ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

1984 ਦੀਆਂ ਪੀੜਤ ਕੌਰਾਂ ਦੀ ਗਾਥਾ

07:05 AM Jul 28, 2024 IST
ਮਨਮੋਹਨ

ਚਾਲ਼ੀ ਸਾਲ ਬੀਤ ਜਾਣ ’ਤੇ ਵੀ ਸੰਨ ਚੁਰਾਸੀ ’ਚ ਹੋਏ ਅਪਰੇਸ਼ਨ ਬਲਿਊ ਸਟਾਰ ਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖ ਵਿਰੋਧੀ ਹਿੰਸਾ ’ਚ ਸਿੱਖ ਔਰਤਾਂ ਨਾਲ ਵਾਪਰੀਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਾ ਬਿਰਤਾਂਤ ਸਨਮ ਸੁਤੀਰਥ ਵਜ਼ੀਰ ਨੇ ਸਾਲ ਦੋ ਹਜ਼ਾਰ ਚੌਵੀ ਵਿੱਚ ਪ੍ਰਕਾਸ਼ਿਤ ਹੋਈ ਆਪਣੀ ਚੌਥੀ ਪੁਸਤਕ ‘The Kaurs of 1984’ ਵਿੱਚ ਪੇਸ਼ ਕੀਤਾ ਹੈ। ਇਹ ਖੋਜ ਕਾਰਜ ਉਸ ਨੂੰ ਐਮਨੈਸਟੀ ਇੰਟਰਨੈਸ਼ਲ ਨੇ ਸਾਲ 2014 ਵਿੱਚ ਦਿੱਤਾ ਸੀ।
ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸਨਮ ਮਨੁੱਖੀ ਅਧਿਕਾਰਾਂ ਦਾ ਪ੍ਰਤੀਬੱਧ ਵਕੀਲ ਤੇ ਸਮਰਪਿਤ ਸਮਰਥਕ ਹੈ। ਵੱਡੇ ਪੱਧਰ ’ਤੇ ਹੋਈਆਂ ਹਿੰਸਕ ਘਟਨਾਵਾਂ ਅਤੇ ਅਣਇਤਿਹਾਸਕ ਬੇਇਨਸਾਫ਼ੀਆਂ ਦੇ ਮੌਖਿਕ ਇਤਿਹਾਸ ਦੁਆਰਾ ਦਸਤਾਵੇਜ਼ੀਕਰਨ ਨਾਲ ਉਸ ਦਾ ਨਾਂ ਬੜੇ ਡੂੰਘੇ ਢੰਗ ਨਾਲ ਜੁੜਿਆ ਹੋਇਆ ਹੈ। ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਹੱਕ ’ਚ ਨਿਆਂ ਦਾ ਪੱਖ ਪੂਰ ਕੇ ਉਹ ਪੂਰੀ ਦੁਨੀਆ ’ਚ ਲੱਖਾਂ ਲੋਕਾਂ ਦੀ ਹਮਾਇਤ ਪੈਦਾ ਕਰਨ ਵਿੱਚ ਸਫ਼ਲ ਹੋਇਆ ਹੈ।
ਹੁਣ ਤੱਕ ਉਸ ਦੀਆਂ ਤਿੰਨ ਕਿਤਾਬਾਂ ‘An Era of Injustice for the 1984 Sikh Massacre’, ‘The 1984 Sikh Massacre as witnessed by a 15 year old’, ‘The Continuing Injustice of the 1984 Sikh Massacre’ ਐਮਨੈਸਟੀ ਇੰਟਰਨੈਸ਼ਨਲ ਨੇ ਛਾਪੀਆਂ।
ਇਸ ਬਿਰਤਾਂਤ ਦੇ ਦੋ ਪਰਿਪੇਖ ਬਣਦੇ ਹਨ। ਪਹਿਲਾ, ਸਾਕਾ ਨੀਲਾ ਤਾਰਾ ਦੌਰਾਨ ਸਿੱਖ ਔਰਤਾਂ ਵੱਲੋਂ ਆਪਣੇ ਤਨਾਂ ਮਨਾਂ ਉੱਤੇ ਭੋਗਿਆ ਹਿੰਸਾ ਦਾ ਸੰਤਾਪ ਅਤੇ ਦੂਜਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖ ਅੰਗ-ਰੱਖਿਅਕਾਂ ਵੱਲੋਂ ਕਤਲ ਕਰ ਦੇਣ ਮਗਰੋਂ ਦਿੱਲੀ ਅਤੇ ਉੱਤਰੀ ਭਾਰਤ ਦੇ ਵੱਖ ਵੱਖ ਇਲਾਕਿਆਂ ’ਚ ਸਿੱਖਾਂ ਦਾ ਵੱਡੇ ਪੱਧਰ ’ਤੇ ਹੋਇਆ ਕਤਲੇਆਮ। ਪਿਛਲੇ ਸਮਿਆਂ ਵਿੱਚ ਹੋਈਆਂ ਖੋਜਾਂ ਅਤੇ ਤਫ਼ਤੀਸ਼ਾਂ ਵਿੱਚ ਇਸ ਹਿੰਸਾ ਲਈ ਵਰਤੇ ਜਾਂਦੇ ਸ਼ਬਦ ‘ਸਿੱਖ-ਹਿੰਦੂ ਦੰਗੇ’ (Riots) ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਕਿਉਂਕਿ ਦੰਗਿਆਂ ’ਚ ਦੋਵੇਂ ਧਿਰਾਂ ਬਰਾਬਰ ਦੀਆਂ ਹੁੰਦੀਆਂ ਹਨ ਅਤੇ ਬਹੁਤੀ ਵਾਰ ਇਨ੍ਹਾਂ ’ਚ ਬਾਹਰੀ ਸੱਤਾ ਦੀ ਦਖ਼ਲਅੰਦਾਜ਼ੀ ਨਹੀਂ ਹੁੰਦੀ। ਦਿੱਲੀ ਅਤੇ ਹੋਰ ਥਾਈਂ ਵਾਪਰੀ ਸਿੱਖ ਵਿਰੋਧੀ ਹਿੰਸਾ ਵਾਸਤੇ ਸ਼ਬਦ ਨਰਸੰਹਾਰ (Massacre), ਨਸਲਕੁਸ਼ੀ (Genocide) ਤੇ ਮਿੱਥ ਕੇ ਕੀਤਾ ਕਤਲੇਆਮ (Pogrom) ਦੀ ਵਰਤੋਂ ਨੂੰ ਸਹੀ ਠਹਿਰਾਇਆ ਗਿਆ ਹੈ। ਸਨਮ ਨੇ ਸਾਰੇ ਬਿਰਤਾਂਤ ’ਚ ਸਿੱਖਾਂ ਉਪਰ ਹੋਈ ਹਿੰਸਾ ਲਈ ਸ਼ਬਦ ਨਰਸੰਹਾਰ (Massacre) ਦੀ ਵਰਤੋਂ ਕੀਤੀ ਹੈ।

Advertisement

ਦਿੱਲੀ ਦੀ ਤ੍ਰਿਲੋਕਪੁਰੀ ’ਚ ਹਿੰਸਾ ਹੰਢਾਉਣ ਵਾਲੀ ਦਰਸ਼ਨ ਕੌਰ। ਫੋਟੋ: ਸ਼ੋਮ ਬਾਸੂ

ਪਹਿਲੇ ਭਾਗ ‘ਸਾਕਾ ਨੀਲਾ ਤਾਰਾ- ਅਪਰੇਸ਼ਨ ਬਲਿਊ ਸਟਾਰ’ ਵਿੱਚ ਸਨਮ ਨੇ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ (ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਹਮਾਇਤੀ ਸੀ) ਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਜੂਨ ਤੋਂ ਲੈ ਕੇ ਛੇ ਜੂਨ ਤੱਕ ਤਨ, ਮਨ ਅਤੇ ਜ਼ਿਹਨ ਉੱਤੇ ਝੱਲੀ ਹਿੰਸਾ ਦਾ ਵਰਣਨ ਹੈ। ਦੂਜਾ ਵਰਣਨ ਕੁਲਬੀਰ ਕੌਰ ਦਾ ਹੈ, ਜੋ ਅਖੰਡ ਕੀਰਤਨੀ ਜਥੇ ਦੀ ਜਥੇਬੰਦੀ ਅਕਾਲ ਫੈਡਰੇਸ਼ਨ ਨਾਲ ਜੁੜੇ ਕੰਵਰ ਸਿੰਘ ਧਾਮੀ ਦੀ ਰਿਸ਼ਤੇਦਾਰ ਹੈ। ਉਸ ਨੇ ਸਨਮ ਨੂੰ ਸਾਕੇ ਦਾ ਅੱਖੀਂ ਡਿੱਠਾ ਹਾਲ ਬਿਆਨਿਆ। ਤੀਜਾ ਵਰਣਨ ਜਸਮੀਤ ਕੌਰ ਦਾ ਹੈ। ਉਸ ਦਾ ਪਿਤਾ ਪੰਜਾਬ ਪੁਲੀਸ ’ਚ ਸੀਆਈਡੀ ਦਾ ਇੰਸਪੈਕਟਰ ਹੈ। ਉਹ ਸਿੱਖੀ ਸੰਘਰਸ਼ ਦੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਯੁੱਧ ਮੋਰਚੇ ’ਚ ਹਿੱਸਾ ਲੈਂਦੀ ਹੈ। ਚੌਥਾ ਵਰਣਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਦੀ ਧੀ ਹਰਮੀਤ ਕੌਰ ਦਾ ਹੈ ਜੋ ਅਪਰੇਸ਼ਨ ਬਲਿਊ ਸਟਾਰ ਵੇਲੇ ਆਪਣੀ ਮਾਂ ਸਤਵੰਤ ਕੌਰ ਨਾਲ ਸ੍ਰੀ ਹਰਿਮੰਦਰ ਸਾਹਿਬ ’ਚ ਹਾਜ਼ਰ ਸੀ। ਪੰਜਵਾਂ ਵਰਣਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਕੱਤਰ ਰਛਪਾਲ ਸਿੰਘ ਦੀ ਪਤਨੀ ਪ੍ਰੀਤਮ ਕੌਰ ਵੱਲੋਂ ਹੰਢਾਈ ਹਿੰਸਾ ਦਾ ਹੈ ਜਿਸ ਵਿੱਚ ਉਸ ਦਾ ਕੁੱਛੜ ਚੁੱਕਿਆ ਬੇਟਾ ਗੋਲ਼ੀ ਲੱਗਣ ਨਾਲ ਸ਼ਹੀਦ ਹੋ ਗਿਆ। ਛੇਵਾਂ ਵਰਣਨ ਬੀਬੀ ਕਿਰਨਜੋਤ ਕੌਰ ਦਾ ਹੈ ਜੋ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਰਾਜਿੰਦਰ ਕੌਰ ਦੀ ਧੀ ਅਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ। ਇਨ੍ਹਾਂ ਸਾਰੇ ਅੱਖੀ ਡਿੱਠੇ ਅਤੇ ਤਨਾਂ ਮਨਾਂ ’ਤੇ ਭੋਗੇ ਹੋਏ ਵਰਣਨਾਂ ਨੂੰ ਪੜ੍ਹਦਿਆਂ ਕਈ ਵਾਰ ਇੰਝ ਲਗਦਾ ਹੈ ਕਿ ਇਸ ਬਿਰਤਾਂਤ ’ਚ ਸਨਮ ਦੀ ਅਪਰੇਸ਼ਨ ਬਲਿਊ ਸਟਾਰ ਬਾਰੇ ਹੁਣ ਤੱਕ ਕੀਤੀ ਵਿਸਤ੍ਰਿਤ ਖੋਜ ਅਤੇ ਅਧਿਐਨ ਤੋਂ ਬਾਅਦ ਇਕੱਤਰ ਹੋਈ ਸਮੱਗਰੀ ਅਤੇ ਉਸ ਵਿੱਚੋਂ ਉੱਭਰੇ ਤੱਥਾਂ ਤੇ ਤੱਤਾਂ ਦਾ ਪ੍ਰਭਾਵ ਜ਼ਿਆਦਾ ਭਾਰੂ ਰੂਪ ’ਚ ਝਲਕਦਾ ਦਿਸਦਾ ਹੈ।
ਇਸ ਬਿਰਤਾਂਤ ਦਾ ਦੂਜਾ ਹਿੱਸਾ ਸੰਨ ਚੁਰਾਸੀ ਦੀ ਇਕੱਤੀ ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਤੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਹੋਦ ਚਿੱਲੜ ’ਚ ਕਈ ਸਿੱਖ ਔਰਤਾਂ ਜਿਵੇਂ: ਦਿੱਲੀ ਦੀ ਤ੍ਰਿਲੋਕਪੁਰੀ ਦੀ ਦਰਸ਼ਨ ਕੌਰ, ਸੁਲਤਾਨਪੁਰੀ ਦੀ ਸਤਵੰਤ ਕੌਰ, ਰਾਜ ਨਗਰ ਦੀ ਨਿਰਪ੍ਰੀਤ ਕੌਰ ਤੇ ਮੁਖਰਜੀ ਨਗਰ ਦੀ ਨਿਰਮਲ ਕੌਰ ਦੇ ਪਰਿਵਾਰਾਂ ਨਾਲ ਵਾਪਰੀਆਂ ਹਿੰਸਾ, ਬਲਾਤਕਾਰ, ਲੁੱਟਮਾਰ ਤੇ ਅੱਗਜ਼ਨੀ ਦੀਆਂ ਘਟਨਾਵਾਂ ਦਾ ਹਿਰਦੇਵੇਧਕ ਵਰਣਨ ਹੈ। ਇਸ ਦੇ ਨਾਲ ਨਾਲ ਦਿੱਲੀ ਦੀ ਹਿੰਸਾ ਮਗਰੋਂ ਹੋਂਦ ’ਚ ਆਈ ਤਿਲਕ ਨਗਰ ਦੀ ਵਿਧਵਾ ਕਾਲੋਨੀ ਵਿੱਚ ਰਹਿੰਦੀਆਂ ਕਈ ਸਿੱਖ ਔਰਤਾਂ ਨਾਲ ਕੀਤੀਆਂ ਮੁਲਾਕਾਤਾਂ ’ਚ ਬਿਆਨ ਕੀਤੇ ਮਾਰਮਿਕ ਵਰਣਨਾਂ ਨੂੰ ਸਨਮ ਨੇ ਇਸ ਬਿਰਤਾਂਤ ਦਾ ਆਧਾਰ ਬਣਾਇਆ ਹੈ।
ਸਿੱਖ ਵਿਰੋਧੀ ਹਿੰਸਾ ਅਤੇ ਸਿਤਮ ਦੀਆਂ ਸਤਾਈਆਂ ਕੁਝ ਪੜ੍ਹੀਆਂ ਲਿਖੀਆਂ ਔਰਤਾਂ ਆਪਣੀਆਂ ਵਲੂੰਧਰੀਆਂ ਭਾਵਨਾਵਾਂ ਵੱਸ ਸਿੱਖ ਗਰਮਖ਼ਿਆਲੀ ਲਹਿਰ ਦਾ ਵੀ ਹਿੱਸਾ ਬਣ ਗਈਆਂ। ਉਨ੍ਹਾਂ ਵਿੱਚੋਂ ਪਹਿਲੀ ਤਾਂ ਨਿਰਪ੍ਰੀਤ ਕੌਰ ਹੈ ਜੋ ਕੇ.ਸੀ.ਐੱਫ. ’ਚ ਸ਼ਾਮਿਲ ਹੋ ਕੇ ਜਨਰਲ ਵੈਦਿਆ ਨੂੰ ਮਾਰਨ ਵਾਲੇ ਹਰਜਿੰਦਰ ਸਿੰਘ ਜਿੰਦਾ ਨਾਲ ਜਾ ਰਲ਼ੀ। ਉਸ ਨੇ ਖਾੜਕੂ ਰੌਸ਼ਨ ਲਾਲ ਬੈਰਾਗੀ ਨਾਲ ਵਿਆਹ ਵੀ ਕਰਵਾਇਆ। ਨਿਰਪ੍ਰੀਤ ਕੌਰ ਦਾ ਸੰਤਾਪ ਦੂਹਰਾ ਸੀ। ਉਸ ਦਾ ਪਰਿਵਾਰ ਸੰਨ ਸੰਤਾਲੀ ’ਚ ਮਕਬੂਜ਼ਾ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਤੋਂ ਉੱਜੜ ਕੇ ਆਇਆ ਸੀ ਤੇ ਸੰਨ ਚੁਰਾਸੀ ’ਚ ਉਸ ਦੇ ਪਿਤਾ ਨੂੰ ਉਸ ਦੀਆਂ ਅੱਖਾਂ ਮੂਹਰੇ ਜ਼ਿੰਦਾ ਜਲਾ ਦਿੱਤਾ ਗਿਆ। ਸਨਮ ਨੇ ਨਿਰਪ੍ਰੀਤ ਕੌਰ ਦੇ ਹਾਲਾਤ ਦੇ ਬਿਰਤਾਂਤ ਦਾ ਬੜਾ ਮਾਕੂਲ ਸਿਰਲੇਖ ਕਲਮਾਂ ਤੋਂ ਬੰਦੂਕਾਂ (From Pens to Guns) ਦਿੱਤਾ ਹੈ। ਦੂਜਾ ਵਰਣਨ ਬੀ.ਟੀ.ਕੇ.ਐੱਫ ਦੇ ਸਤਨਾਮ ਸਿੰਘ ਛੀਨਾ ਦੀ ਪਤਨੀ ਜਸਮੀਤ ਕੌਰ ਦਾ ਹੈ ਜਿਸ ਨੇ ਆਪਣੀ ਸਾਥਣ ਉਪਕਾਰ ਕੌਰ ਦੀ ਪ੍ਰੇਰਨਾ ਨਾਲ ਗ਼ਰਮਖ਼ਿਆਲੀ ਲਹਿਰ ਦਾ ਹਿੱਸਾ ਬਣ ਕੇ ਬਜ਼ਾਤੇ ਖ਼ੁਦ ਖਾੜਕੂ ਕਾਰਵਾਈਆਂ ’ਚ ਹਿੱਸਾ ਲਿਆ। ਤੀਜਾ ਵਰਣਨ ਕੁਲਬੀਰ ਕੌਰ ਦਾ ਹੈ ਜੋ ਗ਼ਰਮਖ਼ਿਆਲੀ ਕੰਵਰ ਸਿੰਘ ਧਾਮੀ ਦੀ ਰਿਸ਼ਤੇਦਾਰ ਸੀ। ਉਹ ਦੋਵੇਂ ਤਿੰਨ ਵਾਰ ਰਾਵੀ ਪਾਰ ਕਰ ਪਾਕਿਸਤਾਨ ਗਏ ਅਤੇ ਆਖ਼ਰੀ ਵਾਰ ਕੇ.ਸੀ.ਐੱਫ. ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੂੰ ਵੀ ਸਰਹੱਦੋਂ ਪਾਰ ਲੈ ਕੇ ਗਏ। ਕੇ.ਐੱਲ.ਐਫ. ਦੇ ਅਨਾਰ ਸਿੰਘ ਪਾਰਾ ਦੀ ਪਤਨੀ ਹਰਜੀਤ ਕੌਰ ਵੀ ਕਈ ਮਜਬੂਰੀਆਂ ਵੱਸ ਖਾੜਕੂਆਂ ਦੀ ਮਦਦ ਕਰਦੀ ਸੀ। ਬੀ.ਕੇ.ਆਈ. ਦੇ ਮੁਖੀ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਮਹਿਲ ਸਿੰਘ ਬੱਬਰ ਦੀ ਪਤਨੀ ਗੁਰਮੀਤ ਕੌਰ ਅਤੇ ਰੇਸ਼ਮ ਸਿੰਘ ਬੱਬਰ ਦੀ ਪਤਨੀ ਕੁਲਜੀਤ ਕੌਰ ਨਾਲ ਵਾਪਰੀਆਂ ਪੁਲੀਸ ਜ਼ਿਆਦਤੀਆਂ ਦਾ ਵਰਣਨ ਵੀ ਧਿਆਨ ਖਿੱਚਦਾ ਹੈ।
ਦਿੱਲੀ ਦੀ ਵਿਧਵਾ ਕਾਲੋਨੀ ’ਚ ਰਹਿਣ ਵਾਲੀਆਂ ਵਿਧਾਵਾਵਾਂ ਵਿੱਚੋਂ ਸਭ ਤੋਂ ਵੱਧ ਸਿਤਮ ਅਤੇ ਯਾਤਨਾਵਾਂ ਸਹਿਣ ਦਾ ਵਰਣਨ ਦਰਸ਼ਨ ਕੌਰ ਦਾ ਹੈ। ਉਸ ’ਤੇ ਸੱਤਾਧਾਰੀ ਧਿਰ ਅਤੇ ਉਸ ਦੀ ਸ਼ਹਿ ਉੱਤੇ ਵੱਡੇ ਸਿੱਖ ਮੋਹਤਬਰਾਂ ਨੇ ਦਬਾਅ ਪਾਇਆ ਅਤੇ ਪੈਸਿਆਂ ਦਾ ਲਾਲਚ ਵੀ ਦਿੱਤਾ ਕਿ ਉਹ ਸਿੱਖ ਵਿਰੋਧੀ ਹਿੰਸਾ ਦੇ ਵੱਡੇ ਦੋਸ਼ੀਆਂ ਵਿਰੁੱਧ ਦਿੱਤੇ ਗਏ ਬਿਆਨ ਤੋਂ ਮੁੱਕਰ ਜਾਵੇ ਪਰ ਦਰਸ਼ਨ ਕੌਰ ਦੀ ਬਹਾਦਰੀ ਸੀ ਕਿ ਉਹ ਸਭ ਔਕੜਾਂ ਝੱਲਦੀ ਹੋਈ ਆਪਣੇ ਪੈਂਤੜੇ ਉੱਤੇ ਦ੍ਰਿੜ੍ਹਤਾ ਨਾਲ ਖੜ੍ਹੀ ਰਹੀ। ਸਤਵੰਤ ਕੌਰ ਨੂੰ ਕਦੇ ਹਿੰਦੀ ਗਾਣਾ ‘ਆਜ ਫਿਰ ਜੀਨੇ ਕੀ ਤਮੰਨਾ ਹੈ’ ਬੜਾ ਚੰਗਾ ਲੱਗਦਾ ਹੁੰਦਾ ਸੀ। ਉਹ ਅੱਜ ਆਪਣੀ ਵਿਧਵਾ ਭੈਣ ਸੰਗ ਰਹਿੰਦਿਆਂ ਲੋਕਾਂ ਦੇ ਘਰਾਂ ’ਚ ਦਾਈ ਦਾ ਕੰਮ ਕਰਦੀ ਹੈ। ਵਿਧਵਾ ਜੋਗਿੰਦਰ ਕੌਰ ਮੁਲਾਕਾਤ ਵਿੱਚ ਕਹਿੰਦੀ ਹੈ ਕਿ ਹਰ ਸਾਲ ਨਵੰਬਰ ਦਾ ਮਹੀਨਾ ਲੋਕਾਂ ਲਈ ਤਿਉਹਾਰਾਂ ਦਾ ਮਹੀਨਾ ਹੁੰਦਾ ਹੈ ਪਰ ਪਿਛਲੇ ਚਾਲ਼ੀ ਸਾਲ ਤੋਂ ਇਹ ਹਰ ਵਾਰ ਉਨ੍ਹਾਂ ਲਈ ਮਾਤਮ ਦੀਆਂ ਸਿਮਰਤੀਆਂ ਲੈ ਕੇ ਆਉਂਦਾ ਹੈ। ਇਸ ਤੋਂ ਇਲਾਵਾ ਵੀਹ ਕੁ ਹੋਰ ਵਿਧਵਾਵਾਂ ਦੇ ਬਿਆਨ ਇਹ ਦੱਸਦੇ ਹਨ ਕਿ ਕਿਵੇਂ ਦਿੱਲੀ ਦੀਆਂ ਵੱਖ ਵੱਖ ਥਾਵਾਂ ’ਤੇ ਉਨ੍ਹਾਂ ਦੇ ਪਤੀਆਂ, ਭਰਾਵਾਂ, ਪੁੱਤਰਾਂ ਧੀਆਂ ਨੂੰ ਹਿੰਸਾ, ਕੁੱਟ-ਮਾਰ, ਲੁੱਟਮਾਰ ਤੇ ਬਲਾਤਕਾਰਾਂ ਦਾ ਸ਼ਿਕਾਰ ਬਣਾਇਆ ਗਿਆ। ਥੋੜ੍ਹੇ ਬਹੁਤੇ ਵੇਰਵਿਆਂ ਜਾਂ ਥਾਵਾਂ ਅਤੇ ਘਟਨਾਵਾਂ ਦੇ ਫ਼ਰਕ ਨਾਲ ਹਰ ਕਿਸੇ ਨਾਲ ਜੋ ਵਾਪਰਿਆ ਇੱਕੋ ਜਿਹਾ ਸੀ। ਸਾਰੇ ਪੀੜਤਾਂ ਦੇ ਦੁੱਖ ਦਰਦ ਅਤੇ ਪੀੜਾ ਯਾਤਨਾਵਾਂ ਦੇ ਅਹਿਸਾਸਾਂ ਦੇ ਪ੍ਰਗਟਾਵੇ ਦੀ ਭਾਸ਼ਾ ਲਗਪਗ ਉਹੀ ਹੈ ਜਿਸ ਦੇ ਮਰਮ ਨੂੰ ਸਨਮ ਨੇ ਆਪਣੇ ਬਿਰਤਾਂਤ ’ਚ ਉਸਾਰਨ ਦੀ ਕੋਸ਼ਿਸ਼ ਕੀਤੀ ਹੈ।
ਸਨਮ ਨੇ ਇਹ ਬਿਰਤਾਂਤ ਸਿਰਜਣ ਲਈ ਆਰ.ਟੀ. ਆਈ. ਨੂੰ ਅਧਿਕਾਰੀਆਂ ਤੋਂ ਸੂਚਨਾਵਾਂ ਲੈਣ ਲਈ ਸੰਦ ਵਜੋਂ ਵਰਤਿਆ। ਉਸ ਨੇ ਆਪਣੀ ਖੋਜ ਸਮੱਗਰੀ ਲਈ ਦੋ ਜੁਡੀਸ਼ੀਅਲ ਕਮਿਸ਼ਨਾਂ ਅਤੇ ਨੌਂ ਤਫ਼ਤੀਸ਼ੀ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਆਧਾਰ ਬਣਾਉਣ ਤੋਂ ਇਲਾਵਾ ਪੰਜਾਬ ਸੰਕਟ ਅਤੇ ਸਿੱਖ ਖਾੜਕੂਵਾਦੀ ਲਹਿਰ ਨਾਲ ਸਬੰਧਿਤ ਕਿਤਾਬੀ ਅਤੇ ਮੌਖਿਕ ਸਾਹਿਤ ਨੂੰ ਚੰਗੀ ਤਰ੍ਹਾਂ ਘੋਖਿਆ ਪ੍ਰਤੀਤ ਹੁੰਦਾ ਹੈ।
ਸਨਮ ਨੇ ਇਸ ਬਿਰਤਾਂਤ ਨੂੰ ਉਸਾਰਨ ਲਈ ਮੌਖਿਕ ਇਤਿਹਾਸਕਾਰੀ ਵਾਲੀ ਵਿਧੀ ਅਪਣਾਈ ਹੈ। ਇਸ ਵਿਧੀ ਨਾਲ ਉਸ ਨੇ ਇਸ ਨੂੰ ਹੋਰ ਵਿਸ਼ਵਾਸਯੋਗ ਬਣਾਉਣ ਲਈ ਇਤਿਹਾਸ ਦੀਆਂ ਗੁੰਝਲਦਾਰ ਪਰਤਾਂ ਨੂੰ ਫਰੋਲਿਆ ਹੈ। ਉਸ ਦੀ ਨੀਝ ’ਚ ਵਿਸ਼ੇਸ਼ ਨੁਕਤਾ-ਨਿਗਾਹ ਵਿਆਪਤ ਦਿਸਦਾ ਹੈ ਜਿਸ ਨੂੰ ਅਮਰੀਕਾ ਦਾ ਨਵ-ਮਾਰਕਸਵਾਦੀ ਚਿੰਤਕ ਤੇ ਦਾਰਸ਼ਨਿਕ ਫਰੈਡਰਿਕ ਜੇਮਸਨ ਆਪਣੀ ਕਿਤਾਬ ‘The Political unconscious : Narrative as Socially Symbolic Act’ ਵਿੱਚ ‘ਸਿਆਸੀ ਅਵਚੇਤਨ’ ਕਹਿੰਦਾ ਹੈ।
ਇਸ ਬਿਰਤਾਂਤ ਨੂੰ ਸਿਰਜਦਿਆਂ ਕਈ ਗਲਪੀ ਜੁਗਤਾਂ (devices) ਅਤੇ ਸਮਾਨਤਾਵਾਂ (analogies) ਘੜੀਆਂ ਹਨ ਜਿਵੇਂ: ਉਹ ਸੰਤਾਲੀ ’ਚ ਔਰਤਾਂ ’ਤੇ ਹੋਏ ਅੱਤਿਆਚਾਰਾਂ ਤੇ ਉਧਾਲ਼ਿਆਂ ਅਤੇ ਦਿੱਲੀ ’ਚ ਸਿੱਖ ਵਿਰੋਧੀ ਹਿੰਸਾ ’ਚ ਔਰਤਾਂ ਨਾਲ ਹੋਏ ਬਲਾਤਕਾਰਾਂ ’ਚ ਸਮਾਨਤਾ ਦੇਖਦਾ ਹੈ। ਦੂਜੀ ਸਮਾਨਤਾ ਉਹ ਸਰਬੀਆ ਦੀ ਫ਼ੌਜ ਵੱਲੋਂ ਸਰਬੀਆਨਿਕਾ ਸ਼ਹਿਰ ’ਤੇ ਤਿੰਨ ਸਾਲਾਂ ਦੇ ਕਬਜ਼ੇ ਦੌਰਾਨ ਬੋਸਨਿਆਈ ਮੁਸਲਮਾਨਾਂ ’ਤੇ ਹੋਈ ਹਿੰਸਾ ਅਤੇ ਜਬਰ ਦੀ ਹੈ ਜਿਸ ’ਚ ਕੋਈ ਪੰਜਾਹ ਹਜ਼ਾਰ ਔਰਤਾਂ ਨਾਲ ਬਲਾਤਕਾਰ ਹੋਇਆ ਦੱਸਿਆ ਜਾਂਦਾ ਹੈ। ਸਨਮ ਪੰਜਾਬ ਸੰਕਟ ਦੇ ਕਾਲੇ ਦੌਰ ਦੀ ਸਮਾਨਤਾ ਅੱਜ ਦੇ ਕਸ਼ਮੀਰ ਦੇ ਹਾਲਾਤ ਨਾਲ ਵੀ ਕਰਦਾ ਹੈ।
ਕੁੱਲ ਮਿਲਾ ਕੇ ਇਸ ਕਿਤਾਬ ਦੇ ਬਿਰਤਾਂਤ ਦੇ ਆਰ‘ਪਾਰ ਫੈਲਿਆ ਮੋਟਿਫ ਚੁਰਾਸੀ ਦੌਰਾਨ ਸਿੱਖ ਔਰਤਾਂ ਉੱਪਰ ਹੋਈ ਹਿੰਸਾ ਦੀ ਦਹਿਸ਼ਤ ਤੇ ਖ਼ੌਫ਼ ਦੇ ਨਾਲ ਨਾਲ ਨਿਆਂ ਨਾ ਮਿਲਣ ਕਾਰਨ ਹੋਈ ਬੇਇਨਸਾਫ਼ੀ ਨੂੰ ਮੁੜ ਪ੍ਰਸੰਗਿਕ ਕਰਨਾ ਅਤੇ ਇਸ ਲਈ ਸਮੇਂ ਦੀ ਸੱਤਾ ਦੇ ਬੇਰਹਿਮ ਅਤੇ ਬੇਹਿਸ ਵਤੀਰੇ ਨੂੰ ਸਾਹਮਣੇ ਲਿਆਉਣਾ ਹੈ ਤਾਂ ਕਿ ਹੁਣ ਤੱਕ ਨਿਆਂ ਮਿਲਣ ’ਚ ਹੋਈ ਦੇਰੀ ਕਾਰਨ ਬੇਇਨਸਾਫ਼ੀ ਦਾ ਮੁੱਦਾ ਹੋਰ ਮਜ਼ਬੂਤ ਢੰਗ ਨਾਲ ਉੱਚੀ ਆਵਾਜ਼ ’ਚ ਉਠਾਇਆ ਜਾ ਸਕੇ।
ਸੰਪਰਕ: 82839-48811

Advertisement
Advertisement
Advertisement