ਛਵ੍ਹੀਆਂ ਦੀ ਰੁੱਤ
ਮਹਿੰਦਰ ਸਿੰਘ ਸਰਨਾ
ਕਹਾਣੀ
ਮਘਦੇ ਕੋਲਿਆਂ ਨਾਲ ਤੁਸੀ ਭੱਠੀ ਉੱਤੇ ਝੁਕਿਆ ਦੀਨੇ ਲੁਹਾਰ ਦਾ ਲੋਹੇ ਰੰਗਾ ਸਰੀਰ ਕਾਂਸੀ ਰੰਗੀ ਭਾਹ ਮਾਰਨ ਲੱਗ ਪਿਆ ਸੀ। ਉਹਦਾ ਆਕਾਰ ਕਾਂਸੀ ਵਿਚ ਢਲੇ ਇਕ ਤੰਦਰੁਸਤ ਕਾਮੇ ਨੂੰ ਮੂਰਤੀਮਾਨ ਕਰਦਾ ਬੁੱਤ ਜਾਪਦਾ ਸੀ। ਬਾਹਵਾਂ ਦੇ ਤਗੜੇ ਹੁਝਕੇ ਨਾਲ ਉਹਨੇ ਹਥੌੜੇ ਨੂੰ ਆਪਣੇ ਸਿਰ ਦੁਆਲੇ ਘੁਮਾਇਆ, ਉਹਦੇ ਕਸਰਤੀ ਪਿੰਡੇ ਦੀਆਂ ਮਛਲੀਆਂ ਉਭਰੀਆਂ ਤੇ ਇਕ ਕਹਿਰਾਂ ਦੀ ਸੱਟ ਤਪਦੇ ਲੋਹੇ ਦੇ ਅੰਗਾਰ ਉੱਤੇ ਵੱਜੀ।
ਅਚਨਚੇਤ ਸੰਦ ਉਹਨੇ ਹੱਥੋਂ ਛੱਡ ਦਿੱਤੇ ਅਤੇ ਬਾਰੀ ਲਾਗੇ ਜਾ ਖਲੋਤਾ। ਬਾਹਰ ਸਾਰਾ ਅਸਮਾਨ ਭਾਦਰੋਂ ਦੀ ਚਿਲਕੋਰ ਮਾਰਦੀ ਧੁੱਪ ਨਾਲ ਭਰਿਆ ਹੋਇਆ ਸੀ। ਉਹਦੀਆਂ ਅਣਗਿਝੀਆਂ ਅੱਖਾਂ ਚੁੰਧਿਆ ਗਈਆਂ। ਜਦੋਂ ਉਹਦੀ ਤੱਕਣੀ ਸਾਫ਼ ਹੋ ਗਈ ਤਾਂ ਉਸ ਨੇ ਆਪਣੇ ਸਾਹਮਣੇ ਦੂਰ-ਦੂਰ ਤੀਕ ਵਿਛੇ ਖੇਤਾਂ ਵੱਲ ਵੇਖਿਆ ਤੇ ਫੇਰ ਉਸ ਰੇਤਲੇ ਪਹੇ ਵੱਲ ਜੋ ਖੇਤਾਂ ਦੇ ਵਿਚਕਾਰ ਇਕ ਚਾਨਣੀ ਲਕੀਰ ਵਾਂਗ ਦੁਮੇਲ ਨੂੰ ਛੋਂਹਦਾ ਸੀ। ਪਹੇ ਦੇ ਸੱਜੇ ਪਾਸੇ ਕਪਾਹ ਦੇ ਖੇਤ ਸਨ ਅਤੇ ਕਿਤੇ ਕਿਤੇ ਕਮਾਦ ਵਿਚ ਪਾਣੀ ਚਾਂਦੀ ਦੀ ਡਲ੍ਹਕ ਮਾਰਦਾ ਸੀ।
ਉਹ ਖੇਤਾਂ ਦਾ ਪਿਆਰਾ ਸੀ। ਬੀਜਾਈਆਂ ਤੇ ਵਾਢੀਆਂ ਦੇ ਦਿਨਾਂ ਵਿਚ ਉਹਦੀ ਰਤ ਮੌਲਦੀ ਸੀ, ਉਹਦੇ ਹੱਡ ਮੋਕਲੇ ਹੁੰਦੇ ਸਨ। ਉਹ ਪਿੰਡ ਦਾ ਲੁਹਾਰ ਸੀ, ਪਰ ਲੁਹਾਰਾ ਕੰਮ ਪਿੰਡ ਵਿਚ ਕਿੰਨਾ ਕੁ ਨਿਕਲਦਾ ਸੀ, ਤੇ ਬਹੁਤਾ ਚਿਰ ਉਹ ਖੇਤਾਂ ਵਿਚ ਜੱਟਾਂ ਦਾ ਹੱਥ ਵਟਾਂਦਾ ਸੀ। ਉਹਦੇ ਵਰਗੀ ਵਾਢੀ ਸੱਤਾਂ ਪਿੰਡਾਂ ਵਿਚ ਕੋਈ ਨਹੀਂ ਸੀ ਕਰ ਸਕਦਾ, ਨਾ ਹੀ ਉਹਦੇ ਜਿੰਨੀ ਭਰੀ ਕੋਈ ਚੁੱਕ ਸਕਦਾ ਸੀ ਤੇ ਅਚਨਚੇਤ ਉਹਦੇ ਹੱਥ ਦਾਤਰੀ ਦੀ ਹੱਥੀ ਲਈ ਸਹਿਕ ਗਏ।
ਦਾਤਰੀਆਂ, ਵਾਢੀਆਂ, ਚੰਨ ਦੀ ਚਾਨਣੀ ਵਿਚ ਝੂਮਦੇ ਕਮਾਦ, ਮੀਲਾਂ ਤੀਕ ਸੁਨਹਿਰੀ ਸਿੱਟਿਆਂ ਦੀ ਸਰਰ ਸਰਰ ਤੇ ਧਰਤੀ ਦੀ ਕੁੱਖੋਂ ਜਨਮੇ ਗੀਤਾਂ ਦੀਆਂ ਹੇਕਾਂ, ਤੇ ਉਹ ਭੁੱਲ ਗਿਆ ਕਿ ਉਹਦੀ ਪਿੱਠ ਪਿੱਛੇ ਨਰਕ ਵਰਗੀ ਭੱਠੀ ਤਪ ਰਹੀ ਸੀ ਤੇ ਪਿਛਲੇ ਵੀਹ ਦਿਨਾਂ ਤੋਂ ਉਹਨੇ ਛੁੱਟ ਛਵ੍ਹੀਆਂ, ਗੰਡਾਸੇ ਤੇ ਬਲਮਾਂ ਬਣਾਉਣ ਤੋਂ ਹੋਰ ਕੁਝ ਨਹੀਂ ਸੀ ਕੀਤਾ। ਹਾਂ, ਦਾਤਰੀਆਂ ਤੇ ਰੰਬੀਆਂ ਦੀ ਰੁੱਤ ਲੰਘ ਗਈ ਸੀ। ਇਹ ਛਵ੍ਹੀਆਂ ਤੇ ਬਲਮਾਂ ਦਾ ਜ਼ਮਾਨਾ ਸੀ। ਤੇ ਕਿਹੋ ਜਹੀਆਂ ਵਾਢੀਆਂ ਪਈਆਂ ਸਨ ਐਤਕੀਂ ਜਿਨ੍ਹਾਂ ਵਿਚ ਕਣਕਾਂ ਦੀ ਥਾਂ ਕਣਕਾਂ ਬੀਜਣ ਤੇ ਵੱਢਣ ਵਾਲੇ ਆਪ ਵੱਢੇ ਗਏ ਸਨ।
ਇਹ ਕੇਹਾ ਸੀੜ੍ਹੀ ਸਿਆਪਾ ਉਹ ਸਹੇੜ ਬੈਠਾ ਸੀ! ਉਹਦੇ ਰੁਝੇਵਿਆਂ ਤੋਂ ਜਾਪਦਾ ਸੀ ਜਿਵੇਂ ਨਵੇਂ ਬਣੇ ਪਾਕਿਸਤਾਨ ਦੇ ਕੁੱਲ ਮੁਜਾਹਿਦਾਂ ਲਈ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਉਹਦੇ ਸਿਰ ਪੈ ਗਈ ਸੀ। ਪਾਕਿਸਤਾਨ ਤਾਂ ਬਣ ਗਿਆ ਸੀ, ਪਰ ਪਾਕਿਸਤਾਨ ਦੀ ਤਕਮੀਲ ਲਈ ਪਾਕਿਸਤਾਨ ਵਿਚ ਰਹਿ ਰਹੇ ਹਿੰਦੂਆਂ ਸਿੱਖਾਂ ਦਾ ਫਸਤਾ ਵੱਢਣਾ ਜ਼ਰੂਰੀ ਸੀ। ਭਾਵੇਂ ਇਸ ਗੱਲ ਦੀ ਦੀਨੇ ਨੂੰ ਅਜੇ ਤੀਕ ਸਮਝ ਨਹੀਂ ਸੀ ਪਈ, ਪਰ ਸਾਰੇ ਹੀ ਇਹੀ ਆਖਦੇ ਸਨ। ਪਿੰਡਾਂ ਦੇ ਚੌਧਰੀਆਂ ਤੋਂ ਲੈ ਕੇ ਜੁਮਾਂ ਮਸੀਤਾਂ ਦੇ ਅਮਾਮਾਂ ਤਕ ਸਾਰੇ ਇਹੀ ਆਖਦੇ ਸਨ। ਤੇ ਇਹ ਜਹਾਦ ਤਾਂ ਹੀ ਸਿਰੇ ਚੜ੍ਹ ਸਕਦਾ ਸੀ ਜੇ ਉਹਦੀ ਭੱਠੀ ਤਪਦੀ ਰਹੇ ਅਤੇ ਛਵ੍ਹੀਆਂ ਬਲਮਾਂ ਦੀ ਸ਼ਕਲ ਵਿਚ ਮੌਤ ਦੀਆਂ ਜੀਭਾਂ ਉਗਲਦੀ ਰਹੇ।
ਉਸ ਨੇ ਮੁੜ ਕੇ ਭੱਠੀ ਵੱਲ ਵੇਖਿਆ। ਉਸ ਨੂੰ ਘੇਰਨੀ ਆ ਗਈ ਤੇ ਉਸ ਨੇ ਆਪਣੀ ਵੱਖੀ ਨੂੰ ਘੁੱਟ ਕੇ ਨੱਪ ਲਿਆ। ਕੋਈ ਤਿੱਖੀ ਤੇ ਗਰਮ ਚੀਜ਼ ਉਹਦੀ ਵੱਖੀ ਚੀਰ ਰਹੀ ਸੀ। ਅਚਨਚੇਤ ਉਹਨੂੰ ਯਾਦ ਆਇਆ ਕਿ ਉਹਨੂੰ ਬੜੀ ਕਹਿਰਾਂ ਦੀ ਭੁੱਖ ਲੱਗੀ ਸੀ। ਸਵੇਰ ਦਾ ਉਹਨੇ ਪਾਣੀ ਦਾ ਘੁੱਟ ਨਹੀਂ ਸੀ ਪੀਤਾ। ‘‘ਬਸ਼ੀਰੇ ਦੀ ਮਾਂ,’’ ਉਹਨੇ ਘਰ ਦੇ ਅੰਦਰ ਝਾਤੀ ਮਾਰਦਿਆਂ ਉੱਚੀ ਦਿਤੀ ਆਖਿਆ, ‘‘ਪਾਣੀ ਦਈਂ। ਛੇਤੀ।’’ ਪੰਜਤਾਲ੍ਹੀਆਂ ਕੁ ਸਾਲਾਂ ਦੀ ਤੀਵੀਂ ਕਾਂਸੀ ਦੇ ਛੰਨੇ ਵਿਚ ਪਾਣੀ ਪਾ ਲਿਆਈ। ਉਸ ਨੇ ਆਪਣੇ ਘਰਵਾਲੇ ਵੱਲ ਵੇਖਿਆ ਜੋ ਪਾਣੀ ਖੁਣੋਂ ਹੌਂਕਣ ਲੱਗ ਪਿਆ ਸੀ। ਸਵੇਰ ਦਾ ਤਿੰਨ ਵਾਰੀ ਉਹ ਉਹਨੂੰ ਰੋਟੀ-ਪਾਣੀ ਪੁੱਛ ਗਈ ਸੀ, ਪਰ ਉਹਨੇ ਉਹਦੀ ਗੱਲ ਨਹੀਂ ਸੀ ਗੌਲੀ ਤੇ ਭੱਠੀ ਝੋਂਕਦਾ ਰਿਹਾ ਸੀ।
ਪਾਣੀ ਦੇ ਛੰਨੇ ਦਾ ਦੀਨੇ ਨੇ ਇਕੋ ਘੁੱਟ ਕੀਤਾ।
‘‘ਹੋਰ’’ ਉਹ ਹੌਂਕਿਆ। ਉਹ ਹੋਰ ਭਰ ਲਿਆਈ ਤੇ ਉਹਨੂੰ ਪੀਂਦਿਆਂ ਵੇਖਣ ਲੱਗੀ। ‘‘ਬਸ’’ ਉਹ ਬੋਲਿਆ। ਉਹਦੀ ਧੌਣ ਅਤੇ ਮੱਥੇ ਦੀਆਂ ਤਣੀਆਂ ਹੋਈਆਂ ਨਾੜੀਆਂ ਢਿਲਕੀਆਂ। ਉਹਦੀ ਹੌਂਕਣੀ ਮੱਠੀ ਹੋ ਗਈ, ਪਰ ਉਸੇ ਪਲ ਇਕ ਝੇਂਪ, ਇਕ ਬੇਆਰਾਮੀ ਉਹਦੇ ਮੂੰਹ ’ਤੇ ਝਲਕੀ ਤੇ ਉਹ ਬੋਲਿਆ- ‘‘ਮੇਰੇ ਵੱਲ ਏਦਾਂ ਕਿਉਂ ਵੇਹਨੀਂ ਏਂ? ਤੇ ਮੇਰੇ ਨਾਲ ਕੂੰਦੀਂ ਕਿਉਂ ਨਹੀਂ? ਤੇ ਪਰ੍ਹਾਂ ਕਿਦਾਂ ਹਟ ਕੇ ਖੜ੍ਹੋਤੀ ਏਂ ਜਿਵੇਂ ਮੈਨੂੰ ਪਲੇਗ ਦੀ ਗਿਲ੍ਹਟੀ ਨਿਕਲੀ ਹੁੰਦੀ ਏਂ।’’ ਤੀਵੀਂ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪ ਚੁਪੀਤੀ ਅੰਦਰੋਂ ਰੋਟੀ ਪਾ ਲਿਆਈ।
‘‘ਨੀਂ ਮੈਂ ਤੇਰੇ ਨਾਲ ਆਂ,’’ ਦੀਨੇ ਨੇ ਉਹਦਾ ਮੋਢਾ ਫੜ੍ਹ ਕੇ ਹਲੂਣਿਆ, ‘‘ਕੂੰਦੀ ਕਿਉਂ ਨਹੀਂ ਭਲਾ ਮੇਰੇ ਨਾਲ? ਮੂੰਹ ਵਿਚ ਘੁੰਗਣੀਆਂ ਉਬਲਣੀਆਂ ਰੱਖੀਆਂ ਨੀਂ?’’ ਤੀਵੀਂ ਅਜੇ ਵੀ ਨਾ ਬਿਰਕੀ। ਦੀਨੇ ਨੇ ਇਕ ਰੋਟੀ ਮਰੋੜ ਕੇ ਕੁਝ ਮੋਟੀਆਂ ਗਰਾਹੀਆਂ ਅੰਦਰ ਨਿਘਾਰੀਆਂ। ਫੇਰ ਉਹ ਗਰਾਹੀਆਂ ਅੰਦਰ ਲੰਘਣੋਂ ਇਨਕਾਰੀ ਹੋ ਗਈਆਂ ਤੇ ਉਹ ਬੋਲਿਆ- ‘‘ਮੇਰੇ ਨਾਲ ਕੂੰਦੀਂ ਨਹੀਂ। ਬਸ ਵੇਖੀ ਜਾਂਦੀ ਏ ਜਿਵੇਂ ਮੈਨੂੰ ਜਿੰਨ ਚੰਬੜੇ ਹੁੰਦੇ ਨੇ।’’ ‘‘ਅੱਲਾ ਨਾ ਕਰੇ,’’ ਤੀਵੀਂ ਬੋਲੀ ‘‘ਪਰ ਮੈਨੂੰ ਤਾਂ ਇਹੋ ਜਾਪਦਾ ਏ।’’ ਦੀਨੇ ਦਾ ਮੂੰਹ ਹੈਰਾਨੀ ਨਾਲ ਖੁੱਲ੍ਹ ਗਿਆ। ਉਹਨੂੰ ਆਸ ਨਹੀਂ ਸੀ ਕਿ ਬਸ਼ੀਰੇ ਦੀ ਮਾਂ ਬੋਲੇਗੀ, ਕਿ ਏਨੇ ਦਿਨਾਂ ਦੀ ਹਠੀਲੀ ਚੁੱਪ ਨੂੰ ਉਹ ਅੱਜ ਅਚਨਚੇਤ ਇਸ ਤਰ੍ਹਾਂ ਤੋੜ ਦਏਗੀ।
ਕੁਝ ਚਿਰ ਹੈਰਾਨੀ ਨੇ ਉਹਨੂੰ ਸੰਭਲਣ ਨਾ ਦਿੱਤਾ। ‘‘ਮੈਂ ਜਾਣਨਾ ਜੋ ਕੁਝ ਤੇਰੇ ਦਿਲ ਵਿਚ ਏ, ਪਰ ਮੈਂ ਕੀ ਕਰਾਂ, ਤੇਰੇ ਪੁੱਤਰ ਈ ਮੈਨੂੰ ਨਹੀਂ ਜਿਊਣ ਦਿੰਦੇ। ਹੁਣ ਬਸ਼ੀਰਾ ਕੱਲ੍ਹ ਤਿਰਕਾਲਾਂ ਤੀਕ ਪੰਜਾਹ ਛਵ੍ਹੀਆਂ ਤਿਆਰ ਕਰਨੀਆਂ ਆਖ ਗਿਆ ਸੀ। ਜੇ ਮੈਂ ਰਤਾ ਖੁੰਝ ਗਿਆ ਤਾਂ ਉਹਨੇ ਮੇਰੇ ਗਲ ਨੂੰ ਆਉਣਾ ਏ। ਤੂੰ ਆਹਨੀ ਏਂ ਇਹ ਤੇ ਉਹ, ਮੈਂ ਆਹਨਾ ਵਾਂ ਜੇ ਮੈਂ ਰਤਾ ਉਨ੍ਹਾਂ ਦੀ ਨਾਬਰੀ ਕਰਾਂ ਤਾਂ ਉਹ ਮੇਰੇ ਡਕਰੇ ਕਰ ਸੁੱਟਣ।’’
‘‘ਪੁੱਤਰ ਉਹ ਤੇਰੇ ਨੇ ਜਾਂ ਕਿਸੇ ਹੋਰੀ ਦੇ?’’ ਬਸ਼ੀਰੇ ਦੀ ਮਾਂ ਨੇ ਪੁੱਛਿਆ ਤੇ ਫੇਰ ਉਹ ਆਪਣੀ ਇਸ ਪੁੱਛ ’ਤੇ ਸ਼ਰਮਸਾਰ ਹੋ ਗਈ। ‘‘ਮੇਰੇ ਹੀ ਨੇ,’’ ਦੀਨੇ ਨੇ ਮੂਰਖਾਂ ਵਾਂਗ ਆਖਿਆ। ‘‘ਫੇਰ ਡਰਨਾ ਉਨ੍ਹਾਂ ਨੂੰ ਤੇਰੇ ਤੋਂ ਚਾਹੀਦਾ ਏ ਜਾਂ ਤੈਨੂੰ ਉਨ੍ਹਾਂ ਤੋਂ?’’ ‘‘ਤੇਰੇ ਲਈ ਗੱਲਾਂ ਬਣਾਉਣੀਆਂ ਸੌਖੀਆਂ ਨੇ,’’ ਉਹ ਬੋਲਿਆ, ‘‘ਜਿਵੇਂ ਭਲਾ ਤੂੰ ਆਪਣੇ ਪੁੱਤਰਾਂ ਨੂੰ ਨਹੀ ਜਾਣਦੀ, ਕਿਹੋ ਜਹੇ ਰਾਸ਼ੇ ਨੇ ਉਹ। ਮੇਰੀ ਮਜਾਲ ਏ ਮੈਂ ਉਨ੍ਹਾਂ ਅੱਗੇ ਕੁਸਕ ਜਾਵਾਂ। ਮੇਰੇ ਜਿਉਂਦੇ ਦੀ ਖੱਲੜੀ ਨਾ ਉਧੇੜ ਸੁੱਟਣ।’’ ‘‘ਪੁੱਤਰ ਤਾਂ ਉਹ ਮੇਰੇ ਵੀ ਨੇ,’’ ਤੀਵੀਂ ਦੇ ਲਹਿਜੇ ਵਿਚ ਰਤਾ ਨਰਮਾਈ ਆ ਗਈ ਸੀ, “ਤੂੰ ਵੇਹਨਾ ਏਂ ਕਿਵੇਂ ਹਰ ਵੇਲੇ ਮੈਨੂੰ ਵਢੂੰ ਵਢੂੰ ਕਰਦੇ ਰਹਿੰਦੇ ਨੇ, ਕਿਵੇਂ ਗੱਲ ਗੱਲ ’ਤੇ ਮੈਨੂੰ ਭਜ ਕੇ ਪੈਂਦੇ ਨੇ, ਪਰ ਮੈਂ ਉਨ੍ਹਾਂ ਲਈ ਛਵ੍ਹੀਆਂ ਨਹੀਂ ਬਣਾਉਂਦੀ ਫਿਰਦੀ।’’ ‘‘ਫੇਰ ਕੀ ਹੋਇਆ,’’ ਉਹ ਬੋਲਿਆ, ‘‘ਮੈਂ ਤਾਂ ਨਿਰੀਆਂ ਬਣਾਉਂਦਾ ਈ ਹਾਂ। ਲੋਕਾਂ ਨੂੰ ਵੱਢਦਾ ਤਾਂ ਨਹੀਂ ਫਿਰਦਾ।’’ ‘‘ਇਹ ਵੱਢਣ ਨਾਲੋਂ ਵੀ ਬੁਰਾ ਏ,’’ ਤੀਵੀਂ ਬੋਲੀ, ‘‘ਵੱਢਣ ਵਾਲਾ ਤਾਂ ਇਕ ਦੋਹਾਂ ਹੱਦ ਪੰਜਾਂ ਨੂੰ ਵਢਦਾ ਏ। ਤੇਰੇ ਹੱਥ ਦੀ ਬਣਾਈ ਇਕ ਇਕ ਛਵ੍ਹੀ ਕਈ ਵੀਹਾਂ ਵੱਢਦੀ ਏ।’’
ਉਹ ਬੋਲਿਆ- ‘‘ਮੈਨੂੰ ਆਂਹਦੀ ਏਂ। ਪੁੱਤਰਾਂ ਨੂੰ ਨਹੀਂ ਮੋੜਦੀ ਜਿਹੜੇ ਸਲਾਰ ਬਣੇ ਫਿਰਦੇ ਨੇ। ਇਕ ਇਕ ਰਾਤ ਵਿਚ ਦੋ ਦੋ ਪਿੰਡ ਫੂਕ ਛੱਡਦੇ ਨੇ।’’
‘‘ਮੇਰੀ ਉਹ ਸੁਣਦੇ ਨੇ ਜਾਂ ਤੂੰ ਸੁਣਨਾ ਏ?’’ ਤੀਵੀਂ ਦਾ ਲਹਿਜਾ ਹੋਰ ਨਰਮ ਹੋ ਗਿਆ ਸੀ, ‘‘ਮੈਂ ਕਿਸੇ ਨੂੰ ਕੀ ਆਖਣ ਜੋਗੀ ਆਂ। ਹਰ ਕਿਸੇ ਨੇ ਆਪੋ ਆਪਣੇ ਗੁਨਾਹਾਂ ਦਾ ਜਵਾਬ ਦੇਣਾ ਏ।’’
ਕੁਝ ਚਿਰ ਉਹ ਦੋਵੇਂ ਚੁੱਪ-ਚਾਪ ਫਰਸ਼ ਨੀਝਦੇ ਰਹੇ।
ਅਚਨਚੇਤ ਤੀਵੀਂ ਬੋਲੀ, ‘‘ਤੇ ਤੂੰ ਰੋਟੀ ਕਿਉਂ ਨਹੀਂ ਖਾਂਦਾ ਪਿਆ। ਭੁਖਿਆਂ ਸੁੱਕਣਾ ਈ?’’ ਰੋਟੀਆਂ ਵਾਲੀ ਛਕੋਰ ਖਿੱਚ ਕੇ ਉਹਨੇ ਦੀਨੇ ਦੇ ਅੱਗੇ ਕਰ ਦਿੱਤੀ। ਬਾਹਰਲੇ ਬੂਹੇ ’ਤੇ ਹੋਈ ਮਹੀਨ ਠਕੋਰ ਨੇ ਦੀਨੇ ਨੂੰ ਚੌਂਕਾ ਦਿੱਤਾ। ਉਹ ਹੜਬੜਾ ਕੇ ਉੱਠ ਬੈਠਾ। ਉਹ ਜਾਣਦਾ ਸੀ ਬਸ਼ੀਰੇ ਜਾਂ ਉਹਦੇ ਸਾਥੀਆਂ ਤੋਂ ਛੁਟ ਹੋਰ ਕੋਈ ਨਹੀਂ ਸੀ ਹੋ ਸਕਦਾ। ਘਬਰਾ ਕੇ ਦੀਨਾ ਅੰਦਰ ਵੱਲ ਨੂੰ ਨੱਸਿਆ ਤੇ ਭੱਠੀ ਨਾਲ ਠੋਕਰ ਖਾਣੋਂ ਮਸਾਂ ਬਚਿਆ। ਉਹਦੀ ਘਰ ਵਾਲੀ ਦਾ ਰੰਗ ਪੂਣੀ ਵਰਗਾ ਹੋ ਗਿਆ ਤੇ ਇਕ ਚੀਕ ਅਵਸਿਓਂ ਉਹਦੇ ਬੁੱਲਾਂ ਵਿੱਚੋਂ ਨਿਕਲ ਗਈ। ਬੂਹੇ ਵਿਚ ਠਾਕਰਦੁਆਰੇ ਵਾਲੀ ਬੁੱਢੀ ਪਰੋਹਤਾਣੀ ਖਲ੍ਹੋਤੀ ਸੀ ਉਹਦੇ ਹਲਦੀ-ਧੂੜੇ ਮੂੰਹ ਉੱਤੇ ਝੁਰੜੀਆਂ ਦਾ ਜਾਲ ਵਿਛਿਆ ਸੀ ਤੇ ਉਹਦੀਆਂ ਧੌਲੀਆਂ ਲਿਟਾਂ ਵਾਲਾ ਸਿਰ ਕੰਬੀ ਜਾਂਦਾ ਸੀ। ਭੈ-ਭੀਤ ਅੱਖਾਂ ਨਾਲ ਦੀਨਾ ਅਤੇ ਉਹਦੀ ਘਰਵਾਲੀ ਬੁੱਢੜੀ ਵੱਲ ਵੇਖਦੇ ਰਹੇ।
ਅਖ਼ੀਰ ਦੀਨੇ ਦੀ ਘਰਵਾਲੀ ਨੇ ਹੌਸਲਾ ਕੀਤਾ ਤੇ ਬੋਲੀ- ‘‘ਚਾਚੀ ਪਰੋਹਤਾਣੀਏਂ, ਤੂੰ ਅਜੇ ਜਿਊਨੀ ਏ?’’ ਬੁੱਢੜੀ ਨੇ ਕੋਈ ਉੱਤਰ ਨਾ ਦਿੱਤਾ। ਤਦ ਦੀਨੇ ਦੀ ਘਰਵਾਲੀ ਨੂੰ ਯਾਦ ਆਇਆ ਕਿ ਪਰੋਹਤਾਣੀ ਤਾਂ ਉੱਚਾ ਸੁਣਦੀ ਸੀ। ਸ਼ਾਇਦ ਮਰ ਕੇ ਵੀ ਉਹਦਾ ਬੋਲਾਪਣ ਠੀਕ ਨਹੀਂ ਸੀ ਹੋਇਆ। ਬੁੱਢੜੀ ਦੀਆਂ ਅੱਖਾਂ ਵਿਚ ਸਮਝ ਲਿਸ਼ਕੀ ਤੇ ਉਹ ਬੋਲੀ, ‘‘ਦਿਸਦੀ ਨਹੀਂ ਤੁਹਾਨੂੰ ਮੈਂ ਅਜੇ ਜਿਊਂਦੀ ਪਈ ਆਂ। ਸੱਤ ਦਿਨ ਮੈਨੂੰ ਮੁਹਰਕਾ ਤਾਪ ਚੜ੍ਹਦਾ ਰਿਹਾ ਏ। ਅੰਦਰ ਕੋਠੜੀ ਵਿਚ ਪਈ ਮੈਂ ਕਲ-ਮੁਕੱਲੀ ਭੁਜਦੀ ਰਹੀ ਹਾਂ। ਕਿਸੇ ਨੇ ਮੈਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ। ਤੁਲਸੀ ਕਿੰਨਿਆਂ ਦਿਨਾਂ ਦਾ ਵਾਂਢੇ ਗਿਆ ਹੋਇਆ ਏ। ਮੈਂ ਅਪਣੇ ਮਨ ਨੂੰ ਦਲੇਰੀ ਦਿੱਤੀ ਤੇ ਏਥੇ ਤਕ ਆ ਗਈ ਆਂ। ਤੇ ਏਡੇ ਡੌਰੇ ਭੌਰੇ ਹੋਏ ਕਿਉਂ ਹੋਂ ਤੁਸੀਂ ਦੋਵੇਂ?’’
ਅਨੋਖੇ ਧਰਵਾਸ ਨਾਲ ਦੀਨੇ ਤੇ ਉਸਦੀ ਘਰਵਾਲੀ ਨੇ ਇਕ ਦੂਜੇ ਵੱਲ ਵੇਖਿਆ। ਇਹ ਸੱਚ ਸੀ ਕਿ ਉਹ ਪਰੋਹਤਾਣੀ ਹੀ ਸੀ, ਪਰੋਹਤਾਣੀ ਦਾ ਪਰੇਤ ਨਹੀਂ ਸੀ। ਮੁਹਰਕੇ ਤਾਪ ਨੇ ਉਹਨੂੰ ਉਸ ਹੋਣੀ ਤੋਂ ਬਚਾ ਲਿਆ ਸੀ ਜੋ ਪਿੰਡ ਦੇ ਲੋਕਾਂ ਨਾਲ ਵਾਪਰੀ ਸੀ। ਉਹਦੇ ਬੋਲੇਪਣ ਨੇ ਉਹਦੇ ਕੰਨੀਂ ਉਸ ਦੁਖਾਂਤ ਦੀ ਭਿਣਕ ਨਹੀਂ ਸੀ ਪੈਣ ਦਿੱਤੀ ਜੋ ਪਰਸੋਂ ਜੁਮੇਰਾਤ ਨੂੰ ਇਸ ਪਿੰਡ ਵਿਚ ਖੇਡਿਆ ਗਿਆ ਸੀ। ਉਹ ਅਜੇ ਤੀਕ ਨਹੀਂ ਸੀ ਜਾਣਦੀ ਕਿ ਉਹਦਾ ਪਿੰਡ ਪਾਕਿਸਤਾਨ ਵਿਚ ਆ ਗਿਆ ਸੀ, ਤੇ ਪਿੰਡ ਦੇ ਹਿੰਦੂਆਂ ਸਿੱਖਾਂ ਵਿਚੋਂ ਇਕ ਵੀ ਜੀਅ ਨਹੀਂ ਸੀ ਬਚਿਆ, ਛੁੱਟ ਕੁਝ ਕੁੜੀਆਂ ਦੇ ਜੋ ਫ਼ਸਾਦੀਆਂ ਨੇ ਸਾਂਭ ਲਈਆਂ ਸਨ।
ਅਚਨਚੇਤ ਪਰੋਹਤਾਣੀ ਬੋਲੀ, ‘‘ਵੇ ਦੀਨਿਆਂ, ਮੇਰੀ ਬੱਕਰੀ ਨਹੀਉਂ ਵੇਖੀ ਕਿਤੇ?’’ ‘‘ਖੌਰੇ ਕਿੱਥੇ ਭੱਜੀ ਫਿਰਦੀ ਏ,’’ ਬੁੱਢੀ ਕਹਿੰਦੀ ਗਈ, ‘‘ਤੇ ਉੱਤੋਂ ਉਹ ਸੂਣ ਵਾਲੀ ਏ। ਮੇਰੇ ਤੋਂ ਤਾਂ ਹੁਣ ਆਪਣਾ ਆਪ ਨਹੀਂ ਸਾਂਭ ਹੁੰਦਾ। ਮੈਂ ਕਿੱਥੇ ਟੋਲਦੀ ਫਿਰਾਂ। ਨਾਲੇ ਉਹਨੇ ਕੋਈ ਮੈਨੂੰ ਫੜਾਈ ਦੇਣੀ ਏਂ। ਰੱਬ ਤੇਰਾ ਭਲਾ ਕਰੇ ਜੇ ਕਿਤੇ ਤੇਰੀ ਨਜ਼ਰੀਂ ਪਵੇ ਤਾਂ ਬੰਨ੍ਹ ਛੱਡੀਂ ਸੂ।’’ ਦੀਨਾ ਬੋਲਿਆ, ‘‘ਮਾਈ, ਕੋਈ ਨਹੀਂਗੀ ਤੇਰੀ ਬੱਕਰੀ। ਉਹ ਖਾਧੀ ਪੀਤੀ ਗਈ ਏ। ਲੋਕਾਂ ਨੂੰ ਉਹਦੇ ਡਕਾਰ ਪਏ ਆਉਂਦੇ ਨੇ।’’ ਪਰ ਬੁੱਢੀ ਨੂੰ ਕੁਝ ਸੁਣਾਈ ਨਾ ਦਿੱਤਾ। ਉਹ ਆਪਣੀ ਗੱਲ ਉੱਚੀ ਆਵਾਜ਼ ਵਿਚ ਦੁਹਰਾਉਣ ਹੀ ਲੱਗਾ ਸੀ ਕਿ ਉਹਦੀ ਘਰਵਾਲੀ ਨੇ ਉਹਨੂੰ ਸੈਣਤ ਨਾਲ ਵਰਜ ਦਿੱਤਾ। ‘‘ਤੇ ਆਹ ਵੇਖੇਂ ਨਾ,’’ ਪਰੋਹਤਾਣੀ ਬੋਲੀ, ‘‘ਆਹ ਸੰਗਲੀ ਮੈਨੂੰ ਠਾਕੁਰਦੁਆਰੇ ਦੀ ਦਲ੍ਹੀਜ਼ ਕੋਲੋਂ ਲੱਭੀ ਏ। ਖੌਰੇ ਚੰਦਰੀ ਸੰਗਲੀ ਕਿਵੇਂ ਤੁੜਾ ਗਈ ਏ। ਮੈਂ ਆਖਿਆ ਜਾ ਕੇ ਦੀਨੇ ਨੂੰ ਆਖਾਂ ਮੈਨੂੰ ਸੰਗਲੀ ਤਾਂ ਜੋੜ ਦਏ।’’ ਬੁੱਢੀ ਨੇ ਆਪਣੇ ਹੱਥ ਵਿਚ ਬੱਕਰੀ ਨੂੰ ਬੰਨ੍ਹਣ ਵਾਲੀ ਸੰਗਲੀ ਚੁੱਕੀ ਹੋਈ ਸੀ ਜੋ ਵਿਚਕਾਰੋਂ ਟੁੱਟੀ ਹੋਈ ਸੀ। ਬੱਕਰੀ ਦੀ ਧੌਣ ’ਤੇ ਪਏ ਕਿਸੇ ਤਿੱਖੇ ਟੋਕੇ ਦੇ ਵਾਰ ਨੇ ਸੰਗਲੀ ਨੂੰ ਵੀ ਦੋ ਟੁਕ ਕਰ ਦਿੱਤਾ ਸੀ।
ਕਿੰਨੇ ਚਿਰ ਤੋਂ ਦੀਨੇ ਦੀ ਘਰਵਾਲੀ ਬੁੱਢੀ ਨੂੰ ਹੋਰਵੇਂ ਹੋਰਵੇਂ ਵੇਖ ਰਹੀ ਸੀ। ਉਹਦੇ ਅੰਦਰ ਕੋਈ ਉੱਥਲ ਪੁੱਥਲ ਹੋ ਰਹੀ ਜਾਪਦੀ ਸੀ। ਆਖ਼ਰ ਉਹਦੀਆਂ ਸੋਚਾਂ ਦੇ ਅੰਤ ’ਤੇ ਕੋਈ ਝਰੋਖਾ ਖੁੱਲ੍ਹਦਾ ਜਾਪਿਆ ਤੇ ਉਹ ਬੋਲੀ- ‘‘ਚਾਚੀ ਪਰੋਹਤਾਣੀਏਂ, ਪਰ੍ਹਾਂ ਤੂੰ ਸਾਡੇ ਘਰ ਹੀ ਰਹਿ ਪਓ। ਠਾਕੁਰਦੁਆਰੇ ਵਿਚ ਜੂ ਕੁਲ-ਮੁਕਲੀ ਬੈਠੀ ਰਹਿੰਦੀ ਏਂ। ਨਾਲੇ ਅੱਜ ਤਾਂ ਤੇਰਾ ਤਾਪ ਲੱਥਾ ਏ। ਏਥੇ ਆਪਣਾ ਰਿਨ੍ਹ ਪਕਾ ਲਈਂ, ਭਾਂਡੇ ਟੀਡੇ ਵੀ ਆਪਣੇ ਲੈ ਆ, ਤੇਰਾ ਹਿੰਦੂ ਜਨਮ ਜੁ ਹੋਇਆ। ਤੁਲਸੀ ਵਾਂਢਿਓ ਆ ਲਵੇ, ਫੇਰ ਚਲੇ ਜਾਇਆ ਜੇ।’’ ਪਰੋਹਤਾਣੀ ਬਹੁਤੀ ਹੀ ਬੋਲੀ ਹੋ ਗਈ ਜਾਪਦੀ ਸੀ। ਏਨੀ ਲੰਮੀ ਗੱਲ ਵਿਚੋਂ ਉਹਨੇ ਕੇਵਲ ਤੁਲਸੀ ਦਾ ਨਾਂ ਹੀ ਸੁਣਿਆ। ‘‘ਮੈਂ ਜੂ ਤੈਨੂੰ ਪਈ ਆਹਨੀਂ ਆਂ ਤੁਲਸੀ ਵਾਂਢੇ ਗਿਆ ਏ। ਰਾਮੇ ਸ਼ਾਹ ਦੀ ਧੀ ਦਾ ਸ਼ਗਨ ਲੈ ਕੇ ਨਵੇਂ ਚੱਕ ਕੁੜਮਾਂ ਦੇ ਘਰ ਗਿਆ ਏ। ਅੱਸੂ ਦੀ ਪਹਿਲੀ ਨੂੰ ਪ੍ਰੀਤੋ ਦਾ ਸਾਹਾ ਸੁਧਿਆ ਏ। ਸ਼ਾਹ ਨੂੰ ਮੈਂ ਆਖਿਆ ਪਰ੍ਹਾਂ ਐਤਕੀਂ ਮੈਨੂੰ ਇਕ ਗਊ ਮਣਸ ਛੱਡੀਂ। ਤੇ ਹੋਰ ਕੀ ਸ਼ਾਹਾਂ ਦੇ ਘਰ ਢੰਗ ਕੋਈ ਨਿੱਤ ਨਿੱਤ ਪਏ ਪੈਂਦੇ ਨੇ। ਨਾਲੇ ਤੂੰ ਆਪ ਸਿਆਣੀ ਏਂ, ਤੁਲਸੀ ਦੀ ਖੁਸ਼ਕੀ ਵਾਲੀ ਜਾਨ ਏ, ਘਰ ਵਿਚ ਦੁੱਧ ਦਹੀ ਦੀ ਮੌਜ ਰਹੇਗੀ।’’ ਬੁੱਢੀ ਦੀ ਗੱਲ ਅਣਸੁਣੀ ਕਰਦੀ ਦੀਨੇ ਦੀ ਘਰਵਾਲੀ ਦੀਨੇ ਦੀਆਂ ਨਜ਼ਰਾਂ ਭਾਲ ਰਹੀ ਸੀ। ਉਹ ਕੁਝ ਆਖਣਾ ਚਾਹੁੰਦੀ ਸੀ। ਪਰ ਉਹਦੇ ਬੋਲਣ ਤੋਂ ਪਹਿਲਾਂ ਹੀ ਦੀਨਾ ਬੋਲ ਉਠਿਆ- ‘‘ਮੈਂ ਜਾਣਨਾ ਵਾਂ ਜੋ ਤੇਰੇ ਦਿਲ ਵਿਚ ਏ। ਪਰ ਇਹ ਗੱਲ ਸਾਥੋਂ ਪੁੱਗਣੀ ਨਹੀਂ। ਮੈਨੂੰ ਕੋਈ ਉਜਰ ਨਹੀਂ, ਪਰ ਇਹਨੂੰ ਕਿਹੜੇ ਭੜੋਲੇ ਪਾ ਕੇ ਰੱਖੇਂਗੀ। ਹੁਣੇ ਉਹ ਤੇਰੇ ਢਿੱਡੋਂ ਜੰਮੇ ਆਦਮ-ਬੋ ਆਦਮ-ਬੋ ਕਰਦੇ ਆਉਣਗੇ।’’ ‘‘ਬੁੱਢੀ ਜਾਨ ਏ,’’ ਦੀਨੇ ਦੀ ਘਰ ਵਾਲੀ ਨੇ ਤਰਲਾ ਲਿਆ, ‘‘ਆਪਣੇ ਪਿੰਡ ਦੇ ਖਤਰਮੇ ਦੀ ਇਕੋ ਇਕ ਨਿਸ਼ਾਨੀ ਏ। ਠਾਕਰਦੁਆਰੇ ਦੀ ਪਰੋਹਤਾਣੀ ਅੱਲ੍ਹਾ ਦਾ ਨਾਂ ਲੈਣ ਵਾਲੀ ਏ। ਦੋ ਚਾਰ ਦਿਨਾਂ ਦੀ ਗੱਲ ਏ, ਇਹਦਾ ਪੁੱਤਰ ਵਾਂਢਿਓਂ ਮੁੜ ਲਵੇ, ਫੇਰ ਇਨ੍ਹਾਂ ਨੂੰ ਕਿਸੇ ਹੋਰ ਪਿੰਡ ਘੱਲ ਦਿਆਂਗੇ।’’ ‘‘ਕਿਹੜੇ ਪਿੰਡ ਘੱਲੇਗੀਂ ਇਹਨੂੰ?’’ ਦੀਨੇ ਨੇ ਚੀਕ ਕੇ ਆਖਿਆ, ‘‘ਕਿਹੜਾ ਪਿੰਡ ਰਹਿ ਗਿਆ ਏ ਜਿੱਥੇ ਇਹ ਬਚੀ ਰਹੇਗੀ। ਤੇ ਇਹਦਾ ਪੁੱਤਰ ਉਹ ਹੁਣ ਵਾਂਢਿਓਂ ਨਹੀਂ ਮੁੜਨ ਲੱਗਾ। ਨਵੇਂ ਚੱਕ ਦੇ ਸਭ ਖਤਰੀ ਮਾਰੇ ਗਏ ਨੇ।’’
ਤੀਵੀਂ ਦਾ ਮੂੰਹ ਹਿੱਸ ਗਿਆ। ਕੰਬਦੀ ਉਂਗਲੀ ਉਹਨੇ ਆਪਣੇ ਬੁਲ੍ਹਾਂ ਨਾਲ ਜੋੜੀ ਤੇ ਬੋਲੀ, ‘‘ਹੌਲੀ ਨਹੀਂ ਬੋਲ ਹੁੰਦਾ ਤੈਥੋਂ ਕਿ ਹੁਣ ਉਹਨੂੰ ਸੁਣਾ ਕੇ ਹੀ ਛੱਡੇਂਗਾ ਕਿ ਉਹਦਾ ਪੁੱਤਰ ਮਾਰਿਆ ਗਿਆ ਏ।’’
ਬੁੱਢੀ ਨੇ ਆਪਣੀਆਂ ਤਾਪ-ਲੂਹੀਆਂ ਅੱਖਾਂ ਉਨ੍ਹਾਂ ਦੇ ਮੂੰਹ ’ਤੇ ਗੱਡੀਆਂ ਤੇ ਖਿੱਝ ਕੇ ਬੋਲੀ -
‘‘ਤੁਸਾਂ ਦੋਹਾਂ ਕੀ ਘੁਸਰ ਮੁਸਰ ਲਾਈ ਹੋਈ ਏ। ਤੇ ਤੂੰ ਦੀਨਿਆਂ ਮੇਰੇ ਵੱਲ ਵੇਂਹਦਾ ਹੀ ਨਹੀਂ। ਭੈੜਿਆ ਸੰਗਲੀ ਜੋੜ ਦਿੰਦੋਂ ਰਤਾ। ਇਹ ਵੀ ਕੋਈ ਕੰਮਾਂ ਵਿਚੋਂ ਕੰਮ ਏ।’’
‘‘ਕਲ੍ਹ ਆਵੀਂ ਮਾਈ,’’ ਆਪਣਾ ਮੂੰਹ ਬੁੱਢੜੀ ਦੇ ਕੰਨ ਨਾਲ ਜੋੜਦਾ ਦੀਨਾ ਗੱਜਿਆ, ‘‘ਅੱਜ ਮੈਨੂੰ ਵਿਹਲ ਨਹੀਂ। ਤੇ ਟੁਰਦੀ ਵੀ ਹੋ ਹੁਣ ਘਰ ਨੂੰ।’’
‘‘ਹਲਾ,’’ ਗੋਡਿਆਂ ’ਤੇ ਹੱਥ ਰੱਖ ਕੇ ਉਠਦੀ ਬੁੱਢੀ ਕਰਾਹੀ, ‘‘ਉਠਾਂ। ਤੂੰ ਕੱਲ੍ਹ ਆਹਨਾਂ ਏ ਤਾਂ ਕੱਲ੍ਹ ਹੀ ਸਹੀ।’’
ਤੇ ਇਸ ਤੋਂ ਪਹਿਲਾਂ ਕਿ ਦੀਨੇ ਦੀ ਘਰਵਾਲੀ ਉਹਨੂੰ ਰੋਕਦੀ, ਲੜਖੜਾਂਦੀ ਹੋਈ ਬੁੱਢੀ ਬਾਹਰ ਗਲੀ ਵਿਚ ਨਿਕਲ ਟੁਰੀ।
ਏਸ ਬੁੱਢੜੀ ਨੇ ਕਿੰਨਾ ਵਕਤ ਖ਼ਰਾਬ ਕਰ ਦਿੱਤਾ ਸੀ। ਕੰਮ ਦੇ ਹਰਜ ਦਾ ਦੀਨੇ ਨੂੰ ਬੜਾ ਮੰਦਾ ਲੱਗ ਰਿਹਾ ਸੀ। ਏਨੇ ਚਿਰ ਨੂੰ ਉਹਨੇ ਪੰਜ ਛਵ੍ਹੀਆਂ ਤਿਆਰ ਕਰ ਲੈਣੀਆਂ ਸਨ। ਬਸ਼ੀਰੇ ਨੇ ਪੰਜਾਹ ਛਵ੍ਹੀਆਂ ਗਿਣ ਕੇ ਰਖਵਾ ਲੈਣੀਆਂ ਸਨ।
ਉਹਨੇ ਕੰਮ ਵਿਚ ਰੁੱਝਣਾ ਚਾਹਿਆ, ਪਰ ਉਹ ਰੁੱਝ ਨਾ ਸਕਿਆ। ਇਕ ਧੁਖਣੀ ਉਹਦੇ ਦਿਲ ਨੂੰ ਲੱਗ ਗਈ ਸੀ। ਕੰਬਦੀਆਂ ਧੌਲੀਆਂ ਲਿਟਾਂ ਪਿੱਛੋਂ ਉਨ੍ਹਾਂ ਤਾਪ-ਚਘਲੀਆਂ ਅੱਖਾਂ ਦੀ ਯਾਦ ਮੁੜ ਮੁੜ ਉਹਦਾ ਅੰਦਰ ਮੱਲ ਖਲੋਂਦੀ। ਅੱਗ ਦੇ ਦੋ ਮੋਟੇ ਵਾਂਡਿਆਂ ਵਾਂਗ ਉਹ ਅੱਖਾਂ ਉਹਦੇ ਦਿਮਾਗ਼ ਵਿਚ ਧਸਦੀਆਂ ਗਈਆਂ।
ਜਿਹੜੀ ਗੱਲ ਉਹਨੂੰ ਸਭ ਤੋਂ ਬਹੁਤ ਉਪਰਾਮ ਕਰ ਰਹੀ ਸੀ, ਉਹ ਬੁੱਢੜੀ ਦੀ ਅਣਜਾਣਤਾ ਸੀ। ਉਹ ਕੁਝ ਨਹੀਂ ਸੀ ਜਾਣਦੀ। ਉਹ ਨਹੀਂ ਸੀ ਜਾਣਦੀ ਕਿ ਤੁਲਸੀ ਨੇ ਕਦੀ ਵਾਂਢਿਓਂ ਨਹੀਂ ਸੀ ਮੁੜਨਾ ਨਾ ਹੀ ਪ੍ਰੀਤੋ ਦਾ ਉਹ ਸਾਹਾ ਕਦੀ ਪੁੱਗਣਾ ਸੀ। ਪ੍ਰੀਤੋ ਨੂੰ ਤਾਂ ਉਹਦੇ ਪਿਉ ਦੀ ਹਵੇਲੀ ਸਮੇਤ ਬਸ਼ੀਰੇ ਨੇ ਸਾਂਭ ਲਿਆ ਸੀ।
ਇਹ ਗੱਲ ਬਸ਼ੀਰੇ ਨੇ ਬੜੀ ਮਾੜੀ ਕੀਤੀ ਸੀ। ਧੀਆਂ ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਸੀ। ਪਰਾਈਆਂ ਧੀਆਂ ਦੀ ਇੱਜ਼ਤ ਆਪਣੀਆਂ ਧੀਆਂ ਵਰਗੀ ਸੀ ਤੇ ਕੌਣ ਸੀ ਜੋ ਆਪਣੀਆਂ ਧੀਆਂ ਦੀ ਬੇਪਤੀ ਨੂੰ ਸਵਾਬ ਆਖਦਾ ਸੀ।
ਅਚਨਚੇਤ ਇਕ ਭਿਆਨਕ ਝਾਕੀ ਦੀਨੇ ਦੀ ਯਾਦ ਵਿਚ ਉਭਰ ਆਈ। ਪ੍ਰੀਤੋ ਡਾਡਾਂ ਮਾਰ ਮਾਰ ਕੇ ਆਪਣੇ ਪਿਉ ਦੀ ਲਾਸ਼ ਨਾਲ ਚੰਬੜ ਰਹੀ ਸੀ ਤੇ ਬਸ਼ੀਰਾ ਉਹਨੂੰ ਗੁੱਤੋ ਧਰੂਹ ਕੇ ਲੈ ਗਿਆ ਸੀ। ਡਡਿਆਦੀ ਵਾਸਤੇ ਪਾਉਂਦੀ ਉਹ ਉਹਦੇ ਮਗਰ ਘਿਸਟਦੀ ਗਈ ਸੀ। ਫੇਰ ਅਚਨਚੇਤ ਉਹ ਚੁੱਪ ਹੋ ਗਈ ਸੀ ਜਿਵੇਂ ਹਲਾਲ ਹੋਣ ਤੋਂ ਪਹਿਲਾਂ ਭੇਡ ਚੁੱਪ ਕਰ ਜਾਂਦੀ ਹੈ।
ਤੇ ਉਹ, ਬਸ਼ੀਰੇ ਦਾ ਪਿਉ, ਬਰੂਹਾਂ ਵਿਚ ਖਲੋਤਾ ਚੁੱਪ ਚਾਪ ਇਹ ਨਰਕੀ ਝਾਕੀ ਵੇਖਦਾ ਰਿਹਾ ਸੀ। ਉਹਨੇ ਬਸ਼ੀਰੇ ਨੂੰ ਨਹੀਂ ਸੀ ਵਰਜਿਆ, ਉਹਨੂੰ ਧੌਣੋਂ ਫੜ ਕੇ ਲੰਮਾ ਨਹੀਂ ਸੀ ਪਾਇਆ, ਆਪਣੀ ਧੀ ਦੀ ਪਤ ਬਚਾਉਣ ਲਈ ਕੋਈ ਹੀਲਾ ਨਹੀਂ ਸੀ ਕੀਤਾ।
ਪ੍ਰੀਤੋ ਦੇ ਪੀਲੇ ਭੂਕ ਬਾਲ-ਮੂੰਹ ਦੇ ਝਾਂਵਲੇ ਦੀਨੇ ਦੀਆਂ ਅੱਖਾਂ ਸਾਹਵੇਂ ਨੱਚਣ ਲੱਗੇ ਤੇ ਉਹਦੀਆਂ ਡਾਡਾਂ ਉਹਦੇ ਕੰਨਾਂ ਵਿਚ ਗੂੰਜਦੀਆਂ ਗਈਆਂ। ਅਚਨਚੇਤ ਉਹਨੂੰ ਕਾਂਬਾ ਛਿੜ ਪਿਆ, ਬੜੇ ਜ਼ੋਰ ਦਾ ਕਾਂਬਾ, ਕਾਂਬਾ ਜੋ ਜਾਪਦਾ ਸੀ ਠੰਢੀ ਯਖ ਮੌਤ ਦਾ ਸੁਨੇਹਾ ਸੀ। ਉਹਨੂੰ ਜਾਪਿਆ ਇਹ ਕਾਂਬਾ ਮੱਠਾ ਕਰਨ ਦਾ ਇਕੋ ਇਕ ਤਰੀਕਾ ਇਹ ਸੀ ਕਿ ਉਹ ਭੱਠੀ ਵਿਚ ਮਘਦੇ ਲੋਹੇ ਦੇ ਟੋਟੇ ਚੁੱਕ ਕੇ ਆਪਣੀ ਹਿੱਕ ਨਾਲ ਘੁੱਟ ਲਵੇ।
ਉਹਨੂੰ ਜਾਪਿਆ ਉਹ ਪਾਗਲ ਹੋ ਜਾਏਗਾ। ਕੁਝ ਕਰ ਬਹੇਗਾ। ਉਹਨੂੰ ਨੱਸ ਜਾਣਾ ਚਾਹੀਦਾ ਸੀ, ਦੂਰ, ਇਸ ਸਭ ਕਾਸੇ ਤੋਂ ਬਹੁਤ ਦੂਰ। ਅਛੋਪਲੇ ਜਿਹੇ ਉਹਨੇ ਬਾਰੀ ਖੋਲ੍ਹੀ ਤੇ ਬਾਹਰ ਕੁੱਦ ਗਿਆ। ਕਿੰਨਾ ਚਿਰ ਉਹ ਵਾਹੋਦਾਹੀ ਖੇਤਾਂ ਵਿਚ ਭੌਂਦਾ ਰਿਹਾ। ਤਿਪਹਿਰ ਸ਼ਾਮ ਵਿਚ ਵਟ ਰਹੀ ਸੀ। ਦੁਮੇਲ ਕੋਲ ਕਿਸੇ ਨੇ ਸੂਰਜ ਨੂੰ ਕਤਲ ਕਰ ਦਿੱਤਾ ਸੀ। ਮਾਸੂਮਾਂ ਦੇ ਲਹੂ ਨਾਲ ਸਾਰਾ ਅਸਮਾਨ ਰੰਗਿਆ ਗਿਆ ਸੀ। ਇਹ ਲਹੂ ਖਾਲਾਂ ਦੇ ਆਡਾਂ ਦੇ ਪਾਣੀਆਂ ਵਿਚ ਵੀ ਘੁਲ ਗਿਆ ਸੀ। ਉਹ ਕਮਾਦ ਕਿਸ ਨੇ ਚੂਪਣਾ ਸੀ ਜਿਸ ’ਤੇ ਲਹੂ ਦੇ ਛੱਟੇ ਪਏ ਸਨ। ਉਹ ਕਪਾਹਾਂ ਕਿਸ ਨੇ ਹੰਢਾਣੀਆਂ ਸਨ ਜਿਨ੍ਹਾਂ ਦੀ ਸਿੰਜਾਈ ਲਹੂ ਨਾਲ ਹੋਈ ਸੀ। ਤੇ ਲਹੂ ਨਾਲ ਵਤਰੀਆਂ ਉਨ੍ਹਾਂ ਪੈਲੀਆਂ ਵਿਚ ਕਿਹੋ ਜਹੀਆਂ ਕਣਕਾਂ ਉੱਗਣੀਆਂ ਸਨ। ਚਾਰੇ ਪਾਸੇ ਲਹੂ ਦਾ ਤਰੌਂਕਾ ਉਹਦੇ ਹੱਥ ਦੀਆਂ ਬਣਾਈਆਂ ਛਵ੍ਹੀਆਂ ਨਾਲ ਕੀਤਾ ਗਿਆ ਸੀ। ਹੱਡ ਅਤੇ ਮਾਸ ਦੀ ਇਹ ਫ਼ਸਲ ਉਹਦੇ ਹੱਥ ਦੀਆਂ ਬਣਾਈਆਂ ਬਲਮਾਂ ਅਤੇ ਗੰਡਾਸਿਆਂ ਨਾਲ ਬੀਜੀ ਗਈ ਸੀ ਤੇ ਜਿਹੜੇ ਦੋ ਚਾਰ ਪਿੰਡ ਬਚ ਗਏ ਸਨ, ਉਨ੍ਹਾਂ ਲਈ ਛਵ੍ਹੀਆਂ ਉਹ ਬਣਾ ਕੇ ਹਟਿਆ ਸੀ। ਕੱਲ੍ਹ ਰਾਤ ਤੀਕ ਉਨ੍ਹਾਂ ਦਾ ਵੀ ਸਫ਼ਾਇਆ ਹੋ ਜਾਣਾ ਸੀ।
ਉਹ ਗੁਨਾਹਗਾਰ ਸੀ, ਘੋਰ ਗੁਨਾਹਗਾਰ ਸੀ। ਬਸ਼ੀਰੇ ਦੀ ਮਾਂ ਨੇ ਸੱਚ ਆਖਿਆ ਸੀ। ਘੱਟ ਤੋਂ ਘੱਟ ਨਵੀਆਂ ਬਣਾਈਆਂ ਛਵ੍ਹੀਆਂ ਉਹਨੂੰ ਬਸ਼ੀਰੇ ਹੋਰਾਂ ਦੇ ਹੱਥ ਨਹੀਂ ਸਨ ਲੱਗਣ ਦੇਣੀਆਂ ਚਾਹੀਦੀਆਂ। ਏਦਾਂ ਕਰਨ ਨਾਲ ਉਹਦੇ ਗੁਨਾਹਾਂ ਦਾ ਕਫ਼ਾਰਾ ਨਹੀਂ ਸੀ ਹੋ ਚਲਿਆ। ਪਰ ਹੁਣ ਹੋਰ ਉਹ ਕਰ ਵੀ ਕੀ ਸਕਦਾ ਸੀ।
ਉਹ ਵਾਹੋ-ਦਾਹੀ ਪਿੰਡ ਵੱਲ ਨੱਠ ਪਿਆ। ਬਸ਼ੀਰੇ ਦੇ ਆਦਮੀਆਂ ਦੇ ਪਹੁੰਚਣ ਤੋਂ ਪਹਿਲਾਂ ਉਹ ਘਰ ਅਪੜਨਾ ਚਾਹੁੰਦਾ ਸੀ, ਛਵ੍ਹੀਆਂ ਨੂੰ ਕਿਸੇ ਖੂਹ ਜਾਂ ਖਾਲ ਵਿਚ ਸੁੱਟ ਦੇਣਾ ਚਾਹੁੰਦਾ ਸੀ ਜਿੱਥੋਂ ਉਨ੍ਹਾਂ ਦੀ ਉਘ ਸੁਘ ਨਾ ਨਿਕਲੇ।
ਜਦੋਂ ਉਹ ਪਿੰਡ ਲਾਗੇ ਪੁੱਜਾ ਤਾਂ ਰਾਤ ਪੈ ਚੁੱਕੀ ਸੀ ਤੇ ਥਿੰਦ੍ਹੇ ਚੰਨ ਦੀ ਘਸਮੈਲੀ ਚਾਨਣੀ ਗਲੀ ਵਿਚ ਘਰਾਂ ਦੇ ਧੁੰਦਲੇ ਪਰਛਾਵੇਂ ਸੁੱਟ ਰਹੀ ਸੀ। ਰਾਤ ਦੇ ਮੀਂਹ ਨਾਲ ਗਲੀਆਂ ਵਿਚ ਚਿੱਕੜ ਹੋ ਗਿਆ ਸੀ। ਮੁੜ ਮੁੜ ਉਹਦੇ ਪੈਰ ਵਾਹਣ ਵਿਚ ਫਸ ਜਾਂਦੇ ਸਨ। ਪਰ ਉਹ ਕਾਹਲੀ ਕਾਹਲੀ ਟੁਰਦਾ ਗਿਆ। ਅਚਨਚੇਤ ਉਹ ਠਠੰਬਰ ਗਿਆ। ਕੁਝ ਵਿੱਥ ’ਤੇ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਆਵਾਜ਼ਾਂ ਤਾਂ ਉਹਦੇ ਘਰੋਂ ਹੀ ਆ ਰਹੀਆਂ ਸਨ। ਤਾਂ ਕੀ ਉਹ ਆਣ ਪਹੁੰਚੇ ਸਨ। ਉਹ ਕੁਵੇਲੇ ਅਪੜਿਆ ਸੀ। ਬਸ਼ੀਰੇ ਦਾ ਲੱਚਰ ਹਾਸਾ ਹੁਣ ਸਾਫ਼ ਸੁਣਾਈ ਦੇ ਰਿਹਾ ਸੀ।
ਘਰ ਦੇ ਬਾਹਰ ਉਹਦਾ ਠੇਡਾ ਕਿਸੇ ਭਾਰੀ ਚੀਜ਼ ਨਾਲ ਲੱਗਾ ਤੇ ਉਹ ਮੂੰਹ ਪਰਨੇ ਡਿੱਗ ਪਿਆ। ਉਹਨੇ ਉਠਣ ਦੀ ਕੋਸ਼ਿਸ਼ ਕੀਤੀ, ਪਰ ਉਠ ਨਾ ਸਕਿਆ। ਕੋਈ ਠੰਢੀ ਯਖ ਚੀਜ਼ ਉਹਦੇ ਪੈਰਾਂ ਨਾਲ ਲਿਪਟ ਗਈ ਸੀ। ਉਹਨੇ ਅਪਣੇ ਪੈਰ ਛੁਡਾਉਣ ਦਾ ਯਤਨ ਕੀਤਾ, ਪਰ ਉਹ ਹੋਰ ਬਹੁਤੇ ਜਕੜੇ ਗਏ। ਇਕ ਭਰਮੀ ਭੈਅ ਉਹਦੇ ਦਿਲ ਵਿਚ ਵੜ ਗਿਆ ਤੇ ਉਹਦੇ ਮੱਥੇ ’ਤੇ ਠੰਢੀਆਂ ਤਰੇਲ੍ਹੀਆ ਛੁੱਟ ਪਈਆਂ। ਸਾਰੇ ਸਰੀਰ ਦੇ ਇਕ ਤਕੜੇ ਹੁਝਕੇ ਨਾਲ ਉਹਨੇ ਪਿੱਛੇ ਮੁੜ ਕੇ ਵੇਖਿਆ। ਚੰਨ ਦੀ ਚਾਨਣੀ ਵਿਚ ਕੁਝ ਧੌਲੀਆਂ ਲਿਟਾਂ ਹਿੱਲ ਰਹੀਆਂ ਸਨ। ਛਵ੍ਹੀ ਦਾ ਇਕ ਲੰਮਾ ਫਟ ਬੁੱਢੜੀ ਦੇ ਮੱਥੇ ’ਤੇ ਸੀ ਤੇ ਉਹਦੀਆਂ ਪਥਰਾਈਆਂ ਅੱਖਾਂ ਫਿਟਕਾਰਾਂ ਪਾ ਰਹੀਆਂ ਸਨ। ਉਹਨੇ ਆਪਣੇ ਪੈਰਾਂ ਵੱਲ ਵੇਖਿਆ। ਬੁੱਢੀ ਦੀਆਂ ਬਾਹਵਾਂ ਵਿਚ ਉਲਝੀ ਸੰਗਲੀ ਨੇ ਉਹਦੇ ਪੈਰਾਂ ਨੂੰ ਜਕੜ ਰੱਖਿਆ ਸੀ।
ਇਕ ਚੀਕ ਉਹਦੇ ਮੂੰਹੋਂ ਨਿਕਲੀ ਤੇ ਉਹ ਬੇਹੋਸ਼ ਹੋ ਗਿਆ। ਉਸ ਰਾਤ ਉਹਨੂੰ ਸੂਕਕੇ ਤਾਪ ਚੜ੍ਹ ਗਿਆ। ਸਾਰੀ ਰਾਤ ਉਹ ਮੰਜੀ ’ਤੇ ਪਾਸੇ ਮਾਰਦਾ ਰਿਹਾ। ਸਾਰੀ ਰਾਤ ਉਹਦੇ ਬੜਾਣ ਦੀ ਆਵਾਜ਼ ਪਿੰਡ ਦੀ ਸੁੰਨਸਾਨ ਚੁੱਪ ਵਿਚ ਗੂੰਜਦੀ ਰਹੀ - ‘‘ਮੈਨੂੰ ਨਾ ਮਾਰੋ, ਮੈਨੂੰ ਛਵ੍ਹੀਆਂ ਨਾ ਮਾਰੋ। ਇਹ ਸੰਗਲ ਮੇਰੀ ਧੌਣ ਦੁਆਲਿਓਂ ਲਾਹ ਲਵੋ। ਹਾਏ ਮੇਰੀ ਧੀ। ਮੇਰੀ ਧੀ ਨੂੰ ਕੁਝ ਨਾ ਆਖੋ। ਪ੍ਰੀਤੋ ਨੂੰ ਕੁਝ ਨਾ ਆਖੋ। ਹਾਏ ਇਹ ਸੰਗਲਾਂ। ਅੱਲ੍ਹਾ ਦਾ ਵਾਸਤਾ ਜੇ ਮੈਨੂੰ ਛਵ੍ਹੀਆਂ ਨਾ ਮਾਰੋ। ਮੈਨੂੰ ਨਾ ਮਾਰੋ।’’
(ਸੰਖਿਪਤ)