For the best experience, open
https://m.punjabitribuneonline.com
on your mobile browser.
Advertisement

ਖ਼ਾਮੋਸ਼ੀ

07:02 AM Mar 10, 2024 IST
ਖ਼ਾਮੋਸ਼ੀ
Advertisement

ਪ੍ਰੋ. ਜਸਵੰਤ ਸਿੰਘ ਗੰਡਮ

Advertisement

ਅੰਗਰੇਜ਼ੀ ਦੀ ਇੱਕ ਅਖਾਣ ਹੈ ਕਿ ਬੋਲਣਾ ਚਾਂਦੀ ਅਤੇ ਖ਼ਾਮੋਸ਼ੀ ਸੋਨਾ ਹੈ। ਇੱਕ ਹੋਰ ਵੀ ਅਖਾਣ ਹੈ ਕਿ ਖ਼ਾਮੋਸ਼ੀ ਤਕਰੀਰ ਨਾਲੋਂ ਵਧੇਰੇ ਸੁਵਕਤਾ ਹੁੰਦੀ ਹੈ। ਆਪਣੀ ਬੋਲੀ ਵਿੱਚ ਇਸ ਨੂੰ ‘ਇੱਕ ਚੁੱਪ ਸੌ ਸੁਖ’ ਕਹਿੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਂਤ ਪਾਣੀ ਡੂੰਘੇ ਰਿਸਦੇ/ਰਚਦੇ ਹਨ। ਇਸ ਦੇ ਨਾਲ ਹੀ ਥੋਥਾ ਚਨਾ ਬਾਜੇ ਘਨਾ ਅਤੇ ਅੱਧਜਲ ਗਗਰੀ ਛਲਕਤ ਜਾਏ ਦੇ ਅਖਾਣ ਵੀ ਵਰਤੇ ਜਾਂਦੇ ਹਨ।
ਇਨ੍ਹਾਂ ਸਭਨਾਂ ਵਿੱਚ ਖ਼ਾਮੋਸ਼ੀ ਦੀ ਕੀਮਤ ਜਾਂ ਮਹੱਤਵ ਦਰਸਾਇਆ ਗਿਆ ਹੈ। ਅਵਾਕ, ਅਬੋਲ ਅਵਸਥਾ ਦੀ ਅਹਿਮੀਅਤ ਦੱਸੀ ਗਈ ਹੈ।
ਖ਼ਾਮੋਸ਼ੀ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਚੁੱਪ ਹੋਣ ਦਾ ਭਾਵ, ਚੁੱਪ, ਮੌਨ ਹੋਣਾ ਹੈ। ਇਹ ਅਹਿਲ, ਅਚਲ, ਅਡੋਲ ਅਵਸਥਾ ਵੀ ਬਿਆਨਦੀ ਹੈ।
ਚੁੱਪ ਸੰਸਕ੍ਰਿਤ ਮੂਲ ਦਾ ਸ਼ਬਦ ਹੈ ਜਿਸ ਦਾ ਅਰਥ ਵੀ ਖ਼ਾਮੋਸ਼ੀ ਵਾਲਾ ਹੀ ਹੈ (ਸਰੋਤ: ਮਹਾਨਕੋਸ਼)।
ਅੰਗਰੇਜ਼ੀ ਵਿੱਚ ਇਸ ਲਈ ਸ਼ਬਦ ‘ਸਾਈਲੈਂਸ’ ਹੈ ਜੋ ਲਾਤੀਨੀ ਦੇ ‘ਸਾਈਲੈਨਸ/ਸਾਈਲੇਰੇ’ ਤੋਂ ਉਤਪੰਨ ਹੋਇਆ ਹੈ ਅਤੇ ਇਸ ਦਾ ਅਰਥ ਹੈ ‘ਕੁਆਇਟ’ (ਚੁੱਪ/ਸ਼ਾਂਤ) (ਸਰੋਤ: ਕੋਲਿਨਜ਼ ਇੰਗਲਿਸ਼ ਡਿਕਸ਼ਨਰੀ)।
ਇਹ ਚੁੱਪ ਰਹਿਣ ਦੀ ਅਵਸਥਾ ਵੀ ਹੈ ਅਤੇ ਆਵਾਜ਼ ਜਾਂ ਸ਼ੋਰ ਦੀ ਗ਼ੈਰ-ਮੌਜੂਦਗੀ ਵੀ।
ਵਿਕੀਪੀਡੀਆ ਵਿੱਚ ਸ਼ੁਰੂਆਤੀ ਅਖਾਣ ਦੀ ਸੰਭਾਵਿਤ ਉਤਪਤੀ ਅਰਬੀ ਸੱਭਿਆਚਾਰ ਤੋਂ ਮੰਨੀ ਗਈ ਹੈ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਅਖਾਣ ਨੌਵੀਂ ਸਦੀ ਦੇ ਆਰੰਭਲੇ ਸਮੇਂ ਤੋਂ ਹੀ ਪ੍ਰਚਲਿਤ ਸੀ।
ਸਾਂਤ ਸੰਸਕ੍ਰਿਤ ਮੂਲ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਾਂਤੀ ਵਾਲਾ ਜਾਂ ਕ੍ਰੋਧ ਰਹਿਤ ਹੈ। ਖ਼ਾਮੋਸ਼ੀ ਸਮਾਧੀ ਨਹੀਂ ਹੁੰਦੀ। ਬੇਸ਼ੱਕ, ਸਮਾਧੀ ਲਈ ਖ਼ਾਮੋਸ਼
ਹੋਣਾ ਜ਼ਰੂਰੀ ਹੁੰਦਾ ਹੈ ਮੂੰਹ ਦਾ ਵੀ ਅਤੇ ਮਨ ਦਾ ਵੀ। ਸਮਾਧੀ ਅਫੁਰ ਅਵਸਥਾ ਦਾ ਨਾਮ ਹੈ। ਇਹ ਫੁਰਨੇ-ਮੁਕਤ ਹੋਣਾ ਹੈ। ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੀ ‘ਚੰਗੀ ਤਰ੍ਹਾਂ ਚਿੱਤ ਦੇ ਠਹਿਰਾਉਣ ਦੀ ਕਿਰਿਆ’ ਹੈ।
ਚੁੱਪ ਨਾਲ ਕਈ ਮੁਹਾਵਰੇ/ਅਖਾਣ ਜੁੜੇ ਹਨ:
ਚੁੱਪ ਵਰਤ ਜਾਣੀ, ਚੁੱਪ ਹੀ ਭਲੀ, ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ, ਇੱਕ ਚੁੱਪ ਸੌ ਸੁਖ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ ਪਰ ਇਸ ਦੀ ਸੱਟ ਬਹੁਤ ਸ਼ੋਰੀਲੀ ਹੁੰਦੀ ਹੈ ਆਦਿ।
ਚੁੱਪ/ਖ਼ਾਮੋਸ਼ੀ ਦੇ ਮਹੱਤਵ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਉਂ ਹੈ: ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ।।
ਖ਼ਾਮੋਸ਼ੀ/ਚੁੱਪ ਦੀ ਮਹੱਤਤਾ ਬਾਈਬਲ ਵੀ ਬਿਆਨਦੀ ਹੈ। ਕਿਹਾ ਜਾਂਦਾ ਹੈ ਕਿ ਸ਼ਬਦਾਂ ਦੇ ਘੜਮੱਸ ਵਿੱਚ ਬੇਸ਼ੱਕ ਪਾਪ ਉਦੈਮਾਨ ਨਾ ਹੋਵੇ ਪਰ ਉਹ ਜਿਹੜਾ ਆਪਣੇ ਬੁੱਲ੍ਹਾਂ ਉਪਰ ਅੰਕੁਸ਼ ਰੱਖਦਾ ਹੈ ਉਹ ਸੂਝਵਾਨ/ਸਿਆਣਾ ਹੁੰਦਾ ਹੈ।
ਸਾਲ 2015 ਦੀ ਹਿੰਦੀ ਫਿਲਮ ‘ਖ਼ਾਮੋਸ਼ੀਆਂ’ ਦਾ ਟਾਈਟਲ ਗੀਤ ਹੈ ਜਿਸ ਦੇ ਲੇਖਕ ਰਸ਼ਮੀ ਸਿੰਘ ਅਤੇ ਗਾਇਕ ਅਰਿਜੀਤ ਸਿੰਘ ਹਨ। ਇਸ ਗੀਤ ਵਿੱਚ ਖ਼ਾਮੋਸ਼ੀ ਦਾ ਬੜੇ ਹੀ ਵਿਸਥਾਰ ਵਿੱਚ ਵਰਣਨ ਕੀਤਾ ਗਿਆ ਹੈ:
ਖ਼ਾਮੋਸ਼ੀਆਂ ਆਵਾਜ਼ ਹੈਂ/ ਤੁਮ ਸੁਨਨੇ ਤੋ ਆਉ ਕਭੀ
ਛੂ ਕਰ ਤੁਮਹੇਂ ਖਿਲ ਜਾਏਂਗੀ/ ਘਰ ਇਨਕੋ ਬੁਲਾਉ ਕਭੀ
ਬੇਕਰਾਰ ਹੈਂ ਬਾਤ ਕਰਨੇ ਕੋ/ ਕਹਿਨੇਂ ਦੋ ਇਨਕੋ ਜ਼ਰਾ
ਖ਼ਾਮੋਸ਼ੀਆਂ...
ਖ਼ਾਮੋਸ਼ੀਆਂ ਅਲਫਾਜ਼ ਹੈਂ... ਖ਼ਾਮੋਸ਼ੀਆਂ ਆਕਾਸ਼ ਹੈਂ... ਖ਼ਾਮੋਸ਼ੀਆਂ ਅਹਿਸਾਸ ਹੈਂ...।
ਬੌਲੀਵੁੱਡ ਦੇ ਅਦਾਕਾਰ ਸ਼ਤਰੂਘਨ ਸਿਨਹਾ ਦਾ ਪ੍ਰਸਿੱਧ ਡਾਇਲਾਗ ਹੀ ‘ਖ਼ਾਮੋਸ਼...’ ਹੈ ਜੋ ਇਸ ਅਭਿਨੇਤਾ ਤੇ ਸਿਆਸਤਦਾਨ ਦਾ ਤਕਰੀਬਨ ਤਕੀਆ ਕਲਾਮ ਹੀ ਬਣ ਚੁੱਕਾ ਹੈ।
1949 ਦੀ ਹਿੰਦੀ ਫਿਲਮ ‘ਬੜੀ ਬਹਿਨ’ ਦਾ ਇੱਕ ਬੜਾ ਮਸ਼ਹੂਰ ਗੀਤ ਹੈ: ਚੁੱਪ ਚੁੱਪ ਖੜੇ ਹੋ ਜ਼ਰੂਰ ਕੋਈ ਬਾਤ ਹੈ/ ਪਹਿਲੀ ਮੁਲਾਕਤ ਹੈ ਯੇ ਪਹਿਲੀ ਮੁਲਾਕਾਤ ਹੈ।
1969, 1996, 2019 ਦੀਆਂ ਵੱਖ ਵੱਖ ਬੌਲੀਵੁੱਡ ਫਿਲਮਾਂ ਦਾ ਨਾਮ ‘ਖ਼ਾਮੋਸ਼ੀ’ ਹੈ।
ਜਦ ਵਿਰੋਧੀਆਂ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕੋਇਲਾ ਘੁਟਾਲਾ ਬਾਰੇ ਨਿਰੰਤਰ ਖ਼ਾਮੋਸ਼ ਰਹਿਣ ਦੇ ਤਾਅਨੇ-ਮਿਹਣੇ ਵੱਜਣ ਲੱਗੇ ਤਾਂ ਉਨ੍ਹਾਂ ਨੇ ‘ਖ਼ਾਮੋਸ਼ੀ’ ਨਾਲ ਸਬੰਧਿਤ ਇੱਕ ਉਰਦੂ ਸ਼ਿਅਰ ਬੋਲਿਆ:
ਹਜ਼ਾਰੋਂ ਜਵਾਬੋਂ ਸੇ ਅੱਛੀ ਹੈ ਮੇਰੀ ਖ਼ਾਮੋਸ਼ੀ,
ਨਾ ਜਾਨੇਂ ਕਿਤਨੇਂ ਸਵਾਲੋਂ ਕੀ ਆਬਰੂ ਰਖੀ
ਚਲੋ, ਕੁਝ ਕੁ ਉਰਦੂ ਦੇ ਹੋਰ ਸ਼ਿਅਰ ਹੋ ਜਾਣ:
ਮੁਸਤਕਿਲ ਬੋਲਤਾ ਹੀ ਰਹਿਤਾ ਹੂੰ
ਕਿਤਨਾਂ ਖ਼ਾਮੋਸ਼ ਹੂੰ ਮੈਂ ਅੰਦਰ ਸੇ।
- ਜੌਨ ਏਲੀਆ
ਕਹਿ ਰਹਾ ਹੈ ਸ਼ੋਰ-ਏ-ਦਰਿਆ ਸੇ ਸਮੰਦਰ ਕਾ ਸਕੂਨ
ਜਿਸ ਕਾ ਜਿਤਨਾ ਜ਼ਰਫ ਹੈ ਉਤਨਾ ਹੀ ਵੋ ਖ਼ਾਮੋਸ਼ ਹੈ।
- ਨਾਤਿਕ ਲਖਨਵੀ
ਹਮ ਲਬੋਂ ਸੇ ਕਹਿ ਨਾ ਪਾਏ ਉਨ ਸੇ ਹਾਲ-ਏ-ਦਿਲ ਕਭੀ,
ਔਰ ਵੋ ਸਮਝੇ ਨਹੀਂ ਯੇ ਖ਼ਾਮੋਸ਼ੀ ਕਯਾ ਚੀਜ਼ ਹੈ।
- ਨਿਦਾ ਫਾਜ਼ਲੀ
ਪਰ ਜਿੱਥੇ ਬੋਲਣਾ ਜ਼ਰੂਰੀ ਹੋਵੇ ਉੱਥੇ ਖ਼ਾਮੋਸ਼ ਰਹਿਣਾ ਮੁਜਰਮਾਨਾ ਵਰਤਾਰਾ ਹੁੰਦਾ ਹੈ ਕਿਉਂਕਿ ਬੋਲ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੇ ਸਗੋਂ ਇਹ ਵਿਹੁਲੇ ਬਾਣ ਵੀ ਹੁੰਦੇ ਹਨ ਜਿਨ੍ਹਾਂ ਦਾ ਵਿੰਨ੍ਹਿਆ ਪਾਣੀ ਵੀ ਨਹੀਂ ਮੰਗਦਾ।
ਹਾਂ, ਚੁੱਪ ਵੀ ਸਦਾ ਸਹਿਮ ਜਾਂ ਸਹਿਮਤੀ ਨਹੀਂ ਹੁੰਦੀ; ਚੁੱਪ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਦਾ ਸੰਨਾਟਾ ਵੀ ਹੁੰਦੀ ਹੈ ਜਿਸ ਉਪਰੰਤ ਸ਼ੂਕਦੀਆਂ ਹਨੇਰੀਆਂ ਸੱਥਰ ਵਿਛਾ ਦਿੰਦੀਆਂ ਹਨ।
ਇਸੇ ਲਈ ਤਾਂ ਇੱਕ ਕਵੀ ਨੇ ਕਿਹਾ ਹੈ:
ਸੋਚ ਰਹੇ ਹਾਂ ਅਗਲਾ ਕਦਮ ਪੁੱਟਣ ਲਈ,
ਸਾਡੀ ਚੁੱਪ ਦੇ ਨਾ ਅਫ਼ਸਾਨੇ ਬਣਾ।
ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਇੱਕ ਪ੍ਰਸਿੱਧ ਗਜ਼ਲ ਦਾ ਸ਼ਿਅਰ ਹੈ:
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਖ਼ੈਰ, ਬਹੁਤੀ ਖ਼ਾਮੋਸ਼ੀ ਵੀ ਖਰੀ ਨਹੀਂ ਅਤੇ ਨਾ ਹੀ ਖਾਹ-ਮਖਾਹ ਖੌਰੂ ਪਾਉਣਾ ਹੀ ਚੰਗਾ ਹੁੰਦਾ ਹੈ।
ਸਿਆਣੇ ਠੀਕ ਕਹਿੰਦੇ ਹਨ:
ਭਲਾ ਨਾ ਬਹੁਤਾ ਮੇਘਲਾ, ਭਲੀ ਨਾ ਬਹੁਤੀ ਧੁੱਪ
ਭਲਾ ਨਾ ਬਹੁਤਾ ਬੋਲਣਾ, ਭਲੀ ਨਾ ਬਹੁਤੀ ਚੁੱਪ।
ਸੰਪਰਕ: 98766-55055

Advertisement
Author Image

Advertisement
Advertisement
×