ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਦਗੀ

06:28 AM Feb 03, 2024 IST

ਮੋਹਨ ਸ਼ਰਮਾ

Advertisement

1960 ਦੇ ਨੇੜੇ ਤੇੜੇ ਪੰਜਾਬ ਦੀ ਭਾਰਗਵ ਵਜ਼ਾਰਤ ਵਿਚ ਗਿਆਨੀ ਕਰਤਾਰ ਸਿੰਘ ਮਾਲ ਅਤੇ ਵਿਕਾਸ ਮੰਤਰੀ ਸਨ। ਵਕੀਲ ਹੁੰਦਿਆਂ ਉਹ ਹਉਮੈ, ਬੇਈਮਾਨੀ, ਲੋਭ-ਲਾਲਚ ਅਤੇ ਤਲਖ਼-ਕਲਾਮੀ ਤੋਂ ਕੋਹਾਂ ਦੂਰ ਰਹੇ। ਨਿੱਜੀ ਹਿੱਤਾਂ ਦੀ ਥਾਂ ਲੋਕ ਹਿੱਤਾਂ ਨੂੰ ਤਰਜੀਹ ਦਿੱਤੀ। ਮੰਤਰੀ ਹੁੰਦਿਆਂ ਵੀ ਉਹ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਸਨ।
ਉਸ ਸਮੇਂ ਅਨਾਜ ਉਤਪਾਦਨ ਵਿਚ ਪੰਜਾਬ ਪਛੜੇ ਸੂਬਿਆਂ ਵਿਚ ਸ਼ਾਮਲ ਸੀ। ਦਫ਼ਤਰ ਬੈਠਿਆਂ ਗਿਆਨੀ ਕਰਤਾਰ ਸਿੰਘ ਨੂੰ ਪਤਾ ਲੱਗਿਆ ਕਿ ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਕਾਲਕਟ ਨੇ ਕਣਕ ਤੇ ਬਾਜਰੇ ਦੇ ਨਵੇਂ ਬੀਜ ਦੀ ਖੋਜ ਕੀਤੀ ਹੈ ਅਤੇ ਨਵੇਂ ਬੀਜਾਂ ਦੀ ਖੋਜ ਨਾਲ ਪੈਦਾਵਾਰ ਵਿਚ ਬਹੁਤ ਵਾਧਾ ਹੋਵੇਗਾ। ਗਿਆਨੀ ਕਰਤਾਰ ਸਿੰਘ ਇਹ ਸੁਣ ਕੇ ਗਦ ਗਦ ਹੋ ਗਏ ਅਤੇ ਡਾ. ਕਾਲਕਟ ਨੂੰ ਹੱਲਾਸ਼ੇਰੀ ਦੇਣ ਲਈ ਤੁਰੰਤ ਚੰਡੀਗੜ੍ਹ ਤੋਂ ਲੁਧਿਆਣੇ ਉਸ ਦੇ ਨਿਵਾਸ ਸਥਾਨ ਵੱਲ ਚਾਲੇ ਪਾ ਦਿੱਤੇ। ਆਪਣੇ ਨਾਲ ਦੋ ਐੱਮਐੱਲਏ ਵੀ ਲੈ ਗਏ। ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਮੰਤਰੀ ਦੀ ਗੱਡੀ ਅੱਗੇ ਜਿਪਸੀਆਂ ਅਤੇ ਪੁਲੀਸ ਦਾ ਲਸ਼ਕਰ ਨਹੀਂ ਸੀ ਹੁੰਦਾ। ਬਿਨਾਂ ਕਿਸੇ ਗੰਨਮੈਨ ਤੋਂ ਉਹ ਡਾ. ਕਾਲਕਟ ਦੇ ਘਰ ਪਹੁੰਚ ਗਏ। ਕਾਲਕਟ ਦੀ ਪਤਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਸਮੇਂ ਡਾ. ਕਾਲਕਟ ਘਰ ਨਹੀਂ ਸਨ। ਉਹ ਆਪਣੀ ਖੋਜ ਕਾਰਨ ਲੈਬਾਰਟਰੀ ਵਿਚ ਰੁੱਝੇ ਹੋਏ ਸਨ। ਉਨ੍ਹਾਂ ਦੀ ਪਤਨੀ ਨੇ ਪਤੀ ਨਾਲ ਸੰਪਰਕ ਕਰ ਕੇ ਉਸ ਨੂੰ ਮੰਤਰੀ ਦੀ ਆਮਦ ਬਾਰੇ ਦੱਸਿਆ। ਡਾ. ਕਾਲਕਟ ਦਾ ਜਵਾਬ ਸੀ ਕਿ ਉਹ ਆਪਣਾ ਕੰਮ ਅਧਵਾਟੇ ਛੱਡ ਕੇ ਨਹੀਂ ਆ ਸਕਦਾ, ਸ਼ਾਮ ਨੂੰ ਛੇ ਵਜੇ ਤੋਂ ਬਾਅਦ ਹੀ ਘਰ ਆਵਾਂਗਾ। ਉਸ ਦੀ ਪਤਨੀ ਆਪਣੇ ਪਤੀ ਦੀ ਲਗਨ, ਮਿਹਨਤ ਅਤੇ ਦਿਆਨਤਦਾਰੀ ਤੋਂ ਭਲੀ-ਭਾਂਤ ਜਾਣੂ ਸੀ, ਉਸ ਨੇ ਪਤੀ ਦੇ ਰੁਝੇਵੇਂ ਦਾ ਜ਼ਿਕਰ ਕਰਦਿਆਂ ਬੇਨਤੀ ਕੀਤੀ ਕਿ ਉਹ ਕੰਮ ਵਿਚ ਰੁੱਝੇ ਹੋਣ ਕਾਰਨ ਆ ਨਹੀਂ ਸਕਦੇ, ਸ਼ਾਮੀ ਛੇ ਵਜੇ ਘਰ ਆਉਣਗੇ। ਮੰਤਰੀ ਜੀ ਉਸ ਦੀ ਕੰਮ ਪ੍ਰਤੀ ਸਮਰਪਣ ਭਾਵਨਾ ਦੇਖ ਕੇ ਅਸ਼ ਅਸ਼ ਕਰ ਉੱਠੇ ਅਤੇ ਕਿਹਾ, “ਉਸ ਕਰਮਯੋਗੀ ਇਨਸਾਨ ਦੇ ਕੰਮ ਵਿਚ ਰੁਕਾਵਟ ਨਹੀਂ ਪਾਉਣੀ, ਅਸੀਂ ਛੇ ਵਜੇ ਦੁਬਾਰਾ ਆਵਾਂਗੇ।” ਮਿਹਨਤੀ ਅਧਿਕਾਰੀ ਸ਼ਾਮੀ ਘਰ ਪਹੁੰਚਿਆ। ਕੁਝ ਸਮੇਂ ਬਾਅਦ ਹੀ ਗਿਆਨੀ ਕਰਤਾਰ ਸਿੰਘ ਆਪਣੇ ਸਾਥੀਆਂ ਨਾਲ ਪਹੁੰਚ ਗਏ। ਡਾ. ਕਾਲਕਟ ਦੀ ਪਿੱਠ ਥਾਪੜਦਿਆਂ ਗਿਆਨੀ ਕਰਤਾਰ ਸਿੰਘ ਨੇ ਕਿਹਾ, “ਕਣਕ ਤੇ ਬਾਜਰੇ ਦੇ ਨਵੇਂ ਬੀਜਾਂ ਦੀ ਖੋਜ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪੰਜਾਬ ਵਾਸੀ ਤੁਹਾਡੇ ਇਸ ਨੇਕ ਕਾਰਜ ਲਈ ਹਮੇਸ਼ਾ ਤੁਹਾਨੂੰ ਯਾਦ ਰੱਖਣਗੇ। ਇੰਝ ਹੀ ਡਟੇ ਰਹੋ, ਅਸੀਂ ਤੁਹਾਡੀ ਪਿੱਠ ’ਤੇ ਹਾਂ।” ਡਾ. ਕਾਲਕਟ ਨੇ ਗਿਆਨੀ ਕਰਤਾਰ ਸਿੰਘ ਦੀ ਆਮਦ ਅਤੇ ਉਨ੍ਹਾਂ ਦੀ ਹੱਲਾਸ਼ੇਰੀ ਨੂੰ ਆਪਣੀ ਜ਼ਿੰਦਗ਼ੀ ਵਿਚ ਪ੍ਰਾਪਤ ਬਿਹਤਰੀਨ ਐਵਾਰਡ ਮੰਨਿਆ ਸੀ।
ਹੁਣ ਸਿਆਸਤ ਕਰਵਟ ਬਦਲ ਚੁੱਕੀ ਹੈ। ਸਿਆਸੀ ਆਗੂ ਵੋਟਾਂ ਸਮੇਂ ਲੋਕਾਂ ਦੇ ਪੈਰਾਂ ਵਿਚ ਅਤੇ ਵੋਟਾਂ ਪੈਣ ਪਿੱਛੋਂ ਗਰੀਬ ਜਨਤਾ ਜੇਤੂ ਉਮੀਦਵਾਰਾਂ ਦੇ ਪੈਰੀਂ ਪੈਂਦੀ ਹੈ। ਜਿਸ ਦੇਸ਼ ਦੀ ਸੰਸਦ ਵਿਚ 40% ਤੋਂ ਜ਼ਿਆਦਾ ਮੈਂਬਰਾਂ ਦਾ ਕਿਰਦਾਰ ਵੱਖ ਵੱਖ ਜੁਰਮਾਂ ਕਾਰਨ ਦਾਗ਼ੀ ਹੋਵੇ ਅਤੇ ਸੂਬਿਆਂ ਦੀਆਂ ਸਰਕਾਰਾਂ ਵਿਚ ਵੀ ਅਜਿਹੇ ‘ਰਹਿਨੁਮਾ’ ਘੁਸਪੈਠ ਕਰ ਗਏ ਹੋਣ, ਉਥੇ ਲੋਕ ਹਿਤਾਂ ਦੀ ਰਾਖੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਵੀ ਜੱਖਣਾ ਪੁੱਟੀ ਜਾਂਦੀ ਹੈ। ਅਜਿਹੀਆਂ ਅਨੇਕ ਉਦਾਹਰਨਾਂ ਹਨ ਜਿੱਥੇ ਇਮਾਨਦਾਰ, ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਅਧਿਕਾਰੀ ਸਿਆਸੀ ਆਗੂਆਂ ਨੂੰ ਰਾਸ ਨਹੀਂ ਆਏ। ਉਨ੍ਹਾਂ ਨੂੰ ਉਨ੍ਹਾਂ ਦੀ ਨੇਕ ਨੀਤੀ ਅਤੇ ਸਮਰਪਣ ਵਾਲੀ ਭਾਵਨਾ ਦਾ ਇਨਾਮ ਨੁਕਰੇ ਲਾ ਕੇ ਜਾਂ ਫਿਰ ਦੂਰ ਦੁਰਾਡੇ ਬਦਲੀ ਕਰ ਕੇ ਦਿੱਤਾ ਜਾਂਦਾ ਹੈ। ਕਈ ਅਧਿਕਾਰੀ ਅਤੇ ਕਰਮਚਾਰੀ ਤਾਂ ਇਸ ਵਧੀਕੀ ਦਾ ਸ਼ਿਕਾਰ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਬਦਲੀਆਂ ਕਾਰਨ ਟੱਪਰੀਵਾਸਾਂ ਵਾਂਗ ਪਰਿਕਰਮਾ ਕਰਦੇ ਹੰਭੇ ਪਏ ਹਨ।
ਪਿੱਛੇ ਜਿਹੇ ਇੱਕ ਆਗੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜ਼ਿਲ੍ਹਾ ਅਧਿਕਾਰੀ ਨੂੰ ਚੈਲਿੰਜ ਕਰਦਿਆਂ ਸ਼ਰੇਆਮ ਧਮਕੀਆਂ ਦਿੱਤੀਆਂ। ਸੋਸ਼ਲ ਮੀਡੀਆ ’ਤੇ ਜਿਹੜੀ ਭਾਸ਼ਾ ਉਸ ਨੇ ਵਰਤੀ, ਉਹ ਚੁਣੇ ਹੋਏ ਨੁਮਾਇੰਦੇ ਦੇ ਮੇਚ ਦੀ ਨਹੀਂ ਸੀ। ਉਸ ਭਾਸ਼ਾ ਵਿਚ ਤਾਂ ਹਉਮੈ, ਸੱਤਾ ਦਾ ਨਸ਼ਾ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਅਣਹੋਂਦ ਦਾ ਪ੍ਰਗਟਾਵਾ ਸੀ। ਲੱਗਦਾ ਸੀ ਜਿਵੇਂ ਉਹ ਲੋਕਾਂ ਦਾ ਨੁਮਾਇੰਦਾ ਨਹੀਂ ਸਗੋਂ ਕੋਈ ਲੜਾਕੂ ਆਪਣੇ ਦੁਸ਼ਮਣ ਨੂੰ ਯੁੱਧ ਦੇ ਮੈਦਾਨ ਵਿਚ ਆਉਣ ਲਈ ਵੰਗਾਰ ਰਿਹਾ ਹੈ। ਇੰਝ ਵੀ ਲੱਗਦਾ ਸੀ ਕਿ ਰਾਜਸੀ ਆਗੂ ਲੋਕ ਹਿੱਤਾਂ ਦੀ ਥਾਂ ਨਿੱਜੀ ਹਿੱਤਾਂ ਦੀ ਰਾਖੀ ਲਈ ਦਹਾੜ ਰਿਹਾ ਹੋਵੇ। ਆਖ਼ਿਰ ਆਗੂ ਨੇ ਆਪਣੀ ਤਾਕਤ ਦੇ ਜ਼ੋਰ ਬਦਲੀ ਕਰਵਾ ਦਿੱਤੀ। ਬਦਲੀ ਤੋਂ ਬਾਅਦ ਉਸ ਅਧੀਨ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਸ ਨੂੰ ਵਿਦਾਅ ਕਰਦਿਆਂ ਖੁੱਲ੍ਹੀ ਜੀਪ ਵਿਚ ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਅਥਾਹ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਸੁਨੇਹਾ ਦਿੱਤਾ ਕਿ ਲੋਕਾਂ ਅਤੇ ਕਰਮਚਾਰੀਆਂ ਦੇ ਦਿਲਾਂ ਵਿਚ ਵਸੇ ਅਧਿਕਾਰੀ ਦੀ ਬਦਲੀ ਤਾਂ ਕੀਤੀ ਜਾ ਸਕਦੀ ਹੈ ਪਰ ਉਸ ਦੀ ਨੇਕ ਨੀਤੀ, ਮਿਹਨਤ, ਲਗਨ, ਤਪੱਸਿਆ ਅਤੇ ਇਮਾਨਦਾਰਾਨਾ ਸੋਚ ’ਤੇ ਡਾਕਾ ਨਹੀਂ ਮਾਰਿਆ ਜਾ ਸਕਦਾ; ਅਜਿਹੇ ਅਧਿਕਾਰੀ ਲੋਕਾਂ ਤੇ ਕਰਮਚਾਰੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿਣਗੇ।
ਹੁਣ ਸਿਆਸਤ ਦਾ ਸ਼ੁਧੀਕਰਨ ਜ਼ਰੂਰੀ ਹੈ। ਮੁਲਕ ਨੂੰ ਉਨ੍ਹਾਂ ਸਿਆਸੀ ਆਗੂਆਂ ਦੀ ਲੋੜ ਹੈ ਜੋ ਲੋਕਾਂ ਨੂੰ ਉਹ ਕੁਝ ਦੇਣ ਜਿਸ ਦੇ ਉਹ ਹੱਕਦਾਰ ਹਨ। ਹੁਣ ਸੜਿਹਾਂਦ ਮਾਰਦੀ ਸਿਆਸਤ ਤੋਂ ਲੋਕ ਅੱਕੇ ਪਏ ਹਨ।
ਸੰਪਰਕ: 94171-48866

Advertisement
Advertisement