ਉਸਾਰੀ ਅਧੀਨ ਕਮਰੇ ਦੀ ਛੱਤ ਡਿੱਗੀ, ਬੱਚੇ ਦੀ ਮੌਤ
ਪੱਤਰ ਪ੍ਰੇਰਕ
ਰਤੀਆ, 8 ਸਤੰਬਰ
ਨੇੜਲੇ ਪਿੰਡ ਅਲਾਵਲਵਾਸ ਦੇ ਬਿਜਲੀਘਰ ਨੇੜੇ ਇਕ ਖੇਤ ਵਿੱਚ ਤੂੜੀ ਵਾਲੇ ਕਮਰੇ ਦੇ ਨਿਰਮਾਣ ਦੌਰਾਨ ਛੱਤ ਡਿੱਗਣ ਨਾਲ 8 ਸਾਲਾ ਬੱਚੇ ਦੀ ਮੌਤ ਹੋ ਗਈ। ਜਦੋਂਕਿ ਇੱਕ ਔਰਤ ਸਣੇ ਕਰੀਬ ਅੱਧੀ ਦਰਜਨ ਵਿਅਕਤੀ ਜਖ਼ਮੀ ਹੋ ਗਏ। ਸਦਰ ਥਾਣਾ ਦੇ ਸਬ ਇੰਸਪੈਕਟਰ ਰਾਮੇਸ਼ਵਰ ਦਾਸ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਜਖ਼ਮੀ ਹੋਏ ਜ਼ਿਆਦਾਤਰ ਵਿਅਕਤੀਆਂ ਨੂੰ ਪਿੰਡ ਵਿੱਚ ਹੀ ਮੁੱਢਲੇ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ। ਜ਼ਖਮੀ ਹੋਏ ਬੱਚੇ ਤੋਂ ਇਲਾਵਾ ਔਰਤ ਨੂੰ ਰਤੀਆ ਅਤੇ ਫਤਿਆਬਾਦ ਦੇ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਸੀ ਤਾਂ ਬੱਚੇ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ, ਜਦੋਂਕਿ ਔਰਤ ਦਾ ਫਤਿਆਬਾਦ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਿਵੇਂ ਹੀ ਛੱਤ ਡਿੱਗੀ ਤਾਂ ਨੇੜੇ ਰਹਿੰਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਮਲਬੇ ਹੇਠੋਂ ਬੱਚੇ ਅਤੇ ਔਰਤ ਨੂੰ ਬਾਹਰ ਕੱਢਿਆ। ਹੋਰ ਮਜ਼ਦੂਰਾਂ ਅਤੇ ਮਿਸਤਰੀ ਨੂੰ ਵੀ ਬਾਹਰ ਕੱਢਿਆ ਗਿਆ। ਮਲਵੇ ਦੇ ਹੇਠਾਂ ਦੱਬਣ ਨਾਲ ਜਸਪ੍ਰੀਤ ਪੁੱਤਰ ਰਵੀ ਕੁਮਾਰ ਦੀ ਹਾਲਤ ਗੰਭੀਰ ਸੀ, ਜਦੋਂਕਿ ਔਰਤ ਪ੍ਰਵੀਨਾ ਗੰਭੀਰ ਜਖ਼ਮੀ ਹੋ ਗਈ ਸੀ। ਮ੍ਰਿਤਕ ਬੱਚੇ ਦੀ ਪਛਾਣ ਜਸਪ੍ਰੀਤ ਸਿੰਘ (8) ਵਜੋਂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਿਰਮਾਣ ਅਧੀਨ ਤੂੜੀ ਦੇ ਕਮਰੇ ਦੀ ਛੱਤ ’ਤੇ ਮਿੱਟੀ ਦੇ ਜ਼ਿਆਦਾ ਦਬਾਅ ਕਾਰਨ ਇਹ ਹਾਦਸਾ ਵਾਪਰਿਆ। ਦੇਰ ਸ਼ਾਮ ਜਸਪ੍ਰੀਤ ਸਿੰਘ ਦਾ ਪਿੰਡ ਵਿੱਚ ਗਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।