ਦਲ ਬਦਲੂਆਂ ਦੀ ਰੁੱਤ
ਸੁੱਚਾ ਸਿੰਘ ਪਸਨਾਵਾਲ
ਦਲ ਬਦਲੂਆਂ ਦੀ ਰੁੱਤ ਹੈ ਆਈ।
ਜਾਣ ਲੋਕਾਂ ਨੂੰ ਮੂਰਖ ਬਣਾਈ।
ਕੀਤੇ ਕੌਲ ਕਰਾਰ ਸਭ ਭੁੱਲੇ,
ਦੌੜੀ ਜਾਂਦੇ ਪਹਿਲੇ ਬੁੱਲੇ,
ਦਿਨੇ ਚੈਨ ਰਾਤੀਂ ਨੀਂਦ ਨਾ ਆਵੇ,
ਡਰ ਈਡੀ ਦਾ ਜਾਵੇ ਸਤਾਈ।
ਦਲ ਬਦਲੂਆਂ ਦੀ ਰੁੱਤ ਹੈ ਆਈ।
ਜਾਣ ਲੋਕਾਂ ਨੂੰ ਮੂਰਖ ਬਣਾਈ।
ਵੱਡੇ ਦਿੱਗਜ ਲੀਡਰ ਢਹਿ ਗਏ,
ਮਾਂ ਪਾਰਟੀ ਨੂੰ ਅਲਵਿਦਾ ਕਹਿ ਗਏ,
ਅੱਗੇ ਪਿੱਛੇ ਜਾਣਗੇ ਦੌੜੇ,
ਜਿਹਦੀ ਜਿਹਦੀ ਰੇਲ ਬਣਾਈ।
ਦਲ ਬਦਲੂਆਂ ਦੀ ਰੁੱਤ ਹੈ ਆਈ।
ਜਾਣ ਲੋਕਾਂ ਨੂੰ ਮੂਰਖ ਬਣਾਈ।
ਵਿਕਦਾ ਰਿਹਾ ਜੇ ਇੰਝ ਹੀ ਲਾਣਾ,
ਲੋਕਤੰਤਰ ਨੇ ਮਰ ਮੁੱਕ ਜਾਣਾ,
ਲੁੱਟੀ ਜਾਂਦੇ ਦੇਸ਼ ਨੂੰ ਰਲ ਕੇ,
ਇਨ੍ਹਾਂ ਜਨਤਾ ਸੁੱਕਣੇ ਪਾਈ।
ਦਲ ਬਦਲੂਆਂ ਦੀ ਰੁੱਤ ਹੈ ਆਈ।
ਜਾਣ ਲੋਕਾਂ ਨੂੰ ਮੂਰਖ ਬਣਾਈ।
ਸੋਚ ਸਮਝ ਸਭ ਵੋਟਾਂ ਪਾਈਏ,
ਦਲ ਬਦਲੂਆਂ ਨੂੰ ਮੂੰਹ ਨਾ ਲਾਈਏ,
‘ਪਸਨਾਵਾਲੀਆ’ ਇਹ ਕਰਦੇ ਧੋਖਾ,
ਹਰ ਵਾਰੀ ਜਦ ਚੋਣ ਹੈ ਆਈ।
ਦਲ ਬਦਲੂਆਂ ਦੀ ਰੁੱਤ ਹੈ ਆਈ।
ਜਾਣ ਲੋਕਾਂ ਨੂੰ ਮੂਰਖ ਬਣਾਈ।
ਸੰਪਰਕ: 99150-33740
* * *
ਗ਼ਜ਼ਲ
ਰਾਕੇਸ਼ ਕੁਮਾਰ
ਸਾਡੇ ਦਿਲ ਵਿੱਚ ਸ਼ੋਰ ਬਾਕੀ ਰਹਿ ਗਿਆ।
ਬੇਵਫ਼ਾ ਹੋ ਕੇ ਉਹ ਅਲਵਿਦਾ ਕਹਿ ਗਿਆ।
ਨਾ ਮਿਲੀਆਂ ਸਾਡੇ ਹਿੱਸੇ ਦੀਆਂ ਰੌਸ਼ਨੀਆਂ,
ਕੋਈ ਹਨੇਰਿਆਂ ਦਾ ਹੋ ਕੇ ਬਹਿ ਗਿਆ।
ਪੱਥਰਾਂ ਅੱਗੇ ਉਸ ਦੀ ਇੱਕ ਵੀ ਨਾ ਚੱਲੀ,
ਸ਼ੀਸ਼ਾ ਤਿੜਕ ਕੇ ਸਭ ਕੁਝ ਸਹਿ ਗਿਆ।
ਸ਼ਾਹਾਂ ਨੇ ਜਦ ਕੀਤੀਆਂ ਦੀਵਾਰਾਂ ਉੱਚੀਆਂ,
ਸੱਧਰਾਂ ਦਾ ਮਹਿਲ ਸਾਡਾ ਢਹਿ ਗਿਆ।
ਸਾਥੋਂ ਦੂਰ ਹੋ ਕੇ ਬੜਾ ਖ਼ੁਸ਼ ਜਿਹਾ ਲੱਗਦਾ ਹੈ,
ਜਿਵੇਂ ਕੋਈ ਬੋਝ ਦਿਲ ਤੋਂ ਲਹਿ ਗਿਆ।
ਸੰਪਰਕ: 94630-24455
* * *
ਦਰ-ਦਰਵਾਜ਼ੇ
ਕੁਲਵਿੰਦਰ ਵਿਰਕ
ਤੁਹਾਡੇ ਖ਼ਿਆਲ
ਇੰਨੇ ਵੀ ਅਵਾਰਾ ਨਾ ਹੋਣ
ਕਿ ਉਹ ਬੰਦ ਗਲੀ ਦੇ
ਬੰਦ ਦਰਵਾਜ਼ਿਆਂ ’ਤੇ ਹੀ ਟੱਕਰਾਂ ਮਾਰੀ ਜਾਣ...
ਬਹੁਤੀ ਦੇਰ ਬੰਦ ਰਹਿਣ ਵਾਲੇ
ਦਰਵਾਜ਼ਿਆਂ ਪਿੱਛੇ
ਸੋਚਾਂ ਵੀ ਅਕਸਰ ਬੋਣੀਆਂ ਰਹਿ ਜਾਂਦੀਆਂ,
ਪਰਾਂ ਨੂੰ ਮੌਲਣ-ਵਿਗਸਣ ਲਈ
ਅੰਬਰ ਨਹੀਂ ਮਿਲਦੇ...
ਖੁੱਲ੍ਹੇ ਦਰਵਾਜ਼ਿਆਂ
ਅਤੇ ਖੁੱਲ੍ਹੀਆਂ ਗਲੀਆਂ ’ਚ ਅਕਸਰ
ਨਵੀਨਤਾ
ਅਤੇ ਤਾਜ਼ੀ ਹਵਾ ਆਉਂਦੀ ਰਹਿੰਦੀ ਹੈ...
ਸੋਚਾਂ ਅੰਦਰ ਤਾਜ਼ਗੀ ਭਰਦੀ
ਵਕਤ-
ਮੁਹੱਬਤੀ ਝਾਤੀਆਂ ਮਾਰਦਾ
ਖ਼ਿਆਲ ਉੱਚੇ ਕਰੀਏ
ਅੰਬਰਾਂ ਨੂੰ ਵੀ ਟਾਕੀਆਂ
ਆਪੇ ਹੀ ਲੱਗ ਹੀ ਜਾਣਗੀਆਂ...!
ਸੰਪਰਕ: 73470-94800
* * *
ਗ਼ਜ਼ਲ
ਜਗਜੀਤ ਗੁਰਮ
ਜੇਕਰ ਏਥੇ ਭੁੱਖੇ ਮਰਦੇ ਨਾ ਪਰਿੰਦੇ
ਫੇਰ ਉਡਾਰੀ ਲੰਬੀ ਭਰਦੇ ਨਾ ਪਰਿੰਦੇ।
ਜਾਲ਼ ਉਡਾ ਲੈ ਜਾਂਦੇ, ਤੂੰ ਸੁਣਿਆ ਹੋਣਾ
ਏਕਾ ਕਰ ਲੈਂਦੇ ਜਦ ਹਰਦੇ ਨਾ ਪਰਿੰਦੇ।
ਸੱਪਾਂ ਨੂੰ ਖੁੱਡਾਂ ਵਿੱਚ ਫਿਰ ਵੜਨਾ ਪੈਂਦਾ
ਆਈ ਉੱਤੇ ਆਏ ਡਰਦੇ ਨਾ ਪਰਿੰਦੇ।
ਸਮਝ ਜ਼ਮਾਨੇ ਨੂੰ ਜੇ ਇਹ ਪੂਰਾ ਜਾਂਦੇ
ਤੀਲ੍ਹਾਂ ਉੱਤੇ ਅੰਡੇ ਧਰਦੇ ਨਾ ਪਰਿੰਦੇ।
ਖੰਭਾਂ ਦਾ ਹੰਕਾਰ ਜ਼ਰਾ ਵੀ ਜੇ ਕਰਦੇ
ਇਹ ਤੁਰਦੇ ਨਾ ਪਰਿੰਦੇ, ਤਰਦੇ ਨਾ ਪਰਿੰਦੇ।
ਜੇ ਕਰ ਲੈਂਦੇ, ਫਿਰ ਉਸ ਦੇ ਹੋ ਜਾਂਦੇ ਨੇ
ਛੇਤੀ ਵਿਸ਼ਵਾਸ ਕਦੇ ਕਰਦੇ ਨਾ ਪਰਿੰਦੇ।
ਸ਼ਾਂਤ ਚਾਰ ਚੁਫ਼ੇਰਾ ਹਰ ਵੇਲੇ ਚਾਹੁੰਦੇ
ਖੜਕਾ ਦੜਕਾ ਬਹੁਤਾ ਜਰਦੇ ਨਾ ਪਰਿੰਦੇ।
ਸੰਪਰਕ: 99152-64836
* * *
ਸਮੇਂ ਦਾ ਪਹੀਆ
ਪ੍ਰੋ. ਨਵ ਸੰਗੀਤ ਸਿੰਘ
ਕਦੇ ਨਾ ਰੁਕਦਾ ਵਿੱਚ-ਵਿਚਾਲੇ,
ਸਮੇਂ ਦਾ ਪਹੀਆ ਚਲਦਾ ਜਾਵੇ।
ਕਿਤੇ ਨਾ ਅਟਕੇ, ਭਾਵੇਂ ਕੋਈ
ਕਿੰਨਾ ਜ਼ੋਰ ਵੀ ਕਿਉਂ ਨਾ ਲਾਵੇ।
ਸਮੇਂ-ਚੱਕਰ ਵਿੱਚ ਬੱਝੀ ਹੋਈ,
ਕੁੱਲ ਲੋਕਾਈ ਦੁਨੀਆ ਸਾਰੀ।
ਇਸ ਤੋਂ ਬਾਹਰ ਕੋਈ ਨਹੀਂ ਹੈ,
ਬੱਚਾ-ਬੁੱਢਾ ਜਾਂ ਨਰ-ਨਾਰੀ।
ਸਮੇਂ ਵਿੱਚ ਹੀ ਬੱਝੇ ਹੋਏ,
ਸੂਰਜ, ਚੰਦ ਤੇ ਝਿਲਮਿਲ ਤਾਰੇ।
ਕੁਝ ਇੱਕ ਨਾਲ ਸਮੇਂ ਦੇ ਚੱਲਦੇ,
ਕਈ ਭਟਕਦੇ ਮਾਰੇ-ਮਾਰੇ।
ਜੁਦਾ ਸਮੇਂ ਤੋਂ ਕੋਈ ਨਹੀਂ ਹੈ,
ਅੱਗ, ਹਵਾ ਜਾਂ ਹੋਵੇ ਪਾਣੀ।
ਧਰਮ ਗ੍ਰੰਥ ਵੀ ਇਹੋ ਕਹਿੰਦੇ,
ਆਉਂਦੇ-ਜਾਂਦੇ ਰਹਿਣ ਪ੍ਰਾਣੀ।
ਰਿਸ਼ੀ-ਮੁਨੀ ਜਾਂ ਜਤੀ-ਤਪੀ,
ਜਾਂ ਹੋਵੇ ਕੋਈ ਪੀਰ-ਪੈਗ਼ੰਬਰ।
ਵੱਸ ਸਮੇਂ ਨੂੰ ਕਰ ਨਾ ਸਕਿਆ,
ਮੱਲ, ਸੂਰਮਾ, ਵੱਡਾ ਕਲੰਦਰ।
ਅੱਜ ਨਹੀਂ ਬੱਸ ਹੁਣੇ ਤੋਂ ਸਮਝੋ,
ਨਾਲ ਸਮੇਂ ਦੇ ਸਿੱਖੀਏ ਚੱਲਣਾ।
ਕੱਲ੍ਹ ’ਤੇ ਛੱਡੀਏ ਕੰਮ ਨਾ ਅੱਜ ਦਾ,
ਹੱਥ ਪਵੇਗਾ ਫੇਰ ਨਾ ਮਲਣਾ।
* * *
ਕਦੋਂ ਵਾਪਸ ਆਉਂਦੀਆਂ ਨੇ
ਗੁਰਭਜਨ ਸਿੰਘ ਲਾਸਾਨੀ
ਕਦੋਂ ਪਰਤ ਕੇ
ਆਉਂਦੀਆਂ ਨੇ ਮਾਵਾਂ
ਜਦੋਂ ਇੱਕ ਵਾਰ
ਤੁਰ ਜਾਂਦੀਆਂ ਨੇ
ਇਸ ਧਰਤੀ ’ਤੋਂ
ਬਸ ਉਨ੍ਹਾਂ ਦੀਆਂ
ਠੰਢੀਆਂ ਛਾਵਾਂ
ਨਾਲ ਨਾਲ ਤੁਰਦੀਆਂ ਨੇ
ਬਣ ਪਰਛਾਵਾਂ
ਤਾਂ ਕਿ
ਲੱਗੇ ਨਾ ਤੱਤੀ ਹਵਾ ਕੋਈ
ਉਨ੍ਹਾਂ ਦੇ ਬੱਚਿਆਂ ਨੂੰ
ਤੇ ਫਿਰ ਉਹ
ਦਿਲ ਦੇ ਅੰਬਰੀਂ
ਚਮਕਦੀਆਂ ਨੇ
ਕਦੇ ਚੰਨ
ਕਦੇ ਸੂਰਜ
ਤੇ ਕਦੇ ਕਦੇ ਤਾਰੇ ਬਣ ਕੇ
ਟਿਮਟਿਮਾਉਂਦੀਆਂ ਨੇ
ਪਰ ਕਦੇ ਵੀ
ਪਰਤ ਕੇ
ਨਹੀਂ ਆਉਂਦੀਆਂ ਮਾਵਾਂ...
ਸੰਪਰਕ: 98724-39278
* * *
ਗ਼ਜ਼ਲ
ਨਾਇਬ ਬੁੱਕਣਵਾਲ
ਜਿਨ੍ਹਾਂ ਨੇ ਮਿਹਨਤ ਮੁਸ਼ੱਕਤ ਕੀਤੀ,
ਉਨ੍ਹਾਂ ਨੇ ਹੀ ਪਾ ਲਿਆ ਮੰਜ਼ਿਲਾਂ ਨੂੰ।
ਜਿਨ੍ਹਾਂ ਬਹਿ ਬੱਸ ਗੱਲੀਂ ਟੇਕ ਰੱਖੀ,
ਉਹ ਤੁਰ ਗਏ ਨੇ ਸਭ ਜੰਗਲਾਂ ਨੂੰ।
ਮੋਹ ਮੁਹਬੱਤ ਦੇ ਦੀਵੇ ਬਾਲ ਕੇ ਜਿਨ੍ਹਾਂ,
ਅੱਖੀਆਂ ਪਿਆਰ ਨਾਲ ਭਰ ਲਈਆਂ।
ਉਹ ਕਦ ਵਲਗਣ ਦੇ ਕੈਦੀ ਨੇ ਬਣਦੇ,
ਦੇਰ ਨਾ ਲਾਈ ਤੋੜਣ ਲਈ ਸੰਗਲਾਂ ਨੂੰ।
ਜਿਹੜੇ ਪਾਂਧੀ ਬਣ ਕੇ ਤੁਰ ਪਏ ਨੇ,
ਬਿਖੜੇ ਪੈਂਡੇ, ਰਾਹੀ ਵਾਟਾਂ ਲੰਬੀਆਂ ਦੇ।
ਉਨ੍ਹਾਂ ਨੇ ਕਦੇ ਵੀ ਨ੍ਹੀਂ ਰੋੜਾ ਮੰਨਿਆ,
ਤਿੱਥ ਤਿਉਹਾਰਾਂ ਅਤੇ ਮੰਗਲਾਂ ਨੂੰ।
‘ਬੁੱਕਣਵਾਲ’ ਕੁਝ ਕਰ ਲੈ ਤਹੱਈਆ,
ਕੁਝ ਇੱਥੇ ਹੀ ਚੰਗਾ ਕਰ ਜਾਵਣ ਦਾ।
ਹੱਥਾਂ ਦੇ ਅੱਟਣਾਂ ਨੂੰ ਸਮਝੇ ਕੋਈ ਕੋਈ,
ਲੋਕੀ ਤਾਂ ਹੱਥ ਪਾਉਂਦੇ ਨੇ ਗੰਦਲਾਂ ਨੂੰ।
ਸੰਪਰਕ: 94176-61708
* * *
ਗ਼ਜ਼ਲ
ਬਲਜਿੰਦਰ ਸਿੰਘ ਬਾਲੀ ਰੇਤਗੜ੍ਹ
ਦਿਲ ਕਰਦੈ ਉਸ ਨੂੰ ਕਿਧਰੋਂ ਲੱਭ ਲਿਆਵਾਂ
ਲਾ-ਪਤਾ ਹੈ ਉਹ, ਨਾ ਹੈ ਉਸ ਦਾ ਸਿਰਨਾਵਾਂ
ਤਿੜਿਆ ਸ਼ੀਸ਼ਾ ਭਾਲ ਰਿਹੈ ਹਰ ਦਮ ਧੂੜ ’ਚ
ਚੰਨ ਜਿਹੀ ਸੀਰਤ, ਚਾਨਣ ਦਾ ਪਰਛਾਵਾਂ
ਜਿੱਥੇ ਸੂਰੇ ਪੀ ਜਾਮ ਸ਼ਹਾਦਤ ਗੱਜੇ
ਪਾਕਿ-ਪਵਿੱਤਰ ਹੋ ਗਈਆਂ ਉਹ ਥਾਵਾਂ
ਜੀਵਨ ਅੰਦਰ ਇੱਕ ਹੀ ਵਾਰ ਮਿਲਦੀਆਂ ਨੇ
ਦਰਗਾਹੋਂ ਸਾਹ ਦੀਆਂ ਲੜੀਆਂ ਤੇ ਮਾਵਾਂ
ਸਭ ਕਿਰਤੀ ਲੋਕ ਕਿਸਾਨ ਮਸੀਹਾ ਮੇਰੇ
ਦੱਸੋ ਕਿਉਂ ਨਾ ਮੈਂ ਗੀਤ ਕਿਰਤ ਦੇ ਗਾਵਾਂ
‘ਬਾਲੀ’ ਮੁੱਖ ਲੁਕ ਕੇ ਲੁਕਦੀਆਂ ਕਦ ਨੇ
ਪਰਦੀਂ ਦਿਲ ਦੀਆਂ ਪੀੜਾਂ, ਹੰਝ ਘਟਾਵਾਂ
ਹੈ ਕਲਮ ਕਮਾਨ ਖ਼ੁਦਾ ਦੀ ਬਖ਼ਸ਼ਿਸ਼ ‘ਬਾਲੀ’
ਅੱਖਰ ਮਾਂ ਪੰਜਾਬੀ ਦੇ ਯਾਰ ਦੁਆਵਾਂ
ਸੰਪਰਕ: 94651-29168
* * *
ਦੇਖੋ ਕਿਹੜੀ ਤਰੱਕੀ
ਹਰਜਿੰਦਰ ਸਿੰਘ ਜਿੰਦਰ
ਮੁਲਕ ਮੇਰੇ ਨੇ ਬੜੀ ਕਰੀ ਤਰੱਕੀ,
ਅਸਮਾਨੀ ਗੁੱਡੀਆਂ ਚੜ੍ਹੀਆਂ ਨੇ।
ਇੱਕ ਪਿੰਡ ਵਿੱਚ ਚਾਰ ਚਾਰ ਗੁਰੂਘਰ,
ਤੇ ਲੋਕੋ ਚਾਰ ਚਾਰ ਮੜ੍ਹੀਆਂ ਨੇ।
ਕੋਈ ਨਾ ਇੱਥੇ ਗਿਣਤੀ ਮਿਣਤੀ
ਕੁੱਖ ਵਿੱਚ ਮਰਦੀਆਂ ਧੀਆਂ ਦੀ,
ਗੀਤਾਂ ਵਿੱਚ ਕੋਈ ਗੱਲ ਨਹੀਂ ਕਰਦਾ
ਲੋਕੋ ਸਰਹਿੰਦ ਦੀਆਂ ਨੀਹਾਂ ਦੀ।
ਗੜ੍ਹੀ ਚਮਕੌਰ ਦੀ ਕੋਈ ਨਹੀਂ ਦੱਸਦਾ
ਚਾਲੀ ਨਾਲ ਦਸ ਲੱਖ ਫ਼ੌਜਾਂ ਲੜੀਆਂ ਨੇ,
ਮੁਲਕ ਮੇਰੇ...
ਜੱਟਾਂ ਦੇ ਨਾਲ ਹੁਣ ਜੇਲ੍ਹਾਂ ਭਰੀਆਂ,
ਦੱਸੋ ਕੌਣ ਬੀਜੇਗਾ ਫ਼ਸਲਾਂ ਨੂੰ?
ਜਵਾਨੀ ਸਾਰੀ ਹੁੰਦੀ ਜਾਏ ਪਰਦੇਸੀ,
ਫਿਰ ਕਿੱਥੋਂ ਵੇਖੋਗੇ ਨਸਲਾਂ ਨੂੰ?
ਉਨ੍ਹਾਂ ਨੇ ਫਿਰ ਮੁੜਨਾ ਕੀ ਐ
ਜਿਨ੍ਹਾਂ ਉਡਾਣਾਂ ਫੜੀਆਂ ਨੇ।
ਮੁਲਕ ਮੇਰੇ...
ਰੋਮ ਰੋਮ ਬੜਾ ਕਰਜ਼ਾਈ ਸਾਡਾ
ਇੱਕ ਇੱਕ ਗ਼ਦਰੀ ਬਾਬੇ ਦਾ,
ਦੇਣਾ ਸਾਥੋਂ ਦੇ ਨਹੀਂ ਹੋਣਾ
ਊਧਮ, ਭਗਤ ਸਿੰਘ, ਸਰਾਭੇ ਦਾ।
ਸਦਾ ਲਈ ਅਮਰ ਹੋ ਗਈਆਂ ਜਿੰਦਾਂ
ਜੋ ਜ਼ੁਲਮ ਦੇ ਅੱਗੇ ਅੜੀਆਂ ਨੇ,
ਮੁਲਕ ਮੇਰੇ...
ਸਕੂਲਾਂ ’ਚ ਪੰਜਾਬੀ ਬੈਨ ਹੋਈ
ਖ਼ਤਰੇ ’ਚ ਹੈ ਸਾਡਾ ਊੜਾ,
ਸੁਨੱਖੇ ਮੁੰਡੇ ਬਾਬੂ ਬਣ ਗਏ
ਦੱਸੋ ਕੌਣ ਰੱਖੂਗਾ ਜੂੜਾ?
ਨਿੱਤ ਜਿੰਦਰ ਜਟਾਣੇ ਵਾਲਾ ਸੋਚੇ
ਕਾਹਦੀਆਂ ਲਿਖੀਆਂ ਪੜ੍ਹੀਆਂ ਨੇ?
ਮੁਲਕ ਮੇਰੇ ਨੇ ਬੜੀ ਕਰੀ ਤਰੱਕੀ
ਅਸਮਾਨੀ ਗੁੱਡੀਆਂ ਚੜ੍ਹੀਆਂ ਨੇ,
ਇੱਕ ਪਿੰਡ ਵਿੱਚ ਚਾਰ ਚਾਰ ਗੁਰੂਘਰ,
ਤੇ ਲੋਕੋ ਚਾਰ ਚਾਰ ਮੜ੍ਹੀਆਂ ਨੇ।
ਸੰਪਰਕ: 98559-16834
* * *
ਫਿਰਦੇ ਮਾਰੇ ਮਾਰੇ
ਰਣਜੀਤ ਆਜ਼ਾਦ ਕਾਂਝਲਾ
ਅੱਜ-ਕੱਲ੍ਹ ਸਭ ਫਿਰਦੇ ਮਾਰੇ ਮਾਰੇ ਲੋਕ।
ਜਿੱਤ ਕੇ ਬਾਜ਼ੀ ਜਿਉਂ ਗਏ ਨੇ ਹਾਰੇ ਲੋਕ।
ਬਣ ਜਿਉਂਦੀਆਂ ਲਾਸ਼ਾਂ ਪਏ ਤੁਰਦੇ ਐਹ,
ਪੈਂਦੀ ਤੇਜ਼ ਮਹਿੰਗਾਈ ਨੇ ਸਭ ਠਾਰੇ ਲੋਕ।
ਵਾਹ ਦੁੱਧ ਦੀ ਰਾਖੀ ਬਹਿੰਦੇ ਨੇ ਬਿੱਲੇ ਕਿ,
ਖਾ ਰਹੇ ਚੱਟ ਮਿਲਾਈ ਇਹ ਹੰਕਾਰੇ ਲੋਕ।
ਪੱਲੇ ਹੈ ਅਪਣਾ ਤਾਂ ਕੁਝ ਖਾ-ਪੀ ਲਓ ਜੀ,
ਬਹੁਤ ਮਿਲਣਗੇ ਐਸੇ ਰੱਬ ਦੇ ਮਾਰੇ ਲੋਕ।
ਫੁੱਟਪਾਥਾਂ ’ਤੇ ਸੌਂਦੇ ਰੋਟੀ ਮਿਲਦੀ ਨਾਹੀਂ,
ਸਮਾਜਵਾਦ ਦੇ ਲਾਈ ਜਾਂਦੇ ਨਾਹਰੇ ਲੋਕ।
ਗੱਲ ਕਰਦੇ ਹੋ ਇੱਥੇ ਠੰਢੀਆਂ ਪੌਣਾਂ ਦੀ,
ਠੰਢ ’ਚ ਵੀ ਪਏ ਛੱਡਦੇ ਅੰਗਿਆਰੇ ਲੋਕ।
ਚੋਰ ਉਚੱਕੇ ਏਥੇ ਗੱਦੀਆਂ ਮੱਲੀ ਬੈਠੇ ਨੇ,
ਲੋਕਾਂ ਦੇ ਝੂਠੇ ਸੇਵਕ ਹਤਿਆਰੇ ਲੋਕ।
ਝਾਂਸੇ ਵਿੱਚ ‘ਆਜ਼ਾਦ’ ਕਿਤੇ ਨਾ ਆ ਜਾਵੀਂ,
ਉੱਪਰੋਂ ਮਿੱਠੇ ਵਿੱਚੋਂ ਬੜੇ ਨੇ ਇਹ ਖਾਰੇ ਲੋਕ।
ਸੰਪਰਕ: 95019-77814
* * *
ਬੌਧਿਕ ਕੰਗਾਲੀ
ਹਰਮੀਤ ਸਿਵੀਆਂ
ਹਾਲਤ ਕਿਸੇ ਦੀ ਵੀ ਮਾਲੀ ਮਾੜੀ ਐ।
ਉਸ ਤੋਂ ਵੀ ਬੌਧਿਕ ਕੰਗਾਲੀ ਮਾੜੀ ਐ।
ਮਾੜਾ ਹੈ ਕਿਸੇ ਦੇ ਨਾਲ ਮਾੜਾ ਕਰਨਾ,
ਮਾੜੇ ਸਮੇਂ ਵਿੱਚ ਜੇਬ੍ਹ ਖਾਲੀ ਮਾੜੀ ਐ।
ਜੂਏ ਦੀ ਆਦਤ ਸਦਾ ਮਾੜੀ ਹੁੰਦੀ ਐ,
ਰੱਖਣੀ ਕਰੰਸੀ ਵੀ ਜਾਅਲੀ ਮਾੜੀ ਐ।
ਫੁੱਫੜ ਪ੍ਰਾਹੁਣਾ ਸੌਖੇ ਨਹੀਓਂ ਸਾਂਭਣੇ,
ਸ਼ੱਕੀ ਦੀ ਅਮਾਨਤ ਸੰਭਾਲੀ ਮਾੜੀ ਐ।
ਕੁਝ ਵੀ ਨਾਜਾਇਜ਼ ਹੈ ਮਾੜਾ ਰੱਖਣਾ,
ਦੁੱਧ ਦੀ ਬਿੱਲੇ ਤੋਂ ਰਖਵਾਲੀ ਮਾੜੀ ਐ।
ਰਿਸ਼ਤੇਦਾਰੀ ਤਾਂ ਆਪੋ ਆਪਣੀ ਜਗ੍ਹਾ,
ਸਾਂਢੂ ਦੀ ਵਪਾਰ ਭਾਈਵਾਲੀ ਮਾੜੀ ਐ।
ਈਰਖਾ ਸਾੜਾ ਤੇ ਸਦਾ ਗੁੱਸਾ ਮਾੜਾ ਹੈ,
ਗੁੱਸੇ ਨਾਲ ਅੱਖ ਵਿੱਚ ਲਾਲੀ ਮਾੜੀ ਐ।
ਕੀਮਤੀ ਸ਼ੈਆਂ ਨੂੰ ਰੱਖੋ ਸਾਂਭ ‘ਸਿਵੀਆਂ’,
ਚਾਬੀ ਤੇ ਬੰਦੂਕ ਜੰਗਾਲੀ ਮਾੜੀ ਐ।
ਸੰਪਰਕ: 80547-57806
* * *
ਗ਼ਜ਼ਲ
ਜਗਤਾਰ ਪੱਖੋ
ਉਹ ਅੰਬਰ ਤੋਂ ਉੱਚਾ ਉੱਡਣ ਲੱਗਾ ਏ।
ਮੌਸਮ ਦੇ ਅੱਖਾਂ ਵਿੱਚ ਰੜਕਣ ਲੱਗਾ ਏ।
ਠੋਕਰ ਜਦ ਸੀ, ਲੱਗੀ ਬਲਦੇ ਕਦਮਾਂ ਦੀ,
ਪੱਥਰ ਅੰਦਰ ਵੀ ਕੁਝ ਧੜਕਣ ਲੱਗਾ ਏ।
ਪੰਛੀ ਆਖਣ ਬੋਟਾਂ ਨੂੰ ਪਰਵਾਸ ਕਰੋ,
ਇੱਥੇ ਕਾਲਾ ਰੁੱਖ ਹੁਣ ਮੌਲਣ ਲੱਗਾ ਏ।
ਤੂੰ ਦੱਸ ਉਸ ਨੂੰ ਕਿੰਝ ਜੜ੍ਹਾਂ ਤੋਂ ਤੋੜੇਗਾ,
ਜਿਹੜਾ ਮਾਂ ਦੀ ਹੂੰਗਰ ਸਮਝਣ ਲੱਗਾ ਏ।
ਚੁੱਪ ਰਹਿਣੇ ਦਾ ਪੈਦਾ ਹੋਇਆ ਸ਼ੌਕ ਨਵਾਂ,
ਜਿਹੜਾ ਹਰ ਘਰ ਅੰਦਰ ਫੈਲਣ ਲੱਗਾ ਏ।
ਸੰਪਰਕ: 94651-96946