ਜਲ ਸੰਕਟ ਦਾ ਪ੍ਰਛਾਵਾਂ
ਕੇਂਦਰੀ ਜਲ ਕਮਿਸ਼ਨ ਦੇ ਤਾਜ਼ਾਤਰੀਨ ਅੰਕਡਿ਼ਆਂ ਮੁਤਾਬਿਕ ਭਾਰਤ ਦੇ ਸਮੁੱਚੇ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ 25 ਅਪਰੈਲ ਤੱਕ ਦੇਸ਼ ਦੇ ਸਾਰੇ ਪ੍ਰਮੁੱਖ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਉਨ੍ਹਾਂ ਦੀ ਭੰਡਾਰਨ ਸਮੱਰਥਾ ਦੇ ਮਹਿਜ਼ 30 ਫ਼ੀਸਦੀ ਰਹਿ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਬਹੁਤ ਘਟ ਗਿਆ ਹੈ। ਅਲ ਨੀਨੋ ਦੇ ਸਮੁੰਦਰੀ ਵਰਤਾਰੇ ਕਰ ਕੇ ਲੰਘੇ ਸੀਜ਼ਨ ਦੌਰਾਨ ਮੀਂਹ ਘੱਟ ਪੈਣ ਕਰ ਕੇ ਇਹ ਸਥਿਤੀ ਬਦਤਰ ਹੋ ਗਈ ਅਤੇ ਕਈ ਖੇਤਰਾਂ ਵਿੱਚ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਮਾ ਸਮਾਂ ਖੁਸ਼ਕ ਮੌਸਮ ਚੱਲਣ ਕਰ ਕੇ ਤਲਾਅ, ਝੀਲਾਂ ਤੇ ਡੈਮ ਸੁੱਕ ਗਏ ਹਨ ਅਤੇ ਕਈ ਖੇਤਰਾਂ ਵਿੱਚ ਪਾਣੀ ਦੀ ਗੰਭੀਰ ਕਿੱਲਤ ਪੈਦਾ ਹੋ ਗਈ ਹੈ।
ਜਲ ਸਰੋਤਾਂ ਵਿੱਚ ਕਮੀ ਦਾ ਬਹੁਤਾ ਅਸਰ ਪੂਰਬੀ ਤੇ ਦੱਖਣੀ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਗਰਮੀ ਦੀ ਤਪਸ਼ ਵੀ ਤੇਜ਼ ਹੋ ਰਹੀ ਹੈ। ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲ ਨਾਡੂ ਵਿੱਚ ਪਾਣੀ ਦੀ ਕਿੱਲਤ ਬਹੁਤ ਨਾਜ਼ੁਕ ਹੋ ਗਈ ਹੈ। ਬੰਗਲੁਰੂ ਜਿਹੇ ਮਹਾਨਗਰ ਵਿੱਚ ਪਾਣੀ ਦੀ ਗੰਭੀਰ ਘਾਟ ਬਣੀ ਹੋਈ ਹੈ ਜਿਸ ਕਰ ਕੇ ਖੇਤੀਬਾੜੀ ਅਤੇ ਆਮ ਲੋਕਾਂ ਲਈ ਰੋਜ਼ਮੱਰਾ ਕੰਮ-ਕਾਜ ਚਲਦਾ ਰੱਖਣਾ ਔਖਾ ਹੋ ਰਿਹਾ ਹੈ। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਿਆ ਗਿਆ ਹੈ ਜਿਸ ਪ੍ਰਤੀ ਸਬੰਧਿਤ ਧਿਰਾਂ ਅਜੇ ਤੱਕ ਗੰਭੀਰਤਾ ਨਹੀਂ ਦਿਖਾ ਰਹੀਆਂ ਪਰ ਉਹ ਦਿਨ ਬਹੁਤੇ ਦੂਰ ਨਹੀਂ ਜਦੋਂ ਪੰਜਾਬ ਵਰਗੇ ਸੂਬੇ ਨੂੰ ਵੀ ਇਸ ਸੰਤਾਪ ਨਾਲ ਜੂਝਣਾ ਪੈ ਸਕਦਾ ਹੈ। ਜਲ ਸੰਕਟ ਦਾ ਤਟਫਟ ਹੱਲ ਸੰਭਵ ਨਹੀਂ ਪਰ ਇਸ ਦੇ ਸਿੱਟੇ ਬਹੁਤ ਦੂਰਗਾਮੀ ਹੋਣਗੇ ਜਿਸ ਦਾ ਅਸਰ ਚਲੰਤ ਹਾੜ੍ਹੀ ਸੀਜ਼ਨ ਅਤੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੀ ਫ਼ਸਲੀ ਪੈਦਾਵਾਰ ਉੱਪਰ ਦਿਖਾਈ ਦੇਵੇਗਾ। ਭਾਰਤ ਦੀ ਕਰੀਬ ਅੱਧੀ ਖੇਤੀ ਯੋਗ ਜ਼ਮੀਨ ਮੌਨਸੂਨ ਦੀਆਂ ਬਾਰਿਸ਼ਾਂ ’ਤੇ ਨਿਰਭਰ ਹੈ ਜਿਸ ਦੇ ਮੱਦੇਨਜ਼ਰ ਇਸ ਸਥਿਤੀ ਨੂੰ ਸੁਧਾਰਨ ਵਿੱਚ ਆਉਣ ਵਾਲੀ ਮੌਨਸੂਨ ਰੁੱਤ ਦੀ ਅਹਿਮ ਭੂਮਿਕਾ ਹੋਵੇਗੀ।
ਆਮ ਨਾਲੋਂ ਵੱਧ ਮੀਂਹ ਪੈਣ ਦੀ ਪੇਸ਼ੀਨਗੋਈ ਆਸ਼ਾਵਾਦੀ ਨਜ਼ਰੀਆ ਦਿੰਦੀ ਹੈ। ਜਲ ਸੰਭਾਲ ਦੀਆਂ ਕੋਸ਼ਿਸ਼ਾਂ ਨੂੰ ਹਰ ਪੱਧਰ ਉੱਤੇ ਤੇਜ਼ ਕਰਨਾ ਚਾਹੀਦਾ ਹੈ। ਘਰੇਲੂ ਪੱਧਰ ’ਤੇ ਘਰਾਂ ਤੋਂ ਲੈ ਕੇ ਖੇਤੀਬਾੜੀ ਅਤੇ ਉਦਯੋਗਾਂ ਲਈ ਵਰਤੇ ਜਾ ਰਹੇ ਪਾਣੀ ਨੂੰ ਸੰਭਾਲਣ ਦੇ ਯਤਨ ਕਰਨੇ ਜ਼ਰੂਰੀ ਹਨ। ਜਲ ਪ੍ਰਣਾਲੀਆਂ ਅਤੇ ਪ੍ਰਬੰਧਕੀ ਢਾਂਚਿਆਂ ’ਚ ਨਿਵੇਸ਼ ਵੀ ਸਮੇਂ ਦੀ ਲੋੜ ਹੈ ਤਾਂ ਕਿ ਜਲ ਭੰਡਾਰਨ ਅਤੇ ਵੰਡ ਨੂੰ ਅਸਰਦਾਰ ਢੰਗ ਨਾਲ ਬਿਹਤਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਟਿਕਾਊ ਖੇਤੀਬਾੜੀ ਵਿਧੀਆਂ ਅਤੇ ਫ਼ਸਲੀ ਵੰਨ-ਸਵੰਨਤਾ ਵੀ ਪਾਣੀ ਦੀ ਖ਼ਪਤ ਘਟਾਉਣ ਤੇ ਭਵਿੱਖੀ ਸੋਕਿਆਂ ਨੂੰ ਠੱਲ੍ਹਣ ਵਿੱਚ ਮਦਦਗਾਰ ਹੋ ਸਕਦੇ ਹਨ। ਪਾਣੀ ਦੀ ਸੰਭਾਲ ਤੇ ਸਮਝ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮਾਂ ਵੀ ਤੇਜ਼ ਕਰਨੀਆਂ ਚਾਹੀਦੀਆਂ ਹਨ। ਸਾਹਮਣੇ ਖੜ੍ਹੇ ਜਲ ਸੰਕਟ ਦੀ ਚੁਣੌਤੀ ਨੂੰ ਟਾਲਣ ਲਈ ਜਲਦੀ ਅਤੇ ਫ਼ੈਸਲਾਕੁਨ ਕਾਰਵਾਈ ਲੋੜੀਂਦੀ ਹੈ ਤਾਂ ਕਿ ਹਰ ਇੱਕ ਨੂੰ ਸੁਰੱਖਿਅਤ ਤੇ ਖ਼ੁਸ਼ਹਾਲ ਭਵਿੱਖ ਮਿਲ ਸਕੇ। ਇਸ ਮਸਲੇ ’ਤੇ ਜਿੰਨੀ ਜਿ਼ਆਦਾ ਢਿੱਲਮੱਠ ਵਰਤੀ ਜਾਵੇਗੀ, ਓਨੇ ਹੀ ਜਿ਼ਆਦਾ ਨੁਕਸਾਨ ਹੋਣਗੇ। ਕੁਝ ਨੁਕਸਾਨ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਭਰਪਾਈ
ਕਦੀ ਵੀ ਸੰਭਵ ਨਹੀਂ ਹੁੰਦੀ।