ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਗਗਨਦੀਪ ਅਰੋੜਾ
ਲੁਧਿਆਣਾ, 5 ਅਕਤੂਬਰ
ਇੱਥੇ ਬੀਤੀ ਦੇਰ ਰਾਤ ਧਾਂਦਰਾਂ ਰੋਡ ’ਤੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਆਦਰਸ਼ ਸਕੂਲ ਦੇ ਪ੍ਰਿੰਸੀਪਲ ਨੂੰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ। ਇਸ ਮਗਰੋਂ ਪੁਲੀਸ ਦੇ ਸੀਨੀਅਰ ਅਧਿਕਾਰੀ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ-ਨਾਲ ਖੋਜੀ ਕੁੱਤਿਆਂ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਸਕੂਲ ਦੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਪੁਲੀਸ ਨੇ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ।
ਸਕੂਲ ਦੀ ਪ੍ਰਿੰਸੀਪਲ ਕਿਰਨਜੀਤ ਕੌਰ ਨੂੰ ਇੱਕ ਈਮੇਲ ਮਿਲੀ। ਇਸ ਵਿੱਚ ਲਿਖਿਆ ਸੀ, ‘ਤੁਹਾਡੇ ਸਕੂਲ ਵਿੱਚ ਬੰਬ ਲਗਾਇਆ ਗਿਆ ਹੈ ਅਤੇ 5 ਅਕਤੂਬਰ ਨੂੰ ਧਮਾਕਾ ਹੋਵੇਗਾ।’ ਇਸ ਮਗਰੋਂ ਪੁਲੀਸ ਨੇ ਪੂਰੇ ਸਕੂਲ ਦੀ ਜਾਂਚ ਕੀਤੀ ਪਰ ਕੋਈ ਬੰਬ ਨਾ ਮਿਲਿਆ। ਸਵੇਰ ਹੁੰਦੇ ਹੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਬਾਰੇ ਪਤਾ ਲੱਗਿਆ। ਜਿਵੇਂ ਹੀ ਪੁਲੀਸ ਨੂੰ ਈਮੇਲ ਭੇਜਣ ਵਾਲੇ ਦਾ ਪਤਾ ਲੱਗਿਆ, ਉਨ੍ਹਾਂ ਸਬੰਧਤ ਘਰ ’ਤੇ ਛਾਪਾ ਮਾਰਿਆ ਅਤੇ ਉੱਥੋਂ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ। ਪਤਾ ਲੱਗਿਆ ਹੈ ਕਿ ਉਹ ਇਸੇ ਸਕੂਲ ਵਿੱਚ ਪੜ੍ਹਦਾ ਹੈ ਅਤੇ ਸਕੂਲ ਵਿੱਚ ਛੁੱਟੀ ਕਰਵਾਉਣਾ ਚਾਹੁੰਦਾ ਸੀ ਅਤੇ ਇਹ ਈਮੇਲ ਮਜ਼ਾਕ ਤਹਿਤ ਕੀਤੀ ਸੀ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਨਾਬਾਲਗ ਨੂੰ ਜਾਂਚ ਤੋਂ ਬਾਅਦ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੁੱਛ ਪੜਤਾਲ ’ਚ ਬੱਚੇ ਨੇ ਸਿਰਫ ਐਨਾ ਹੀ ਦੱਸਿਆ ਹੈ ਕਿ ਉਸ ਨੇ ਮਜ਼ਾਕ ਕੀਤਾ ਸੀ। ਨਾਬਾਲਗ ਅਤੇ ਉਸ ਦੇ ਪਰਿਵਾਰ ਬਾਰੇ ਪੂਰੀ ਜਾਂਚ ਕਰਨ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲੀਸ ਨੇ ਨਾਬਾਲਗ ਤੋਂ ਮੁਆਫੀਨਾਮਾ ਲਿਖਾ ਕੇ ਉਸ ਨੂੰ ਚਿਤਾਵਨੀ ਦੇ ਕੇ ਉੱਥੋਂ ਭੇਜ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਨਾਬਾਲਗ ਨੂੰ ਜਾਂਚ ਤੋਂ ਬਾਅਦ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ’ਚ ਬੱਚੇ ਨੇ ਸਿਰਫ ਇੰਨਾ ਹੀ ਦੱਸਿਆ ਹੈ ਕਿ ਉਸ ਨੇ ਮਜ਼ਾਕ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।