ਲਾਇਲਪੁਰ ਖਾਲਸਾ ਕਾਲਜ ਬੰਦ ਹੋਣ ਦੀ ਅਫ਼ਵਾਹ ਤੋਂ ਵਿਦਿਆਰਥਣਾਂ ਵਿੱਚ ਸਹਿਮ
ਪੱਤਰ ਪ੍ਰੇਰਕ
ਜਲੰਧਰ, 24 ਜੁਲਾਈ
ਇੱਥੋਂ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਨੂੰ ਬੰਦ ਕਰਨ ਸਬੰਧੀ ਅਫਵਾਹ ਚੱਲ ਰਹੀ ਹੈ। ਇਸ ਕਾਰਨ ਵਿਦਿਆਰਥਣਾਂ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਤਰ੍ਹਾਂ ਦੀ ਗੱਲ ਕਿਵੇਂ ਫੈਲੀ ਹੈ। ਇਸ ਵਾਰ ਦਾਖ਼ਲਾ ਘਟ ਗਿਆ ਹੈ ਪਰ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਇਸ ਸਬੰਧ ਵਿਚ ਕੁੱਝ ਵੀ ਲਿਖ ਕੇ ਨਹੀਂ ਦਿੱਤਾ ਹੈ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਅਫ਼ਵਾਹ ਬਾਰੇ ਪਤਾ ਤਾਂ ਲੱਗਿਆ ਹੈ ਪਰ ਪ੍ਰਬੰਧਕ ਕਮੇਟੀ ਜਾਂ ਹੋਰ ਕਿਸੇ ਨੂੰ ਇਸ ਬਾਰੇ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ।
ਦੱਸਣਯੋਗ ਹੈ ਕਿ ਇਸ ਕਾਲਜ ਦੀ ਇਲਾਕੇ ਨੂੰ ਵੱਡੀ ਦੇਣ ਹੈ। ਕਾਲਜ ਨੇ ਦੇਸ਼ ਤੇ ਸੂਬੇ ਨੂੰ ਕਈ ਖਿਡਾਰਨਾਂ ਦਿੱਤੀਆਂ ਹਨ ਜੋ ਕਿ ਇਸ ਸਮੇਂ ਕੌਮਾਂਤਰੀ ਪੱਧਰ ’ਤੇ ਖੇਡ ਰਹੀਆਂ ਹੈ। ਇਸ ਕਾਲਜ ਦੀਆਂ ਖਿਡਾਰਨਾਂ ਇਸ ਸਮੇਂ ਪੰਜਾਬ ਵਿੱਚ ਕਈ ਅਹਿਮ ਅਹੁੱਦਿਆਂ ’ਤੇ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ।
ਇਸ ਸਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਡੀਨ ਸ਼ਾਲਨਿੀ ਬਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।