ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਸਥਿਤੀ ਤਣਾਅਪੂਰਨ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ/ਸਰਬਜੀਤ ਸਿੰਘ ਭੰਗੂ
ਸੰਗਰੂਰ/ਖਨੌਰੀ/ਪਟਿਆਲਾ, 14 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤੀ) ਦੇ ਸੱਦੇ ’ਤੇ ਦਿੱਲੀ ਕੂਚ ਕਰਨ ਦੇ ਦੂਜੇ ਦਿਨ ਵੀ ਪੰਜਾਬ-ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਬਾਅਦ ਦੁਪਹਿਰ ਹਰਿਆਣਾ ਪੁਲੀਸ ਤੇ ਕਿਸਾਨਾਂ ਵਿਚਕਾਰ ਝੜਪ ਹੋਈ। ਇਸ ਦੌਰਾਨ ਅੱਜ ਕਰੀਬ ਦਰਜਨ ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਜ਼ਖ਼ਮੀ ਤਿੰਨ ਕਿਸਾਨਾਂ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਸਵੇਰੇ ਹਰਿਆਣਾ ਪੁਲੀਸ ਦੇ ਇੱਕ ਮੁਲਾਜ਼ਮ ਨੂੰ ਫੜ ਕੇ ਪੰਜਾਬ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਦੂਜੇ ਦਿਨ ਪੰਜਾਬ ਤੋਂ ਕਿਸਾਨਾਂ ਦੇ ਹੋਰ ਕਾਫ਼ਲੇ ਖਨੌਰੀ ਬਾਰਡਰ ’ਤੇ ਪੁੱਜ ਗਏ ਸਨ। ਬਾਅਦ ਦੁਪਹਿਰ ਵੱਡੀ ਗਿਣਤੀ ’ਚ ਕਿਸਾਨ ਜਦੋਂ ਬਾਰਡਰ ਨੇੜੇ ਪੁੱਜੇ ਤਾਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ, ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ।
ਸ਼ੰਭੂ ਬੈਰੀਅਰ ’ਤੇ ਕਿਸਾਨਾਂ ਨੇ ਪਤੰਗ ਨਾਲ ਸੁੱਟਿਆ ਡਰੋਨ
ਦਿੱਲੀ ਪਹੁੰਚਣ ਲਈ ਦੋ ਦਿਨਾਂ ਤੋਂ ਸ਼ੰਭੂ ਬੈਰੀਅਰ ’ਤੇ ਡੇਰੇ ਲਾਈਂ ਬੈਠੇ ਪੰਜਾਬ ਦੇ ਕਿਸਾਨਾਂ ਨੇ ਅੱਜ ਬਸੰਤ ਪੰਚਮੀ ਮੌਕੇ ਪਤੰਗ ਉਡਾ ਕੇ ਮਨਪ੍ਰਚਾਵਾ ਕੀਤਾ। ਇਸ ਦੌਰਾਨ ਅੱਜ ਕਿਸਾਨਾਂ ਨੇ ਹਰਿਆਣਾ ਪੁਲੀਸ ਦਾ ਇੱਕ ਡਰੋਨ ਵੀ ਪਤੰਗ ਨਾਲ ਹੀ ਸੁੱਟ ਲਿਆ। ਇਹ ਡਰੋਨ ਪੰਜਾਬ ਦੀ ਥਾਂ ਹਰਿਆਣਾ ਵਾਲੇ ਖੇਤਰ ’ਚ ਹੀ ਜਾ ਡਿੱਗਿਆ। ਇਸ ਉਪਰੰਤ ਕਿਸਾਨਾਂ ਦੇ ਜੈਕਾਰੇ ਗੂੰਜਣ ਲੱਗ ਪਏ। ਇਸ ਦੌਰਾਨ ਇੱਕ ਛੁੱਟੀ ਆਏ ਫੌਜੀ ਨੇ ਕਿਸਾਨਾਂ ਨੂੰ ਅੱਥਰੂ ਗੈਸ ਤੋਂ ਬਚਣ ਲਈ ਯੁਕਤ ਦੱਸੀ।