ਅਨਿਲ ਵਿੱਜ ਨੇ ਵਿਧਾਇਕ ਨਿਰਮਲ ਸਿੰਘ ਦਾ ਹਾਲ-ਚਾਲ ਪੁੱਛਿਆ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਨਵੰਬਰ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਅੰਬਾਲਾ ਸ਼ਹਿਰ ਦੇ ਵਿਧਾਇਕ ਨਿਰਮਲ ਸਿੰਘ ਦਾ ਹਾਲ-ਚਾਲ ਜਾਣਿਆ। ਨਿਰਮਲ ਸਿੰਘ ਦਾ ਵੀਰਵਾਰ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪ੍ਰੇਸ਼ਨ ਹੋਇਆ ਸੀ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਬਾਸਕਟਬਾਲ ਖੇਡਦੇ ਹੋਏ ਡਿੱਗ ਪਏ ਸਨ ਅਤੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਸੀ। ਆਪ੍ਰੇਸ਼ਨ ਦੀ ਸੂਚਨਾ ਮਿਲਦਿਆਂ ਹੀ ਸ੍ਰੀ ਵਿੱਜ ਮੁਹਾਲੀ ਦੇ ਹਸਪਤਾਲ ਪਹੁੰਚੇ ਅਤੇ ਆਈਸੀਯੂ ਵਿਚ ਨਿਰਮਲ ਸਿੰਘ ਨਾਲ ਮੁਲਾਕਾਤ ਕਰਕੇ ਹਾਲ ਚਾਲ ਜਾਣਿਆ। ਇਸ ਦੌਰਾਨ ਵਿੱਜ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਹ ਜਾਣਕਾਰੀ ਨਿਰਮਲ ਸਿੰਘ ਦੀ ਬੇਟੀ ਚਿਤਰਾ ਸਰਵਾਰਾ ਦੇ ਨਿੱਜੀ ਸਕੱਤਰ ਨਿਤਿਨ ਭਾਟੀਆ ਨੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਚੌਧਰੀ ਨਿਰਮਲ ਸਿੰਘ ਦੀ ਰਿਹਾਇਸ਼ ਮੰਤਰੀ ਅਨਿਲ ਵਿੱਜ ਦੇ ਅੰਬਾਲਾ ਕੈਂਟ ਵਿਧਾਨ ਸਭਾ ਹਲਕੇ ਵਿੱਚ ਪੈਂਦੀ ਹੈ। ਦੋਵੇਂ ਆਗੂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਚੁੱਕੇ ਹਨ ਅਤੇ ਨਿਰਮਲ ਸਿੰਘ ਦੀ ਧੀ ਚਿਤਰਾ ਸਰਵਾਰਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵਿੱਜ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।