ਕਸੋਲ ਦੀਆਂ ਰਮਣੀਕ ਵਾਦੀਆਂ
ਅਮਰਬੀਰ ਸਿੰਘ ਚੀਮਾ
ਗਰਮੀ ਦੀਆਂ ਛੁੱਟੀਆਂ ਵਿੱਚ ਮੈਨੂੰ ਆਪਣੇ ਤੇ ਆਪਣੇ ਇੱਕ ਦੋਸਤ ਦੇ ਪਰਿਵਾਰ ਨਾਲ ਮਣੀਕਰਨ ਸਾਹਿਬ ਅਤੇ ਕੁੱਲੂ-ਮਨਾਲੀ ਵਿਖੇ ਘੁੰਮਣ ਜਾਣ ਦਾ ਮੌਕਾ ਮਿਲਿਆ। ਪਹਾੜਾਂ ਦੁਆਲੇ ਸੱਪਾਂ ਵਾਂਗ ਵਲ-ਵਲੇਵੇਂ ਖਾਂਦੀਆਂ ਉੱਚੀਆਂ-ਨੀਵੀਆਂ ਸੜਕਾਂ। ਸੜਕ ਦੇ ਇੱਕ ਪਾਸੇ ਆਸਮਾਨ ਛੂੰਹਦੀਆਂ ਚੋਟੀਆਂ ਤੇ ਦੂਜੇ ਪਾਸੇ ਡੂੰਘੀ ਬਰਫ਼ੀਲੀ ਨਦੀ। ਜਿੱਥੇ ਕਦੇ ਅਚਾਨਕ ਧੁੱਪ ਨਿਕਲਦੀ ਹੈ ਤੇ ਅਗਲੇ ਹੀ ਪਲ ਆਸਮਾਨ ਕਾਲੇ ਬੱਦਲਾਂ ਨਾਲ ਭਰ ਜਾਂਦਾ ਹੈ। ਮਿੰਟਾਂ-ਸਕਿੰਟਾਂ ਵਿੱਚ ਹੀ ਮੋਹਲ਼ੇਧਾਰ ਮੀਂਹ ਸ਼ੁਰੂ ਹੋ ਜਾਂਦਾ ਹੈ। ਸੁੰਦਰ ਨਗਰ ਸਿਰਫ਼ ਨਾਂ ਦਾ ਹੀ ਸੁੰਦਰ ਨਹੀਂ, ਅਸਲ ਵਿੱਚ ਵੀ ਬਹੁਤ ਹੀ ਸੋਹਣਾ ਸ਼ਹਿਰ ਹੈ। ਸੌ ਕੁ ਕਿਲੋਮੀਟਰ ਪਹਾੜੀ ਰਸਤੇ ਤੋਂ ਬਾਅਦ ਇਕਦਮ ਮੈਦਾਨੀ ਇਲਾਕਾ ਆ ਜਾਂਦਾ ਹੈ ਜਿੱਥੇ ਨਦੀ ਵੀ ਪੱਕੀ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ। ਸੜਕ ਦੇ ਨਾਲ-ਨਾਲ ਨੀਲੇ ਰੰਗ ਦਾ ਵਗਦਾ ਠੰਢਾ ਪਾਣੀ ਦੇਖ ਕੇ ਮਨ ਨੂੰ ਵੀ ਠੰਢਕ ਪਹੁੰਚਦੀ ਹੈ। ਸੁੰਦਰ ਨਗਰ ਤੋਂ ਮੰਡੀ ਹੁੰਦੇ ਹੋਏ ਭੁੰਤਰ ਤੋਂ ਸੱਜੇ ਪਾਸੇ ਮੋੜ ਮੁੜ ਕੇ ਕੋਈ ਤੀਹ-ਪੈਂਤੀ ਕਿਲੋਮੀਟਰ ਦੀ ਦੂਰੀ ’ਤੇ ਪਾਰਬਤੀ ਨਦੀ ਦੇ ਬਿਲਕੁਲ ਕਿਨਾਰੇ ’ਤੇ ਸੁਸ਼ੋਭਿਤ ਹੈ ਗੁਰਦੁਆਰਾ ਮਣੀਕਰਨ ਸਾਹਿਬ। ਇੱਕ ਪਾਸੇ ਗੁਰਦੁਆਰੇ ਚੱਲ ਰਹੇ ਕੀਰਤਨ ਦਾ ਰਸ ਤੇ ਦੂਜੇ ਪਾਸੇ ਪਾਰਬਤੀ ਨਦੀ ਦੇ ਪਾਣੀ ਦਾ ਸ਼ੋਰ ਅਤੇ ਤੇਜ਼ ਵਹਿੰਦੇ ਪਾਣੀ ਵਿੱਚੋਂ ਉੱਪਰ ਪਹਾੜੀਆਂ ਵੱਲ ਉੱਠਦਾ ਭਾਫ਼ਨੁਮਾ ਪਾਣੀ ਦੇਖ ਕੇ ਕਿਸੇ ਕਾਲਪਨਿਕ ਦੁਨੀਆ ’ਚ ਹੋਣ ਦਾ ਭੁਲੇਖਾ ਪੈਂਦਾ ਹੈ। ਪਹਾੜੀ ਦ੍ਰਿਸ਼ ਦੇਖਦਿਆਂ ਸਫ਼ਰ ਦੀ ਥਕਾਵਟ ਤਾਂ ਮਾਮੂਲੀ ਜਿਹੀ ਹੀ ਸੀ। ਗੁਰਦੁਆਰੇ ਮੱਥਾ ਟੇਕ ਕੇ ਅਤੇ ਸਰੋਵਰ ਵਿੱਚ ਗਰਮ ਪਾਣੀ ਨਾਲ ਇਸ਼ਨਾਨ ਕਰਕੇ ਸਾਰੀ ਥਕਾਵਟ ਉਤਰ ਗਈ ਤੇ ਮਨ ਤਰੋ-ਤਾਜ਼ਾ ਹੋ ਗਿਆ।
ਗੁਰਦੁਆਰੇ ਦਰਸ਼ਨ ਕਰਨ ਤੋਂ ਬਾਅਦ ਵਾਪਸੀ ਰਸਤੇ ਕੁਦਰਤ ਵੱਲੋਂ ਬਣਾਈ ਹੋਈ ਅਲੌਕਿਕ ਧਰਤੀ ਕਸੋਲ ਵਿਖੇ ਮਨ ਨੂੰ ਅਥਾਹ ਸਕੂਨ ਮਿਲਿਆ। ਛੋਟੀ ਜਿਹੀ ਸੜਕ ’ਤੇ ਛੋਟੇ-ਛੋਟੇ ਢਾਬੇ ਤੇ ਰਹਿਣ ਲਈ ਹੋਟਲਾਂ ਤੋਂ ਇਲਾਵਾ ਸਥਾਨਕ ਲੋਕਾਂ ਨੇ ਘਰਾਂ ਵਿੱਚ ਹੀ ਸੈਲਾਨੀਆਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੋ ਉਨ੍ਹਾਂ ਦੀ ਕਮਾਈ ਦਾ ਇੱਕ ਸਾਧਨ ਹੈ। ਉੱਥੋਂ ਦੇ ਜ਼ਿਆਦਾਤਰ ਲੋਕ ਸਕੂਨ ਤੇ ਸ਼ਾਂਤੀ ਭਰੀ ਜ਼ਿੰਦਗੀ ਜਿਊਂਦੇ ਹਨ। ਉਨ੍ਹਾਂ ਨੂੰ ਕਿਸੇ ਕੰਮ ਦੀ ਕੋਈ ਕਾਹਲੀ ਨਹੀਂ ਜਾਂ ਕਹਿ ਲਈਏ ਕਿ ਉਹ ਹਰ ਕੰਮ ਮਸਤੀ ਵਿੱਚ ਕਰਦੇ ਹਨ। ਸਥਾਨਕ ਲੋਕਾਂ ਅਤੇ ਭਾਰਤੀ ਸੈਲਾਨੀਆਂ ਤੋਂ ਇਲਾਵਾ ਉੱਥੇ ਵਿਦੇਸ਼ੀ ਨਾਗਰਿਕਾਂ ਦੀ ਵੀ ਸਾਰਾ ਸੀਜ਼ਨ ਭਰਮਾਰ ਰਹਿੰਦੀ ਹੈ। ਵਿਦੇਸ਼ੀ ਸੈਲਾਨੀਆਂ ਕਰ ਕੇ ਉੱਥੇ ਅਲੱਗ ਹੀ ਖੁੱਲ੍ਹਾ-ਡੁੱਲ੍ਹਾ ਮਾਹੌਲ ਬਣਿਆ ਹੋਇਆ ਹੈ। ਉਹ ਲੋਕ ਸਾਰੀ ਗਰਮੀ ਇੱਥੇ ਵਾਦੀਆਂ ਵਿੱਚ ਹੀ ਬਤੀਤ ਕਰਦੇ ਹਨ ਅਤੇ ਸਰਦੀ ਸ਼ੁਰੂ ਹੁੰਦੇ ਹੀ ਆਪਣੇ ਦੇਸ਼ ਪਰਤ ਜਾਂਦੇ ਹਨ। ਕਈ ਵਿਦੇਸ਼ੀ ਸੈਲਾਨੀ ਤਾਂ ਕਸੋਲ ਵਿਖੇ ਵਿਆਹ ਕਰਵਾ ਕੇ ਇੱਥੇ ਪੱਕੇ-ਤੌਰ ’ਤੇ ਹੀ ਵੱਸ ਗਏ ਹਨ। ਇਨ੍ਹਾਂ ਵਿਦੇਸ਼ੀਆਂ ਕਰ ਕੇ ਕਸੋਲ ਇੱਕ ਛੋਟੇ ਜਿਹੇ ਪਹਾੜੀ ਪਿੰਡ ਤੋਂ ਉੱਭਰ ਕੇ ਕੌਮਾਂਤਰੀ ਪੱਧਰ ਦੇ ਸੈਲਾਨੀ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਹੈ। ਛੋਟੇ-ਛੋਟੇ ਢਾਬਿਆਂ ਤੋਂ ਇਲਾਵਾ ਕਸੋਲ ਵਿਖੇ ਇੰਟਰਨੈੱਟ ਕੈਫਿਆਂ ਦੀ ਵੀ ਕਾਫ਼ੀ ਭਰਮਾਰ ਹੈ। ਇੱਥੋਂ ਦੀ ਇੱਕ ਹੋਰ ਖ਼ਾਸ ਗੱਲ ਹੈ ਕਿ ਇੱਥੇ ਆ ਕੇ ਸਾਰੇ ਵਿਦੇਸ਼ੀ ਸੈਲਾਨੀ ਮਰਦ ਔਰਤਾਂ ਬੁਲੇਟ ਮੋਟਰਸਾਈਕਲਾਂ ’ਤੇ ਹੀ ਘੁੰਮਦੇ ਹਨ। ਇੱਥੇ ਇਨ੍ਹਾਂ ਲੋਕਾਂ ਵਿੱਚ ਵਿਚਰ ਕੇ ਕਈ ਸਭਿਆਚਾਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਕੁਦਰਤ ਪ੍ਰੇਮੀਆਂ ਅਤੇ ਕੁਝ ਨਾ ਕੁਝ ਲਿਖਣ ਦੇ ਚਾਹਵਾਨਾਂ ਲਈ ਇਹ ਜਗ੍ਹਾ ਬਹੁਤ ਢੁਕਵੀਂ ਹੈ।
ਇਸ ਤੋਂ ਬਾਅਦ ਅਸੀਂ ਰਸਤੇ ਵਿੱਚ ਰਿਵਰ-ਰਾਫਟਿੰਗ ਪੁਆਇੰਟ, ਪਿਕਨਿਕ ਸਪਾਟ, ਮਨਾਲੀ ਦੀ ਮਾਲ ਰੋਡ ਆਦਿ ਰਮਣੀਕ ਥਾਵਾਂ ’ਤੇ ਰੁਕ-ਰੁਕ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਸੜਕ ਕਿਨਾਰੇ ਆਸਮਾਨ ਛੂੰਹਦੇ ਦਿਓਦਾਰ ਦੇ ਦਰੱਖਤਾਂ ਨੂੰ ਵੇਖਦਿਆਂ ਲੱਗਦਾ ਹੈ ਜਿਵੇਂ ਇਹ ਸੈਲਾਨੀਆਂ ਦਾ ਬਾਹਵਾਂ ਫੈਲਾ ਕੇ ਸਵਾਗਤ ਕਰ ਰਹੇ ਹੋਣ। ਪਿਕਨਿਕ ਸਪਾਟ ਵਿਖੇ ਨਦੀਉਂ ਪਾਰ ਵਾਲੇ ਪਾਸੇ ਸੇਬਾਂ ਦੇ ਵੱਡੇ-ਵੱਡੇ ਹਰੇ-ਭਰੇ ਬਾਗ਼ ਦੇਖ ਕੇ ਮਨ ਉੱਥੇ ਦਾ ਹੀ ਹੋ ਕੇ ਰਹਿ ਗਿਆ। ਮਣੀਕਰਨ ਸਾਹਿਬ ਵਾਲੇ ਪਾਸਿਉਂ ਠਾਠਾਂ ਮਾਰਦੀ ਆਉਂਦੀ ਪਾਰਬਤੀ ਨਦੀ ਅਤੇ ਮਨਾਲੀ ਵੱਲੋਂ ਵਗਦੇ ਬਿਆਸ ਦਰਿਆ ਦਾ ਸੰਗਮ ਦੇਖ ਕੇ ਤਾਂ ਮਨ ਬਾਗ਼ੋ-ਬਾਗ਼ ਹੀ ਹੋ ਗਿਆ। ਇਹ ਸੰਗਮ ਕੁੱਲੂ-ਮਨਾਲੀ ਹਾਈਵੇਅ ਉੱਤੇ ਵਸੇ ਸ਼ਹਿਰ ਭੂੰਤਰ ਵਿਖੇ ਹੁੰਦਾ ਹੈ ਜਿੱਥੇ ਹਵਾਈ-ਜਹਾਜ਼ ਰਾਹੀਂ ਆਉਣ-ਜਾਣ ਲਈ ਸਭ ਤੋਂ ਨੇੜਲਾ ਹਵਾਈ ਅੱਡਾ ਵੀ ਹੈ। ਇਸ ਸੰਗਮ ਵਾਲੇ ਸਥਾਨ ’ਤੇ ਹੀ ਰਿਵਰ-ਰਾਫਟਿੰਗ ਦਾ ਸਫ਼ਰ ਵੀ ਸਮਾਪਤ ਹੁੰਦਾ ਹੈ।
ਰਾਤ ਸਮੇਂ ਮਨਾਲੀ ਦੀ ਮਾਲ ਰੋਡ ਦੀ ਉਚਾਈ ਤੋਂ ਸਾਰਾ ਸ਼ਹਿਰ ਕਿਸੇ ਸੱਜ-ਵਿਆਹੀ ਦੁਲਹਨ ਵਾਂਗ ਸਜਿਆ ਪ੍ਰਤੀਤ ਹੁੰਦਾ ਹੈ। ਇੰਜ ਲੱਗਦਾ ਹੈ ਜਿਵੇਂ ਆਸਮਾਨ ਵਿਚਲੇ ਤਾਰੇ ਤੇ ਪਹਾੜੀ ਘਰਾਂ ਦੀਆਂ ਰੌਸ਼ਨੀਆਂ ਇੱਕ ਜਗ੍ਹਾ ’ਤੇ ਜਾ ਕੇ ਇੱਕ-ਮਿੱਕ ਹੋ ਗਈਆਂ ਹੋਣ। ਉੱਥੋਂ ਦੇ ਲੋਕ ਸੈਲਾਨੀਆਂ ਦੀ ਆਓ-ਭਗਤ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਵੱਖੋ-ਵੱਖਰੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਿਆਂ ਸਾਰੇ ਨਜ਼ਾਰੇ ਕੈਮਰੇ ’ਚ ਸਾਂਭਦੇ ਗਏ।
ਚੌਥੇ ਦਿਨ ਮਨਾਲੀ ਤੋਂ ਵਾਪਸੀ ਸਮੇਂ ਨਾਸ਼ਤਾ ਕਰਨ ਲਈ ਕੌਮੀ ਸ਼ਾਹਰਾਹ ’ਤੇ ਸਥਿਤ ਇੱਕ ਢਾਬੇ ’ਤੇ ਰੁਕ ਗਏ। ਨਾਸ਼ਤੇ ਮਗਰੋਂ ਪੱਚੀ ਕੁ ਕਿਲੋਮੀਟਰ ਥੱਲੇ ਵੱਲ ਆ ਕੇ ਹਰੇ-ਭਰੇ ਤੇ ਮੀਂਹ ਨਾਲ ਭਿੱਜੇ ਦਰੱਖਤਾਂ ਨਾਲ ਭਰੇ ਪਹਾੜਾਂ ਦਰਮਿਆਨ ਹੋਰ ਫ਼ੋਟੋਆਂ ਖਿੱਚਣ ਦੀ ਚਾਹਣਾ ਪੂਰੀ ਕਰਨ ਲਈ ਗੱਡੀ ਰੋਕੀ ਤਾਂ ਦੇਖਿਆ ਕਿ ਕੈਮਰਾ ਤਾਂ ਅਸੀਂ ਢਾਬੇ ’ਤੇ ਹੀ ਭੁੱਲ ਆਏ ਸੀ। ਸਾਰੇ ਜਣੇ ਹੀ ਬੜੇ ਉਦਾਸ ਹੋਏ ਕਿਉਂਕਿ ਕੈਮਰੇ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਸਨ ਉਹ ਪਲ, ਜਿਹੜੇ ਅਸੀਂ ਕੈਮਰੇ ’ਚ ਸਾਂਭੇ ਸਨ। ਹਿਮਾਚਲੀ ਲੋਕ ਆਪਣੀ ਇਮਾਨਦਾਰੀ ਅਤੇ ਠਹਿਰਾਓ ਕਰ ਕੇ ਜਾਣੇ ਜਾਂਦੇ ਹਨ। ਇਸ ਲਈ ਅਸੀਂ ਸੋਚਿਆ ਕਿ ਵਾਪਸ ਉਸੇ ਢਾਬੇ ’ਤੇ ਚੱਲਦੇ ਹਾਂ, ਜੇ ਕਿਸਮਤ ’ਚ ਹੋਇਆ ਤਾਂ ਕੈਮਰਾ ਜ਼ਰੂਰ ਮਿਲ ਜਾਵੇਗਾ, ਨਹੀਂ ਤਾਂ ਫੇਰ ਵਾਪਸ ਆ ਜਾਵਾਂਗੇ।
ਤਕਰੀਬਨ ਪੰਦਰਾਂ ਕੁ ਕਿਲੋਮੀਟਰ ਵਾਪਸੀ ਸਫ਼ਰ ’ਤੇ ਦੇਖਿਆ ਕਿ ਸਾਨੂੰ ਸਾਹਮਣੇ ਤੋਂ ਪੰਜ-ਛੇ ਮੋਟਰ ਸਾਈਕਲਾਂ ’ਤੇ ਸਵਾਰ ਮੁੰਡੇ ਉੱਚੀ-ਉੱਚੀ ਆਵਾਜ਼ਾਂ ਮਾਰ ਰਹੇ ਸਨ। ਅਸੀਂ ਗੱਡੀ ਇੱਕ ਪਾਸੇ ਰੋਕ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਬਿਨਾਂ ਕੁਝ ਪੁੱਛੇ-ਦੱਸੇ ਸਾਨੂੰ ਸਾਡਾ ਕੈਮਰਾ ਫੜਾ ਦਿੱਤਾ। ਗੱਲਬਾਤ ਕਰਦਿਆਂ ਉਨ੍ਹਾਂ ਸਾਨੂੰ ਦੱਸਿਆ ਕਿ ਤੁਹਾਡੇ ਢਾਬੇ ਤੋਂ ਜਾਣ ਤੋਂ ਬਾਅਦ ਮੇਜ਼ ’ਤੇ ਕੈਮਰਾ ਪਿਆ ਦੇਖਿਆ। ਉਹ ਇਹ ਸੋਚ ਕੇ ਕੈਮਰਾ ਨਾਲ ਲੈ ਆਏ ਕਿ ਰਸਤੇ ਵਿੱਚ ਕਿਤੇ ਨਾ ਕਿਤੇ ਤਾਂ ਗੱਡੀ ਰੁਕੇਗੀ ਹੀ ਤੇ ਉਹ ਕੈਮਰਾ ਸਾਨੂੰ ਦੇ ਦੇਣਗੇ। ਫੇਰ ਉਹ ਕਹਿੰਦੇ ਕਿ ਜੇ ਤੁਸੀਂ ਸਾਨੂੰ ਨਾ ਵੀ ਮਿਲਦੇ ਤਾਂ ਘਰ ਜਾ ਕੇ ਅਖ਼ਬਾਰ ’ਚ ਇਸ਼ਤਿਹਾਰ ਦੇਣਾ ਸੀ ਕਿ ਕਿਸੇ ਦਾ ਕੈਮਰਾ ਗੁੰਮ ਹੋ ਗਿਆ ਹੈ।
ਇਮਾਨਦਾਰੀ ਦੀਆਂ ਮਿਸਾਲਾਂ ਤਾਂ ਬਹੁਤ ਸੁਣੀਆਂ ਸਨ, ਪਰ ਆਪ ਅੱਖੀਂ ਦੇਖ ਕੇ ਰੋਮ-ਰੋਮ ਉਨ੍ਹਾਂ ਦਾ ਧੰਨਵਾਦੀ ਹੋ ਗਿਆ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਉਨ੍ਹਾਂ ਨੂੰ ਮਿਲ ਕੇ ਅਸੀਂ ਗੱਡੀ ਪੰਜਾਬ ਵੱਲ ਵਾਪਸ ਮੋੜ ਲਈ। ਰਸਤੇ ਵਿੱਚ ਮਨ ਵਾਰ ਵਾਰ ਇਹੀ ਸੋਚਦਾ ਰਿਹਾ ਕਿ ਸ਼ਾਲਾ, ਰੋਪੜ ਜ਼ਿਲ੍ਹੇ ਦੇ ਉਹ ਨੌਜਵਾਨ ਮੁੰਡੇ ਰੱਜ ਜਵਾਨੀਆਂ ਮਾਣਨ। ਉਨ੍ਹਾਂ ਪੰਜਾਬੀ ਮੁੰਡਿਆਂ ਦੀ ਇਮਾਨਦਾਰੀ ਸਦਕਾ ਅਸੀਂ ਸਾਰੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਪਹੁੰਚ ਗਏ। ਇਸ ਗੱਲ ਦੀ ਵੀ ਖ਼ੁਸ਼ੀ ਹੋਈ ਕਿ ਹਿਮਾਚਲੀ ਲੋਕ ਤਾਂ ਇਮਾਨਦਾਰ ਹੈਗੇ ਹੀ ਹਨ, ਪਰ ਪੰਜਾਬੀਆਂ ਵਿੱਚ ਵੀ ਇਮਾਨਦਾਰੀ ਦੀ ਕੋਈ ਘਾਟ ਨਹੀਂ ਹੈ। ਇਸ ਤਰ੍ਹਾਂ ਸਾਡਾ ਇਹ ਟੂਰ ਯਾਦਗਾਰੀ ਟੂਰ ਬਣ ਗਿਆ। ਜਦੋਂ ਵੀ ਇਸ ਟੂਰ ਦੀਆਂ ਫ਼ੋਟੋਆਂ ਦੇਖਦੇ ਹਾਂ ਤਾਂ ਉਨ੍ਹਾਂ ਮੁੰਡਿਆਂ ਦੀ ਇਮਾਨਦਾਰੀ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ।
ਸੰਪਰਕ: 98889-40211