ਨਿਰੰਤਰ ਬਦਲਦਾ ਸੱਭਿਆਚਾਰ
ਡਾ. ਅਮਰਜੀਤ ਟਾਂਡਾ
ਸਮਾਂ ਬੀਤਣ ਨਾਲ ਸੱਭਿਆਚਾਰਕ ਜਾਂ ਸਮਾਜਿਕ ਰਚਨਾ/ਬਣਤਰ ਵਿੱਚ ਤਬਦੀਲੀਆਂ ਸਮਾਜੀ ਸੱਭਿਆਚਾਰਕ ਵਰਤਾਰਾ ਹੁੰਦਾ ਹੈ।
ਨਵੀਂ ਕਥਾ ਕਹਾਣੀ ਦੀ ਸ਼ੁਰੂਆਤ। ਕੱਚ ਕੁਆਰੀ ਕੁੜੀ ਦਾ ਵਹੁਟੀ ਬਣਨਾ। ਮਹਿੰਦੀ ਦੀ ਛੁਹ ਮਹਿਕ ਨੂੰ ਜਾਣਨਾ। ਸਖੀਆਂ ਦੀ ਕਿੱਕਲੀ ਨੂੰ ਛੱਡ ਕਿਸੇ ਸੁਪਨਿਆਂ ਦੇ ਰਾਂਝਣ ਦਾ ਹੋ ਜਾਣਾ। ਹਰ ਥਾਂ ਹਰ ਰੁੱਖ ਲਗਰ ਹਰ ਪੈੜ। ਹਰ ਪਹਿਰ ਸਮੇਂ ਵਿੱਚ ਪਰਿਵਰਤਨ ਆਉਂਦਾ ਹੈ।
ਆਰਥਿਕ, ਰਾਜਨੀਤਿਕ ਜਾਂ ਵਿਗਿਆਨਕ ਤਬਦੀਲੀਆਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸੱਭਿਆਚਾਰ ਨੂੰ ਬਦਲਦਾ ਰੱਖਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਸਦੀ ਦੌਰਾਨ ਤੇਜ਼ੀ ਨਾਲ ਪਰਿਵਰਤਨ ਆਇਆ ਹੈ। ਨਾ ਸਿਰਫ਼ ਸਾਡੇ ਕੰਮ ਕਰਨ ਦੇ ਢੰਗ-ਤਰੀਕਿਆਂ ਅਤੇ ਸਾਡੀਆਂ ਜ਼ਰੂਰਤਾਂ ਸਗੋਂ ਸਾਡੇ ਇਰਾਦੇ ਅਤੇ ਸਾਡੀ ਮਾਨਸਿਕਤਾ ਦੀਆਂ ਹੋਰ ਜ਼ਰੂਰਤਾਂ ਵਿੱਚ ਵੀ ਤਬਦੀਲੀਆਂ ਹੋਈਆਂ ਹਨ। ਇਨ੍ਹਾਂ ਤਬਦੀਲੀਆਂ ਨੇ ਪੰਜਾਬੀਆਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।
ਸੱਭਿਆਚਾਰ ਦੇ ਸਬੰਧ ਵਿੱਚ ਇੱਕ ਨਿਰਪੇਖ ਸੱਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਖੜੋਤ ਦਾ ਸ਼ਿਕਾਰ ਹੋਏ ਸੱਭਿਆਚਾਰਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸੱਭਿਆਚਾਰਾਂ ਦੇ ਸਬੰਧ ਵਿੱਚ ਇੱਕ ਸਾਪੇਖਕ ਸੱਚ ਕਹਿ ਰਹੇ ਹੁੰਦੇ ਹਾਂ। ਇਨ੍ਹਾਂ ਦੀ ਤਬਦੀਲੀ ਬਹੁਤ ਹੌਲੀ ਹੁੰਦੀ ਹੈ। ਇਹ ਸੱਭਿਆਚਾਰ ਖੜੋਤ ਦਾ ਸ਼ਿਕਾਰ ਹੋਏ ਦਿਸਦੇ ਹਨ।
ਸੱਭਿਆਚਾਰਕ ਤਬਦੀਲੀ ਆਪਣੇ ਆਪ ਨਹੀਂ ਆਉਂਦੀ ਸਗੋਂ ਕਿਸੇ ਨਾ ਕਿਸੇ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਕਈ ਵਾਰ ਚੰਗੀ ਤਬਦੀਲੀ ਨੂੰ ਵੀ ਵਿਅਕਤੀਗਤ ਤੇ ਸਮਾਜਿਕ ਪੱਧਰ ਉੱਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀ ਵਿਅਕਤੀ ਜਾਂ ਫਿਰ ਸਮਾਜ ਦੀ ਇੱਛਾ ਉੱਤੇ ਨਿਰਭਰ ਨਹੀਂ ਕਰਦੀ ਸਗੋਂ ਇਹ ਪ੍ਰਕਿਰਤੀ ਦਾ ਨਿਯਮ ਹੁੰਦਾ ਹੈ ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੌਖਟਾ ਹੁੰਦਾ ਹੈ। ਮਨੁੱਖੀ ਸਮਾਜ ਲਈ ਅਨੁਕੂਲਣ ਸਮੱਸਿਆਵਾਂ ਪੈਦਾ ਕਰਨ ਲਈ ਪ੍ਰਕਿਰਤੀ ਵਿੱਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ ਤੇ ਸਦਾ ਰਹਿਣਗੀਆਂ ਵੀ। ਮਨੁੱਖ ਇਨ੍ਹਾਂ ਦਾ ਹੱਲ ਲੱਭਦਾ ਰਹਿੰਦਾ ਹੈ। ਇਹ ਹੱਲ ਮਨੁੱਖ ਤੇ ਪ੍ਰਕਿਰਤੀ ਨੂੰ ਬਦਲਦੇ ਅਤੇ ਕਈ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੇ ਰਹਿੰਦੇ ਹਨ। ਫਿਰ ਉਹੀ ਸੱਭਿਆਚਾਰ ਆਦਤ ਬਣ ਜਾਂਦਾ ਹੈ ਜਿਸ ਨੂੰ ਬਦਲਣਾ ਹਮੇਸ਼ਾ ਦੁਖਦਾਈ ਤੇ ਔਖਾ ਹੁੰਦਾ ਹੈ।
ਸਮਾਜ ਵਿਗਿਆਨੀ ਪਰਿਵਰਤਨ ਦੇ ਵਿਰੋਧ ਦੇ ਕਈ ਹੋਰ ਕਾਰਨ ਵੀ ਹੁੰਦੇ ਹਨ, ਜਿਵੇਂ ਬਜ਼ੁਰਗਾਂ ਦੀ ਪੁਰਾਤਨਤਾ। ਇਸ ਦੀ ਅਨਿਸ਼ਚਿਤਤਾ ਤੇ ਡਰ, ਨਵੇਂ ਨੂੰ ਲਾਗੂ ਕਰਨ ਵਿੱਚ ਆਉਂਦੇ ਖਰਚੇ, ਔਕੜਾਂ, ਬੀਤੇ ਦਾ ਸਤਿਕਾਰ। ਸਥਿਰਤਾ ਵਿੱਚ ਖ਼ਾਸ ਵਰਗਾਂ ਦੀ ਦਿਲਚਸਪੀ ਹੋਣਾ ਆਦਿ ਸਾਰੀਆਂ ਗੱਲਾਂ ਪਰਿਵਰਤਨ ਨੂੰ ਹੌਲੀ ਤੋਰ ਸਕਦੀਆਂ ਹਨ ਜਾਂ ਕਹੋ ਕਿ ਪਿੱਛੇ ਪਾ ਸਕਦੀਆਂ ਹਨ, ਪਰ ਰੋਕ ਬਿਲਕੁਲ ਨਹੀਂ ਸਕਦੀਆਂ।
ਸਮਾਜਿਕ ਤੇ ਮਾਨਵ ਵਿਗਿਆਨੀ ਸੱਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਦੇ ਹਨ: ਪ੍ਰਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ, ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ ਅਤੇ ਸਮਾਜ ਦੇ ਬਾਹਰੋਂ ਉੱਠੇ ਕਾਰਨ।
ਪ੍ਰਕਿਰਤਕ ਪਰਿਵਰਤਨ ਹੌਲੀ ਅਤੇ ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਵਾਪਰਦੇ ਹਨ। ਇਹ ਤਬਦੀਲੀਆਂ ਅਚਨਚੇਤ ਅਤੇ ਤਬਾਹਕੁਨ ਹੁੰਦੀਆਂ ਹਨ। ਜਦੋਂ ਕਿਸੇ ਕੁਦਰਤੀ ਵਰਤਾਰੇ ਕਾਰਨ ਮਨੁੱਖੀ ਸਮੂਹ ਨੂੰ ਆਪਣਾ ਰਿਹਾਇਸ਼ੀ ਸਥਾਨ ਬਦਲਣਾ ਪੈਂਦਾ ਹੈ: ਜਿਵੇਂ ਸੋਕਾ ਪੈਣ ਕਾਰਨ, ਕਾਲ ਦੀ ਹਾਲਤ ਵਿੱਚ। ਇਸ ਹਾਲਤ ਵਿੱਚ ਇੱਕ ਪੂਰਾ ਸੱਭਿਆਚਾਰਕ ਜੁੱਟ ਨਵੇਂ ਪ੍ਰਕਿਰਤਕ ਮਾਹੌਲ ਨੂੰ ਅਪਣਾ ਲੈਂਦਾ ਹੈ।
ਸਮਾਜ ਅੰਦਰੋਂ ਪੈਦਾ ਹੋਏ ਕਾਰਨ ਕਾਢ ਜਾਂ ਕਿਸੇ ਲੱਭਤ ਤੋਂ ਹੁੰਦੇ ਹਨ। ਜਦੋਂ ਵਸਤ ਪ੍ਰਕਿਰਤੀ ਹੋਵੇ ਪਰ ਮਨੁੱਖੀ ਗਿਆਨ ਅਜੇ ਵਰਤਣ ਜੋਗਾ ਨਾ ਹੋਇਆ ਹੋਵੇ। ਜਾਂ ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਤਾਂ ਪਹਿਲਾਂ ਹੀ ਹੋਵੇ, ਪਰ ਇਸ ਦੇ ਸਮੁੱਚੇ ਅੰਸ਼ਾਂ ਨੂੰ ਨਵੀਂ ਤਰ੍ਹਾਂ ਸੁਮੇਲ ਕੇ ਨਵੀਂ ਵਰਤੋਂ ਵਿੱਚ ਲਿਆਂਦਾ ਗਿਆ ਹੋਵੇ।
ਸਮਾਜ ਦੇ ਬਾਹਰੋਂ ਆਏ ਕਾਰਨਾਂ ਵਿੱਚ ਅੰਸ਼ ਪਾਸਾਰ ਨੂੰ ਪਹਿਲ ਦਿੱਤੀ ਗਈ ਹੈ। ਇੱਕ ਸਮਾਜ ਵੱਲੋਂ ਕੀਤੀ ਕਾਢ ਨੂੰ ਦੂਜੇ ਸਮਾਜ ਦੁਆਰਾ ਅਪਣਾ ਲੈਣ ਨੂੰ ਅਮਲ ਖਿਡਾਉ ਜਾਂ ਅੰਸ਼ ਪਾਸਾਰ ਆਖਦੇ ਹਨ। ਸਮਾਜ ਤੋਂ ਬਾਹਰੋਂ ਆਏ ਕਾਰਨਾਂ ਵਿੱਚ ਮਹੱਤਵਪੂਰਨ ਅਮਲ ‘ਸੱਭਿਆਚਾਰੀਕਰਨ’ ਨੂੰ ਕਹਿੰਦੇ ਹਨ। ਸੱਭਿਆਚਾਰੀਕਰਨ ਦੂਜੇ ਸੱਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ’ਤੇ ਕਾਫ਼ੀ ਅਰਸੇ ਤੱਕ ਸੰਪਰਕ ਵਿੱਚ ਆਉਣ ਦੇ ਅਮਲ ਨੂੰ ਆਖਦੇ ਹਨ। ਸੱਭਿਆਚਾਰੀਕਰਨ ਵਿੱਚ ਦੋ ਸੱਭਿਆਚਾਰਾਂ ਦਾ ਆਪਸੀ ਸੰਪਰਕ ਵਿੱਚ ਲੰਮੇ ਸਮੇਂ ਤੋਂ ਰਹਿਣਾ ਵਸਣਾ ਜ਼ਰੂਰੀ ਹੁੰਦਾ ਹੈ।
ਦੋ ਵੱਖ-ਵੱਖ ਸੱਭਿਆਚਾਰਾਂ ਦੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉੱਤੇ ਅਤੇ ਕਾਫ਼ੀ ਅਰਸੇ ਤੱਕ ਸੰਪਰਕ, ਵਸੇਬੇ, ਵਰਤਾਰੇ ਅਤੇ ਇਨ੍ਹਾਂ ਹਾਲਤਾਂ ’ਚੋਂ ਨਿਕਲਦੇ ਸਿੱਟਿਆਂ ਨੂੰ ਨਵਸੱਭਿਆਚਾਰੀਕਰਨ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਨਵਸੱਭਿਆਚਾਰੀਕਰਨ ਪਰਿਵਰਤਨ ਦੀ ਵਿਲੱਖਣਤਾ ਇਹ ਹੋਵੇਗੀ ਕਿ ਦੋ ਸੱਭਿਆਚਾਰ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਆਉਣ ’ਤੇ ਅਨੁਕੂਲਤਾ ਪ੍ਰਤਿਕਰਮ ਜਾਂ ਟਕਰਾਅ ਪੈਦਾ ਹੁੰਦਾ ਹੈ। ਉਸ ਨੂੰ ਹੀ ਨਵਸੱਭਿਆਚਾਰੀਕਰਨ ਕਹਿੰਦੇ ਹਨ। ਇਹੀ ਪਰਿਵਰਤਨ ਫਿਰ ਸਹੇਲੀਆਂ ਨੂੰ ਵੀ ਨਹੀਂ ਪਛਾਣਦਾ ਕਿਉਂਕਿ ਪਿਆਰ ਵਿੱਚ ਗੜੁੱਚ ਘੜੀਆਂ ਕੋਲ ਵਿਹਲ ਹੀ ਨਹੀਂ ਬਚਦੀ।
ਨਵਸੱਭਿਆਚਾਰੀਕਰਨ ਦਾ ਮੁੱਖ ਆਧਾਰ ਇੱਕ ਸੱਭਿਆਚਾਰ ਦੀ ਦੂਸਰੇ ਉੱਤੇ ਰਾਜਸੀ ਜਿੱਤ, ਰੋਅਬ, ਦਬਾਅ ਅਤੇ ਦਮਨ ਦਾ ਰਾਗ ਵੀ ਹੋ ਸਕਦਾ ਹੈ। ਇਹ ਪਰਿਵਰਤਨ ਸਹਿਜ ਆਰੋਪਿਤ ਜਾਂ ਦਬਾਅਪੂਰਨ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਇਸ ਵਿੱਚ ਪ੍ਰਕਿਰਿਆ ਸੁਖਾਵੀਂ, ਸੁਭਾਵਿਕ ਅਤੇ ਸੰਤੁਲਿਤ ਹੋਣ ਦੀ ਥਾਂ ਕਈ ਵਾਰੀ ਵਿਨਾਸ਼ਮੂਲਕ, ਦਬਾਅਮੂਲਕ ਅਤੇ ਦਮਨ ਦਾ ਰੂਪ ਵੀ ਧਾਰ ਸਕਦੀ ਹੈ ਜਿਸ ਤੋਂ ਵਿਭਿੰਨ ਵਿਪਰੀਤ ਪ੍ਰਭਾਵ, ਪ੍ਰਤਿਕਰਮ, ਵਿਰੋਧ ਟਕਰਾਅ, ਅਸੰਤੁਲਨ ਅਤੇ ਵਿਰੂਪਣ ਵੀ ਪੈਦਾ ਹੋ ਸਕਦੇ ਹਨ।
ਜਦੋਂ ਦੋਵੇਂ ਸੱਭਿਆਚਾਰ ਮਿਲ ਕੇ ਇੱਕ ਤੀਜੇ ਸੱਭਿਆਚਾਰ ਨੂੰ ਜਨਮ ਦਿੰਦੇ ਹਨ ਜਿਸ ਵਿੱਚ ਦੋਹਾਂ ਸੱਭਿਆਚਾਰਾਂ ਦੇ ਅੰਸ਼ ਪਾਏ ਜਾਂਦੇ ਹਨ ਅਤੇ ਜਿਸ ਦੀ ਆਪਣੀ ਨਿਵੇਕਲੀ ਹਸਤੀ ਵੀ ਹੁੰਦੀ ਹੈ। ਭਾਰਤ ਵਿਚਲੀ ਭਗਤੀ ਲਹਿਰ ਨੂੰ ਇਸ ਤਰ੍ਹਾਂ ਦੇ ਸੰਸਲਿਸ਼ਤ ਸੱਭਿਆਚਾਰ ਵੱਲ ਨੂੰ ਪਤਨ ਕਿਹਾ ਗਿਆ ਹੈ। ਉਡੀਕਦਿਆਂ ਉਡੀਕਦਿਆਂ ਅੰਤ ਨੂੰ ਸਾਰਾ ਸਮਾਂ ਕਿਸੇ ਦੇ ਪਿਆਰ ਵਿੱਚ ਡੁੱਬ ਜਾਂਦਾ ਹੈ। ਜੇ ਇਹੋ ਜਿਹੀਆਂ ਪ੍ਰਸਥਿਤੀਆਂ ਉੱਸਰਦੀਆਂ ਬਣਦੀਆਂ ਰਹਿਣ ਤਾਂ ਜੱਗ ਨੂੰ ਜਿਊਣਾ ਆ ਸਕਦਾ ਹੈ। ਲੜਾਈ ਝਗੜੇ ਕਿਤੇ ਨਹੀਂ ਦਿਸਣਗੇ। ਪਿਆਰ ਦੀਆਂ ਪੀਂਘਾਂ ਹਰ ਅੰਬਰ ’ਤੇ ਪਈਆਂ ਦਿਸਣਗੀਆਂ।
ਪੰਜਾਬ ਸਦਾ ਹੀ ਨਵਾਂ ਇਤਿਹਾਸ ਸਿਰਜਣ ਦਾ ਆਸ਼ਕ ਰਿਹਾ ਹੈ। ਨਵੇਂ ਸਫ਼ੇ ਲਿਖੇ ਵੀ ਜਾਣੇ ਚਾਹੀਦੇ ਹਨ। ਨਵੀਨਤਮਕਾਰੀ ਵਿੱਚ ਹੀ ਨਵੇਂ ਰਾਹ ਅਤੇ ਪੈੜਾਂ ਹੁੰਦੀਆਂ ਹਨ। ਉਹ ਤਾਂ ਉਡੀਕਦੇ ਰਹਿੰਦੇ ਹਨ ਤੂਫ਼ਾਨਾਂ ਨੂੰ ਤਾਂ ਕਿ ਬਾਹਾਂ ਦਾ ਜ਼ੋਰ ਇੱਕ ਵਾਰ ਫਿਰ ਪਰਖ ਲਿਆ ਜਾਵੇ। ਤਵਾਰੀਖ਼ ਤੇ ਜ਼ਿੰਦਗੀ ਨੇ ਪੰਜਾਬ ਨੂੰ ਕਈ ਸਬਕ ਸਿਖਾਏ ਹਨ। ਉਹ ਨਿਰੰਤਰ ਬਾਹਰੀ ਹਮਲਿਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ। ਪੰਜਾਬੀਆਂ ਨੇ ਟਿਕਾਓ ਵਾਲੀ ਜ਼ਿੰਦਗੀ ਜਿਊਣ ਤੋਂ ਸਦਾ ਹੀ ਇਨਕਾਰ ਕੀਤਾ ਹੈ ਜਾਂ ਕਹੋ ਕਿ ਉਹ ਆਰਾਮ ਨਾਲ ਟਿਕ ਕੇ ਬੈਠਣਾ ਹੀ ਨਹੀਂ ਜਾਣਦੇ ਤੇ ਇਨ੍ਹਾਂ ਦਾ ਦੂਜਾ ਰੁਝਾਨ ਬਹੁਤ ਉੱਚੀ ਉੱਚੀ ਪੁਕਾਰਨਾ ਤੇ ਲਲਕਾਰਨਾ ਹੈ। ਪੰਜਾਬੀਆਂ ਦਾ ਸੁਭਾਅ ਛੇਤੀ ਹੀ ਉਬਾਲਾ ਖਾਣ ਲੱਗ ਜਾਂਦਾ ਹੈ। ਫਿਰ ਨਹੀਂ ਇਹ ਕਾਬੂ ਆਉਂਦੇ ਜਿੰਨੇ ਮਰਜ਼ੀ ਇਨ੍ਹਾਂ ਨੂੰ ਕੰਟਰੋਲ ਕਰ ਲਓ। ਪੰਜਾਬੀਆਂ ਦਾ ਭਾਸ਼ਣ ਉੱਚਾ ਹੁੰਦਾ ਹੈ। ਸੰਗੀਤ ਤਿੱਖਾ ਜਿਹਾ ਉੱਚਾ ਅਤੇ ਤੇਜ਼। ਦਿਖਾਵਾ ਕਰਨ ਵਿੱਚ ਪੰਜਾਬੀਆਂ ਦੀ ਰੁਚੀ ਬਹੁਤ ਰਹਿੰਦੀ ਹੈ। ਨਿਰੰਤਰ ਦਬਾਅ ਅਤੇ ਕਲੇਸ਼ਾਂ ਵਿੱਚ ਪੰਜਾਬੀ ਸਮੂਹਿਕ ਅਵਚੇਤਨ ਦੀ ਇੱਕ ਅਨੋਖੀ ਮਿਸਾਲ ਹਨ।
ਇੱਕ ਪੰਜਾਬੀ ਨਾਇਕ ਦਾ ਚਿਹਰਾ ਵੀ ਉਸ ਵਿਅਕਤੀ ਵਰਗਾ ਹੁੰਦਾ ਹੈ ਜੋ ਪੂਰੀ ਸਰਗਰਮੀ, ਤੀਬਰਤਾ ਅਤੇ ਜੋਸ਼ ਨਾਲ ਉਸ ਦੀਆਂ ਪੈੜਾਂ ’ਤੇ ਟੁਰਦਾ ਹੈ। ਪੰਜਾਬੀਆਂ ਦੇ ਨਾਇਕ ਹਨ ਗੁਰੂ ਸਾਹਿਬਾਨ, ਨਾਥ ਜੋਗੀ, ਯੋਧੇ ਆਸ਼ਕ ਅਤੇ ਪ੍ਰੇਮੀ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ ਨਾਇਕ ਨਹੀਂ ਹੈ ਸਗੋਂ ਸ਼ਾਸਕ ਨਫ਼ਰਤ ਦਾ ਪਾਤਰ ਹੈ। ਪੰਜਾਬੀਆਂ ਨੇ ਸਦਾ ਪਾਤਸ਼ਾਹ ਦੀ ਤਾਕਤ ਅਤੇ ਸ਼ਾਨ ਦੀ ਬਜਾਏ, ਫ਼ਕੀਰ ਫ਼ੱਕਰ ਦੀ ਉੱਤਮਤਾ ਦਾ ਸਨਮਾਨ ਕੀਤਾ ਹੈ। ਇਹ ਉਹ ਧਰਤੀ ਹੈ ਜਿੱਥੇ ਫ਼ਕੀਰ ਰਾਜੇ ਨੂੰ ਵੀ ਸਾਹਮਣੇ ਖੜ੍ਹ ਕੇ ਸੂਰਜ ਛੱਡਣ ਲਈ ਨਿਡਰ ਹੋ ਕੇ ਆਖਦੇ ਹਨ। ਪੰਜਾਬੀਆਂ ਨੇ ਰਾਜਾ ਦਰਵੇਸ਼ ਨੂੰ ਹੀ ਸਦਾ ਲੋਕ ਨਾਇਕ ਮੰਨਿਆ ਹੈ। ਪੰਜਾਬੀ ਮਿੱਟੀ ਜੀਵਨ ਤਿਆਗ ਦੇ ਫਲਸਫ਼ੇ ਨੂੰ ਅਸਵੀਕਾਰ ਕਰਦੀ ਹੈ। ਇਹ ਜੀਵਨ ਵਿੱਚ ਮਨੁੱਖੀ ਵਿਕਾਸ ਪੈਦਾ ਕਰਨ ਦੀ ਬੁੱਧੀ ਦੀ ਪੇਸ਼ਕਸ਼ ਕਰਦਾ ਹੈ। ਜ਼ਿੰਦਗੀ, ਮਨੁੱਖ ਅਤੇ ਸੰਸਾਰ ਵਿਚਲੇ ਵਿਸ਼ਵਾਸ ਸਦਕਾ ਪੰਜਾਬੀਆਂ ਦੀਆਂ ਸਾਰੀਆਂ ਗੱਲਾਂ, ਆਦਰਸ਼ ਅਤੇ ਇੱਛਾਵਾਂ ਮਨੁੱਖ ਕੇਂਦਰਿਤ ਹੋ ਗਈਆਂ ਹਨ। ਇਸੇ ਲਈ ਜ਼ਿੰਦਗੀ ਜਿਊਣ ਦੀ ਇੱਛਾ ਅਤੇ ਸ਼ਕਤੀ ਦਾ ਪੰਜਾਬੀ ਸੱਭਿਆਚਾਰ ਵਿੱਚ ਇੱਕ ਕੇਂਦਰੀ ਸਥਾਨ ਬਣ ਗਿਆ ਹੈ। ਸਿਰਤੋੜ ਮਿਹਨਤ ਸੰਘਰਸ਼ ਪੂਰੀ ਜ਼ਿੰਦਗੀ ਲਈ ਪੰਜਾਬੀਆਂ ਦਾ ਨਿਚੋੜ ਹੈ।
‘ਖਾਧਾ ਪਿਤਾ ਲਾਹੇ ਦਾ’ ਦੀ ਧਾਰਨਾ ਪੰਜਾਬੀ ਜੀਵਨ ਤਜਰਬੇ ਦੀ ਸੁਰਤਾਲ ਤੇ ਹਾਸਲ ਹੈ। ਪੰਜਾਬੀਆਂ ਦੇ ਪਹਿਰਾਵੇ, ਰਿਵਾਜ, ਸਜਾਵਟ ਅਤੇ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਨ ਤਸਵੀਰ ਚਿਤਰਦੇ ਹਨ।
ਜ਼ਿੰਦਗੀ ਦੇ ਹਰ ਮੌਕੇ ਦੀਆਂ ਦਿਲਚਸਪ ਰਸਮਾਂ ਦੀ ਲੜੀ ਹਰ ਪੰਜਾਬੀ ਅਤੇ ਇਸ ਦੇ ਭਾਈਚਾਰੇ ਨੂੰ ਕਾਇਮ ਕਰਕੇ ਰੱਖਦੀ, ਉਸਾਰਦੀ ਅਤੇ ਨਵੀਆਂ ਪੈੜਾਂ ਲੱਭਦੀ ਰਹਿੰਦੀ ਹੈ।