ਸ਼ਰੀਫ ਪਰਿਵਾਰ ਅਤੇ ਪਾਕਿਸਤਾਨ ਦਾ ਭਵਿੱਖ
ਜੀ ਪਾਰਥਾਸਾਰਥੀ
ਚਾਰ ਦਹਾਕਿਆਂ ਤੋਂ ਪਾਕਿਸਤਾਨ ਆਪਣੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਵਿਸ਼ੇਸ਼ ਤੌਰ ’ਤੇ ਆਪਣੇ ਗੁਆਂਢ ’ਚ ਭਾਰਤ ਵਿਰੁੱਧ ‘ਰਣਨੀਤਕ ਗਹਿਰਾਈ’ ਦੀ ਤਲਾਸ਼ ਨੂੰ ਦੱਸਦਾ ਰਿਹਾ ਹੈ। ਪਾਕਿਸਤਾਨੀ ਫ਼ੌਜ ਦੀ ਸ਼ਬਦਾਵਲੀ ਵਿੱਚ ‘ਰਣਨੀਤਕ ਗਹਿਰਾਈ’ ਦੀ ਪਰਿਭਾਸ਼ਾ ਵਿਚ ਦੇਸ਼ ਅੰਦਰ ਅਤੇ ਗੁਆਂਢ ਵਿੱਚ ਕੱਟੜ ਇਸਲਾਮੀ ਸੰਗਠਨਾਂ ਦੀ ਹਮਾਇਤ ਕਰਨਾ ਸ਼ਾਮਿਲ ਹੈ। ਇਸਲਾਮਾਬਾਦ ਅਤਿਵਾਦ ਲਈ ਭਾਰਤ ਤੇ ਅਫ਼ਗਾਨਿਸਤਾਨ, ਦੋਵਾਂ ਅੰਦਰ ‘ਕੱਟੜਵਾਦੀ ਇਸਲਾਮ’ ਦੀ ਵਰਤੋਂ ਵਿੱਚ ਯਕੀਨ ਰੱਖਦਾ ਹੈ। ਅਮਰੀਕਾ ਨੇ ਭਾਵੇਂ ਅਫ਼ਗਾਨਿਸਤਾਨ ਵਿਚ ਸੋਵੀਅਤ ਸੰਘ ਨੂੰ ਸੱਟ ਮਾਰਨ ਲਈ ਇਸਲਾਮੀ ਸੰਗਠਨਾਂ ਦੀ ਮਦਦ ਕੀਤੀ ਪਰ ਇਸ ਨੂੰ ਵੱਡੀ ਕੀਮਤ ਚੁਕਾਉਣੀ ਪਈ ਜਦ ਕੱਟੜਵਾਦੀ ਤਾਲਬਿਾਨ ਨੇ ਅਮਰੀਕੀ ਬਲਾਂ ’ਤੇ ਹੀ ਬੰਦੂਕਾਂ ਤਾਣ ਲਈਆਂ। ਫਿਰ ਅਫ਼ਗਾਨਿਸਤਾਨ ’ਚੋਂ ਅਮਰੀਕੀ ਸੈਨਾ ਦੀ ਵਾਪਸੀ, ਅਮਰੀਕਾ ਦੇ ਇਤਿਹਾਸ ਦੀ ਕੋਈ ਬਹੁਤੀ ਸ਼ਾਨਦਾਰ ਘਟਨਾ ਨਹੀਂ ਸੀ। ਪਾਕਿਸਤਾਨੀ ਸੈਨਾ ਨੇ ਅਫ਼ਗਾਨਿਸਤਾਨ ਵਿਚ ਅਮਰੀਕੀਆਂ ਤੇ ਰੂਸੀਆਂ, ਦੋਵਾਂ ਨੂੰ ਜ਼ਲੀਲ ਕਰਨ ਲਈ ਆਪਣੀ ਪਿੱਠ ਥਾਪੜੀ; ਉਹ ਵੀ ਉਸ ਵੇਲੇ ਜਦੋਂ ਅਮਰੀਕਾ ਪਾਕਿਸਤਾਨ ਦੇ ਅਰਥਚਾਰੇ ਨੂੰ ਚੋਖੀ ਸੈਨਿਕ ਤੇ ਵਿੱਤੀ ਸਹਾਇਤਾ ਦੇ ਰਿਹਾ ਸੀ।
ਪਾਕਿਸਤਾਨ ਵਿਚ ਕਈ ਸੰਗਠਨਾਂ ਅਤੇ ਮੀਡੀਆ ਅਦਾਰਿਆਂ ਨੇ ਜਸ਼ਨ ਮਨਾਇਆ ਕਿ ਉਨ੍ਹਾਂ ਦੇ ‘ਕੱਟੜ ਇਸਲਾਮ’ ਨੇ ਦੋ ਮਹਾਸ਼ਕਤੀਆਂ- ਰੂਸ ਤੇ ਅਮਰੀਕਾ ਨੂੰ ਅਫ਼ਗਾਨਿਸਤਾਨ ’ਚ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਅਜਿਹੀਆਂ ਨੀਤੀਆਂ ਅਪਣਾਉਣ ਦੇ ਦੋ ਵੱਡੇ ਅਸਰ ਪਏ। ਪਹਿਲਾ, ਇਸ ਨੇ ਸੈਨਾ ਦੀ ਪਕੜ ਮਜ਼ਬੂਤ ਕੀਤੀ। ਦੂਜਾ, ਪਾਕਿਸਤਾਨ ਦੇ ਗੁਆਂਢ ’ਚ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਲਈ ‘ਕੱਟੜ ਇਸਲਾਮ’ ਅਤੇ ‘ਹਲਕੇ ਪੱਧਰ ਦਾ ਟਕਰਾਅ’ ਪਾਕਿਸਤਾਨੀ ਨੀਤੀਆਂ ਦਾ ਅਨਿੱਖੜਵਾਂ ਅੰਗ ਬਣ ਗਿਆ। ਤਾਲਬਿਾਨ ਵਰਗੇ ਕੱਟੜ ਸੁੰਨੀ ਗਰੁੱਪ ਨਾ ਸਿਰਫ਼ ਸ਼ੀਆ ਬਹੁਗਿਣਤੀ ਵਾਲੇ ਇਰਾਨ ਵਿਚ ਬਲਕਿ ਖਾੜੀ ਦੇ ਅਰਬ ਮੁਲਕਾਂ- ਸਾਊਦੀ ਅਰਬ ਤੋਂ ਲੈ ਕੇ ਯੂਏਈ ਤੱਕ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਹ ਗਤੀਵਿਧੀਆਂ ਤਿੰਨ ਦਹਾਕਿਆਂ ਤੋਂ ਜਾਰੀ ਹਨ ਤੇ ਇਨ੍ਹਾਂ ਨੇ ਤੇਲ ਭੰਡਾਰਾਂ ਨਾਲ ਰੱਜੇ ਕੁਝ ਖਾੜੀ ਮੁਲਕਾਂ ਨਾਲ ਪਾਕਿਸਤਾਨ ਦੇ ਰਿਸ਼ਤਿਆਂ ’ਤੇ ਮਾੜਾ ਅਸਰ ਪਾਇਆ। ਨਾਲ ਹੀ ਪਾਕਿਸਤਾਨ ਦੀਆਂ ਇਰਾਨ ਤੇ ਅਫ਼ਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ ਉੱਤੇ ਵੀ ਬੁਰਾ ਅਸਰ ਪਿਆ ਹੈ। ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਵਰਗੇ ਖਾੜੀ ਮੁਲਕਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਪਹਿਲਾਂ ਵਰਗੇ ਨਿੱਘੇ ਨਹੀਂ ਰਹੇ। ਹੁਣ ਜਦ ਪਾਕਿਸਤਾਨ ਦਾ ਅਰਥਚਾਰਾ ਢਹਿ-ਢੇਰੀ ਹੋ ਰਿਹਾ ਹੈ ਤਾਂ ਸੁਭਾਵਿਕ ਤੌਰ ’ਤੇ ਇਹ ਮੁਲਕ ਮਦਦ ਕਰਦੇ ਹਨ। ਅਫ਼ਗਾਨਿਸਤਾਨ ਲਈ ਪਾਕਿਸਤਾਨ ਦੇ ਵਿਸ਼ੇਸ਼ ਦੂਤ ਆਸਿਫ ਅਲੀ ਦੁਰਾਨੀ ਨੇ ਕੱਟੜ ਇਸਲਾਮੀ ਸੰਗਠਨਾਂ ਨਾਲ ਨਜਿੱਠਣ ਵਿੱਚ ਆਪਣੇ ਮੁਲਕ ਦੇ ਹੱਥ ਲੱਗੀ ਨਿਰਾਸ਼ਾ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਫ਼ਗਾਨਿਸਤਾਨ ਵਿਚ ਪਨਾਹ ਲੈਣ ਵਾਲੇ ਤਹਿਰੀਕ-ਏ-ਤਾਲਬਿਾਨ ਪਾਕਿਸਤਾਨ (ਟੀਟੀਪੀ) ਦੇ 5000-6000 ਦਹਿਸ਼ਤਗਰਦਾਂ ਨੂੰ ਭਾਰਤ ਵੱਲੋਂ ਵਿੱਤੀ ਮਦਦ ਮਿਲੀ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ 20 ਫਰਵਰੀ ਨੂੰ ਐਲਾਨ ਕੀਤਾ ਕਿ ਪਾਕਿਸਤਾਨ ਨੇ ਸਰਹੱਦ ਪਾਰ ਕਰ ਕੇ ਅਫ਼ਗਾਨਿਸਤਾਨ ’ਚ ਕਾਰਵਾਈ ਕੀਤੀ ਹੈ ਤੇ ਅਫ਼ਗਾਨਿਸਤਾਨ ਦੇ ਸਰਹੱਦੀ ਸੂਬਿਆਂ ਖੋਸਤ ਤੇ ਪਕਟਿਕਾ ਵਿੱਚ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਨੇ ਬਾਅਦ ਸਪੱਸ਼ਟ ਕੀਤਾ ਕਿ ਉਹ ਆਪਣੀਆਂ ਸਰਹੱਦਾਂ ਦੇ ਪਾਰ, ਅਫ਼ਗਾਨਿਸਤਾਨ ਦੀ ਕਿਸੇ ਵੀ ਖੇਤਰੀ ਉਲੰਘਣਾ ਦਾ ਸਖ਼ਤ ਜਵਾਬ ਦੇਣ ਦਾ ਇਰਾਦਾ ਰੱਖਦਾ ਹੈ ਜਦਕਿ ਅਫ਼ਗਾਨਾਂ ਨੇ ਸਰਹੱਦ ਪਾਰੋਂ ਖੁਰਮ ਤੇ ਉੱਤਰੀ ਵਜ਼ੀਰਿਸਤਾਨ ਵਿਚ ਪਾਕਿਸਤਾਨੀ ਸੈਨਾ ਨੂੰ ਨਿਸ਼ਾਨਾ ਬਣਾਉਣ ਲਈ ਵੱਡੀ ਪੱਧਰ ’ਤੇ ਗੋਲਾ-ਬਾਰੂਦ ਵਰਤਿਆ ਹੈ। ਇਸ ਦੌਰਾਨ ਇਸੇ ਤਰ੍ਹਾਂ ਦਾ ਤਣਾਅ ਉਦੋਂ ਬਣਿਆ ਜਦ ਇਰਾਨ ਨੇ ਪਾਕਿਸਤਾਨ ’ਚ ਬੈਠੇ ਬਲੋਚਿਸਤਾਨ ਆਧਾਰਿਤ ਵੱਖਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਗਤੀਵਿਧੀਆਂ ਦਾ ਹਵਾਲਾ ਦਿੰਦਿਆਂ ਅਫ਼ਗਾਨਿਸਤਾਨ ਲਈ ਪਾਕਿਸਤਾਨ ਦੇ ਵਿਸ਼ੇਸ਼ ਦੂਤ ਆਸਿਫ਼ ਦੁਰਾਨੀ ਨੇ ਦੱਸਿਆ ਕਿ ਇਸਲਾਮਾਬਾਦ ਨੇ ਇਰਾਨ ’ਤੇ ਹਵਾਈ ਹੱਲਾ ਬੋਲਿਆ ਹੈ ਜੋ ਉਨ੍ਹਾਂ ਦੇ ਮੁਲਕ ’ਚ ਇਰਾਨ ਦੀ ਕਾਰਵਾਈ ਦਾ ਜਵਾਬ ਹੈ।
ਕੌਮੀ ਸੁਰੱਖਿਆ ਦੇ ਅਜਿਹੇ ਮੁੱਦਿਆਂ ’ਤੇ ਪਾਕਿਸਤਾਨ ਦੇ ਰੁਖ਼ ਨੂੰ ਘਰੇਲੂ ਤੇ ਸਰਹੱਦ ਪਾਰ, ਦੋਵਾਂ ਪਾਸੇ ਵਾਜਬਿ ਠਹਿਰਾਉਣਾ ਹੁਣ ਹੋਰ ਵੀ ਔਖਾ ਹੋ ਗਿਆ ਹੈ। ਇਕ ਪਾਸੇ ਇਸ ਦੀ ਸਿਆਸਤ ਦਾ ਰੁਖ਼ ਸੱਤਾ ਤੋਂ ਬਾਹਰ ਹੋਏ ਪਰ ਬੇਹੱਦ ਹਰਮਨਪਿਆਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੈਅ ਕਰ ਰਹੇ ਹਨ; ਦੂਜੇ ਪਾਸੇ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਵੀ ਮੁਲਕ ਦੀ ਸਿਆਸਤ ਨੂੰ ਨਵਾਂ ਰੂਪ ਦੇ ਰਹੇ ਹਨ। ਪਾਕਿਸਤਾਨ ਅੰਦਰ ਦੋਵਾਂ ਧਿਰਾਂ ਵਿਚਾਲੇ ਟਕਰਾਅ ਨਿੱਤ ਦੇਖਣ ਨੂੰ ਮਿਲ ਰਿਹਾ ਹੈ। ਜਨਰਲ ਮੁਨੀਰ ਲਗਾਤਾਰ ਦਖ਼ਲ ਦੇ ਰਹੇ ਹਨ ਤੇ ਪਾਕਿਸਤਾਨ ਦੀਆਂ ਘਰੇਲੂ ਅਤੇ ਵਿਦੇਸ਼ੀ ਨੀਤੀਆਂ ’ਤੇ ਆਪਣਾ ਪ੍ਰਭਾਵ ਛੱਡਣਾ ਚਾਹੁੰਦੇ ਹਨ। ਇਹ ਉਹੀ ਰਵੱਈਆ ਹੈ ਜਿਵੇਂ ਉਨ੍ਹਾਂ ਤੋਂ ਪਹਿਲੇ ਸੈਨਾ ਮੁਖੀਆਂ ਦਾ ਰਿਹਾ ਹੈ। ਜਨਰਲ ਮੁਨੀਰ ਦਾ ਇਹ ਰਵੱਈਆ ਪਾਕਿਸਤਾਨ ਦੀਆਂ ਹਾਲੀਆ ਅਸੈਂਬਲੀ ਚੋਣਾਂ ਵਿਚ ਵੀ ਦੇਖਿਆ ਗਿਆ ਜਿੱਥੇ ਚੋਣਾਂ ’ਚ ਵੱਡੇ ਪੱਧਰ ’ਤੇ ਧਾਂਦਲੀ ਦੀ ਕੋਸ਼ਿਸ਼ ਹੋਈ। ਇਸ ਦੇ ਬਾਵਜੂਦ ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਕਈ ਮੈਂਬਰਾਂ ਨੂੰ ਆਜ਼ਾਦ ਉਮੀਦਵਾਰਾਂ ਵਜੋਂ ਲੜਾ ਕੇ ਠੋਕਵਾਂ ਜਵਾਬ ਦਿੱਤਾ। ਇਉਂ ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਵਜੋਂ ਹਿੱਸਾ ਲੈ ਕੇ ਇਮਰਾਨ ਖਾਨ ਦੀ ਪਾਰਟੀ ਦੇ ਕਈ ਮੈਂਬਰਾਂ ਨੇ ਜਿੱਤ ਦਰਜ ਕਰ ਕੇ ਜਨਰਲ ਮੁਨੀਰ ਦੇ ਮਨਸੂਬਿਆਂ ਨੂੰ ਮਾਤ ਦਿੱਤੀ।
ਸੈਨਾ ਦੀਆਂ ਨਜ਼ਰਾਂ ਹੇਠ ਸ਼ਰੇਆਮ ਹੋਈ ਧੋਖਾ-ਧੜੀ ਦੇ ਬਾਵਜੂਦ ਇਮਰਾਨ ਖਾਨ ਦੀ ਪਾਰਟੀ ਨੇ 93 ਸੀਟਾਂ ਜਿੱਤੀਆਂ। ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ) ਨੂੰ 75 ਅਤੇ ਭੁੱਟੋ ਪਰਿਵਾਰ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ 54 ਸੀਟਾਂ ਮਿਲੀਆਂ। ਜਿਵੇਂ ਚੋਣਾਂ ਕਰਵਾਈਆਂ ਤੇ ਨਤੀਜਿਆਂ ’ਚ ਹੇਰ-ਫੇਰ ਹੋਇਆ, ਉਸ ਬਾਰੇ ਲੋਕਾਂ ਅਤੇ ਮੀਡੀਆ ਨੇ ਆਪਣੀ ਰਾਇ ਦਿੰਦਿਆਂ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਅਸਲ ਵਿੱਚ, ਸੈਨਾ ਹਰ ਹਾਲ ਇਮਰਾਨ ਵਿਰੋਧੀ ਸਰਕਾਰ ਕਾਇਮ ਕਰਨਾ ਚਾਹੁੰਦੀ ਸੀ ਅਤੇ ਇਸ ਨੇ ਕੀਤੀ ਵੀ। ਪਾਕਿਸਤਾਨ ਦੇ ਲੋਕਾਂ ਲਈ ਧੱਕਾ ਅਤੇ ਅਪਰਾਧਕ ਗਤੀਵਿਧੀਆਂ ਇਖ਼ਲਾਕ ਤੇ ਵਿਵਸਥਾ ਉਤੇ ਭਾਰੂ ਰਹੇ।
ਪਾਕਿਸਤਾਨ ਦਾ ਮੀਡੀਆ ਚੋਣਾਂ ’ਚ ਹੇਰ-ਫੇਰ ਅਤੇ ਇਸ ਮਸਲੇ ’ਤੇ ਰੱਜ ਕੇ ਵਰ੍ਹਿਆ ਕਿ ਮੁਲਕ ਵਿੱਚ ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ (ਪ੍ਰਧਾਨ ਮੰਤਰੀ) ਦੀ ਅਗਵਾਈ ’ਚ ਗੱਠਜੋੜ ਸਰਕਾਰ ਕਾਇਮ ਕੀਤੀ ਗਈ। ਚੋਣਾਂ ਤੋਂ ਪਹਿਲਾਂ ਹੋਈ ‘ਸੌਦੇਬਾਜ਼ੀ’ ’ਚੋਂ ਬਿਲਾਵਲ ਭੁੱਟੋ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਬਣ ਗਏ। ਪਾਕਿਸਤਾਨ ਨੂੰ ਇਸ ਸਮੇਂ ਦੋ ਪਰਿਵਾਰਾਂ ਦੇ ਮੈਂਬਰਾਂ ਚਲਾ ਰਹੇ ਹਨ। ਸ਼ਾਹਬਾਜ਼ ਸ਼ਰੀਫ਼ ਭਾਵੇਂ ਚੰਗੇ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਹਨ ਪਰ ਪਾਕਿਸਤਾਨ ਦੇ ਪ੍ਰਭਾਵਸ਼ਾਲੀ ਪੰਜਾਬ ਸੂਬੇ ਦੀ ਅਸਲ ਵਾਗਡੋਰ ਵੱਡੇ ਭਰਾ ਨਵਾਜ਼ ਸ਼ਰੀਫ਼ ਦੇ ਹੱਥਾਂ ਵਿਚ ਰਹੇਗੀ ਜੋ ਆਪਣੀ ਧੀ ਮਰੀਅਮ ਨਵਾਜ਼ ਨੂੰ ਅਹਿਮ ਭੂਮਿਕਾ ਵਿੱਚ ਲਿਆਉਣ ਲਈ ਸਿਆਸੀ ਜ਼ਮੀਨ ਤਿਆਰ ਕਰ ਰਹੇ ਹਨ। ਮਰੀਅਮ ਨੂੰ ਪੰਜਾਬ ਦੀ ਮੁੱਖ ਮੰਤਰੀ ਬਣਾਇਆ ਗਿਆ ਹੈ। ਇਉਂ ਉਸ ਨੂੰ ਨਵਾਜ਼ ਸ਼ਰੀਫ਼ ਦੀ ਜਾਨਸ਼ੀਨ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਦਾ ਮੁਸ਼ਕਲ ਕੰਮ ਸ਼ਾਹਬਾਜ਼ ਸ਼ਰੀਫ਼ ਨੂੰ ਸੌਂਪਿਆ ਗਿਆ ਹੈ। ਸ਼ਾਹਬਾਜ਼ ਅਜੇ ਤੱਕ ਤਾਂ ਜਨਰਲ ਮੁਨੀਰ ਦੀ ਮਰਜ਼ੀ ਮੁਤਾਬਕ ਹੀ ਚੱਲ ਰਹੇ ਹਨ ਤੇ ਜਨਰਲ ਦੀ ਇੱਛਾ ਮੁਤਾਬਕ ਹੀ ਅਹਿਮ ਨਿਯੁਕਤੀਆਂ ਕੀਤੀਆਂ ਹਨ। ਸੈਨਾ ਅਤੇ ਇਸ ਦੇ ਮੁਖੀ ਨੂੰ ਨਾਰਾਜ਼ ਨਾ ਕਰਨ ਦੇ ਨਾਲ-ਨਾਲ ਵੱਡੇ ਭਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸ਼ਾਹਬਾਜ਼ ਕੋਲ ਕਾਫ਼ੀ ਤਜਰਬਾ ਅਤੇ ਸਿਆਸੀ ਸੂਝ ਹੈ!
ਸ਼ਾਹਬਾਜ਼ ਸ਼ਰੀਫ਼ ਕੋਲ ਦੀਵਾਲੀਆ ਚੱਲ ਰਹੇ ਮੁਲਕ ਨੂੰ ਆਈਐੱਮਐੱਫ ਦੇ ਸਮਝੌਤਿਆਂ ਦੀ ਮਦਦ ਨਾਲ ਚਲਾਉਣ ਦਾ ਠੋਸ ਤਜਰਬਾ ਹੈ। ਪਾਕਿਸਤਾਨ ਕੋਲ ਵਿਦੇਸ਼ੀ ਮੁਦਰਾ ਦੀ ਘਾਟ ਸ਼ਰੀਫ਼ ਲਈ ਸਭ ਤੋਂ ਵੱਡੀ ਚੁਣੌਤੀ ਹੈ। ਮੁਲਕ ਦਾ ਵਰਤਮਾਨ ਵਿਦੇਸ਼ੀ ਮੁਦਰਾ ਭੰਡਾਰ ਮਹਿਜ਼ 8.26 ਅਰਬ ਡਾਲਰ ਹੈ ਤੇ ਆਈਐੱਮਐੱਫ ਦੀ ਖ਼ੈਰਾਤ ਲਈ ਕਾਫ਼ੀ ਯਤਨਾਂ ਦੀ ਲੋੜ ਪਏਗੀ ਤਾਂ ਕਿ ਮੁਲਕ ਦਾ ਗੁਜ਼ਾਰਾ ਹੁੰਦਾ ਰਹੇ। ਇਸ ਲਈ ਸ਼ਾਹਬਾਜ਼ ਨੂੰ ਅਮਰੀਕਾ ਨੂੰ ਖ਼ੁਸ਼ ਰੱਖਣ ਲਈ ਯਤਨ ਕਰਨੇ ਪੈਣਗੇ। ਆਈਐੱਮਐੱਫ ਦੀ ਮਨਜ਼ੂਰੀ ਪੱਛੜਨ ’ਤੇ ਪਾਕਿਸਤਾਨ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਭਾਰਤ ਨਾਲ ਰਿਸ਼ਤਿਆਂ ’ਤੇ ਸ਼ਾਹਬਾਜ਼ ਸ਼ਰੀਫ਼ ਦੇ ਬਿਆਨ ਆਮ ਤੌਰ ’ਤੇ ਸਕਾਰਾਤਮਕ ਤੇ ਸੰਜਮੀ ਰਹੇ ਹਨ। ਨਵਾਜ਼ ਜਦ ਪ੍ਰਧਾਨ ਮੰਤਰੀ ਸਨ ਤਾਂ ਸ਼ਾਹਬਾਜ਼ ਨੇ ਬੰਗਲੌਰ ਦਾ ਸੂਚਨਾ ਤਕਨੀਕ ਸੈਕਟਰ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨਾਲ ਰਾਬਤਾ ਰੱਖਣਾ ਲਾਭਕਾਰੀ ਹੋਵੇਗਾ ਤੇ ਜਦ ਵੀ ਹਾਲਾਤ ਇਜਾਜ਼ਤ ਦੇਣ, ਉਨ੍ਹਾਂ ਨੂੰ ਦੌਰੇ ਦਾ ਸੱਦਾ ਵੀ ਦਿੱਤਾ ਜਾ ਸਕਦਾ ਹੈ। ਭਾਰਤ ਦੀ ਸਮਰੱਥਾ ਅਤੇ ਜਵਾਬੀ ਕਾਰਵਾਈ ਦੀ ਤਿਆਰੀ ਨੂੰ ਦੇਖਦਿਆਂ ਪਾਕਿਸਤਾਨ ਅਤਿਵਾਦ ਨੂੰ ਸ਼ਹਿ ਦੇਣ ’ਚ ਪਹਿਲਾਂ ਨਾਲੋਂ ਵੱਧ ਸਾਵਧਾਨੀ ਵਰਤੇਗਾ। ਸਮੇਂ ਦੇ ਨਾਲ-ਨਾਲ ਦੋਵਾਂ ਗੁਆਂਢੀਆਂ ਦਰਮਿਆਨ ਆਮ ਕੂਟਨੀਤਕ ਰਿਸ਼ਤਿਆਂ, ਸੈਰ-ਸਪਾਟੇ ਤੇ ਯਾਤਰਾਵਾਂ ਦੀ ਬਹਾਲੀ ਵਰਗੀਆਂ ਤਜਵੀਜ਼ਾਂ ’ਤੇ ਸਹਿਮਤੀ ਵੀ ਲਾਹੇਵੰਦ ਹੋ ਸਕਦੀ ਹੈ। ਸ਼ਰੀਫ਼ ਸਰਕਾਰ ਨੇ ਪਾਕਿਸਤਾਨ ਦੀ ਦਿਲਚਸਪੀ ਵਾਲੇ ਕੁਝ ਚੋਣਵੇਂ ਖੇਤਰਾਂ ’ਚ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਸੰਕੇਤ ਵੀ ਦਿੱਤੇ ਹਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਕੁਝ ਹੋਰ ਮੰਤਰੀਆਂ ਦੇ ਪਹਿਲੀ ਵਾਰ ਭਾਰਤ ਨਾਲ ਦੁਵੱਲੇ ਮੁੱਦਿਆਂ ’ਤੇ ਗੱਲਬਾਤ ਅਤੇ ਸਹਿਯੋਗ ਦੀ ਲੋੜ ਬਾਰੇ ਬਿਆਨ ਆਏ ਹਨ। ਪਾਕਿਸਤਾਨ ਸਰਕਾਰ ਨਾਲ ਅੰਦਰਖਾਤੇ ‘ਗੁਪਤ ਵਾਰਤਾ’ ਚੱਲਦੀ ਰਹਿਣੀ ਚਾਹੀਦੀ ਹੈ। ਇਹ ਦੇਖਣਾ ਪਵੇਗਾ ਕਿ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਰਾਜਦੂਤਾਂ ਦੀ ਵਾਪਸੀ ਤੋਂ ਬਾਅਦ ਕੂਟਨੀਤਕ ਸਬੰਧ ਬਹਾਲ ਕਰਨ ਵਿਚ ਕਿੰਨੀ ਕੁ ਪੇਸ਼ਕਦਮੀ ਹੋ ਸਕਦੀ ਹੈ। ਪਾਕਿਸਤਾਨ ਵਿਚ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਅਤੇ ਇਸ ਦੇ ਦੁਵੱਲੇ ਫਾਇਦਿਆਂ ਬਾਰੇ ਸੋਚ ਵਿਚਾਰ ਹੋ ਰਹੀ ਹੈ। ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਕਿ ਇਹ ਤਦ ਹੀ ਸੰਭਵ ਹੋ ਸਕੇਗਾ ਜੇ ਪਾਕਿਸਤਾਨ ਭਾਰਤ ਖਿਲਾਫ਼ ਅਤਿਵਾਦ ਦਾ ਅੰਤ ਕਰੇਗਾ। ਪਾਕਿਸਤਾਨ ਨਾਲ ਗੁਪਤ ਵਾਰਤਾ ਸ਼ੁਰੂ ਕਰ ਕੇ ਇਹ ਪਤਾ ਲਾਉਣਾ ਚਾਹੀਦਾ ਹੈ ਕਿ ਭਾਰਤ ਵਿਚ ਚੋਣਾਂ ਤੋਂ ਬਾਅਦ ਦੁਵੱਲੇ ਸਬੰਧ ਬਹਾਲ ਕਰਨ ਲਈ ਅਗਾਂਹ ਕਿਵੇਂ ਵਧਿਆ ਜਾ ਸਕਦਾ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।