‘ਦੋ ਸ਼ਹਿਜ਼ਾਦੇ’ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ: ਮੋਦੀ
ਅਮਰੋਹਾ/ਦਮੋਹ, 19 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਫਿਲਮ ‘ਦੋ ਸ਼ਹਿਜ਼ਾਦਿਆਂ ਦੀ ਜੋੜੀ’ ਦੀ ਸ਼ੂਟਿੰਗ ਚੱਲ ਰਹੀ ਹੈ ਪਰ ਉਨ੍ਹਾਂ ਦੀ ਫਿਲਮ ਪਹਿਲਾਂ ਹੀ ਨਕਾਰੀ ਜਾ ਚੁੱਕੀ ਹੈ। ਉਨ੍ਹਾਂ ਅਮਰੋਹਾ ਤੋਂ ਭਾਜਪਾ ਦੇ ਉਮੀਦਵਾਰ ਕੰਵਰ ਸਿੰਘ ਤੰਵਰ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਦਮੋਹ ’ਚ ਰੈਲੀ ਦੌਰਾਨ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਇੱਕ ਮੁਲਕ ਜੋ ਕਿ ਅਤਿਵਾਦ ਫੈਲਾਉਂਦਾ ਹੈ, ਇਨ੍ਹਾਂ ਦਿਨਾਂ ’ਚ ਆਟੇ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਹਰ ਵਾਰ ਇਹ ਲੋਕ ਪਰਿਵਾਰਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੀ ਟੋਕਰੀ ਲੈ ਕੇ ਉੱਤਰ ਪ੍ਰਦੇਸ਼ ਦੇ ਲੋਕਾਂ ਤੋਂ ਵੋਟਾਂ ਮੰਗਣ ਲਈ ਚੱਲ ਪੈਂਦੇ ਹਨ। ਆਪਣੀ ਇਸ ਮੁਹਿੰਮ ਦੌਰਾਨ ਇਹ ਲੋਕ ਸਾਡੀ ਆਸਥਾ ’ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।’ ਪ੍ਰਧਾਨ ਮੰਤਰੀ ਨੇ ਅਮਰੋਹਾ ਤੋਂ ਕਾਂਗਰਸ ਉਮੀਦਵਾਰ ਦਾਨਿਸ਼ ਅਲੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ‘ਭਾਰਤ ਮਾਤਾ ਦੀ ਜੈ’ ਕਹਿਣ ਤੋਂ ਇਤਰਾਜ਼ ਹੈ। ਉਨ੍ਹਾਂ ਕਿਹਾ, ਕੀ ਅਜਿਹੇ ਵਿਅਕਤੀ ਨੂੰ ਭਾਰਤੀ ਸੰਸਦ ’ਚ ਦਾਖਲ ਹੋਣ ਦੇਣਾ ਚਾਹੀਦਾ ਹੈ।’ ਵਿਰੋਧੀ ਧਿਰ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ, ‘ਸਪਾ ਤੇ ਕਾਂਗਰਸ ਨੇ ਅਯੁੱਧਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਨਕਾਰ ਦਿੱਤਾ ਸੀ। ਵੋਟ ਬੈਂਕ ਦੇ ਭੁੱਖੇ ਲੋਕਾਂ ਨੇ ਸਮਾਗਮ ਦਾ ਸੱਦਾ ਠੁਕਰਾ ਦਿੱਤਾ ਸੀ। ਉਨ੍ਹਾਂ ਦੀ ਥਾਂ ਤੁਸੀਂ ਉਨ੍ਹਾਂ ਵੱਲ ਦੇਖੋ ਜੋ ਜ਼ਿੰਦਗੀ ਭਰ ਬਾਬਰੀ ਮਸਜਿਦ ਲਈ ਕੇਸ ਲੜਦੇ ਰਹੇ। ਉਹ ਹਾਰ ਗਏ ਪਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਸ਼ਾਮਲ ਹੋਏ।’ -ਪੀਟੀਆਈ
ਕਾਂਗਰਸ ਨੇ ਆਪਣੀ ਸਾਰਥਕਤਾ ਗੁਆਈ: ਰਾਜਨਾਥ ਸਿੰਘ
ਹੈਦਰਾਬਾਦ: ਭਾਜਪਾ ਨੇਤਾ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਦੇਸ਼ ਦੇ ਸਿਆਸੀ ਦ੍ਰਿਸ਼ ’ਤੇ ਆਪਣੀ ਸਾਰਥਕਤਾ ਗੁਆ ਚੁੁੱਕੀ ਹੈ ਜਦਕਿ ਭਾਜਪਾ ਸਿਰਫ਼ ਸੱਤਾ ’ਚ ਆਉਣ ਲਈ ਨਹੀਂ ਸਗੋਂ ਰਾਸ਼ਟਰ ਨਿਰਮਾਣ ਲਈ ਰਾਜਨੀਤੀ ਕਰਦੀ ਹੈ। ਲੋਕ ਸਭਾ ਚੋਣਾਂ ਲਈ ਕੇਂਦਰੀ ਮੰਤਰੀ ਕਿਸ਼ਨ ਰੈੱਡੀ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਾਂਗਰਸ ’ਤੇ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ. ਸੁੱਬਾਰਾਓ ਨੇ ਆਪਣੀ ਇੱਕ ਕਿਤਾਬ ’ਚ ਲਿਖਿਆ ਹੈ ਕਿ ਯੂਪੀਏ ਸ਼ਾਸਨ ਦੌਰਾਨ ਅਰਥਚਾਰੇ ਬਾਰੇ ‘ਸਭ ਕੁਝ ਠੀਕ’ ਦਿਖਾਉਣ ਲਈ ਦਬਾਅ ਹੁੰਦਾ ਸੀ। ਉਨ੍ਹਾਂ ਕਿਹਾ, ‘‘ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਕਾਂਗਰਸ ਪੂਰੀ ਤਰ੍ਹਾਂ ਸਾਰਥਕਤਾ ਗੁਆ ਚੁੱਕੀ ਹੈ। ਕਾਂਗਰਸ ਭਾਰਤੀ ਰਾਜਨੀਤੀ ’ਚ ਲਗਾਤਾਰ ਆਪਣੀ ਸਾਰਥਕਤਾ ਗੁਆ ਰਹੀ ਹੈ। ਕਾਂਗਰਸ ਤੁਸ਼ਟੀਕਰਨ ਦੀ ਰਾਜਨੀਤੀ ’ਚ ਡੁੱਬੀ ਹੋਈ ਹੈ। ਜਦੋਂ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਜਾਤੀ, ਨਸਲ ਜਾਂ ਧਰਮ ਦੇ ਨਾਂ ’ਤੇ ਨਹੀਂ ਬਲਕਿ ਨਿਆਂ ਅਤੇ ਮਨੁੱਖਤਾ ਦੇ ਆਧਾਰ ’ਤੇ ਰਾਜਨੀਤੀ ਕਰਦੀ ਹੈ।’’ -ਪੀਟੀਆਈ