For the best experience, open
https://m.punjabitribuneonline.com
on your mobile browser.
Advertisement

ਕੇਂਦਰ ਸਰਕਾਰ ਅੰਨਦਾਤੇ ਦੀ ਸਾਰ ਲਏ: ਭਗਵੰਤ ਮਾਨ

06:11 PM Jan 02, 2025 IST
ਕੇਂਦਰ ਸਰਕਾਰ ਅੰਨਦਾਤੇ ਦੀ ਸਾਰ ਲਏ  ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 2 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਪਿਛਲੇ 38 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ, ਨੂੰ ਇਲਾਜ ਲਈ ਜਬਰੀ ਹਸਪਤਾਲ ਭਰਤੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਸ ਬਾਬਤ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਭੇਜੇ ‘ਖੇਤੀ ਮੰਡੀ ਨੀਤੀ’ ਦੇ ਖਰੜੇ ਨੂੰ ਵੀ ਪੂਰਨ ਤੌਰ ’ਤੇ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜ਼ਿੱਦ ਛੱਡ ਕੇ ਅੰਨਦਾਤੇ ਦੀ ਸਾਰ ਲੈਣ ਅਤੇ ਗੱਲਬਾਤ ਤੋਂ ਭੱਜਣ ਦੀ ਥਾਂ ਸੰਵਾਦ ਲਈ ਪਹਿਲ ਕਰਨ।

Advertisement

Advertisement

ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਸੁਪਰੀਮ ਕੋਰਟ ਦਾ ਫ਼ੈਸਲਾ ਸਿਰ ਮੱਥੇ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਫ਼ਿਕਰਮੰਦ ਹੈ, ਪਰ ਉਹ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਨਾਲ ਕਿਸਾਨ ਤੇ ਪੁਲੀਸ ਆਪਸ ’ਚ ਹੀ ਉਲਝਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਕਿਸਾਨਾਂ ਤੇ ਕੇਂਦਰ ਦਰਮਿਆਨ ਪੁਲ ਦਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡੱਲੇਵਾਲ ਨੂੰ ਚੁੱਕਣ ਵਾਸਤੇ ਏਅਰ ਐਂਬੂਲੈਂਸ ਅਤੇ ਕੇਂਦਰੀ ਬਲ ਤਾਂ ਭੇਜਣ ਦੀ ਗੱਲ ਕਰ ਰਹੀ ਹੈ, ਪਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਕੇਂਦਰ ਨਾਲ ਸਬੰਧਤ ਹਨ ਅਤੇ ਕਿਸਾਨਾਂ ਨੂੰ ਸ਼ੰਭੂ ਖਨੌਰੀ ਬਾਰਡਰ ’ਤੇ ਹਰਿਆਣਾ ਸਰਕਾਰ ਹੀ ਰੋਕ ਰਹੀ ਹੈ। ਮੁੱਖ ਮੰਤਰੀ ਨੇ 30 ਦਸੰਬਰ ਦੇ ‘ਪੰਜਾਬ ਬੰਦ’ ਦੇ ਹਵਾਲੇ ਨਾਲ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਕਦਮ ਨਾ ਚੁੱਕਣ ਜਿਸ ਨਾਲ ਆਮ ਲੋਕ ਤੰਗ ਪ੍ਰੇਸ਼ਾਨ ਹੋਣ। ਉਨ੍ਹਾਂ ਕਿਹਾ ਕਿ ‘ਪੰਜਾਬ ਬੰਦ’ ਨਾਲ ਸੂਬਾ ਸਰਕਾਰ ਨੂੰ ਸੌ ਕਰੋੜ ਦਾ ਘਾਟਾ ਪਿਆ ਹੈ।

ਮੁੱਖ ਮੰਤਰੀ ਨੇ ਡੱਲੇਵਾਲ ਨਾਲ ਫੋਨ ’ਤੇ ਗੱਲ ਕੀਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਸਾਨ ਆਗੂ ਨੂੰ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਜਾਣੂ ਕਰਾਇਆ। ਮੁੱਖ ਮੰਤਰੀ ਨੇ ਡੱਲੇਵਾਲ ਨੂੰ ਆਪਣੀ ਸਿਹਤ ਖ਼ਤਰੇ ਵਿਚ ਨਾ ਪਾਉਣ ਦੀ ਅਪੀਲ ਕੀਤੀ ਹੈ।

ਭਾਜਪਾ ਵੱਲੋਂ ਮੁੱਖ ਮੰਤਰੀ ’ਤੇ ਪਲਟਵਾਰ

ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੂਬਾ ਸਰਕਾਰ ਦੀ ਹੈ ਅਤੇ ਪੰਜਾਬ ਸਰਕਾਰ ਇਸ ’ਤੇ ਰਾਜਨੀਤੀ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਤਰੁਨ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਦੇ ਮਾਮਲੇ ’ਤੇ ਆਪਣੀ ਜ਼ਿੰਮੇਵਾਰੀ ਸਮਝੇ।

Advertisement
Author Image

Advertisement