ਤੰਦਰੁਸਤੀ ਦਾ ਰਾਜ਼ ਪੇਟ ਦਾ ਸਹੀ ਢੰਗ ਨਾਲ ਸਾਫ਼ ਹੋਣਾ
ਡਾ. ਅਜੀਤਪਾਲ ਸਿੰਘ
ਸਾਡੇ ਵਿੱਚੋਂ ਜ਼ਿਆਦਾਤਰ ਦੀ ਜੀਵਨਸ਼ੈਲੀ ਅਨਿਯਮਤ ਹੋ ਚੁੱਕੀ ਹੈ। ਇਸ ਕਾਰਨ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਾਂ। ਅਨਿਯਮਤ ਜੀਵਨਸ਼ੈਲੀ ਤੋਂ ਹੋਣ ਵਾਲੀ ਸਭ ਤੋਂ ਮੁੱਖ ਬਿਮਾਰੀ ਹੈ ਕਬਜ਼ ਯਾਨੀ ਅੰਤੜੀਆਂ ਤੋਂ ਮਲ ਦਾ ਠੀਕ ਤਰ੍ਹਾਂ ਨਿਕਾਸ ਨਾ ਹੋਣਾ। ਕਬਜ਼ ਦਾ ਅਸਲੀ ਮਤਲਬ ਹੈ ਮਲ ਦਾ ਸਖ਼ਤ ਹੋਣਾ ਤੇ ਮੁਸ਼ਕਲ ਨਾਲ ਬਾਹਰ ਨਿਕਲਣਾ। ਪੇਟ ਖਾਲੀ ਹੋਣ ਦੀ ਬਜਾਏ ਅੰਤੜੀਆਂ ਵਿੱਚ ਮਲ ਜਮ੍ਹਾਂ ਹੋਈ ਜਾਂਦਾ ਹੈ।
ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਜਿਵੇਂ ਰਸੋਈ ਦੇ ਵਾਸ਼ਬੇਸਨ ਵਿੱਚ ਜੇ ਗੰਦਗੀ ਪਈ ਰਹੇ ਅਤੇ ਉਸ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਹ ਗੰਦਗੀ ਉਸ ਦੀ ਨਿਕਾਸੀ ਪਾਈਪ ਨਾਲ ਚਿਪਕ ਜਾਂਦੀ ਹੈ। ਇਸ ਤਰ੍ਹਾਂ ਹੀ ਅੰਤੜੀਆਂ ਦੀ ਅੰਦਰੂਨੀ ਪਰਤ ’ਤੇ ਮਲ ਚਿਪਕ ਜਾਂਦਾ ਹੈ। ਸਮਾਂ ਪਾ ਕੇ ਕਬਜ਼ ਦੀ ਸਮੱਸਿਆ ਵਿਕਰਾਲ ਰੂਪ ਧਾਰ ਲੈਂਦੀ ਹੈ। ਸਾਡੇ ਵੱਲੋਂ ਗ੍ਰਹਿਣ ਕੀਤੇ ਭੋਜਨ ਦੇ ਪਚਣ ਪਿੱਛੋਂ ਅਤੇ ਪੌਸ਼ਟਿਕ ਤੱਤਾਂ ਦੇ ਜਜ਼ਬ ਹੋਣ ਤੋਂ ਬਾਅਦ ਜੋ ਬਾਕੀ ਹਿੱਸਾ ਬਚਦਾ ਹੈ, ਉਹ ਅੰਤੜੀਆਂ ਵੱਲੋਂ ਮਲ ਵਜੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਸਾਡੀ ਸਿਹਤ ਵੀ ਅੰਤੜੀਆਂ ਦੀ ਸਫ਼ਾਈ ’ਤੇ ਨਿਰਭਰ ਕਰਦੀ ਹੈ।
ਕਬਜ਼ ਦੇ ਸਿੱਧੇ ਤੌਰ ’ਤੇ ਦੋ ਲੱਛਣ ਹੁੰਦੇ ਹਨ-ਆਮ ਲੱਛਣ ਅਤੇ ਅਸਿੱਧੇ ਲੱਛਣ। ਇਸ ਦੇ ਆਮ ਲੱਛਣਾਂ ਵਿੱਚ ਮੂੰਹ ਵਿੱਚ ਛਾਲੇ ਹੋਣਾ, ਮੂੰਹ ’ਚੋਂ ਬਦਬੂ ਆਉਣੀ, ਪਸੀਨੇ ’ਚੋਂ ਬਦਬੂ ਆਉਣੀ, ਜੀਭ ’ਤੇ ਸਫ਼ੈਦ ਮੈਲ ਜੰਮਣੀ, ਵਾਰ ਵਾਰ ਲਾਰ ਆਉਣੀ, ਵਾਰ ਵਾਰ ਪਖਾਨੇ ਜਾਣ ਨਾਲ ਵੀ ਪੇਟ ਸਾਫ਼ ਨਾ ਹੋਣਾ, ਬਾਥਰੂਮ ਵਿੱਚ ਵੱਧ ਸਮਾਂ ਲੱਗਣਾ, ਪੇਟ ਤੇ ਛਾਤੀ ’ਚ ਜਲਣ, ਖੱਟੇ ਡਕਾਰ, ਸਿਰ ਦਰਦ, ਉਨੀਂਦਰਾਪਣ, ਮਲ ਜ਼ਿਆਦਾ ਗਾੜ੍ਹਾ ਤੇ ਖੁਸ਼ਕ ਹੋਣਾ, ਮਲ ਬਾਹਰ ਕੱਢਣ ਵਿੱਚ ਔਖ ਹੋਣੀ ਆਦਿ ਕਬਜ਼ ਦੇ ਆਮ ਲੱਛਣ ਹੁੰਦੇ ਹਨ। ਕਬਜ਼ ਦੇ ਅਸਿੱਧੇ ਲੱਛਣਾਂ ਵਿੱਚ ਮਲ ਨਾ ਆਉਣਾ, ਮਲ ਦਾ ਵੱਧ ਬਦਬੂਦਾਰ ਹੋਣਾ, ਪਖਾਨੇ ਵਿੱਚ ਬੈਠ ਕੇ ਅਖ਼ਬਾਰ ਜਾਂ ਮੈਗਜ਼ੀਨ ਪੜ੍ਹਨਾ, ਭੁੱਖ ਘਟਣੀ ਤੇ ਭੋਜਨ ਦਾ ਸੁਆਦ ਨਾ ਆਉਣਾ ਆਦਿ ਹੁੰਦੇ ਹਨ, ਜਿਨ੍ਹਾਂ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ।
ਕਬਜ਼ ਦੇ ਕਾਰਨ:
ਜੋ ਬੰਦਾ ਲੋੜੋਂ ਵੱਧ ਖਾ ਕੇ ਵੀ ਸਰੀਰਕ ਮਿਹਨਤ ਨਹੀਂ ਕਰਦਾ, ਖਾਣਾ ਖਾ ਕੇ ਤੁਰੰਤ ਸੌਂ ਜਾਂਦਾ ਹੈ ਜਾਂ ਵੱਧ ਤਾਕਤਵਾਰ ਭੋਜਨ ਲੈਂਦਾ ਹੈ, ਅਜਿਹੇ ਵਿਅਕਤੀਆਂ ਦੀਆਂ ਅੰਤੜੀਆਂ ਆਪਣੀ ਸਮਰੱਥਾ ਜਿੰਨਾ ਕੰਮ ਨਹੀਂ ਕਰਦੀਆਂ। ਤਦ ਭੋਜਨ ਦਾ ਪਾਚਣ ਠੀਕ ਢੰਗ ਨਾਲ ਨਾ ਹੋਣ ਕਰਕੇ ਆਂਤ ਵਿੱਚ ਮਲ ਜਮ੍ਹਾਂ ਹੋਣ ਲੱਗਦਾ ਹੈ। ਜੇ ਬੰਦਾ ਭੋਜਨ ਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹਫੜਾ-ਦਫੜੀ ਮਚਾਈ ਰੱਖਦਾ ਹੈ ਤਾਂ ਕਬਜ਼ ਦੇ ਨਾਲ ਤੇਜ਼ਾਬ/ਐਸਡਿਟੀ ਵੀ ਹੋ ਜਾਂਦੀ ਹੈ। ਕਬਜ਼ ਦੇ ਮੁੱਖ ਕਾਰਨਾਂ ਵਿੱਚ ਅਸੰਤੁਲਿਤ ਭੋਜਨ, ਮਲ ਦੇ ਵੇਗ ਨੂੰ ਰੋਕੀ ਰੱਖਣਾ, ਸਰੀਰਕ ਮਿਹਨਤ ਦੀ ਘਾਟ, ਬਿਨਾਂ ਭੁੱਖ ਦੇ ਭੋਜਨ ਕਰਨਾ, ਵੱਧ ਮਿਰਚ ਮਸਾਲੇਦਾਰ ਭੋਜਨ, ਮਾਨਸਿਕ ਤਣਾਅ, ਉਨੀਂਦਰਾਪਣ, ਖਾਣੇ ਪਿੱਛੋਂ ਤੁਰੰਤ ਸੌਣਾ ਅਤੇ ਅੰਤੜੀਆਂ ਦੀ ਕਮਜ਼ੋਰੀ ਇਸ ਦੇ ਮੁੱਖ ਕਾਰਨ ਹਨ। ਇਸ ਤੋਂ ਬਿਨਾਂ ਭੋਜਨ ਵਿੱਚ ਫ਼ਲ, ਸਬਜ਼ੀਆਂ, ਸਲਾਦ ਨੂੰ ਨਾ ਸ਼ਾਮਲ ਕਰਨਾ, ਡਬਲ ਰੋਟੀ, ਕੇਕ, ਹਰ ਤਰ੍ਹਾਂ ਦਾ ਜੰਕ ਫੂਡ, ਆਚਾਰ, ਆਈਸਕਰੀਮ ਤੇ ਫਰੀਜ਼ ਕੀਤੇ ਪਦਾਰਥ ਅਤੇ ਬਾਸੀ ਭੋਜਨ ਦਾ ਸੇਵਨ ਵੀ ਕਬਜ਼ ਦਾ ਕਾਰਨ ਬਣਦੇ ਹਨ। ਅਕਸਰ ਬੰਦੇ ਬਿਨਾਂ ਭੁੱਖ ਦੇ ਖਾਈ ਜਾਂਦੇ ਹਨ। ਤੇਜ਼ ਮਿਰਚ ਮਸਾਲਿਆਂ ਦੇ ਸੁਆਦ ਵਿੱਚ ਅਸੀਂ ਭੋਜਨ ਵੱਧ ਤਾਂ ਖਾ ਜਾਂਦੇ ਹਾਂ, ਪਰ ਭੋਜਨ ਪਾਚਣ ਪ੍ਰਣਾਲੀ ਵਿੱਚ ਭੋਜਨ ਦੇ ਵੱਧ ਪਹੁੰਚਣ ਨਾਲ ਪਾਚਣ ਠੀਕ ਢੰਗ ਨਾਲ ਕਿਵੇਂ ਕੰਮ ਕਰ ਸਕੇਗਾ। ਜੇ ਇਹੀ ਕੁਝ ਚੱਲੀ ਜਾਵੇ ਤਾਂ ਭਵਿੱਖ ਵਿੱਚ ਕਬਜ਼ ਜ਼ਰੂਰ ਹੋਵੇਗੀ। ਅੰਤੜੀਆਂ ਦੇ ਪਾਚਕ ਰਸ ਜ਼ਰੂਰੀ ਮਾਤਰਾ ਵਿੱਚ ਬਣਨੇ ਲਾਜ਼ਮੀ ਹਨ। ਬੇਸਮਾਂ ਭੋਜਨ ਖਾਣਾ, ਅਸੰਤੁਲਿਤ ਭੋਜਨ ਖਾਣਾ, ਵਾਰ ਵਾਰ ਤੇ ਵੱਧ ਮਾਤਰਾ ਵਿੱਚ ਖਾਣਾ ਆਦਿ ਕਾਰਨਾਂ ਕਰਕੇ ਪਾਚਣ ਪ੍ਰਣਾਲੀ ਨਜ਼ਰਅੰਦਾਜ਼ ਹੁੰਦੀ ਹੈ, ਨਤੀਜਾ ਕਬਜ਼ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਭੋਜਨ ਵਿੱਚ ਵੱਧ ਮਿਰਚ ਮਸਾਲੇ ਤੇ ਚਰਬੀ (ਤੇਲ ਤੇ ਘਿਓ) ਅੰਤੜੀਆਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਡਾ ਖਾਣਾ ਤਾਂ ਉਹੀ ਹੈ ਕਿ ਜੋ ਸਾਡੇ ਪੁਰਖੇ ਖਾਂਦੇ ਸਨ, ਪਰ ਅਸੀਂ ਸਰੀਰਕ ਮਿਹਨਤ ਬਿਲਕੁਲ ਨਹੀਂ ਕਰਦੇ। ਮਸ਼ੀਨਾਂ, ਮੋਟਰ ਕਾਰਾਂ ਅਤੇ ਨੌਕਰਾਂ-ਚਾਕਰਾਂ ਨੇ ਸਾਡੇ ਕੰਮਕਾਰ ਨੂੰ ਕਸਰਤ ਰਹਿਤ ਬਣਾ ਦਿੱਤਾ ਹੈ। ਬਿਨਾਂ ਸਰੀਰਕ ਕਸਰਤ ਦੇ ਭੋਜਨ ਠੀਕ ਢੰਗ ਨਾਲ ਹਜ਼ਮ ਹੀ ਨਹੀਂ ਹੁੰਦਾ। ਦਵਾਈਆਂ ਕਬਜ਼ ਤੋਂ ਫੌਰੀ ਰਾਹਤ ਜ਼ਰੂਰ ਦਿੰਦੀਆਂ ਹਨ, ਪਰ ਪੱਕਾ ਇਲਾਜ ਨਹੀਂ। ਤੰਬਾਕੂ, ਸਿਗਰਟਨੋਸ਼ੀ, ਸ਼ਰਾਬ ਹੀ ਨਹੀਂ ਬਲਕਿ ਚਾਹ ਅਤੇ ਕੌਫ਼ੀ ਵੀ ਜ਼ਿਆਦਾ ਮਾਤਰਾ ਵਿੱਚ ਵਰਤਣ ਨਾਲ ਪਾਚਣ ਪ੍ਰਣਾਲੀ ’ਤੇ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਦੀ ਲਗਾਤਾਰ ਵਰਤੋਂ ਨਾਲ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਤੇ ਕਬਜ਼ ਪੈਦਾ ਹੁੰਦੀ ਹੈ। ਪੇਟ ਅੰਦਰ ਤੇਜ਼ਾਬੀ ਮਾਦਾ ਵਧਦਾ ਹੈ ਤੇ ਪਾਚਕ ਰਸਾਂ ਦੀ ਪੈਦਾਵਾਰ ਵਿੱਚ ਕਮੀ ਆਉਂਦੀ ਹੈ ਤੇ ਬੰਦਾ ਕਬਜ਼ ਦਾ ਪੱਕਾ ਮਰੀਜ਼ ਬਣ ਜਾਂਦਾ ਹੈ। ਮਾਨਸਿਕ ਤਣਾਅ, ਚਿੰਤਾ, ਕ੍ਰੋਧ, ਵੱਧ ਕੰਮਕਾਜੀ ਰੁਝੇਵੇਂ, ਲਾਲਚ ਤੇ ਜ਼ਿਆਦਾ ਮਾਨਸਿਕ ਵਿਗਾੜ ਮਨੁੱਖ ਦੀ ਸਿਹਤ ਦੇ ਨਾਲ ਨਾਲ ਪਾਚਣ ਪ੍ਰਣਾਲੀ ’ਤੇ ਵੀ ਮਾੜਾ ਅਸਰ ਪਾਉਂਦੇ ਹਨ। ਮਿਸਾਲ ਵਜੋਂ ਭੈਅ ਹੋਣ ਦੀ ਹਾਲਤ ਵਿੱਚ ਪਾਚਕ ਰਸ ਬਣਨੇ ਬੰਦ ਹੋ ਜਾਂਦੇ ਹਨ ਤੇ ਭੁੱਖ ਵੀ ਲੱਗਣੀ ਬੰਦ ਹੋ ਜਾਂਦੀ ਹੈ। ਭੋਜਨ ਵੀ ਠੀਕ ਢੰਗ ਨਾਲ ਨਹੀਂ ਪਚਦਾ ਤੇ ਕਬਜ਼ ਹੋ ਜਾਂਦੀ ਹੈ।
ਸਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ, ਵਿਹਾਰ, ਵਿਚਾਰ, ਆਰਾਮ ਤੇ ਕਸਰਤ ਇਨ੍ਹਾਂ ਸਾਰਿਆਂ ਵਿੱਚ ਸਹੀ ਤਵਾਜ਼ਨ ਹੋਣਾ ਜ਼ਰੂਰੀ ਹੁੰਦਾ ਹੈ। ਲੋੜੀਂਦੀ ਨੀਂਦ ਨਾ ਆਉਣ ਕਰਕੇ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲਦਾ ਜਿਸ ਵਿੱਚ ਪਾਚਣ ਪ੍ਰਣਾਲੀ ਵੀ ਸ਼ਾਮਲ ਹੈl 6-7 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ। ਇਸ ਲਈ ਰਾਤ ਨੂੰ ਬਹੁਤ ਦੇਰ ਤੱਕ ਟੀਵੀ, ਮੋਬਾਈਲ ਜਾਂ ਕੰਪਿਊਟਰ ’ਤੇ ਸਮਾਂ ਦੇਣਾ ਠੀਕ ਨਹੀਂ ਹੁੰਦਾ। ਇਸ ਨਾਲ ਅੰਤੜੀਆਂ ਸਰੀਰ ਅੰਦਰਲਾ ਪਾਣੀ ਸੋਕਦੀਆਂ ਰਹਿੰਦੀਆਂ ਹਨ ਤੇ ਕਬਜ਼ ਹੋ ਜਾਂਦੀ ਹੈ। ਜੇ ਖਾਣਾ ਖਾ ਕੇ ਤੁਰੰਤ ਸੌਂ ਜਾਓ ਤਾਂ ਵੀ ਕਬਜ਼ ਹੋਣ ਦੀ ਸੰਭਾਵਨਾ ਰਹਿੰਦੀ ਹੈ। ਕਈ ਬੰਦੇ ਪਖਾਨੇ ਜਾਣ ਨੂੰ ਹੀ ਆਲਸ ਕਰਕੇ ਟਾਲਦੇ ਰਹਿੰਦੇ ਹਨ ਤੇ ਪਿੱਛੋਂ ਜਦੋਂ ਜਾਂਦੇ ਹਨ ਤਾਂ ਪੇਟ ਖਾਲੀ ਨਹੀਂ ਹੁੰਦਾ। ਜੇ ਪਖਾਨਾ ਜਾਣ ਵਾਲੀ ਥਾਂ ਸਾਫ਼ ਸੁਥਰੀ ਨਾ ਹੋਵੇ ਤਾਂ ਵੀ ਬੰਦਾ ਜਾਣ ਤੋਂ ਗੁਰੇਜ਼ ਕਰਨ ਲੱਗ ਜਾਂਦਾ ਹੈ ਤੇ ਕਬਜ਼ ਹੋ ਜਾਂਦੀ ਹੈ।
ਕਬਜ਼ ਤੋਂ ਮੁਕਤੀ ਕਿਵੇਂ ਪਾਈਏ?-
ਉਪਰੋਕਤ ਤੱਥਾਂ ਅਨੁਸਾਰ ਜੀਵਨਸ਼ੈਲੀ ਅਤੇ ਭੋਜਨ ਵਿੱਚ ਤਬਦੀਲੀ ਕਰਕੇ ਕਬਜ਼ ਤੋਂ ਨਾ ਸਿਰਫ਼ ਬਚਿਆ ਜਾ ਸਕਦਾ ਹੈ ਬਲਕਿ ਮੁਕਤੀ ਵੀ ਮਿਲ ਸਕਦੀ ਹੈ। ਜੀਵਨ ਵਿੱਚ ਲੋੜੀਂਦੀ ਮਿਹਨਤ ਤੇ ਸਰਗਰਮੀ ਕਰਕੇ ਹੀ ਭੋਜਨ ਪਚਾਇਆ ਜਾ ਸਕਦਾ ਹੈ। ਕਬਜ਼ ਨਿਰੋਧਕ ਦਵਾਈਆਂ ਵਕਤੀ ਰਾਹਤ ਦਿੰਦੀਆਂ ਹਨ, ਪਰ ਪਿੱਛੋਂ ਬੰਦਾ ਇਨ੍ਹਾਂ ਦਾ ਆਦੀ ਹੋ ਸਕਦਾ ਹੈ। ਆਪਣੇ ਕੰਮ ਖ਼ੁਦ ਕਰੋ ਤੇ ਪੈਦਲ ਚੱਲ ਕੇ ਆਓ-ਜਾਓ। ਜਦੋਂ ਤੁਸੀਂ ਛੁੱਟੀਆਂ ਮਨਾ ਰਹੇ ਹੋ ਤਾਂ ਬਹੁਤਾ ਤਾਕਤਵਰ ਭੋਜਨ ਨਾ ਖਾਓ। ਸਿਰਫ਼ ਸਬਜ਼ੀਆਂ ਦਾ ਸੂਪ, ਲੱਸੀ, ਨਿੰਬੂ-ਪਾਣੀ ਤੇ ਪੁੰਗਰੇ ਅਨਾਜ ਹੀ ਕਾਫ਼ੀ ਹਨ। ਨਾਸ਼ਤਾ ਬੱਚਿਆਂ ਵਾਂਗ, ਦੁਪਹਿਰ ਦਾ ਖਾਣਾ ਘੱਟ ਅਮੀਰਾਂ ਵਾਲਾ ਤੇ ਸ਼ਾਮ ਦਾ ਗ਼ਰੀਬ ਬਜ਼ੁਰਗਾਂ ਵਰਗਾ ਖਾਓ। ਮੋਟੇ ਤੇ ਚੋਕਰ ਭਰਪੂਰ ਅਨਾਜ ਤੋਂ ਬਣੀ ਰੋਟੀ ਹੀ ਖਾਓ। ਵੱਧ ਰੇਸ਼ੇਦਾਰ ਭੋਜਨ ਖਾਓ, ਪਾਣੀ ਵੱਧ ਤੋਂ ਵੱਧ ਪੀਓ। ਨਿਯਮਤ ਕਸਰਤ ਕਰੋ। ਭੋਜਨ ਖਾ ਕੇ ਤੁਰੰਤ ਹੀ ਘੁੰਮਣ ਨਾ ਜਾਓ। ਜਿੰਨੀ ਵਾਰੀ ਖਾਓ, ਉਸ ਹਿਸਾਬ ਨਾਲ ਪਖਾਨਾ ਵੀ ਵੱਧ ਵਾਰ ਜਾਣਾ ਪੈ ਸਕਦਾ ਹੈ। ਭੋਜਨ ਨੂੰ ਖੂਬ ਚਿੱਥ ਕੇ ਖਾਓ। ਸ਼ਾਂਤਚਿੱਤ ਹੋ ਕੇ ਹੀ ਭੋਜਨ ਕਰੋ। ਕਬਜ਼ ਤੋੜਨ ਲਈ ਇਸਬਗੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰੜ ਵੀ ਕਬਜ਼ ਦੂਰ ਕਰਦੀ ਹੈ। ਔਲਾ ਜ਼ਰੂਰ ਖਾਓ। ਰਾਤ ਨੂੰ ਦਲੀਆ ਜਾਂ ਖਿਚੜੀ ਖਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਰਹੇਗਾ। ਬਸ ਜੀਵਨਸ਼ੈਲੀ ਤੇ ਭੋਜਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਹੈ।
ਸੰਪਰਕ: 98156-29301