ਮਹਿਕਾਂ ਬਿਖੇਰਦਾ ਗੁਲਾਬ ਮੇਲਾ ਸ਼ੁਰੂ
ਮੁਕੇਸ਼ ਕੁਮਾਰ
ਚੰਡੀਗੜ੍ਹ, 23 ਫਰਵਰੀ
ਰੰਗ-ਬਿਰੰਗੇ ਗੁਲਾਬ ਦੇ ਫੁੱਲਾਂ ਦੀ ਮਹਿਕ ਬਿਖੇਰਦਾ 52ਵਾਂ ਗੁਲਾਬ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ। ਇੱਥੋਂ ਦੇ ਸੈਕਟਰ-16 ਸਥਿਤ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿੱਚ ਸ਼ੁਰੂ ਹੋਏ ਇਸ ‘ਜ਼ੀਰੋ ਵੇਸਟ’ ਗੁਲਾਬ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ। ਇਸ ਤਿੰਨ ਰੋਜ਼ਾ ਗੁਲਾਬ ਮੇਲੇ ਦਾ ਮੀਡੀਆ ਪਾਰਟਨਰ ‘ਦਿ ਟ੍ਰਿਬਿਊਨ’ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕਲਾਤਮਕ ਢੰਗ ਨਾਲ ਤਿਆਰ ਕੀਤਾ ‘ਡੂ ਇਟ ਯੂਅਰਸੈਲਫ’ ਪੈਂਫਲਿਟ ਵੀ ਜਾਰੀ ਕੀਤਾ ਗਿਆ। ਇਸ ਵਿਚ ਨਾਗਰਿਕਾਂ ਨੂੰ ਘਰ ਵਿਚ ਹੀ ਗੁਲਾਬ ਉਗਾਉਣ ਬਾਰੇ ਜਾਣਕਾਰੀ ਦਿੱਤੀ ਗਈ। ਐਤਵਾਰ 25 ਫਰਵਰੀ ਤੱਕ ਜਾਰੀ ਰਹਿਣ ਵਾਲੇ ਇਸ ਮੇਲੇ ਲਈ ਕਰੀਬ 46 ਏਕੜ ਵਿੱਚ ਫੈਲੇ ਰੋਜ਼ ਗਾਰਡਨ ਵਿੱਚ ਵੱਖ ਵੱਖ 829 ਕਿਸਮਾਂ ਦੇ ਗੁਲਾਬ ਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਸਜਾਇਆ ਗਿਆ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਦੇ ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਮੇਲੇ ਖ਼ਾਸ ਕਰ ‘ਜ਼ੀਰੋ ਵੇਸਟ’ ਲਈ ਨਿਗਮ ਦੇ ਬਾਗ਼ਬਾਨਾਂ ਅਤੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਦਘਾਟਨ ਮੌਕੇ ਬੋਲਦਿਆਂ ਮੁੱਖ ਮਹਿਮਾਨ ਬਨਵਾਰੀ ਲਾਲ ਪੁਰੋਹਿਤ ਨੇ ਸ਼ਾਨਦਾਰ ਗੁਲਾਬ ਮੇਲੇ ਦੇ ਪ੍ਰਬੰਧ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ਹਿਰ ਦੇ ਪਾਰਕਾਂ ਦੀ ਮਨਮੋਹਕ ਸੁੰਦਰਤਾ ਦੇ ਪਿੱਛੇ ਨਿਗਮ ਦੇ ਬਾਗ਼ਬਾਨੀ ਵਿਭਾਗ ਦੇ ਮਾਲੀਆਂ ਨੂੰ ਨਾਇਕ ਦੱਸਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਪਿਛਲੇ ਤੀਹ ਸਾਲਾਂ ਤੋਂ ਕਈ ਮਾਮਲਿਆਂ ’ਚ ਪਛੜ ਗਿਆ ਹੈ, ਜਿਸ ਨੂੰ ਸੁਧਾਰਨ ਲਈ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਨਿਗਮ ਵੱਲੋਂ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਇਸ ਸਾਲਾਨਾ ਗੁਲਾਬ ਮੇਲੇ ਦਾ ਆਨੰਦ ਮਾਣਨ ਲਈ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲਗਾਤਾਰ ਦੂਜੇ ਸਾਲ ਇਸ ਮੇਲੇ ਨੂੰ ਨਗਰ ਨਿਗਮ ਵੱਲੋਂ ‘ਜ਼ੀਰੋ ਵੇਸਟ’ ਪਹਿਲਕਦਮੀ ਵਿੱਚ ਬਦਲ ਦਿੱਤਾ ਗਿਆ ਹੈ।
ਇਸ ਗੁਲਾਬ ਮੇਲੇ ਦੇ ਤਿੰਨੇ ਦਿਨ ਸੰਗੀਤਕ ਸ਼ਾਮਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਅੱਜ ਗੁਲਾਬ ਮੇਲੇ ਦੇ ਪਹਿਲੇ ਦਿਨ ਸੰਗੀਤਕ ਸ਼ਾਮ ਵਿੱਚ ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਅਤੇ ਐੱਸ ਦੇ ਲਾਈਵ ਬੈਂਡ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਸਥਾਨਕ ਸਰਕਾਰਾਂ ਦੇ ਸਕੱਤਰ ਨਿਤਿਨ ਕੁਮਾਰ ਯਾਦਵ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਖੇਤਰੀ ਕੌਂਸਲਰ ਸੌਰਭ ਜੋਸ਼ੀ ਅਤੇ ਹੋਰ ਕੌਂਸਲਰ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਕਿਰਨ ਖੇਰ ਵੱਲੋਂ ਲੋਕ ਸਭਾ ਚੋਣਾਂ ਨਾ ਲੜਨ ਦੇ ਸੰਕੇਤ
ਇੱਥੇ ਗੁਲਾਬ ਮੇਲੇ ਦੌਰਾਨ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੇ ਭਾਸ਼ਣ ਦੌਰਾਨ ਗੁਲਾਬ ਮੇਲੇ ਨਾਲ ਆਪਣੇ ਖ਼ਾਸ ਲਗਾਅ ਤੇ ਇਸ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਚੰਡੀਗੜ੍ਹ ਦੀ ਲੋਕ ਸਭਾ ਸੀਟ ਬਾਰੇ ਅਸਿੱਧੇ ਤੌਰ ’ਤੇ ਆਪਣਾ ਦਰਦ ਵੀ ਬਿਆਨ ਕੀਤਾ। ਇਹ ਵੀ ਚਰਚਾ ਹੈ ਕਿ ਅੱਜ ਇੱਥੇ ਦਿੱਤੇ ਭਾਸ਼ਣ ਤੋਂ ਬਾਅਦ ਕਿਰਨ ਖੇਰ ਨੇ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣ ਲੜਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਮੇਲੇ ਦੇ ਪਹਿਲੇ ਦਿਨ ਉਦਘਾਟਨ ਮੌਕੇ ਆਪਣੇ ਭਾਸ਼ਣ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਇੱਥੇ ਲਗਾਤਾਰ ਦਸ ਸਾਲਾਂ ਤੋਂ ਬਤੌਰ ਸੰਸਦ ਮੈਂਬਰ ਮੇਲੇ ਵਿੱਚ ਆਉਂਦੇ ਰਹੇ ਹਨ ਪਰ ਹੋ ਸਕਦਾ ਹੈ ਕਿ ਅਗਲੇ ਸਾਲ ਇਸ ਮੇਲੇ ਵਿੱਚ ਇਸ ਤਰ੍ਹਾਂ ਆਉਣ ਦਾ ਮੌਕਾ ਨਾ ਮਿਲੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ’ਤੇ ਇਸ ਗੁਲਾਬ ਮੇਲੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਨਿਗਮ ਦੇ ਬਾਗ਼ਬਾਨੀ ਵਿਭਾਗ ਸਣੇ ਨਿਗਮ ਦੇ ਇੰਜਨੀਅਰ ਵਿਭਾਗ ਅਤੇ ਨਿਗਮ ਕਮਿਸ਼ਨਰ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਨੇ ਸ਼ਹਿਰ ਦੇ ਨਵਨਿਯੁਕਤ ਮੇਅਰ ਕੁਲਦੀਪ ਕੁਮਾਰ ਟੀਟਾ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸੰਸਦ ਮੈਂਬਰ ਦਾ ਦਾ ਨਾਮ ਨਹੀਂ ਲਿਆ। ਸ੍ਰੀਮਤੀ ਖੇਰ ਨੇ ਕਿਹਾ ਕਿ ਮੇਅਰ ਜਨਤਕ ਸਮਾਗਮਾਂ ਵਿੱਚ ਪ੍ਰੋਟੋਕਾਲ ਦਾ ਧਿਆਨ ਰੱਖਣ।