ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਥਾਵਾਂ ’ਤੇ ਬਣਾਏ ਰਾਹਤ ਕੇਂਦਰ
ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ
ਸੰਗਰੂਰ/ਮੂਨਕ, 13 ਜੁਲਾਈ
ਖਨੌਰੀ ਤੇ ਮੂਨਕ ਇਲਾਕਿਆਂ ਵਿੱਚ ਘੱਗਰ ਦਰਿਆ ’ਚ ਵੱਡੀ ਪੱਧਰ ’ਤੇ ਪਾਣੀ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਘੱਗਰ ਦਾ ਪਾਣੀ ਲਗਾਤਾਰ ਮੂਨਕ ਸ਼ਹਿਰ ਦੇ ਨੇੜੇ ਪਹੁੰਚ ਚੁੱਕਾ ਹੈ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇਲਾਕਾ ਵਾਸੀਆਂ ਨੂੰ ਪਾਣੀ ਤੋਂ ਬਚਾਉਣ ਅਤੇ ਹਰੇਕ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤਿੰਨ ਥਾਵਾਂ ’ਤੇ ਹੜ੍ਹ ਰਾਹਤ ਕੇਂਦਰ ਬਣਾਏ ਗਏ ਹਨ। ਅੱਜ ਸ਼ਾਮ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐੱਸਐੱਸਪੀ ਸੁਰੇਂਦਰ ਲਾਂਬਾ, ਫ਼ੌਜ ਅਤੇ ਐੱਨਡੀਆਰਐੱਫ ਦੇ ਅਧਿਕਾਰੀਆਂ ਸਮੇਤ ਹਮੀਰਗੜ੍ਹ ਵਿਚ ਸਥਾਪਤ ਰਾਹਤ ਕੇਂਦਰ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਾਣੀ ਕਾਰਨ ਫਸਣ ਵਾਲੇ ਲੋਕਾਂ ਨੂੰ ਪੁਲੀਸ, ਫੌਜ ਤੇ ਐੱਨਡੀਆਰਐੱਫ ਦੀ ਮਦਦ ਨਾਲ ਇਨ੍ਹਾਂ ਸੁਰੱਖਿਅਤ ਥਾਵਾਂ ’ਤੇ ਲਿਆਂਦਾ ਜਾਵੇਗਾ ਤੇ ਇਸ ਕੰਮ ਲਈ ਲੋੜੀਂਦੀ ਮੁੱਢਲੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਦਫ਼ਤਰ ਖਨੌਰੀ, ਲੌਰਡ ਸ਼ਿਵਾ ਸਕੂਲ ਹਮੀਰਗੜ੍ਹ ਤੇ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ਵਿੱਚ ਰਾਹਤ ਕੇਂਦਰ ਬਣਾਏ ਗਏ ਹਨ। ਰਾਹਤ ਕੇਂਦਰਾਂ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਆਰਜ਼ੀ ਰਿਹਾਇਸ਼, ਸੁੱਕਾ ਰਾਸ਼ਨ, ਪੀਣਯੋਗ ਪਾਣੀ ਤੇ ਦਵਾਈਆਂ ਸਮੇਤ ਮੈਡੀਕਲ ਸਹਾਇਤਾ ਦੀ ਉਪਲਬਧਤਾ 24 ਘੰਟੇ ਯਕੀਨੀ ਬਣਾਈ ਗਈ ਹੈ। ਲੌਰਡ ਸ਼ਿਵਾ ਸਕੂਲ ਹਮੀਰਗੜ੍ਹ ਵਿੱਚ ਬਣਾਏ ਰਾਹਤ ਕੇਂਦਰ ’ਚ ਘੱਗਰ ਦੇ ਉੱਪਰ ਵਾਲੇ ਪਾਸੇ ਦੇ ਹੋਤੀਪੁਰ ਤੇ ਨਵਾਂਗਾਓਂ ਪਿੰਡਾਂ ਦੇ ਵਸਨੀਕਾਂ ਤੇ ਥੱਲ੍ਹੇ ਵਾਲੇ ਪਾਸੇ ਦੇ ਮੂਨਕ ਸ਼ਹਿਰ, ਸਰਜਨ ਭੈਣੀ, ਭੂੰਦੜ ਭੈਣੀ ਤੇ ਸਲੇਮਗੜ੍ਹ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਬਣਾਏ ਕੇਂਦਰ ਵਿੱਚ ਮੂਨਕ ਸ਼ਹਿਰ ਤੇ ਬਨਾਰਸੀ ਪਿੰਡ ਦੇ ਲੋਕਾਂ ਨੂੰ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਰਾਮਪੁਰ ਗੁੱਜਰਾਂ ਵਿੱਚ ਬਣਾਏ ਕੇਂਦਰ ਵਿੱਚ ਹਾਂਡਾ, ਕੁੱਦਨੀ, ਘਮੂਰ ਘਾਟ, ਗਨੋਟਾ, ਫੂਲਦ ਤੇ ਮਕੌਰੜ ਸਾਹਬਿ ਪਿੰਡਾਂ ਦੇ ਲੋਕਾਂ ਲਈ ਲੋੜੀਂਦੀਆਂ ਸੁਵਿਧਾਵਾਂ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨੂੰ ਕਿਸੇ ਰਾਹਤ ਜਾਂ ਹੋਰ ਲੋੜ ਹੋਵੇ ਤਾਂ ਉਹ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-234196 ’ਤੇ ਸੰਪਰਕ ਕਰ ਸਕਦਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਕੋਈ ਵੀ ਲੋੜ ਹੋਵੇ ਤਾਂ ਉਹ ਪੁਲੀਸ ਵਿਭਾਗ ਦੇ ਕੰਟਰੋਲ ਰੂਮ ਨੰਬਰ 01672-230800 ਜਾਂ 80545-45100 ’ਤੇ ਵੀ ਸੰਪਰਕ ਕਰ ਸਕਦਾ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਤੜਕਸਾਰ ਪਟਿਆਲਾ ਦੀ ਬੜੀ ਨਦੀ ਸਮੇਤ ਜ਼ਿਲ੍ਹੇ ਵਿੱਚ ਪਾਣੀ ਨਾਲ ਨੁਕਸਾਨੇ ਪੁਲਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਤੁਰੰਤ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਾਣੀ ਨਾਲ ਜਿੰਨੇ ਵੀ ਪੁਲ ਨੁਕਸਾਨੇ ਗਏ ਹਨ ਤੇ ਜਨਿ੍ਹਾਂ ਕਰ ਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਨ੍ਹਾਂ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਕੀਤੀ ਜਾ ਰਹੀ ਹੈ।
ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਦੇਵੀਗੜ੍ਹ ਪੁਲ, ਪੁਰਮੰਡੀ ਵਾਲ਼ਾ ਪੁਲ, ਸਿਰਕੱਪੜਾ ਪੁਲ, ਹੰਡਿਆਣਾ ਪੁਲ ਅਤੇ ਪਟਿਆਲਾ ਨੇੜੇ ਰਾਜਪੁਰਾ ਰੋਡ ’ਤੇ ਸਥਿਤ ਬੜੀ ਨਦੀ ਦੇ ਪੁਲ ਦੀ ਮੁਰੰਮਤ ਦਾ ਕੰਮ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪਟਿਆਲਾ ਨਦੀ ਦਾ ਪੁਲ ਨੁਕਸਾਨੇ ਜਾਣ ਕਾਰਨ ਇੱਥੇ ਆਵਜਾਈ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਕਿਉਂਕਿ ਇਹ ਪੁਲ ਪਟਿਆਲਾ ਤੋਂ ਰਾਜਪੁਰਾ, ਚੰਡੀਗੜ੍ਹ ਅਤੇ ਅੰਬਾਲਾ ਵੱਲ ਨੂੰ ਜਾਂਦੀ ਸੜਕ ’ਤੇ ਸਥਿਤ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਵਿਭਾਗ ਆਪਣੀਆਂ ਟੀਮਾਂ ਭੇਜ ਕੇ ਜ਼ਿਲ੍ਹੇ ਦੇ ਸਾਰੇ ਪੁਲਾਂ ਦਾ ਨਿਰੀਖਣ ਕਰਵਾਉਣਾ ਯਕੀਨੀ ਬਣਾਉਣ, ਤਾਂ ਜੋ ਕਮਜ਼ੋਰ ਹੋਏ ਪੁਲਾਂ ਦੀ ਮਜ਼ਬੂਤੀ ਤੁਰੰਤ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਨੁਕਸਾਨੇ ਪੁਲਾਂ ਦੀ ਮੁਰੰਮਤ ਦੇ ਕੰਮਾਂ ’ਤੇ ਲੱਗਣ ਵਾਲੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਉਣ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਤੋਂ ਰਾਜਪੁਰਾ-ਚੰਡੀਗੜ੍ਹ ਜਾਣ ਵਾਲੇ ਰਾਹਗੀਰ ਬੜੀ ਨਦੀ ਨੇੜੇ ਟਰੱਕ ਯੂਨੀਅਨ ਵਾਲੇ ਰਸਤੇ ਦੀ ਵਰਤੋਂ ਨਾ ਕਰਨ। ਇਸ ਤੋਂ ਇਲਾਵਾ ਪਾਤੜਾਂ ਤੋਂ ਖਨੌਰੀ ਜਾਣ ਵਾਲੇ ਮੇਨ ਰਸਤੇ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਖਨੌਰੀ ਪੁਲ ਵੀ ਨੁਕਸਾਨਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਦੇ ਲੋਕ ਘਰਾਂ ਤੋਂ ਬਾਹਰ ਘੱਟੋ-ਘੱਟ ਨਿਕਲਣ ਤਾਂ ਜੋ ਮੁਰੰਮਤ ਦੇ ਕੰਮਾਂ ਨੂੰ ਬਨਿਾਂ ਕਿਸੇ ਦੇਰੀ ਤੋਂ ਜਲਦੀ ਮੁਕੰਮਲ ਕੀਤਾ ਜਾ ਸਕੇ।
ਪਾਣੀ ਉਤਰਨ ਮਗਰੋਂ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਦੇ ਉਪਰਾਲੇ ਸ਼ੁਰੂ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਵਿੱਚ ਆਏ ਹੜ੍ਹਾਂ ਕਾਰਨ ਅਰਬਨ ਅਸਟੇਟ ਸਮੇਤ ਕੁਝ ਹੋਰ ਸ਼ਹਿਰੀ ਕਾਲੋਨੀਆਂ ਵਿੱਚ ਜਿੱਥੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਸੀ, ਉਥੇ ਹੀ ਸ਼ਹਿਰ ਦੇ ਕਈ ਖੇਤਰਾਂ ਵਿੱਚ ਨੀਵੀਆਂ ਥਾਵਾਂ ’ਤੇ ਅਜੇ ਵੀ ਪਾਣੀ ਖੜ੍ਹਾ ਹੈ। ਇਸ ਖੜ੍ਹੇ ਪਾਣੀ ਅਤੇ ਸਾਫ਼-ਸਫ਼ਾਈ ਦੀ ਘਾਟ ਕਾਰਨ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਤਹਿਤ ਨਗਰ ਨਿਗਮ ਅਤੇ ਸਿਹਤ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਵੱਲੋਂ ਸਾਫ਼ ਸਫਾਈ ਸਮੇਤ ਹੋਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਰਾਮਿੰਦਰ ਕੌਰ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਓਆਰਐੱਸ ਦੇ ਪੈਕਟ, ਕਲੋਰੀਨ ਦੀਆਂ ਗੋਲੀਆਂ, ਇਮਿਊਨਿਟੀ ਵਧਾਉਣ ਦੀਆਂ ਗੋਲੀਆਂ, ਪੈਰਾਸਿਟਾਮੋਲ, ਜ਼ਿੰਕ, ਮਲਟੀਵਿਟਾਮਨ ਅਤੇ ਸਿਟਰਾਜ਼ਨਿ ਵਰਗੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸੇਵਾ ਲਈ ਨਿਗਮ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਇੱਕ ਸੈਨੇਟਰੀ ਇੰਸਪੈਕਟਰ ਨਾਲ 20 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਹੜੇ ਕਿ ਦਨਿ-ਰਾਤ ਖਾਲੀ ਪਲਾਟਾਂ ਅਤੇ ਗਲੀਆਂ ਦਾ ਪਾਣੀ ਕੱਢਣ ਲਈ ਲੱਗੇ ਹੋਏ ਹਨ। ਸਫਾਈ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਫੌਗਿੰਗ ਅਤੇ ਸਪਰੇਅ ਸ਼ੁਰੂ ਕਰ ਦਿੱਤੀ ਜਾਏਗੀ ਜਦਕਿ ਪਾਣੀ ਦੀ ਲਪੇਟ ਵਿੱਚ ਆ ਕੇ ਮਰੇ ਡੰਗਰਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਪਾਣੀ ਦੇ ਟੈਂਕਰ ਭਰ ਕੇ ਭੇਜੇ ਜਾ ਰਹੇ ਹਨ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮੜਕਣ ਦਾ ਕਹਿਣਾ ਹੈ ਕਿ ਇਸ ਹੜ੍ਹਾਂ ’ਚ ਮਰੇ ਪਸ਼ੂਆਂ ਦੀਆਂ ਲਾਸ਼ਾਂ ਵੀ ਚੁਕਵਾਈਆਂ ਜਾ ਰਹੀਆਂ ਹਨ, ਤਾਂ ਜੋ ਬਦਬੂ ਕਾਰਨ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲੇ। ਸਟ੍ਰੀਟ ਲਾਈਟਾਂ ਚਾਲੂ ਕਰਵਾਉਣ ਤੋਂ ਇਲਾਵਾ ਫੌਗਿੰਗ ਅਤੇ ਹੋਰ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅਜਿਹੇ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਦੇ ਵਿਧਾੲਿਕ ਅਜੀਤਪਾਲ ਸਿੰਘ ਕੋਹਲੀ ਨੇ ਵੀ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕ ਨੇ ਵੀ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਜ਼ਿਲ੍ਹਾ ਐਪੀਡੋਮੋਲੌਜਿਸਟ ਡਾ. ਸੁਮਿਤ ਸਿੰਘ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜੇ ਤਿੰਨ ਦਨਿਾਂ ਤੱਕ ਸਰਕਾਰੀ ਸਪਲਾਈ ਵਾਲਾ ਪਾਣੀ ਪੀਣ ਲਈ ਨਾ ਵਰਤਿਆ ਜਾਵੇ। ਅਜੇ ਸਰਕਾਰੀ ਟੈਂਕਰਾਂ ਦਾ ਪਾਣੀ ਹੀ ਵਰਤੋਂ ਵਿਚ ਲਿਆਂਦਾ ਜਾਵੇ ਜਾਂ ਫਿਰ ਘਰ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਘਰ ਦੇ ਪਾਣੀ ਦੀ 20 ਲਿਟਰ ਵਾਲੀ ਇਕ ਬਾਲਟੀ ਵਿੱਚ ਕਲੋਰੀਨ ਦੀ ਇਕ ਗੋਲੀ ਪਾ ਕੇ ਵਰਤਿਆ ਜਾਵੇ। ਇਸ ਪਾਣੀ ਨੂੰ 24 ਘੰਟਿਆਂ ਤੋਂ ਵੱਧ ਨਾ ਵਰਤਿਆ ਜਾਵੇ। ਜੇ ਹੋ ਸਕੇ ਤਾਂ ਬੋਤਲ ਵਾਲਾ ਪਾਣੀ ਵਰਤੋਂ ਵਿੱਚ ਲਿਆਂਦਾ ਜਾਵੇ। ਸਰਕਾਰੀ ਪਾਣੀ ਅਜੇ ਕੱਪੜੇ ਧੋਣ, ਨਹਾਉਣ ਜਾਂ ਹੋਰ ਕੰਮਾਂ ਲਈ ਹੀ ਵਰਤਿਆ ਜਾ ਸਕਦਾ ਹੈ। ਤਿੰਨ ਦਨਿਾਂ ਤੱਕ ਪਾਣੀ ਆਉਣ ਨਾਲ ਪਾਈਪਾਂ ਸਾਫ ਹੋ ਜਾਣਗੀਆਂ। ਉਸ ਤੋਂ ਬਾਅਦ ਇਹ ਪਾਣੀ ਪੀਣ ਯੋਗ ਹੋ ਜਾਏਗਾ। ਇਸ ਤਰਾਂ ਲੀਕੇਜ ਵੀ ਬੰਦ ਹੋ ਜਾਏਗੀ।
ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰੇ ਸਰਕਾਰ: ਅਰਵਿੰਦ ਖੰਨਾ
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਮੰਗ ਕੀਤੀ ਹੈ ਕਿ ਹੜ੍ਹ ਪੀੜਤਾਂ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਨੂੰ ਫੌਰੀ ਤੌਰ ’ਤੇ ਕਦਮ ਚੁੱਕਣੇ ਚਾਹੀਦੇ ਹਨ। ਅੱਜ ਸੰਗਰੂਰ ਜ਼ਿਲ੍ਹੇ ਦੇ ਬਲਾਕ ਮੂਨਕ, ਲਹਿਰਾਗਾਗਾ ਦੇ ਪਿੰਡ ਫੂਲੜ ਅਤੇ ਮਕਰੌੜ ਸਾਹਬਿ ਦੇ ਨੇੜੇ ਘੱਗਰ ’ਚ ਪਏ ਪਾੜ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਸ੍ਰੀ ਖੰਨਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ 1000 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੇ ਨਾਲ-ਨਾਲ ਸਰਕਾਰ ਨੂੰ ਬਾਕੀ ਹੜ੍ਹ ਪੀੜਤ ਲੋਕਾਂ ਦੀ ਭਲਾਈ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾੜ ਜਲਦੀ ਪੂਰ ਕੇ ਹੋਰ ਇਲਾਕੇ ਅਤੇ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਦੀ ਲੋੜ ਹੈ। ਭਾਜਪਾ ਆਗੂ ਨੇ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਪਹਿਲਾ ਫਰਜ਼ ਹੁੰਦਾ ਹੈ। ਇਸ ਲਈ ਸਰਕਾਰ ਇਸ ਮਸਲੇ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਵੇ।