ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਪੱਤਰ ਪ੍ਰੇਰਕ
ਸ਼ਾਹਕੋਟ, 18 ਜੂਨ
ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ), ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਟਰੱਕ ਯੂਨੀਅਨ ਧਰਮਕੋਟ ਵੱਲੋਂ ਚੱਕ ਬਾਹਮਣੀਆਂ ਟੌਲ ਪਲਾਜ਼ਾ ’ਤੇ ਲਾਇਆ ਸਾਂਝਾ ਧਰਨਾ ਅੱਜ 17ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨੇ ਨੂੰ ਬੀਕੇਯੂ (ਤੋਤੇਵਾਲ) ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਜਿੰਨਾ ਚਿਰ ਰਾਸ਼ਟਰੀ ਹਾਈਵੇਅ ਅਥਾਰਿਟੀ ਰਾਹਗੀਰਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੰਦੀ, ਉਨਾ ਚਿਰ ਉਸ ਨੂੰ ਟੌਲ ਲੈਣ ਦਾ ਵੀ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 18 ਦਿਨ ਬੀਤਣ ’ਤੇ ਵੀ ਕੇਂਦਰ, ਸੂਬਾ ਸਰਕਾਰ, ਕੌਮੀ ਹਾਈਵੇਅ ਅਥਾਰਿਟੀ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਧਰਨਾ ਉਸ ਸਮੇਂ ਹੀ ਸਮਾਪਤ ਕੀਤਾ ਜਾਵੇਗਾ, ਜਦੋਂ ਉਨ੍ਹਾਂ ਦੀਆਂ ਮੰਗਾਂ ਅਮਲ ਵਿੱਚ ਲਾਗੂ ਹੋ ਜਾਣਗੀਆਂ। ਸੰਘਰਸ਼ ਨੂੰ ਜਿੱਤ ਦੀ ਮੰਜ਼ਿਲ ਤੱਕ ਲਿਜਾਣ ਲਈ ਬੀਕੇਯੂ (ਤੋਤੇਵਾਲ) ਵੱਲੋਂ ਸੁੱਖ ਗਿੱਲ ਤੇ ਸਤਵਿੰਦਰ ਸਿੰਘ ਕਰਮੂਵਾਲ, ਬੀਕੇਯੂ (ਉਗਰਾਹਾਂ) ਵੱਲੋਂ ਮੋਹਨ ਸਿੰਘ ਬੱਲ ਤੇ ਗੁਰਚਰਨ ਸਿੰਘ ਚਾਹਲ ਅਤੇ ਟਰੱਕ ਯੂਨੀਅਨ ਧਰਮਕੋਟ ਵੱਲੋਂ ਸਤਵੀਰ ਸਿੰਘ ਸੱਤੀ ਤੇ ਰਾਜਪਾਲ ਸਿੰਘ ਮਖੀਜਾ ’ਤੇ ਆਧਾਰਿਤ ਸਾਂਝੀ ਕਮੇਟੀ ਬਣਾਈ ਗਈ। ਇਸ ਮੌਕੇ ਚਮਕੌਰ ਸਿੰਘ ਸੀਤੋ, ਬਲਕਾਰ ਸਿੰਘ ਫਾਜਿਲਵਾਲ, ਮਨਜੀਤ ਸਿੰਘ ਸਾਬੀ, ਰਣਯੋਧ ਸਿੰਘ, ਮਹਿਲ ਸਿੰਘ, ਤਲਵਿੰਦਰ ਗਿੱਲ, ਡਾ. ਸਰਤਾਜ, ਲਾਡੀ, ਸੇਵਕ ਚਾਹਲ, ਨਿਰਵੈਰ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ ਮਲਸੀਆਂ, ਹਜੂਰਾ ਸਿੰਘ ਅਤੇ ਗੁਰਬਖਸ਼ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ।