ਵਿਰੋਧੀ ਧਿਰ ਦੀ ਭੂਮਿਕਾ
ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀਆਂ ਪਾਰਟੀਆਂ ਨੇ ਸੀਟਾਂ ਦੇ ਵਟਾਂਦਰੇ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਦੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਬਿਹਾਰ ਤੇ ਮਹਾਰਾਸ਼ਟਰ ਵਿਚ ਇਸ ਸਬੰਧੀ ਸਹਿਮਤੀ ਬਣ ਰਹੀ ਹੈ। ਨੌਂ ਜਨਵਰੀ ਨੂੰ ਮਹਾਰਾਸ਼ਟਰ ਦੀਆਂ 48 ਸੀਟਾਂ ਸਬੰਧੀ ਮਹਾਂ ਵਿਕਾਸ ਅਗਾੜੀ ਦੀਆਂ ਪਾਰਟੀਆਂ ਵਿਚਕਾਰ ਹੋਈ ਗੱਲਬਾਤ ’ਚੋਂ ਇਹ ਸੰਕੇਤ ਮਿਲਦੇ ਹਨ ਕਿ ਸ਼ਿਵ ਸੈਨਾ (ਊਧਵ) 18-20, ਕਾਂਗਰਸ 17-19 ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ 8-10 ਸੀਟਾਂ ’ਤੇ ਚੋਣ ਲੜ ਸਕਦੀਆਂ ਹਨ। ਮਹਾਰਾਸ਼ਟਰ ਵਿਚ ਇਹ ਪਾਰਟੀਆਂ ਹੋਰ ਛੋਟੀਆਂ ਪਾਰਟੀਆਂ ਜਿਵੇਂ ਪ੍ਰਕਾਸ਼ ਅੰਬੇਡਕਰ ਦੀ ਅਗਵਾਈ ਵਾਲੀ ਬਹੁਜਨ ਸਮਾਜ ਅਗਾੜੀ, ਪੀਜੈਂਟਸ ਐਂਡ ਵਰਕਰਜ਼ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਗੱਲਬਾਤ ਕਰਨ ਦੇ ਰੌਂਅ ’ਚ ਦਿਖਾਈ ਦਿੱਤੀਆਂ। ਭਾਰਤੀ ਜਨਤਾ ਪਾਰਟੀ ਜਿਹੀ ਸਮਰੱਥ ਸਿਆਸੀ ਤਾਕਤ ਵਿਰੁੱਧ ਮੁਹਾਜ਼ ਅਜਿਹੀ ਪਹੁੰਚ ਨਾਲ ਹੀ ਬਣਾਇਆ ਜਾ ਸਕਦਾ ਹੈ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਵੱਡੀ ਟੁੱਟ-ਭੱਜ ਦਾ ਸ਼ਿਕਾਰ ਹੋਈਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅਤੇ ਭਾਜਪਾ ਨੇ ਕੌਮੀ ਜਮਹੂਰੀ ਗੱਠਜੋੜ ਵਜੋਂ ਇਕੱਠਿਆਂ ਚੋਣ ਲੜ ਕੇ 41 ਸੀਟਾਂ (ਭਾਰਤੀ ਜਨਤਾ ਪਾਰਟੀ ਨੇ 23 ਅਤੇ ਸ਼ਿਵ ਸੈਨਾ ਨੇ 18) ਜਿੱਤੀਆਂ ਸਨ; ਗੱਠਜੋੜ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ; ਕਾਂਗਰਸ ਨੂੰ 2 ਹਲਕਿਆਂ ਤੇ ਐੱਨਸੀਪੀ ਨੂੰ 4 ਹਲਕਿਆਂ ਵਿਚ ਸਫਲਤਾ ਮਿਲੀ ਸੀ। ਹੁਣ ਸ਼ਿਵ ਸੈਨਾ ਦੋ ਹਿੱਸਿਆਂ ਵਿਚ ਵੰਡੀ ਗਈ ਹੈ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਸੂਬੇ ਦੇ ਮੁੱਖ ਮੰਤਰੀ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦਿੱਤੀ ਹੈ। ਐੱਨਸੀਪੀ ਵੀ ਦੋਫਾੜ ਹੋ ਗਈ ਹੈ। ਅਜੀਤ ਪਵਾਰ ਦਾ ਧੜਾ ਸੱਤਾਧਾਰੀ ਧਿਰ ਦੇ ਨਾਲ ਹੈ। ਇਸ ਸਭ ਦੇ ਬਾਵਜੂਦ ਮਹਾਰਾਸ਼ਟਰ ਉਨ੍ਹਾਂ ਸੂਬਿਆਂ ਵਿਚੋਂ ਪ੍ਰਮੁੱਖ ਹੈ ਜਿਨ੍ਹਾਂ ਬਾਰੇ ਭਾਜਪਾ ਨੂੰ ਕੁਝ ਚਿੰਤਾ ਹੈ। ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਅਤੇ ਐੱਨਸੀਪੀ ਪਵਾਰ ਧੜੇ ਵਾਲਾ ਗੱਠਜੋੜ ਲੋਕਾਂ ਵਿਚ ਜ਼ਿਆਦਾ ਭਰੋਸਾ ਉਭਾਰਨ ਵਾਲਾ ਨਹੀਂ ਹੈ।
ਬਿਹਾਰ ਦੇ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਜਨਤਾ ਦਲ ਯੂਨਾਈਟਡ 17-17 ਸੀਟਾਂ ’ਤੇ ਚੋਣ ਲੜਨਗੇ ਅਤੇ ਕਾਂਗਰਸ 4 ਸੀਟਾਂ ’ਤੇ। ਦੋ ਸੀਟਾਂ ਖੱਬੀਆਂ ਪਾਰਟੀਆਂ ਲਈ ਛੱਡੀਆਂ ਜਾਣਗੀਆਂ। ਦਿੱਲੀ ਸਬੰਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੋਈ ਗੱਲਬਾਤ ਤੋਂ ਵੀ ਸਹਿਮਤੀ ਦੇ ਸੰਕੇਤ ਮਿਲਦੇ ਹਨ। ਅਸਲ ਵਿਚ ਮਹਾਰਾਸ਼ਟਰ, ਦਿੱਲੀ, ਝਾਰਖੰਡ, ਤਿਲੰਗਾਨਾ, ਕਰਨਾਟਕ, ਪੰਜਾਬ ਹੀ ਕੁਝ ਅਜਿਹੇ ਸੂਬੇ ਹਨ ਜਿੱਥੇ ਇੰਡੀਆ ਗੱਠਜੋੜ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਿਹਤਰ ਕਾਰਗੁਜ਼ਾਰੀ ਦਿਖਾ ਸਕਦਾ ਹੈ। ਰਾਜਸਥਾਨ ਵਿਚ ਕਾਂਗਰਸ ਨੂੰ ਸੀਪੀਐੱਮ ਅਤੇ ਹੋਰ ਛੋਟੀਆਂ ਪਾਰਟੀਆਂ ਪ੍ਰਤੀ ਫਰਾਖ਼ਦਿਲੀ ਵਿਖਾਉਣ ਦੀ ਲੋੜ ਹੈ। ਉੱਤਰ ਪ੍ਰਦੇਸ਼ ਵਿਚ ਵੀ ਸਮਾਜਵਾਦੀ ਪਾਰਟੀ, ਕਾਂਗਰਸ ਅਤੇ ਰਾਸ਼ਟਰੀ ਲੋਕ ਦਲ ਵਿਚਕਾਰ ਸਮਝੌਤਾ ਹੋਣ ਦੇ ਸੰਕੇਤ ਮਿਲੇ ਹਨ ਪਰ ਉੱਥੇ ਭਾਜਪਾ ਕਾਫ਼ੀ ਮਜ਼ਬੂਤ ਸਥਿਤੀ ਵਿਚ ਹੈ। ਕਈ ਸੂਬਿਆਂ ਜਿਵੇਂ ਬੰਗਾਲ ਤੇ ਪੰਜਾਬ ਵਿਚ ‘ਇੰਡੀਆ’ ਗੱਠਜੋੜ ਨੂੰ ਸੀਟਾਂ ਦੇ ਵਟਾਂਦਰੇ ਵਿਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਵਿਰੋਧੀ ਪਾਰਟੀਆਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕੋਲ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੋਈ ਆਗੂ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮਸੇਵਕ ਸੰਘ ਵਰਗੀਆਂ ਮਜ਼ਬੂਤ ਜਥੇਬੰਦੀਆਂ। ਵਿਰੋਧੀ ਪਾਰਟੀਆਂ ਨੂੰ ਆਪਣੇ ਖੇਤਰੀ ਆਗੂਆਂ ਦੀ ਹਉਮੈ ਕਾਰਨ ਵੀ ਮੁਸ਼ਕਿਲਾਂ ਆਉਂਦੀਆਂ ਹਨ। ਕਾਂਗਰਸ ਹਰ ਸੂਬੇ ਵਿਚ ਧੜਿਆਂ ਵਿਚ ਵੰਡੀ ਹੋਈ ਹੈ ਜੋ ਜ਼ਿਆਦਾ ਊਰਜਾ ਇਕ ਦੂਜੇ ਨਾਲ ਲੜਨ ਵਿਚ ਖਰਚ ਕਰਦੇ ਹਨ। ‘ਇੰਡੀਆ’ ਗੱਠਜੋੜ ਵਿਚ ਮਲਿਕਾਰਜੁਨ ਖੜਗੇ ਪ੍ਰਭਾਵਸ਼ਾਲੀ ਆਗੂ ਵਜੋਂ ਉੱਭਰਿਆ ਹੈ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਸ਼ੁਰੂ ਹੋਣ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਵੀ ਬੇਰੁਜ਼ਗਾਰੀ ਤੇ ਭਾਜਪਾ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਜਿਹੇ ਮੁੱਦੇ ਉਠਾਏਗੀ ਪਰ ਇਸ ਦੇ ਬਾਵਜੂਦ ਪਾਰਟੀ ਦਾ ਆਪਣਾ ਬਿਆਨੀਆ ਲੋਕਾਂ ਤਕ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਹੈ। ਦੂਸਰੇ ਪਾਸੇ ਭਾਜਪਾ ਨੂੰ ਯਕੀਨ ਹੈ ਕਿ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਸਮਾਰੋਹ ਪਾਰਟੀ ਨੂੰ ਵੱਡਾ ਹੁਲਾਰਾ ਦੇਵੇਗਾ। ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਸੀਟਾਂ ਦੇ ਵਟਾਂਦਰੇ ਸਬੰਧੀ ਗੱਲਬਾਤ ਨੂੰ ਜਲਦੀ ਸਿਰੇ ਲਾਉਣ ਦੀ ਲੋੜ ਹੈ ਕਿਉਂਕਿ ਚੋਣਾਂ ਵਿਚ ਬਹੁਤ ਘੱਟ ਸਮਾਂ ਬਚਿਆ ਹੈ। ਜਮਹੂਰੀਅਤ ਵਿਚ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ।