ਸੀਰੀਆ ਦੇ ਹਾਲਾਤ
ਬਸ਼ਰ ਅਲ-ਅਸਦ ਦੇ ਪਤਨ ਨਾਲ ਸੀਰੀਆ ਵਿੱਚ ਤਕਰੀਬਨ ਅੱਧੀ ਸਦੀ ਦੇ ਤਾਨਾਸ਼ਾਹੀ ਸ਼ਾਸਨ ਦਾ ਅੰਤ ਹੋ ਗਿਆ ਹੈ। ਮੁਲਕ ਹੁਣ ਉਮੀਦ ਤੇ ਅਸਥਿਰਤਾ ਦੇ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ। ਹਯਾਤ ਤਹਿਰੀਰ ਅਲ-ਸ਼ਾਮ (ਐੱਚਟੀਐੱਸ) ਦੀ ਅਗਵਾਈ ’ਚ ਇਕਦਮ ਉੱਠੀ ਬਗ਼ਾਵਤ ਨਾਲ ਅਸਦ ਦਾ ਕਾਹਲੀ ’ਚ ਭੱਜਣਾ ਨਿਰੰਕੁਸ਼ਤਾ ਦੇ ਖਾਤਮੇ ਦੇ ਨਾਲ-ਨਾਲ ਉਨ੍ਹਾਂ ਚੁਣੌਤੀਆਂ ਨੂੰ ਵੀ ਉਭਾਰਦਾ ਹੈ ਜੋ ਟੁੱਟ-ਭੱਜ ਦੇ ਸ਼ਿਕਾਰ ਇਸ ਮੁਲਕ ਦੀ ਮੁੜ ਉਸਾਰੀ ਨਾਲ ਜੁੜੀਆਂ ਹੋਈਆਂ ਹਨ। ਕਰੀਬ 13 ਸਾਲਾਂ ਤੱਕ, ਸੀਰੀਆ ਨੇ ਭਿਆਨਕ ਖਾਨਾਜੰਗੀ ਝੱਲੀ ਹੈ ਜਿਸ ਵਿੱਚ 5,00,000 ਤੋਂ ਵੱਧ ਜਾਨਾਂ ਗਈਆਂ ਅਤੇ ਲੱਖਾਂ ਲੋਕ ਉੱਜੜੇ ਹਨ। ਅਸਦ ਦਾ ਸ਼ਾਸਨ, ਜਿਸ ਨੂੰ ਕਦੇ ਰੂਸ ਤੇ ਇਰਾਨ ਦਾ ਥਾਪੜਾ ਸੀ, ਆਪਣੇ ਹੀ ਭ੍ਰਿਸ਼ਟਾਚਾਰ ਤੇ ਹਿੰਸਾ ਦੇ ਬੋਝ ਹੇਠਾਂ ਦੱਬਿਆ ਗਿਆ। ਫਿਰ ਵੀ ਇਸਲਾਮਿਕ ਧੜੇ ਐੱਚਟੀਐੱਸ ਦੀ ਜਿੱਤ ਮੁਕੰਮਲ ਸਥਿਰਤਾ ਦਾ ਭਰੋਸਾ ਨਹੀਂ ਦਿੰਦੀ। ਇਸ ਦੇ ਆਗੂ ਅਬੂ ਮੁਹੰਮਦ ਅਲ-ਜੋਲਾਨੀ ਨੇ ਜਿੱਥੇ ਗਰੁੱਪ ਦਾ ਬਿਰਤਾਂਤ ਕੌਮੀ ਆਜ਼ਾਦੀ ਹਾਸਿਲ ਕਰਨ ਵੱਲ ਨੂੰ ਮੋੜ ਦਿੱਤਾ ਹੈ, ਉੱਥੇ ਆਲੋਚਕ ਐੱਚਟੀਐੱਸ ਦੀ ਵਿਆਪਕ ਪੱਧਰ ’ਤੇ ਸਰਕਾਰ ਚਲਾਉਣ ਦੀ ਸਮਰੱਥਾ ’ਤੇ ਸਵਾਲ ਵੀ ਚੁੱਕ ਰਹੇ ਹਨ।
ਫੌਰੀ ਚੁਣੌਤੀਆਂ ਬਹੁਤ ਵੱਡੀਆਂ ਹਨ। ਸੀਰੀਆ ਦੀਆਂ ਸੰਸਥਾਵਾਂ ਤਹਿਸ-ਨਹਿਸ ਹੋ ਚੁੱਕੀਆਂ ਹਨ। ਇਸ ਦਾ ਅਰਥਚਾਰਾ ਜੰਗ ਤੇ ਪਾਬੰਦੀਆਂ ਨੇ ਤਬਾਹ ਕਰ ਕੇ ਰੱਖ ਦਿੱਤਾ ਹੈ। ਅੰਦਰੂਨੀ ਤੌਰ ’ਤੇ ਉੱਜੜੇ ਨਾਗਰਿਕ ਤੇ ਸ਼ਰਨਾਰਥੀ ਸਾਧਾਰਨ ਹਾਲਾਤ ਦੇਖਣ ਲਈ ਤਰਸ ਗਏ ਹਨ। ਨਸਲੀ ਤੇ ਫ਼ਿਰਕੂ ਵੰਡ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਲੋਕਤੰਤਰ ਦੇ ਵਾਅਦੇ ’ਤੇ ਲਿਬੀਆ ਤੇ ਇਰਾਕ ਦਾ ਪਰਛਾਵਾਂ ਵੀ ਹੈ, ਜਿੱਥੇ ਤਬਦੀਲੀਆਂ ਨੇ ਇਕਜੁੱਟਤਾ ਦੀ ਥਾਂ ਉਥਲ-ਪੁਥਲ ਨੂੰ ਜਨਮ ਦਿੱਤਾ।
ਅਮਰੀਕਾ ਨੂੰ ਆਪਣੀ ਮੱਧ ਪੂਰਬ ਦੀ ਰਣਨੀਤੀ ’ਚ ਇਸ ਵੇਲੇ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਆਈਐੱਸਆਈਐੱਸ ਵਿਰੁੱਧ ਕੁਰਦ ਤਾਕਤਾਂ ਦੀ ਪਿੱਠ ਥਾਪੜ ਕੇ ਤੇ ਫ਼ੌਜ ਨੂੰ ਸੀਰੀਆ ਵਿੱਚ ਰੱਖ ਕੇ, ਵਾਸ਼ਿੰਗਟਨ ਨੂੰ ਹੁਣ ਅਸਦ ਦੇ ਪਤਨ ਤੋਂ ਬਾਅਦ ਬਣੀ ਸਥਿਤੀ ’ਚੋਂ ਨਿਕਲਣ ਦਾ ਰਾਹ ਤਲਾਸ਼ਣਾ ਪਵੇਗਾ। ਇਸ ਦੀ ਭੂਮਿਕਾ ਪਰਿਭਾਸ਼ਿਤ ਕਰ ਸਕਦੀ ਹੈ ਕਿ ਕੀ ਸੀਰੀਆ ਦਾ ਭਵਿੱਖ ਸ਼ਾਂਤੀਪੂਰਨ ਹੋਵੇਗਾ ਜਾਂ ਹਾਲਾਤ ਖ਼ਰਾਬ ਹੀ ਰਹਿਣਗੇ। ਇਸ ਸਥਿਤੀ ’ਚ ਮਾਨਵੀ ਰਾਬਤੇ ਦਾ ਅਤਿਵਾਦ ਵਿਰੋਧੀ ਕਾਰਵਾਈਆਂ ਨਾਲ ਸੰਤੁਲਨ ਬਿਠਾਉਣਾ ਪਏਗਾ। ਬਾਹਰੀ ਤਾਕਤਾਂ ਦੇ ਦਖ਼ਲ ਨਾਲ ਸੀਰੀਆ ਦਾ ਰਾਹ ਹੋਰ ਪੇਚੀਦਾ ਹੋ ਗਿਆ ਹੈ। ਤੁਰਕੀ, ਖਾੜੀ ਦੇਸ਼ਾਂ ਅਤੇ ਪੱਛਮੀ ਤਾਕਤਾਂ ਦੇ ਆਪੋ ਆਪਣੇ ਮੁਫ਼ਾਦ ਹਨ ਜਦੋਂਕਿ ਇਸਰਾਈਲ ਅਤੇ ਇਰਾਨ ਨੂੰ ਇਹ ਡਰ ਬਣਿਆ ਹੋਇਆ ਹੈ ਕਿ ਉੱਥੋਂ ਦੀ ਅਸਥਿਰਤਾ ਨਾਲ ਉਨ੍ਹਾਂ ਉੱਪਰ ਅਸਰ ਨਾ ਪਵੇ। ਕੌਮਾਂਤਰੀ ਭਾਈਚਾਰੇ ਨੂੰ ਹੁਣ ਇੱਕ ਚੋਣ ਕਰਨੀ ਪਵੇਗੀ ਕਿ ਕੀ ਸੀਰੀਆ ਦੀਆਂ ਕਮਜ਼ੋਰੀਆਂ ਦਾ ਲਾਹਾ ਉਠਾਇਆ ਜਾਵੇ ਜਾਂ ਇਸ ਦੇ ਪੁਨਰ ਨਿਰਮਾਣ ਵਿੱਚ ਹੱਥ ਵਟਾਇਆ ਜਾਵੇ ਤੇ ਇੰਝ ਬਹੁਵਾਦ ਅਤੇ ਸੁਲ੍ਹਾ ਦੇ ਰਾਹ ਨੂੰ ਮਜ਼ਬੂਤ ਕੀਤਾ ਜਾਵੇ। ਮੌਕਾਪ੍ਰਸਤੀ ਦੀ ਬਜਾਇ ਆਲਮੀ ਇਕਜੁੱਟਤਾ ਨਾਲ ਸੀਰੀਆ ਆਪਣੇ ਇਤਿਹਾਸ ਦੇ ਬੇਹੱਦ ਔਖੇ ਦੌਰ ’ਚੋਂ ਲੰਘ ਕੇ ਨਵਾਂ ਅਧਿਆਏ ਲਿਖਣ ਵਿੱਚ ਸਫ਼ਲ ਹੋ ਸਕਦਾ ਹੈ।