀ ਨਾ ਹੋਈ। ਉਸ ਦਾ ਗਲ਼ਾ ਭਰ ਗਿਆ। ਉਹ ਚੁੱਪ ਕਰ ਗਈ। ਗੁਨੀਤ ਬੋਲੀ, “ਕੀ ਆਪਾਂ ਇੱਥੋਂ ਚੱਲ ਸਕਦੇ ਹਾਂ?”
ਪਰਮਿੰਦਰ ਨੇ ਕਾਰ ਤੋਰ ਲਈ। ਸਕੂਲ ਵਿੱਚ ਕਾਰ ਰੋਕਦੀ ਪਰਮਿੰਦਰ ਨੇ ਪੁੱਛਿਆ, “ਲੰਚ ਲਈ ਕੀ ਲਿਆ ਕੇ ਦੇਵਾਂ?”
“ਮੈਨੂੰ ਨਹੀਂ ਕੁਝ ਚਾਹੀਦਾ।”
ਪਰਮਿੰਦਰ ਦਾ ਆਪਣੇ ਆਪ ਨੂੰ ਰੋਕ ਕੇ ਰੱਖਿਆ ਹੋਇਆ ਅੱਖਾਂ ਰਾਹੀਂ ਪ੍ਰਗਟ ਹੋਣ ਲੱਗਾ। ਉਹ ਬੋਲੀ, “ਰੀਸੈਸ ਕਿੰਨੇ ਵਜੇ ਹੁੰਦੀ ਹੈ?”
“ਬਾਰਾਂ ਵਜੇ।”
“ਮੈਂ ਇੱਥੇ, ਇਸੇ ਥਾਂ ’ਤੇ ਹੋਵਾਂਗੀ ਬਾਰਾਂ ਵਜੇ।”
ਮਰੀ ਜਿਹੀ ਆਵਾਜ਼ ’ਚ ‘ਓ ਕੇ’ ਆਖ ਕੇ ਗੁਨੀਤ ਕਾਰ ਵਿੱਚੋਂ ਉੱਤਰੀ ਅਤੇ ਸਕੂਲ ਅੰਦਰ ਚਲੀ ਗਈ।
ਘਰ ਪਹੁੰਚ ਕੇ ਅਮਰਜੀਤ ਦੇ ਜਾਗੇ ਤੋਂ ਪਰਮਿੰਦਰ ਨੇ ਕਿਹਾ, “ਮੈਂ ਅੱਜ ਤੋਂ ਕੰਮ ’ਤੇ ਨਹੀਂ ਜਾਣਾ। ਗੁਨੀਤ ਪੜ੍ਹਾਈ ’ਚ ਧਿਆਨ ਨਹੀਂ ਲਾਉਂਦੀ। ਸਾਰਾ ਦਿਨ ਫ਼ੋਨ ’ਤੇ ਲੱਗੀ ਰਹਿੰਦੀ ਐ।”
“ਫ਼ੋਨ ਖੋਹ ਕੇ ਰੱਖ ਲੈ।”
“ਧਿਆਨ ਨਾਲ ਠੰਢੇ ਹੋ ਕੇ ਸੁਣੋ ਮੇਰੀ ਗੱਲ। ਵੱਡੀ ਹੋ ਗਈ ਐ ਉਹ। ਨਿਆਣੀ ਨਹੀਂ। ਆਪਣੇ ਕੋਲ ਹੋਰ ਹੈ ਹੀ ਕੀ ਜੇ ਇਹ ਹੀ ਨਾ ਪੜ੍ਹੀ! ਮੈਂ ਸੋਚ ਲਿਐ ਕਿ ਇਸ ਦੀਆਂ ਟਿਊਸ਼ਨਾਂ ਰਖਾਵਾਂਗੇ। ਮੈਂ ਸਾਰਾ ਦਿਨ ਇਸ ’ਤੇ ਹੀ ਰਹਾਂਗੀ।”
“ਤੇ ਪੀਜ਼ੇ ’ਤੇ?”
“ਮੋਨੂ ਨੂੰ ਆਖ ਦਿਓ ਕਿ ਦੂਜੇ ਥਾਂ ਤੋਂ ਕੰਮ ਛੱਡ ਦੇਵੇ ਤੇ ਪੀਜ਼ੇ ’ਤੇ ਫੁੱਲ ਟਾਈਮ ਕੰਮ ਕਰੇ।”
“ਉਹ ਤਾਂ ਕੰਮ ਛੱਡਣ ਨੂੰ ਫਿਰਦੈ। ਕਹਿੰਦਾ ਏਥੇ ਕੰਮ ਕਰਨ ਲਈ ਦੂਜੇ ਕੰਮ ’ਤੇ ਓਵਰ ਟਾਈਮ ਛੱਡਣਾ ਪੈਂਦਾ।”
‘‘ਏਸੇ ਪੀਜ਼ਾ ਸ਼ਾਪ ਨੇ ਉਸ ਨੂੰ ਏਥੇ ਪੱਕਾ ਕਰਾਇਐ। ਉਦੋਂ ਦੂਜੇ ਕੰਮ ’ਤੇ ਓਵਰ ਟਾਈਮ ਨਹੀਂ ਸੀ ਦਿਸਦਾ?’’ ਇਹ ਗੱਲ ਪਰਮਿੰਦਰ ਦੇ ਦਿਮਾਗ਼ ਵਿੱਚ ਆਈ, ਪਰ ਉਸ ਨੇ ਕਹੀ ਨਹੀਂ। ਉਸ ਨੇ ਸੋਚਿਆ ਕਿ ਇਹ ਸੁਣ ਕੇ ਅਮਰਜੀਤ ਹੋਰ ਭੜਕ ਪਵੇਗਾ। ਉਹ ਬੋਲੀ, “ਉਹਨੂੰ ਕਹੋ ਕਿ ਆਵਦਾ ਸਮਝ ਕੇ ਡਟ ਕੇ ਕੰਮ ਕਰੇਗਾ ਤਾਂ ਪਾਰਟਨਰ ਬਣਾ ਲਵਾਂਗੇ, ਨਾਲੇ ਆਖ਼ਰ ’ਤੇ ਉਸੇ ਨੇ ਸੰਭਾਲ਼ਣਾ ਐ।”
“ਠੀਕ ਐ, ਕਰਦੇ ਆਂ ਗੱਲ।”
ਅਮਰਜੀਤ ਨੂੰ ਦੁਕਾਨ ’ਤੇ ਤੋਰ ਕੇ ਬਾਰਾਂ ਵਜੇ ਪਰਮਿੰਦਰ ਮੁੜ ਮੈਕਡੌਨਲਡ ਤੋਂ ‘ਮੈਕਚਿਕਨ ਮੀਲ’ ਲੈ ਕੇ ਸਕੂਲ ਪਹੁੰਚ ਗਈ। ਗੁਨੀਤ ਕਾਰ ਵਿੱਚ ਹੀ ਆ ਬੈਠੀ। ਪਰਮਿੰਦਰ ਨੂੰ ਲਗਦਾ ਸੀ ਕਿ ਗੁਨੀਤ ਖਾਣੇ ਵਾਲਾ ਲਿਫ਼ਾਫ਼ਾ ਫੜ ਕੇ ਸਕੂਲ ਅੰਦਰ ਚਲੀ ਜਾਵੇਗੀ। ਪਰਮਿੰਦਰ ਨੇ ਕਾਰ ਪਾਰਕਿੰਗ ਵਿੱਚ ਲਾ ਦਿੱਤੀ ਅਤੇ ਗੁਨੀਤ ਨੂੰ ਹਾਬੜਿਆਂ ਵਾਂਗ ਖਾਂਦਿਆਂ ਦੇਖਦੀ ਰਹੀ। ਰਾਤ ਤੋਂ ਹੀ ਇਹ ਗੱਲ ਪਰਮਿੰਦਰ ਦੇ ਮਨ ਵਿੱਚ ਘੁੰਮ ਰਹੀ ਸੀ ਕਿ ਜੇ ਗੁਨੀਤ ਹੱਥੋਂ ਨਿਕਲ ਗਈ ਤਾਂ ਉਨ੍ਹਾਂ ਕੋਲ ਜ਼ਿੰਦਗੀ ਜਿਉਣ ਲਈ ਕੀ ਬਚੇਗਾ! ਗੁਨੀਤ ਵੱਲ ਦੇਖਦਿਆਂ ਉਸ ਨੂੰ ਲੱਗਾ ਕਿ ਇਹ ਕੋਈ ਹੋਰ ਗੁਨੀਤ ਹੈ। ਉਸ ਨੂੰ ਆਪਣੇ ਅੰਦਰੋਂ ਕੁਝ ਖੁੱਸਦਾ ਲੱਗਾ। ਉਸ ਦਾ ਜੀਅ ਕੀਤਾ ਕਿ ਉਹ ਗੁਨੀਤ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਵੇ ਅਤੇ ਉਸ ਨੂੰ ਕਿਧਰੇ ਵੀ ਜਾਣ ਨਾ ਦੇਵੇ। ਪਰਮਿੰਦਰ ਦੀਆਂ ਅੱਖਾਂ ਭਰ ਆਈਆਂ। ਖਾਣਾ ਖਾ ਕੇ ਕਾਰ ਵਿੱਚੋਂ ਨਿਕਲਦੀ ਗੁਨੀਤ ਨੂੰ ਉਸ ਨੇ ਯਾਦ ਕਰਵਾਇਆ, “ਛੁੱਟੀ ਵੇਲ਼ੇ ਮੈਂ ਤੈਨੂੰ ਇੱਥੋਂ ਹੀ ਪਿੱਕ ਕਰਾਂਗੀ।” ਇਹ ਆਖ ਕੇ ਪਰਮਿੰਦਰ ਨੇ ਕਾਰ ਤੋਰ ਲਈ ਅਤੇ ਸਕੂਲ ਦੁਆਲੇ ਗੇੜਾ ਲਾ ਕੇ ਮੁੜ ਕਾਰ ਸਕੂਲ ਦੀ ਪਾਰਕਿੰਗ ਵਿੱਚ ਲਾ ਦਿੱਤੀ। ਕਾਰ ਦਾ ਮੂੰਹ ਉਸ ਨੇ ਸਕੂਲ ਦੀ ਅੰਦਰਲੀ ਇਮਾਰਤ ਵੱਲ ਕਰ ਲਿਆ। ਉਹ ਦੇਖਣਾ ਚਾਹੁੰਦੀ ਸੀ ਕਿ ਗੁਨੀਤ ਕਲਾਸਾਂ ਖੁੰਝਾ ਕੇ ਕਿੱਥੇ ਜਾਂਦੀ ਸੀ। ਘੰਟੇ ਕੁ ਬਾਅਦ ਉਸ ਨੂੰ ਬਾਹਰ ਆਉਂਦੀ ਗੁਨੀਤ ਦਿਸੀ। ਪਰਮਿੰਦਰ ਚੌਕੰਨੀ ਹੋ ਗਈ। ਗੁਨੀਤ ਸਕੂਲ ਦੇ ਪਿਛਲੇ ਪਾਸੇ ਵੱਲ ਚਲੀ ਗਈ। ਪਰਮਿੰਦਰ ਨੇ ਕਾਰ ਤੋਰ ਲਈ ਅਤੇ ਸਕੂਲ ਦੇ ਪਿੱਛੇ ਵਾਲੀ ਬੰਦ ਗਲ਼ੀ ਵੱਲ ਕਰ ਲਈ। ਪਹਿਲਾਂ ਜਦੋਂ ਉਸ ਨੇ ਸਕੂਲ ਦੁਆਲੇ ਗੇੜਾ ਲਾਇਆ ਸੀ, ਉਸ ਨੂੰ ਬੰਦ ਗਲ਼ੀ ’ਚ ਕੁਝ ਬੱਚੇ ਖੜ੍ਹੇ ਦਿਸੇ ਸਨ। ਪਰਮਿੰਦਰ ਨੂੰ ਉੱਥੋਂ ਭੰਗ ਦੀ ਗੰਧ ਆਈ ਸੀ। ਹੁਣ ਗੁਨੀਤ ਨੂੰ ਪਿਛਲੇ ਪਾਸੇ ਜਾਂਦੀ ਦੇਖ ਕੇ ਪਰਮਿੰਦਰ ਨੂੰ ਸ਼ੱਕ ਹੋਇਆ ਕਿ ਗੁਨੀਤ ਵੀ ਉੱਥੇ ਹੀ ਜਾਂਦੀ ਹੋਵੇਗੀ। ਉਸ ਨੇ ਕਾਰ ਤੇਜ਼ ਕਰ ਲਈ। ਜਦੋਂ ਪਰਮਿੰਦਰ ਬੰਦ ਗਲ਼ੀ ਵਿੱਚ ਪਹੁੰਚੀ, ਉਸ ਨੂੰ ਗੁਨੀਤ ਉੱਥੇ ਖੜ੍ਹੀਆਂ ਦੋ ਕੁੜੀਆਂ ਵੱਲ ਆਉਂਦੀ ਦਿਸੀ। ਪਰਮਿੰਦਰ ਨੇ ਕਾਰ ਉਸ ਦੇ ਕੋਲ਼ ਲਿਆ ਕੇ ਰੋਕ ਦਿੱਤੀ। ਗੁਨੀਤ ਕਾਰ ਵਿੱਚ ਬੈਠ ਗਈ। ਪਰਮਿੰਦਰ ਨੇ ਬਿਨਾਂ ਕੁਝ ਬੋਲੇ ਕਾਰ ਤੋਰ ਲਈ ਅਤੇ ਬੰਦ ਗਲ਼ੀ ’ਚੋਂ ‘ਯੂ ਟਰਨ’ ਮਾਰ ਕੇ ਕਿਸੇ ਹੋਰ ਗਲ਼ੀ ਵਿੱਚ ਜਾ ਕੇ ਰੋਕ ਲਈ। ਪਰਮਿੰਦਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਗੁਨੀਤ ਬੋਲੀ, “ਮੈਂ ਠੀਕ ਮਹਿਸੂਸ ਨਹੀਂ ਕਰਦੀ। ਆਪਾਂ ਘਰ ਜਾ ਸਕਦੇ ਹਾਂ?”
“ਪਹਿਲਾਂ ਸੱਚੋ-ਸੱਚ ਦੱਸ ਕਿ ਕਿੱਥੇ ਚੱਲੀ ਸੀ?”
“ਉੱਥੇ ਹੀ, ਜਿੱਥੋਂ ਤੂੰ ਮੈਨੂੰ ਕਾਰ ਵਿੱਚ ਬਿਠਾਇਆ ਸੀ।”
“ਉੱਥੇ ਕੀ ਕਰਨ ਚੱਲੀ ਸੀ? ਕਲਾਸਾਂ ਮਿੱਸ ਕਰ ਕੇ ਉੱਥੇ ਜਾਨੀ ਐਂ ਰੋਜ਼?”
“ਹਾਂ, ਮੇਰੇ ਦਿਮਾਗ਼ ਨੂੰ ਰਾਹਤ ਮਿਲਦੀ ਹੈ ਉੱਥੇ।”
“ਭੰਗ ਪੀ ਕੇ?” ਪਰਮਿੰਦਰ ਦੀ ਆਵਾਜ਼ ਕੁਝ ਉੱਚੀ ਹੋ ਗਈ। “ਹਾਂ, ਮੈਨੂੰ ਐਂਗਜ਼ਾਇਟੀ ਹੈ। ਭੰਗ ਨਾਲ ਠੀਕ ਹੋ ਜਾਂਦੀ ਹੈ।” “ਜੇ ਐਂਗਜ਼ਾਇਟੀ ਹੈ ਤਾਂ ਮੈਨੂੰ ਕਿਉਂ ਨਹੀਂ ਦੱਸਿਆ?” “ਤੈਨੂੰ ਦੱਸ ਕੇ ਮੈਂ ਤੈਨੂੰ ਹੋਰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ।”
“ਕਾਹਦੀ ਐਂਗਜ਼ਾਇਟੀ ਹੈ ਤੈਨੂੰ?” ਪਰਮਿੰਦਰ ਦੀ ਆਵਾਜ਼ ਵਿੱਚ ਖਿੱਝ ਰਲ਼ ਗਈ।
“ਮੈਨੂੰ ਨਹੀਂ ਪਤਾ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦੀ ਹਾਂ।”
“ਕੀ ਘਾਟ ਹੈ ਤੈਨੂੰ? ਸਾਰਾ ਕੁਝ ਲਿਆ ਕੇ ਦਿੰਨੇ ਆਂ ਤੈਨੂੰ। ਲੇਟੈਸਟ ਫ਼ੋਨ, ਲੈਪਟਾਪ, ਲੀੜੇ-ਕੱਪੜੇ ਹੋਰ ਕੀ ਭਾਲਦੀ ਐਂ?”
“ਮੈਨੂੰ ਸ਼ਾਂਤੀ ਚਾਹੀਦੀ ਹੈ। ਮੈਨੂੰ ਹਮੇਸ਼ਾ ਡਰ ਲਗਦਾ ਰਹਿੰਦਾ।” “ਕਾਹਦਾ ਡਰ ਐ ਤੈਨੂੰ? ਨਾ ਪੀਆ ਕਰ ਭੰਗ ਚੋਰੀ, ਜੇ ਡਰ ਹੀ ਲਗਦਾ ਹੈ ਤਾਂ ਸਾਡੀ ਕਲੌਜ਼ਿਟ ’ਚੋਂ ਨਾ ਚੋਰੀ ਕਰਿਆ ਡਾਲਰ।”
ਗੁਨੀਤ ਨੇ ਪਰਮਿੰਦਰ ਵੱਲ ਦੇਖਿਆ ਤੇ ਬੋਲੀ, “ਤੂੰ ਨਹੀਂ ਸਮਝੇਂਗੀ। ਨਾ ਤੂੰ ਮੇਰਾ ਯਕੀਨ ਕਰੇਂਗੀ।”
“ਦੱਸ ਤੇਰਾ ਕਾਹਦਾ ਯਕੀਨ ਕਰਾਂ?”
“ਆਪਾਂ ਘਰ ਜਾ ਸਕਦੇ ਹਾਂ? ਮੈਂ ਸੌਣਾ ਚਾਹੁੰਦੀ ਹਾਂ,” ਆਖਦੀ ਗੁਨੀਤ ਨੇ ਅੱਖਾਂ ਮੀਚ ਲਈਆਂ।
“ਸੁਧਰ ਜਾ ਸੁਧਰ ਜਾ..., ਨਹੀਂ ਤਾਂ ਤੂੰ ਦੇਖਿਆ ਹੈ ਨਾ ਕਿ ਡਰੱਗ ਖਾਣ ਵਾਲੀਆਂ ਕਿਵੇਂ ਹੇਸਟਿੰਗਜ਼ ਸਟਰੀਟ ’ਤੇ ਬੇਘਰ ਹੋਈਆਂ ਸਾਈਡ ਵਾਕਾਂ ’ਤੇ ਪਈਆਂ ਹੁੰਦੀਆਂ,” ਇਹ ਆਖਦਿਆਂ ਪਰਮਿੰਦਰ ਦੀ ਆਵਾਜ਼ ਭਰੜਾ ਗਈ।
“ਮੈਂ ਡਰੱਗੀ ਨਹੀਂ ਮਾਂ...,” ਗੁਨੀਤ ਨੇ ਲੇਰ ਮਾਰਨ ਵਾਂਗ ਕਿਹਾ।
“ਹੋਰ ਤੂੰ ਸਵਾਹ ਤੇ ਖੇਹ ਹੈਂ,” ਆਖ ਕੇ ਪਰਮਿੰਦਰ ਨੇ ਨਫ਼ਰਤ ਨਾਲ ਗੁਨੀਤ ਵੱਲ ਦੇਖਿਆ ਤੇ ਕਾਰ ਤੋਰ ਲਈ।
ਘਰ ਪਹੁੰਚ ਕੇ ਗੁਨੀਤ ਆਪਣੇ ਕਮਰੇ ਵਿੱਚ ਚਲੀ ਗਈ। ਪਰਮਿੰਦਰ ਉਸ ਦੇ ਮਗਰ ਗਈ।
“ਮੈਨੂੰ ਇਕੱਲੀ ਛੱਡ ਸਕਦੀ ਹੈਂ? ਮੈਨੂੰ ਕੁਝ ਸਪੇਸ ਚਾਹੀਦੀ ਐ।” “ਚੰਗਾ ਚਲੀ ਜਾਨੀ ਆਂ, ਪਰ ਤੈਨੂੰ ਮੇਰੀ ਇਕ ਗੱਲ ਮੰਨਣੀ ਪਵੇਗੀ। ਤੂੰ ਕੋਈ ਡਰੱਗ ਨਹੀਂ ਲਵੇਂਗੀ। ਹੋਰ ਜਿਹੜਾ ਕੁਝ ਕਹੇਂਗੀ, ਉਦੋਂ ਹੀ ਲਿਆ ਕੇ ਦੇਊਂ।”
“ਇਸ ਵਕਤ ਮੇਰੇ ਕਮਰੇ ’ਚੋਂ ਜਾ ਸਕਦੀ ਹੈਂ?”
“ਚਲੀ ਜਾਨੀ ਆਂ। ਨਹਾ ਲੈ। ਫਿਰ ਨੀਂਦ ਆ ਜਾਵੇਗੀ।”
“ਨਹੀਂ, ਮੈਂ ਨਹੀਂ ਚਾਹੁੰਦੀ।”
‘ਚੰਗਾ ਮਰ ਪਰ੍ਹੇ’ ਇਹ ਸ਼ਬਦ ਪਰਮਿੰਦਰ ਨੇ ਆਪਣੇ ਬੁੱਲ੍ਹਾਂ ’ਤੇ ਨਹੀਂ ਆਉਣ ਦਿੱਤੇ ਤੇ “ਚੰਗਾ,” ਆਖ ਕੇ ਕਮਰੇ ਵਿੱਚੋਂ ਬਾਹਰ ਆ ਗਈ। ਸਵੇਰੇ ਗੁਨੀਤ ਨੂੰ ਸਕੂਲ ਛੱਡਣ ਤੋਂ ਬਾਅਦ ਪਰਮਿੰਦਰ ਨੇ ਦੁਬਾਰਾ ਉਸ ਦੇ ਕਮਰੇ ਦਾ ਕੋਨਾ ਕੋਨਾ ਛਾਣ ਮਾਰਿਆ ਸੀ, ਪਰ ਉਸ ਨੂੰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਸੀ ਲੱਭੀ। ਗੁਨੀਤ ਦੇ ਕਮਰੇ ਵਿੱਚੋਂ ਨਿਕਲ ਕੇ ਪਰਮਿੰਦਰ ਨਾਲ ਵਾਲੇ ਕਮਰੇ ਵਿੱਚ ਜਾ ਬੈਠੀ। ਉਸ ਨੂੰ ਖ਼ਿਆਲ ਆਇਆ ਕਿ ਗੈਰਾਜ ’ਚ ਕਾਰ ਦੇ ਰੁਕਦਿਆਂ ਹੀ ਗੁਨੀਤ ਇਕਦਮ ਕਾਰ ’ਚੋਂ ਨਿਕਲ ਗਈ ਸੀ। ਉਸ ਨੇ ਪਿਛਲੀ ਸੀਟ ’ਤੇ ਰੱਖਿਆ ਆਪਣਾ ਪਿੱਠੂ ਵੀ ਨਹੀਂ ਸੀ ਚੁੱਕਿਆ। ਪਰਮਿੰਦਰ ਤੇਜ਼ੀ ਨਾਲ ਪੌੜੀਆਂ ਉਤਰੀ ਅਤੇ ਕਾਰ ਵਿੱਚ ਪਏ ਪਿੱਠੂ ਨੂੰ ਚੁੱਕ ਲਿਆ। ਉਸ ਨੂੰ ਲੱਗਾ ਕਿ ਜੇ ਗੁਨੀਤ ਨੇ ਇਸ ਵਿੱਚ ਕੁਝ ਨਸ਼ਾ ਰੱਖਿਆ ਹੋਇਆ, ਤਲਬ ਵੇਲ਼ੇ ਉਹ ਜ਼ਰੂਰ ਉਸ ਵੱਲ ਭੱਜੇਗੀ। ਪਰਮਿੰਦਰ ਨੇ ਪਿੱਠੂ ਛਾਣ ਮਾਰਿਆ, ਪਰ ਉਸ ਵਿੱਚੋਂ ਉਸ ਨੂੰ ਕੁਝ ਵੀ ਸ਼ੱਕੀ ਨਾ ਮਿਲਿਆ। ਉਹ ਮੁੜ ਨਾਲ ਵਾਲੇ ਕਮਰੇ ਵਿੱਚ ਜਾ ਬੈਠੀ। ਕੰਨ ਉਸ ਦੇ ਗੁਨੀਤ ਦੇ ਕਮਰੇ ਵੱਲ ਸਨ। ਕੁਝ ਦੇਰ ਬਾਅਦ ਉਸ ਨੂੰ ਲੱਗਾ ਕਿ ਗੁਨੀਤ ਆਪਣੇ ਕਮਰੇ ਵਿੱਚ ਚੀਜ਼ਾਂ ਨੂੰ ਏਧਰ-ਓਧਰ ਸੁੱਟ ਰਹੀ ਹੈ। ਉਹ ਉੱਠ ਕੇ ਗੁਨੀਤ ਦੇ ਦਰਵਾਜ਼ੇ ਨਾਲ ਕੰਨ ਲਾ ਕੇ ਜਾ ਖੜ੍ਹੀ। ਉਸ ਨੂੰ ਲੱਗਾ ਕਿ ਗੁਨੀਤ ਆਪਣੇ ਕਮਰੇ ਵਿੱਚ ਗੇੜੇ ਦੇ ਰਹੀ ਹੈ। ਉਸ ਨੂੰ ਗੁਨੀਤ ਦੀ ਆਵਾਜ਼ ਸੁਣੀ। ਉਹ ਬੋਲ ਰਹੀ ਸੀ, “ਕਿਉਂ ਨਹੀਂ ਸਾਰੇ ਮੈਨੂੰ ਸਮਝਦੇ? ਮੈਂ ਨਹਾਵਾਂ ਜਾਂ ਨਾ ਨਹਾਵਾਂ? ਇਸ ਨਾਲ ਤੁਹਾਡਾ ਕੀ ਮਤਲਬ? ਕਿਉਂ ਮੇਰੇ ਤੋਂ ਸਾਰੇ ਦੂਰ ਭੱਜਦੇ ਨੇ? ਕਿਉਂ ਮੋਨੂ ਵੀਰਾ ਸਭ ਦਾ ਲਾਡਲਾ ਹੈ? ਕਿਉਂ ਮੇਰੇ ’ਤੇ ਕੋਈ ਯਕੀਨ ਨਹੀਂ ਕਰਦਾ...?’’ ਗੁਨੀਤ ਦੀ ਆਵਾਜ਼ ਅੰਦਰਲੀ ਵੇਦਨਾ ਨੇ ਪਰਮਿੰਦਰ ਨੂੰ ਵਲੂੰਧਰ ਸੁੱਟਿਆ। ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਲਿਆ। ਗੁਨੀਤ ਆਪਣੀਆਂ ਬਾਹਾਂ ਪਟਕ ਪਟਕ ਕੇ ਏਧਰ ਓਧਰ ਫਿਰ ਰਹੀ ਸੀ। ਕਮਰੇ ਅੰਦਰ ਕੱਪੜੇ ਖਿੱਲਰੇ ਪਏ ਸਨ। ਪਰਮਿੰਦਰ ਵੱਲ ਦੇਖ ਕੇ ਗੁਨੀਤ ਚੀਕੀ, “ਮੈਨੂੰ ਕੋਈ ਪਸੰਦ ਨਹੀਂ ਕਰਦਾ। ਸਾਰੇ ਮੈਨੂੰ ਨਫ਼ਰਤ ਕਰਦੇ ਹਨ। ਤੂੰ ਵੀ ਮੈਨੂੰ ਨਫ਼ਰਤ ਕਰਦੀ ਹੈਂ, ਮੇਰਾ ਕਸੂਰ ਦੱਸ, ਮਾਂ?” ਗੁਨੀਤ ਨੇ ਲੇਰ ਮਾਰਨ ਵਾਂਗ ਕਿਹਾ। ਫਿਰ ਹੱਥ ਜੋੜ ਕੇ ਬੋਲੀ, ‘‘ਪਲੀਜ਼, ਪਲੀਜ਼! ਮੈਨੂੰ ਭੰਗ ਦੇ ਦੇ ਮਾਂ, ਮੈਂ ਸੌਣਾ ਚਾਹੁੰਦੀ ਹਾਂ। ਮੈਂ ਸੁੰਨ ਹੋਣਾ ਚਾਹੁੰਦੀ ਹਾਂ...।’’ ਪਰਮਿੰਦਰ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ। ਪਿੱਠ ’ਤੇ ਹੱਥ ਫੇਰ ਕੇ ਕਿਹਾ, “ਤੂੰ ਤਾਂ ਮੇਰੀ ਜਾਨ ਹੈਂ, ਮੇਰੀ ਬੱਚੀ। ਮੇਰੇ ਕੋਲ ਤੇਰੇ ਤੋਂ ਬਿਨਾਂ ਹੋਰ ਹੈ ਹੀ ਕੀ? ਸ਼ਾਂਤ ਹੋ ਮੇਰੀ ਬੱਚੀ। ਸ਼ਾਂਤ ਹੋ ਮੇਰੀ ਬੱਚੀ।”
“ਨਹੀਂ ਨਹੀਂ, ਮੈਨੂੰ ਕੋਈ ਪਸੰਦ ਨਹੀਂ ਕਰਦਾ,” ਆਖਦੀ ਗੁਨੀਤ ਪਰਮਿੰਦਰ ਦੀਆਂ ਬਾਹਾਂ ਵਿੱਚ ਝੂਲ ਗਈ।
ਉਹ ਦਿਨ ਯਾਦ ਕਰ ਕੇ ਪਰਮਿੰਦਰ ਡਰ ਨਾਲ ਕੰਬ ਗਈ। ‘ਜੇ ਉਸ ਦਿਨ ਡਾਕਟਰ ਕੋਲ ਨਾ ਲਿਜਾਂਦੀ ਤਾਂ ਭੰਗ ਪੀ ਪੀ ਕੇ ਇਸ ਨੇ ਆਪਣੀ ਜ਼ਿੰਦਗੀ ਦਾ ਨਾਸ ਮਾਰ ਲੈਣਾ ਸੀ,’ ਇਹ ਸੋਚਦੀ ਪਰਮਿੰਦਰ ਦੇ ਹੱਥ ਜੁੜ ਗਏ। ਬੋਲੀ, “ਮੇਰੇ ਰੱਬਾ! ਸ਼ੁਕਰ ਐ ਤੇਰਾ ਕਿ ਟਾਈਮ ਨਾਲ ਪਤਾ ਲੱਗ ਗਿਆ। ਹੁਣ ਉਸ ਨੂੰ ਇਹ ਵੀ ਸੁਮੱਤ ਬਖਸ਼ੋ ਕਿ ਨਹਾ ਲਿਆ ਕਰੇ।” ਅਰਦਾਸ ਕਰਨ ਤੋਂ ਬਾਅਦ ਪਰਮਿੰਦਰ ਦੇ ਫ਼ਿਕਰਾਂ ਦੀ ਲੜੀ ਫਿਰ ਜੁੜ ਗਈ। ‘ਗੁਨੀਤ ਕਿਉਂ ਲੱਗੀ ਭੰਗ ਪੀਣ? ਕੀ ਸਕੂਲ ’ਚ ਗਲਤ ਸੰਗਤ ’ਚ ਫਸ ਗਈ ਸੀ?’ ਪਰਮਿੰਦਰ ਨੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਨੀਤ ਦੀਆਂ ਸਹੇਲੀਆਂ ਕੌਣ ਸਨ? ਉਸ ਨੂੰ ਗੁਨੀਤ ਦੇ ਐਲੀਮੈਂਟਰੀ ਸਕੂਲ ਵਾਲੀਆਂ ਸਹੇਲੀਆਂ ਤਾਂ ਯਾਦ ਸਨ, ਪਰ ਹੁਣ ਦੀ ਕੋਈ ਸਹੇਲੀ ਯਾਦ ਨਾ ਆਈ। ‘ਕਿਉਂ ਮੈਂ ਇਸ ਵੱਲੋਂ ਐਨੀ ਅਵੇਸਲੀ ਹੋ ਗਈ? ਪਤਾ ਨਹੀਂ ਕਦੋਂ ਕੁ ਦੀ ਇਸ ਰਾਹ ਤੁਰੀ ਹੈ?’ ਪਰਮਿੰਦਰ ਸੋਚਣ ਲੱਗੀ।
ਗੁਨੀਤ ਦੇ ਫ਼ਿਕਰਾਂ ’ਚ ਡੁੱਬੀ ਪਰਮਿੰਦਰ ਦੇ ਦਿਮਾਗ਼ ਵਿੱਚ ਅੱਜ ਸਕੂਲ ’ਚ ਪ੍ਰਿੰਸੀਪਲ ਦੇ ਦਫ਼ਤਰ ’ਚ ਹੋਈ ਗੱਲਬਾਤ ਆ ਗਈ। ਪ੍ਰਿੰਸੀਪਲ ਨੇ ਕਿਹਾ ਸੀ ਕਿ ਜੇ ਗੁਨੀਤ ਆਪਣੇ ਆਪ ਨੂੰ ਸਾਫ਼ ਨਹੀਂ ਰੱਖੇਗੀ ਤਾਂ ਉਸ ਨੂੰ ਲਾਗ ਲੱਗ ਜਾਵੇਗੀ। ਚਮੜੀ ਦੇ ਰੋਗ ਲੱਗ ਸਕਦੇ ਹਨ। ਸੁਣ ਕੇ ਪਰਮਿੰਦਰ ਨਿੰਮੋਝੂਣੀ ਹੋ ਗਈ ਸੀ। ਉਸ ਨੂੰ ਮਹਿਸੂਸ ਹੋਇਆ ਕਿ ਪ੍ਰਿੰਸੀਪਲ ਬੱਚੇ ਵੱਲੋਂ ਅਣਗਹਿਲੀ ਲਈ ਉਸ ਨੂੰ ਲਾਹਨਤ ਪਾ ਰਿਹਾ ਸੀ। ਪਰਮਿੰਦਰ ਨੂੰ ਕੋਈ ਜਵਾਬ ਨਹੀਂ ਸੀ ਅਹੁੜਿਆ। ਆਪਣਾ ਪੱਖ ਪੂਰਨ ਲਈ ਉਸ ਨੇ ਸ਼ਿਕਾਇਤ ਲਾਈ, “ਹੋਰ ਬੱਚਿਆਂ ਨੇ ਗੁਨੀਤ ਦਾ ਨਾਂ ਸਕੰਕ ਪਾ ਦਿੱਤਾ ਹੈ। ਹੋ ਸਕਦਾ ਹੈ ਕਿ ਉਹ ਪ੍ਰਤੀਕਰਮ ਵਜੋਂ ਇਹ ਕਰਦੀ ਹੋਵੇ।” ਪ੍ਰਿੰਸੀਪਲ ਬੋਲਿਆ, “ਬੱਚੇ ਕਈ ਵਾਰ ਬਿਨਾਂ ਸੋਚੇ ਹੀ ਛੇੜ ਪਾ ਦਿੰਦੇ ਹਨ। ਤੁਹਾਨੂੰ ਪਤਾ ਹੈ ਨਾ ਕਿ ਸਕੰਕ ਬਹੁਤ ਸੋਹਣਾ ਜਾਨਵਰ ਹੁੰਦਾ ਹੈ। ਉਸ ਕੋਲ਼ੋਂ ਹਮੇਸ਼ਾ ਦੁਰਗੰਧ ਨਹੀਂ ਆਉਂਦੀ। ਉਹ ਆਪਣੀ ਰੱਖਿਆ ਵਾਸਤੇ ਹੀ ਸੜਿਆਂਦ ਮਾਰਦਾ ਛਿੜਕਾਅ ਕਰਦਾ ਹੈ।” ਫਿਰ ਪ੍ਰਿੰਸੀਪਲ ਨੇ ਕਿਹਾ ਸੀ, “ਮੈਂ ਸਲਾਹ ਦਿਆਂਗਾ ਕਿ ਗੁਨੀਤ ਲਈ ਕਿਸੇ ਮਨੋਵਿਗਿਆਨਕ ਦੀ ਮੱਦਦ ਲੈ ਲਈ ਜਾਵੇ।”
ਪ੍ਰਿੰਸੀਪਲ ਦੇ ਦਫ਼ਤਰ ਵਿੱਚ ਮਹਿਸੂਸ ਹੋਈ ਹੀਣਤਾ ਨੂੰ ਯਾਦ ਕਰ ਕੇ ਪਰਮਿੰਦਰ ਨੇ ਸੋਚਿਆ ਕਿ ਮਨੋਵਿਗਿਆਨਕ ਦੀ ਮੱਦਦ ਤਾਂ ਲਵਾਂਗੇ ਹੀ, ਪਹਿਲਾਂ ਗੁਨੀਤ ਵਿੱਚੋਂ ਮਾਰਦੇ ਮੁਸ਼ਕ ਦਾ ਕੋਈ ਹੱਲ ਕਰਾਂ। ਉਸ ਨੇ ਫ਼ੈਸਲਾ ਕਰ ਲਿਆ ਕਿ ਅੱਜ ਉਹ ਗੁਨੀਤ ਨੂੰ ਆਪ ਸਾਫ਼ ਕਰੇਗੀ, ਭਾਵੇਂ ਕੁਝ ਵੀ ਹੋ ਜਾਵੇ। ਫਿਰ ਉਸ ਨੂੰ ਖ਼ਿਆਲ ਆਇਆ ਕਿ ਗੁਨੀਤ ਨੇ ਸਕੂਲੋਂ ਮੁੜਨ ਤੋਂ ਬਾਅਦ ਕੁਝ ਨਹੀਂ ਸੀ ਖਾਧਾ। ਉਹ ਉੱਠੀ ਅਤੇ ਗੁਨੀਤ ਦੇ ਕਮਰੇ ਵਿੱਚ ਚਲੀ ਗਈ। “ਪੁੱਤੂ, ਡਿਨਰ ਵਾਸਤੇ ਕੀ ਬਣਾਵਾਂ?” ਪਰਮਿੰਦਰ ਨੇ ਪੁੱਛਿਆ। ਉਸ ਦੇ ਦਿਮਾਗ਼ ਵਿੱਚ ਗੁਨੀਤ ਦਾ ਪਹਿਲਾਂ ਕਿਹਾ, “ਮੈਨੂੰ ਕੋਈ ਪਸੰਦ ਨਹੀਂ ਕਰਦਾ,” ਸੱਲ ਕਰ ਰਿਹਾ ਸੀ। ਜਿਸ ਦਿਨ ਦਾ ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਗੁਨੀਤ ਨਾਲ ਪਿਆਰ ਨਾਲ ਪੇਸ਼ ਆਵੇ, ਉਸ ਦਿਨ ਤੋਂ ਪਰਮਿੰਦਰ ਨੇ ਸੋਚ ਲਿਆ ਸੀ ਕਿ ਉਹ ਗੁਨੀਤ ਨੂੰ ਗੁੱਸੇ ਵਿੱਚ ਕੋਈ ਗੱਲ ਨਹੀਂ ਕਹੇਗੀ। ਅੱਜ ਗੁਨੀਤ ਨੂੰ ਸਕੂਲੋਂ ਲਿਆਉਂਦੇਂ ਸਮੇਂ ਉਹ ਕੁਝ ਪਲਾਂ ਲਈ ਫਿਰ ਆਪਾ ਖੋ ਬੈਠੀ ਸੀ। ਆਪਣੀ ਉਸੇ ਗ਼ਲਤੀ ਨੂੰ ਦਰੁਸਤ ਕਰਨ ਲਈ ਪਰਮਿੰਦਰ ਨੇ ਪਤਾ ਨਹੀਂ ਕਿੰਨੇ ਵਰ੍ਹਿਆਂ ਬਾਅਦ ‘ਪੁੱਤੂ’ ਸੰਬੋਧਨ ਵਰਤਿਆ ਸੀ।
“ਕੁਝ ਵੀ,” ਗੁਨੀਤ ਨੇ ਬੁਝੀ ਆਵਾਜ਼ ’ਚ ਕਿਹਾ।
“ਮੇਰਾ ਪੁੱਤੂ ਜਿਹੜਾ ਕੁਝ ਕਹੂਗਾ, ਉਹੀ ਬਣਾ ਕੇ ਦੇਊਂ।”
ਗੁਨੀਤ ਇੱਕ ਪਲ ਕੁਝ ਨਾ ਬੋਲੀ। ਫਿਰ ਪਾਸਾ ਲੈਂਦੀ ਬੋਲੀ, “ਰਾਜਮਾਂਹ।”
ਪਰਮਿੰਦਰ ਨੇ ਇਹ ਨਹੀਂ ਕਿਹਾ ਕਿ ਰਾਜਮਾਹਾਂ ਨੂੰ ਪਹਿਲਾਂ ਭਿਉਂ ਕੇ ਰੱਖਣਾ ਪੈਂਦਾ ਹੈ, ਕੋਈ ਹੋਰ ਖਾਣਾ ਦੱਸੇ। ਉਹ ਉੱਠੀ ਅਤੇ ਉਸ ਨੇ ਰਾਜਮਾਂਹ ਕੁੱਕਰ (ਇਨਸਟੈਂਟ ਪਾਟ) ਵਿੱਚ ਉਬਲਣੇ ਰੱਖ ਦਿੱਤੇ। ਉਸ ਨੂੰ ਇਹੀ ਖ਼ੁਸ਼ੀ ਸੀ ਕਿ ਗੁਨੀਤ ਨੇ ਆਪਣੇ ਮਨਭਾਉਂਦੇ ਖਾਣੇ ਦੀ ਫਰਮਾਇਸ਼ ਕੀਤੀ ਸੀ।
ਖਾਣਾ ਬਣਾਉਂਦਿਆਂ ਪਰਮਿੰਦਰ ਦੇ ਦਿਮਾਗ਼ ਵਿੱਚ ਸੱਤ-ਅੱਠ ਸਾਲਾਂ ਦੀ ਗੁਨੀਤ ਆ ਗਈ। ਸਕੂਲ ਤੋਂ ਵਾਪਸ ਆ ਕੇ ਘਰ ਵੜਦੀ ਗੁਨੀਤ ਨੇ ਪੁੱਛਿਆ ਸੀ, “ਅੱਜ ਘਰ ’ਚੋਂ ਪੱਦ ਵਰਗੀ ਸਟਿੰਕ ਕਿਉਂ ਆਈ ਜਾਂਦੀ ਆ?” “ਰਾਜਮਾਂਹ ਬਣਾਏ ਆ,” ਪਰਮਿੰਦਰ ਨੇ ਜਵਾਬ ਦਿੱਤਾ ਸੀ।
ਉਹ ਦਿਨ ਯਾਦ ਕਰ ਕੇ ਪਰਮਿੰਦਰ ਪੌੜੀਆਂ ਚੜ੍ਹ ਗਈ। ਉਸ ਦਾ ਜੀਅ ਕਰਦਾ ਸੀ ਕਿ ਗੁਨੀਤ ਉਸ ਨਾਲ ਕੋਈ ਗੱਲ ਕਰੇ। ਉਸ ਨੂੰ ਲੱਗਾ ਕਿ ਸ਼ਾਇਦ ਉਹ ਗੱਲ ਯਾਦ ਕਰ ਕੇ ਗੁਨੀਤ ਦੀ ਉਦਾਸੀ ਦੂਰ ਹੋ ਜਾਵੇ। ਗੁਨੀਤ ਕੋਲ ਜਾ ਕੇ ਪਰਮਿੰਦਰ ਬੋਲੀ, “ਗੁਨੀਤ, ਤੈਨੂੰ ਯਾਦ ਹੈ ਤੇਰੇ ਨਿੱਕੀ ਹੁੰਦੀ ਤੋਂ, ਜਿੱਦਣ ਆਪਾਂ ਰਾਜਮਾਂਹ ਬਣਾਏ ਹੁੰਦੇ, ਤੂੰ ਕੀ ਆਖਦੀ ਹੁੰਦੀ ਸੀ?” ਗੁਨੀਤ ਨੇ ਕੋਈ ਜਵਾਬ ਨਾ ਦਿੱਤਾ। ਪਰਮਿੰਦਰ ਦਾ ਜੀਅ ਲੋਚਦਾ ਸੀ ਕਿ ਗੁਨੀਤ ਕੋਈ ਹੁੰਗਾਰਾ ਭਰੇ। ਉਸ ਦਾ ਕੋਈ ਪ੍ਰਤੀਕਰਮ ਨਾ ਦੇਖ ਕੇ ਪਰਮਿੰਦਰ ਫਿਰ ਬੋਲੀ, “ਇੱਕ ਦਿਨ ਤੂੰ ਕਿੰਨਾ ਹੱਸੀ ਸੀ, ਜਦੋਂ ਤੇਰੀ ਦਾਦੀ ਨੇ ਰਾਜਮਾਂਹ-ਚੌਲ਼ ਖਾਣ ਤੋਂ ਬਾਅਦ ਉੱਚੀ ਦੇਣੀ ਪੱਦ ਮਾਰਿਆ ਸੀ। ਤੂੰ ਨਾਲੇ ਹੱਸੀਂ ਜਾਵੇਂ ਨਾਲੇ ਗਾਈ ਜਾਵੇਂ। ਮੈਨੂੰ ਤਾਂ ਉਵੇਂ ਹੀ ਦਿਸੀ ਜਾਨੀ ਐਂ। ਕੀ ਸੀ ਭਲਾ ਉਹ ਗੀਤ?”
ਗੁਨੀਤ ਬਿੱਟ-ਬਿੱਟ ਪਰਮਿੰਦਰ ਵੱਲ ਦੇਖੀ ਗਈ, ਪਰ ਬੋਲੀ ਕੁਝ ਨਾ। ਪਰਮਿੰਦਰ ਬਣਾਉਟੀ ਹਾਸਾ ਹੱਸਦੀ ਬੋਲੀ, “ਏਦਾਂ ਹੀ ਸੀ ਨਾ ਬੀਨਜ਼ ਬੀਨਜ਼ ਦਿ ਮੈਜੀਕਲ ਫਰੂਟ, ਮੋਰ ਯੂ ਈਟ, ਮੋਰ ਯੂ ਟੂਟ?”
“ਮੰਅਮ,” ਗੁਨੀਤ ਨੇ ਕਿਹਾ ਤੇ ਪਾਸਾ ਪਰਤ ਲਿਆ। ਉਸ ਦੀਆਂ ਸੁੰਨੀਆਂ ਅੱਖਾਂ ਵੱਲ ਦੇਖ ਕੇ ਪਰਮਿੰਦਰ ਦਾ ਗੱਚ ਭਰ ਆਇਆ। ਉਹ ਬੋਲੀ, “ਚੰਗਾ, ਮੈਂ ਖਾਣਾ ਲੈ ਕੇ ਆਉਂਦੀ ਆਂ। ਖਾ ਕੇ ਸੌਂ ਜਾਵੀਂ,” ਆਖਦੀ ਪਰਮਿੰਦਰ ਰਸੋਈ ਵਿੱਚ ਚਲੀ ਗਈ। ਖਾਣਾ ਤਿਆਰ ਕਰ ਕੇ ਉਹ ਗੁਨੀਤ ਲਈ ਰਾਜਮਾਂਹ-ਚੌਲ਼ਾਂ ਵਾਲੀ ਪਲੇਟ ਉਸ ਦੇ ਕਮਰੇ ਵਿੱਚ ਹੀ ਲੈ ਆਈ। ਗੁਨੀਤ ਦੇ ਬੈੱਡ ਦੇ ਕਿਨਾਰੇ ਬੈਠਦੀ ਬੋਲੀ, “ਚੱਲ ਉੱਠ ਮੇਰਾ ਪੁੱਤੂ। ਤੈਨੂੰ ਮੈਂ ਆਪਣੇ ਹੱਥਾਂ ਨਾਲ਼ ਖਵਾਵਾਂ।”
ਗੁਨੀਤ ਉੱਠ ਕੇ ਬੈਠ ਗਈ। ਪਰਮਿੰਦਰ ਨੇ ਉਸ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਪਰਮਿੰਦਰ ਚਮਚਾ ਭਰ ਕੇ ਗੁਨੀਤ ਦੇ ਬੁੱਲ੍ਹਾਂ ਕੋਲ ਕਰਦੀ। ਗੁਨੀਤ ਮੂੰਹ ਖੋਲ੍ਹ ਦਿੰਦੀ। ਪਰਮਿੰਦਰ ਚਮਚਾ ਉਸ ਦੇ ਮੂੰਹ ਵਿੱਚ ਪਾ ਦਿੰਦੀ। ਗੁਨੀਤ ਨੂੰ ਇਸ ਤਰ੍ਹਾਂ ਬੀਬੀ ਬਣੀ ਖਾਣਾ ਖਾਂਦੀ ਦੇਖ ਕੇ ਪਰਮਿੰਦਰ ਦੇ ਚਿੱਤ ’ਚ ਆਈ ਕਿ ਉਸ ਨੂੰ ਹੁਣ ਨਹਾਉਣ ਲਈ ਆਖ ਦੇਵੇ, ਪਰ ਅਗਲੇ ਹੀ ਪਲ ਉਸ ਨੂੰ ਖ਼ਿਆਲ ਆਇਆ ਕਿ ਜੇ ਗੁਨੀਤ ਫਿਰ ਭੜਕ ਪਈ? ਪਰਮਿੰਦਰ ਨੇ ਆਪਣੇ ਆਪ ਨੂੰ ਰੋਕ ਲਿਆ ਅਤੇ ਪਹਿਲਾਂ ਬਣਾਈ ਸਕੀਮ ਅਨੁਸਾਰ ਹੀ ਕਰਨ ਦੀ ਸੋਚੀ। ਉਸ ਨੇ ਸੋਚਿਆ ਸੀ ਕਿ ਰਾਤ ਨੂੰ ਦਵਾਈ ਲੈਣ ਤੋਂ ਬਾਅਦ ਗੁਨੀਤ ਘੂਕ ਸੌਂ ਜਾਂਦੀ ਸੀ। ਉਸ ਦੇ ਸੁੱਤਿਆਂ ਹੀ ਉਹ ਉਸ ਨੂੰ ‘ਸਪੰਜ ਬਾਥ’ ਦੇ ਦੇਵੇਗੀ।
ਗੁਨੀਤ ਨੂੰ ਖਾਣਾ ਖਵਾ ਕੇ ਪਰਮਿੰਦਰ ਨੇ ਉਸ ਨੂੰ ਦਵਾਈ ਦਿੱਤੀ ਅਤੇ ਆਪਣੇ ਭਾਂਡੇ-ਟੀਂਡੇ ਸਾਂਭਣ ਰਸੋਈ ਵਿੱਚ ਚਲੀ ਗਈ। ਫਿਰ ਜਦੋਂ ਉਸ ਨੂੰ ਲੱਗਾ ਕਿ ਗੁਨੀਤ ਘੂਕ ਸੌਂ ਗਈ ਸੀ, ਉਹ ਮੁੜ ਰਸੋਈ ਵਿੱਚ ਗਈ। ਪਾਣੀ ਗਰਮ ਕੀਤਾ। ਉਸ ਨੂੰ ਇੱਕ ਤਸਲੇ ਵਿੱਚ ਪਾ ਕੇ ਵਿੱਚ ਸਾਬਣ ਰਲਾਇਆ, ਦੋ ਛੋਟੇ ਤੌਲੀਏ ਚੁੱਕੇ ਅਤੇ ਗੁਨੀਤ ਦੇ ਕਮਰੇ ਵਿੱਚ ਚਲੀ ਗਈ। ਗੁਨੀਤ ਦੇ ਮੱਥੇ ’ਤੇ ਹੱਥ ਰੱਖ ਕੇ ਆਵਾਜ਼ ਮਾਰੀ, “ਗੁਨੀਤ।” ਉਸ ਦੀ ਕੋਈ ਹਿਲਜੁਲ ਨਾ ਦੇਖ ਕੇ ਉਸ ਨੇ ਗੁਨੀਤ ਨੂੰ ਹਲੂਣਿਆ। ਉਸ ਦਾ ਕੋਈ ਵੀ ਪ੍ਰਤੀਕਰਮ ਨਾ ਦੇਖ ਕੇ ਪਰਮਿੰਦਰ ਨੂੰ ਯਕੀਨ ਹੋ ਗਿਆ ਕਿ ਉਹ ਬੇਸੁੱਧ ਘੂਕ ਸੌਂ ਰਹੀ ਸੀ। ਉਸ ਨੇ ਗੁਨੀਤ ਦੀ ਰਜਾਈ ਨੂੰ ਪੋਲੇ ਜਿਹੇ ਚੁੱਕਿਆ। ਗੁਨੀਤ ਨੇ ਬਟਨਾਂ ਵਾਲੀ ਕਮੀਜ਼ ਤੇ ਨਵੀਂ ਜੀਨ ਪਾਈ ਹੋਈ ਸੀ। ‘ਸਕੂਲ ਤੋਂ ਮੁੜਨ ਵੇਲ਼ੇ ਤਾਂ ਇਸ ਨੇ ਟੀ ਸ਼ਰਟ ਅਤੇ ਸਵੈਟ ਪੈਂਟ ਪਾਈ ਹੋਈ ਸੀ। ਇਹ ਕਿਸ ਵੇਲ਼ੇ ਬਦਲ ਲਏ ਇਸ ਨੇ?’ ਪਰਮਿੰਦਰ ਨੇ ਹੈਰਾਨੀ ’ਚ ਸੋਚਿਆ। ਉਸ ਨੇ ਤਾਂ ਸੋਚਿਆ ਸੀ ਕਿ ਢਿੱਲੇ ਕਪੜੇ ਸਰਕਾ ਕੇ ਉਹ ਛੇਤੀ ਨਾਲ ਗੁਨੀਤ ਨੂੰ ਸਾਫ਼ ਕਰ ਦੇਵੇਗੀ। ਉਹ ਕੁਝ ਪਲ ਉਸੇ ਤਰ੍ਹਾਂ ਖੜ੍ਹੀ ਸੋਚਦੀ ਰਹੀ ਕਿ ਗੁਨੀਤ ਦੀ ਜੀਨ ਕਿਵੇਂ ਉਤਾਰੇਗੀ। ਫਿਰ ਉਸ ਨੇ ਸੋਚਿਆ ਕਿ ਪਹਿਲਾਂ ਕਮੀਜ਼ ਲਾਹ ਕੇ ਕੱਛਾਂ ਵਗੈਰਾ ਸਾਫ਼ ਕਰ ਦੇਵੇ, ਜੀਨ ਬਾਰੇ ਬਾਅਦ ਵਿੱਚ ਸੋਚ ਲਵੇਗੀ। ਉਸ ਨੇ ਕਮਰੇ ਦੀ ਬੱਤੀ ਬੰਦ ਕੀਤੀ ਅਤੇ ‘ਨਾਈਟ ਲਾਈਟ’ ਜਗਾ ਲਈ। ਫਿਰ ਉਹ ਗੁਨੀਤ ਦੀ ਕਮੀਜ਼ ਦੇ ਬਟਨ ਖੋਲ੍ਹਣ ਲੱਗੀ। ਉਹ ਖੋਲ੍ਹਣ ਤੋਂ ਬਾਅਦ ਪਰਮਿੰਦਰ ਨੇ ਗੁਨੀਤ ਦੀ ਬਾਂਹ ਸਿੱਧੀ ਕੀਤੀ ਹੀ ਸੀ ਕਿ ਗੁਨੀਤ ਨੇ ਆਪਣਾ ਹੱਥ ਆਪਣੀ ਛਾਤੀ ’ਤੇ ਰੱਖ ਲਿਆ ਤੇ ਬੋਲੀ, “ਪਲੀਜ਼ ਮੋਨੂ ਵੀਰੇ ਨਾ।”
ਸੁੰਨ ਹੋਈ ਪਰਮਿੰਦਰ ਦੇ ਹੱਥ ਥਾਏਂ ਰੁਕ ਗਏ।