ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਹਾਕੀ ਦਾ ‘ਸਰਪੰਚ’ ਹਰਮਨਪ੍ਰੀਤ ਸਿੰਘ

06:09 AM Aug 06, 2024 IST

ਨਵਦੀਪ ਸਿੰਘ ਗਿੱਲ

Advertisement

ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣੀ ਸਿਖਰ ਦਾ ਪ੍ਰਦਰਸ਼ਨ ਦਿਖਾ ਰਹੀ ਹੈ ਅਤੇ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਕਪਤਾਨਾਂ ਵਾਲੀ ਖੇਡ ਦਿਖਾਉਂਦਾ ਹੋਇਆ ਟੀਮ ਨੂੰ ਅੱਗੇ ਲੈ ਕੇ ਵਧ ਰਿਹਾ ਹੈ। ਕਬੱਡੀ ਖਿਡਾਰੀਆਂ ਵਾਂਗ ਹਰਮਨਪ੍ਰੀਤ ਸਿੰਘ ਨੂੰ ਓਲੰਪਿਕ ਦੀ ਕੁਮੈਂਟਰੀ ਕਰਨ ਵਾਲੇ ‘ਸਰਪੰਚ’ ਆਖ ਰਹੇ ਹਨ। ਜਿਵੇਂ ਸਰਪੰਚ ਪਿੰਡ ਦਾ ਮੁਖੀ ਹੁੰਦੀ ਹੈ, ਉਵੇਂ ਹੀ ਹਰਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਮੁਖੀ ਹੈ। ਉਹ ਸੁਚੱਜੇ ਤਰੀਕੇ ਨਾਲ ਟੀਮ ਦੀ ਅਗਵਾਈ ਕਰਦਾ ਹੋਇਆ ਜਿੱਥੇ ਡਿਫੈਂਸ ਅਤੇ ਪੈਨਲਟੀ ਕਾਰਨਰ ਰੋਕਣ ਮੌਕੇ ਟੀਮ ਦਾ ਥੰਮ੍ਹ ਬਣਿਆ ਹੋਇਆ ਹੈ ਉਥੇ ਆਪਣੀ ਡਰੈਗ ਫਲਿੱਕ ਅਤੇ ਸਕੂਪ ਨਾਲ ਕੁਆਰਟਰ ਫਾਈਨਲ ਤੱਕ ਸੱਤ ਗੋਲ ਕਰ ਕੇ ਓਲੰਪਿਕ ਖੇਡਾਂ ਦਾ ਸਰਵੋਤਮ ਸਕੋਰਰ ਹੈ। ਬਰਤਾਨੀਆ ਖਿਲਾਫ਼ ਮੈਚ ਵਿੱਚ ਹਰਮਨਪ੍ਰੀਤ ਸਿੰਘ ਨੇ ਔਖੇ ਸਮੇਂ ਟੀਮ ਦਾ ਹੌਸਲਾ ਨਹੀਂ ਡਿੱਗਣ ਦਿੱਤਾ ਅਤੇ ਹਮਲਾਵਰ ਅੰਦਾਜ਼ ਵਿੱਚ ਖੇਡ ਖੇਡੀ।
ਹਰਮਨਪ੍ਰੀਤ ਸਿੰਘ ਪਿਛਲੀਆਂ ਟੋਕੀਓ ਓਲੰਪਿਕਸ ਵਿੱਚ ਟੀਮ ਦਾ ਉਪ ਕਪਤਾਨ ਸੀ ਜਦੋਂ ਟੀਮ ਦੇ ਮੌਜੂਦਾ ਖਿਡਾਰੀ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ 41 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਤਗ਼ਮਾ ਜਿੱਤਿਆ ਸੀ। ਟੋਕੀਓ ਓਲੰਪਿਕਸ ਵਿੱਚ ਹਰਮਨਪ੍ਰੀਤ ਸਿੰਘ ਨੇ ਛੇ ਗੋਲ ਕੀਤੇ ਸਨ ਅਤੇ ਭਾਰਤ ਦਾ ਸਰਵੋਤਮ ਗੋਲ ਸਕਰੋਰ ਸੀ। ਹੁਣ ਤੱਕ ਹਰਮਨਪ੍ਰੀਤ ਦੀ ਹਾਕੀ ਨੇ ਓਲੰਪਿਕ ਖੇਡਾਂ ਵਿੱਚ ਕੁੱਲ 13 ਗੋਲ ਕਰ ਦਿੱਤੇ ਹਨ ਅਤੇ ਉਸ ਦੀ ਜਰਸੀ ਦਾ ਨੰਬਰ ਵੀ 13 ਹੀ ਹੈ। ਟੀਮ ਦੀ ਖੂਬਸੂਰਤੀ ਇਹ ਹੈ ਕਿ ਹਰਮਨਪ੍ਰੀਤ ਸਿੰਘ ਉਸ ਟੀਮ ਦੀ ਅਗਵਾਈ ਕਰ ਰਿਹਾ ਹੈ ਜਿਸ ਵਿੱਚ ਦੋ ਸਾਬਕਾ ਕਪਤਾਨ ਖੇਡ ਰਹੇ ਹਨ। ਮਿਡਫੀਲਡਰ ਮਨਪ੍ਰੀਤ ਸਿੰਘ ਨੇ ਟੋਕੀਓ ਓਲੰਪਿਕਸ ਵਿੱਚ ਕਪਤਾਨੀ ਕੀਤੀ, ਟੀਮ ਦੀ ਮਜ਼ਬੂਤ ਦੀਵਾਰ ਬਣ ਕੇ ਗੋਲਾਂ ਦੀ ਰਾਖੀ ਕਰ ਰਹੇ ਗੋਲਚੀ ਪੀਆਰ ਸ੍ਰੀਜੇਸ਼ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੇ ਕਪਤਾਨ ਸੀ।
ਹਰਮਨਪ੍ਰੀਤ ਸਿੰਘ ਟੀਮ ਦਾ ਡਿਫੈਂਡਰ ਵੀ ਹੈ ਅਤੇ ਮਜ਼ਬੂਤ ਡਰੈਗ ਫਲਿੱਕ ਕਾਰਨ ਪੈਨਲਟੀ ਕਾਰਨਰ ਮੌਕੇ ਟੀਮ ਲਈ ਟਰੰਪ ਕਾਰਡ ਵੀ ਸਾਬਤ ਹੁੰਦਾ ਹੈ। ਉਸ ਦੀ ਦਨਦਨਾਉਂਦੀ ਤੇਜ਼ ਡਰੈਗ ਫਲਿੱਕ ਪੈਨਲਟੀ ਕਾਰਨਰ ਮੌਕੇ ਸਿੱਧਾ ਵਿਰੋਧੀ ਟੀਮ ਦੇ ਗੋਲਾਂ ਵਿੱਚ ਜਾਂਦੀ ਹੈ। ਉਹ ਅੱਜ ਹਰ ਹਾਕੀ ਪ੍ਰੇਮੀ ਦਾ ਹਰਮਨ ਪਿਆਰਾ ਖਿਡਾਰੀ ਬਣ ਗਿਆ ਹੈ। ਆਪਣੇ ਆਦਰਸ਼ ਜੁਗਰਾਜ ਸਿੰਘ ਵਾਂਗ ਖੇਡਦਾ ਹਰਮਨਪ੍ਰੀਤ ਸਿੰਘ ਮਿਡਫੀਲਡ ਤੋਂ ਖੁਦ ਵੀ ਗੇਂਦ ਨੂੰ ਅੱਗੇ ਲਿਜਾ ਕੇ ਭਾਰਤੀ ਫਾਰਵਰਡਾਂ ਦੀ ਮਦਦ ਕਰਦਾ ਰਿਹਾ। ਰਣਨੀਤੀ ਤਹਿਤ ਉਹ ਅੱਗੇ ਵੀ ਖੇਡਦਾ ਹੈ ਜੋ ਭਾਰਤ ਲਈ ਲਾਹੇਵੰਦ ਸਾਬਤ ਹੁੰਦਾ ਹੈ।
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਤਿੰਮੋਵਾਲ ਵਿੱਚ 6 ਜਨਵਰੀ 1996 ਨੂੰ ਸਾਧਾਰਨ ਕਿਸਾਨ ਪਰਿਵਾਰ ਵਿੱਚ ਜਨਮਿਆ ਹਰਮਨਪ੍ਰੀਤ ਸਿੰਘ ਪੈਰਿਸ ਵਿੱਚ ਆਪਣੀ ਤੀਜੀ ਓਲੰਪਿਕਸ ਖੇਡ ਰਿਹਾ ਹੈ। 10 ਸਾਲ ਦੀ ਉਮਰੇ ਹਾਕੀ ਦੀ ਸ਼ੁਰੂਆਤ ਕਰਨ ਵਾਲੇ ਹਰਮਨਪ੍ਰੀਤ ਦਾ ਕਰੀਅਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੋਂ ਸ਼ੁਰੂ ਹੋਇਆ। ਹਰਮਨਪ੍ਰੀਤ ਹੁਣ ਤੱਕ 225 ਕੌਮਾਂਤਰੀ ਮੈਚ ਖੇਡ ਚੁੱਕਾ ਹੈ ਅਤੇ ਕੁੱਲ 188 ਗੋਲ ਕੀਤੇ ਹਨ। ਭਾਰਤ ਵੱਲੋਂ ਗੋਲਾਂ ਕਰਨ ਵਿੱਚ ਉਹ ਧਿਆਨ ਚੰਦ ਅਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉਤੇ ਹੈ। ਚੰਗੀ ਡੀਲ ਡੌਲ ਵਾਲਾ ਇਹ ਖਿਡਾਰੀ ਭਾਰਤੀ ਹਾਕੀ ਦਾ ਭਵਿੱਖ ਹੈ ਜਿਸ ਤੋਂ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਭ ਤੋਂ ਵੱਧ ਗੋਲ ਕਰਨ ਦਾ ਸੋਹੇਲ ਅੱਬਾਸ ਦਾ ਰਿਕਾਰਡ ਤੋੜੇਗਾ।
ਹਰਮਨਪ੍ਰੀਤ ਨੇ 2011 ਵਿੱਚ ਜੂਨੀਅਰ ਭਾਰਤੀ ਹਾਕੀ ਟੀਮ ਵੱਲੋਂ ਸੁਲਤਾਨ ਜੌਹਰ ਕੱਪ ਖੇਡ ਕੇ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। 2016 ਵਿੱਚ ਭਾਰਤ ਦੀ ਜੂਨੀਅਰ ਵਿਸ਼ਵ ਕੱਪ ਜਿੱਤ ਵਿੱਚ ਤਿੰਨ ਗੋਲਾਂ ਨਾਲ ਅਹਿਮ ਯੋਗਦਾਨ ਪਾਉਣ ਵਾਲੇ ਹਰਮਨਪ੍ਰੀਤ ਨੇ ਜੂਨੀਅਰ ਏਸ਼ੀਆ ਕੱਪ ਦੀ ਜਿੱਤ ਵਿੱਚ ਵੀ 14 ਗੋਲ ਕੀਤੇ ਸਨ। ਸੀਨੀਅਰ ਵਰਗ ਵਿੱਚ ਉਸ ਨੇ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ, ਏਸ਼ਿਆਈ ਖੇਡਾਂ ਵਿੱਚ ਸੋਨੇ ਤੇ ਕਾਂਸੀ ਦਾ ਇਕ-ਇਕ ਤਗ਼ਮਾ, ਇਕ ਵਾਰ ਏਸ਼ੀਆ ਕੱਪ ਤੇ ਦੋ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਗ਼ਮਾ, ਚੈਂਪੀਅਨਜ਼ ਟਰਾਫੀ ਵਿੱਚ ਦੋ ਚਾਂਦੀ, ਹਾਕੀ ਵਿਸ਼ਵ ਲੀਗ ਵਿੱਚ ਇਕ ਕਾਂਸੀ ਦਾ ਤਗ਼ਮਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਹਰਮਨਪ੍ਰੀਤ ਸਿੰਘ ਦੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਇਸ ਸਾਲ ਐੱਫਆਈਐੱਚ ਪ੍ਰੋ ਹਾਕੀ ਲੀਗ ਵਿੱਚ ਉਸ ਨੇ 12 ਗੋਲ ਕੀਤੇ। ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ 13 ਗੋਲ ਕੀਤੇ ਜਦੋਂ ਭਾਰਤ ਨੇ ਸੋਨ ਤਗ਼ਮਾ ਜਿੱਤਿਆ। 2018 ਵਿੱਚ ਹੋਈਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ10 ਗੋਲ ਕੀਤੇ ਸਨ ਜਦੋਂ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ 9 ਗੋਲ ਕੀਤੇ। ਪਿਛਲੇ ਸਾਲ ਐੱਫਆਈਐੱਚ ਪ੍ਰੋ ਹਾਕੀ ਲੀਗ ਵਿੱਚ 18 ਗੋਲ ਅਤੇ 2022 ਵਿੱਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ 9 ਗੋਲ ਕੀਤੇ।
ਹਰਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਨੇ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਹਰਮਨਪ੍ਰੀਤ ਸਿੰਘ ਦੀਆਂ ਖੇਡ ਪ੍ਰਾਪਤੀਆਂ ਬਦਲੇ ਸਨਮਾਨ ਕਰਦਿਆਂ ਪੰਜਾਬ ਪੁਲੀਸ ਵਿੱਚ ਡੀਐੱਸਪੀ ਭਰਤੀ ਕੀਤਾ। ਪੈਰਿਸ ਓਲੰਪਿਕਸ ਵਿੱਚ ਹਰਮਨਪ੍ਰੀਤ ਸਿੰਘ ਤੋਂ ਵੱਡੀਆਂ ਆਸਾਂ ਹਨ ਅਤੇ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਟੋਕੀਓ ਵਾਂਗ ਤਗ਼ਮਾ ਵੀ ਜਿੱਤੇਗੀ ਅਤੇ ਤਗ਼ਮੇ ਦਾ ਰੰਗ ਵੀ ਬਦਲੇਗੀ।
ਸੰਪਰਕ: 97800-36216

Advertisement
Advertisement
Advertisement