ਸੰਨੀ ਦਿਓਲ ਵੱਲੋਂ ਫ਼ਿਲਮ ‘ਲਾਹੌਰ 1947’ ਦੀ ਸ਼ੂਟਿੰਗ ਮੁਕੰਮਲ
ਮੁੰਬਈ:
ਪਿਛਲੇ ਸਾਲ ਬਲਾਕਬਸਟਰ ਫ਼ਿਲਮ ‘ਗਦਰ 2’ ਦੇਣ ਵਾਲੇ ਬੌਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਹੌਰ 1947’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ਦੀ ਸ਼ੂਟਿੰਗ ਦਾ ਕੰਮ 70 ਦਿਨਾਂ ਨੇਪਰੇ ਚਾੜ੍ਹਿਆ ਗਿਆ ਹੈ। ਰਾਜ ਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਅਭਿਮੰਨਿਊ ਸਿੰਘ ਅਤੇ ਅਲੀ ਫ਼ਜ਼ਲ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ ਦੀ ਕਹਾਣੀ ਭਾਰਤ-ਪਾਕਿ ਦੀ ਵੰਡ ਨੂੰ ਬਿਆਨ ਕਰਦੀ ਹੈ। ਫਿਲਮ ਪ੍ਰੋਡਕਸ਼ਨ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ‘ਲਾਹੌਰ 1947’ ਦੀ ਸ਼ੂਟਿੰਗ ਲਗਾਤਾਰ 70 ਦਿਨਾਂ ਵਿੱਚ ਬਿਨਾਂ ਕਿਸੇ ਛੁੱਟੀ ਦੇ ਮੁਕੰਮਲ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਐਡੀਟਿੰਗ ਮਗਰੋਂ ਫਿਲਮ ਦਾ ਪੈਚ-ਵਰਕ ਕੀਤਾ ਜਾਵੇਗਾ। ਫਿਲਮ ਵਿੱਚ ਭੀੜ ਦੇ ਕਈ ਸ਼ਾਟ ਫਿਲਮਾਏ ਗਏ ਹਨ। ਪਿਛਲੇ ਸਾਲ ਅਕਤੂਬਰ ਵਿੱਚ ਇਸ ਫਿਲਮ ਦਾ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਗਿਆ ਸੀ ਅਤੇ ਇਸ ਨੂੰ ਆਮਿਰ ਖ਼ਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ। ਇਸ ਤੋਂ ਪਹਿਲਾਂ ਜੂਨ ਮਹੀਨੇ ਪ੍ਰੀਤੀ ਜ਼ਿੰਟਾ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਮੁਕੰਮਲ ਕੀਤੀ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਜ਼ਰੀਏ ਫ਼ਿਲਮ ਵਿੱਚ ਆਪਣਾ ਕੰਮ ਮੁਕੰਮਲ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। -ਆਈਏਐੱਨਐੱਸ