ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਸ਼ਾ ਦੀ ਭੂਮਿਕਾ ਅਤੇ ਜੀਵਨ ਵਿਕਾਸ

06:55 AM Feb 04, 2024 IST

ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ

Advertisement

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਸ ਨੂੰ ਆਪਣੀਆਂ ਖ਼ੁਸ਼ੀਆਂ-ਗ਼ਮੀਆਂ, ਦੁੱਖ-ਸੁੱਖ, ਇੱਕ ਦੂਜੇ ਨਾਲ ਸਾਂਝੇ ਕਰਨੇ ਪੈਂਦੇ ਹਨ। ਇਹ ਸਭ ਬੋਲੀ ਜਾਂ ਭਾਸ਼ਾ ਦੁਆਰਾ ਹੀ ਸੰਭਵ ਹੁੰਦਾ ਹੈ। ਸੰਸਾਰ ਦੇ ਸਾਰੇ ਜੀਵਾਂ ਵਿੱਚੋਂ ਮਨੁੱਖ ਸਭ ਤੋਂ ਪ੍ਰਮੁੱਖ ਹੈ। ਉਸ ਨੂੰ ਭਾਸ਼ਾ ਨੇ ਵੱਖਰਾ ਤੇ ਉੱਤਮ ਜੀਵ ਬਣਾਇਆ ਹੈ। ਭਾਸ਼ਾ ਆਪਸੀ ਸੰਪਰਕ ਦਾ ਅਹਿਮ ਹਿੱਸਾ ਹੈ। ਹਾਲਾਂਕਿ ਸਾਰੀਆਂ ਜਾਤੀਆਂ ਦੇ ਸੰਚਾਰ ਕਰਨ ਦੇ ਆਪਣੇ ਤਰੀਕੇ ਹਨ ਪਰ ਸਿਰਫ਼ ਮਨੁੱਖ ਹੀ ਹਨ ਜਿਨ੍ਹਾਂ ਨੂੰ ਬੋਧਾਤਮਕ ਭਾਸ਼ਾ ਸੰਚਾਰ ਵਿੱਚ ਮੁਹਾਰਤ ਹਾਸਲ ਹੈ। ਭਾਸ਼ਾ ਸਾਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੇ ਸਮਰੱਥ ਬਣਾਉਂਦੀ ਹੈ। ਭਾਸ਼ਾ ਦੀ ਮਹੱਤਤਾ ਨੂੰ ਇਸ ਤੱਥ ਤੋਂ ਦੇਖਿਆ ਜਾ ਸਕਦਾ ਹੈ ਕਿ ਭਾਸ਼ਾਵਾਂ ਦੀ ਮਦਦ ਨਾਲ ਵਿਅਕਤੀ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰ ਸਕਦਾ ਹੈ। ਭਾਸ਼ਾਵਾਂ ਇੱਕ ਸਮਾਜ ਦਾ ਨਿਰਮਾਣ ਕਰ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਭਾਸ਼ਾ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਸੰਚਾਰ ਸਾਡੇ ਜੀਵਨ ਨੂੰ ਚਲਾਉਂਦਾ ਤੇ ਬਿਹਤਰ ਬਣਾਉਂਦਾ ਹੈ। ਮੂਲ ਰੂਪ ਵਿੱਚ, ਭਾਸ਼ਾ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖਰਾ ਕਰਦੀ ਹੈ।
ਦੁਨੀਆ ਦੇ 8 ਅਰਬ ਲੋਕ ਅਤੇ 195 ਆਜ਼ਾਦ ਦੇਸ਼ਾਂ ਵਿੱਚ ਲਗਭਗ ਸੱਤ ਹਜ਼ਾਰ ਭਾਸ਼ਾਵਾਂ ਬੋਲਦੇ ਹਨ। ਇਹ ਭਾਸ਼ਾਵਾਂ ਸਮੇਂ ਦੇ ਨਾਲ ਹੌਲੀ-ਹੌਲੀ ਵਿਕਸਤ ਹੋਈਆਂ ਹਨ। ਸਭ ਸੱਭਿਆਚਾਰਕ ਅਤੇ ਸਮਾਜਿਕ ਪੋਸ਼ਣ ਲਈ ਜ਼ਰੂਰੀ ਹਨ। ਸੰਸਾਰ ਵਿੱਚ ਸ਼ਾਂਤੀ ਨਾਲ ਰਹਿਣ ਲਈ ਇੱਕ ਦੂਜੇ ਦੇ ਸੱਭਿਆਚਾਰ, ਨਿਯਮਾਂ, ਧਰਮ ਅਤੇ ਪਰੰਪਰਾਵਾਂ ਨੂੰ ਸਮਝਣ ਲਈ ਭਾਸ਼ਾ ਦਾ ਅਹਿਮ ਸਥਾਨ ਹੈ। ਹਰ ਦੇਸ਼ ਦੀ ਆਪਣੀ ਸਰਕਾਰੀ ਭਾਸ਼ਾ ਹੈ। ਸਾਰੇ ਮੁਲਕ ਆਪਣੀ ਭਾਸ਼ਾ ਨੂੰ ਮਹੱਤਵ ਦਿੰਦੇ ਹਨ ਜੋ ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲੋਂ ਵੱਖਰੀ ਪਛਾਣ ਦਿਵਾਉਂਦੀ ਹੈ। ਸਕੂਲ ਵਿੱਚ ਪੜ੍ਹਾਈ ਤੋਂ ਇਲਾਵਾ, ਰਾਸ਼ਟਰ ਦਾ ਪ੍ਰਸ਼ਾਸਨਿਕ ਕੰਮ ਸਰਕਾਰੀ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਸਥਾਨਕ ਭਾਸ਼ਾ ਵਿੱਚ ਹੀ ਕੌਮ ਦਾ ਸੱਭਿਆਚਾਰਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਬੋਲੀ ਜਾਂ ਭਾਸ਼ਾ ਦੇ ਰੂਪ
ਭਾਸ਼ਾ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿੱਚ ਸੈਂਕੜੇ ਕਿਸਮਾਂ ਸ਼ਾਮਲ ਹਨ ਪਰ ਸਿੱਖਣ ਦੀ ਸ਼ੁਰੂਆਤ ਮਾਂ ਅਤੇ ਮਾਂ ਬੋਲੀ ਤੋਂ ਹੀ ਹੁੰਦੀ ਹੈ। ਇਹ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ। ਭਾਸ਼ਾ ਨਾਲ ਮਾਂ ਹੀ ਬੱਚੇ ਦੀ ਪਹਿਲੀ ਸਾਂਝ ਪੁਆਉਂਦੀ ਹੈ। ਬੱਚੇ ਵੀ ਸਭ ਤੋਂ ਪਹਿਲਾਂ ਮਾਂ ਸ਼ਬਦ ਹੀ ਬੋਲਦੇ ਹਨ। ਜਨਮ ਤੋਂ ਬਾਅਦ ਜਿਹੜੀ ਭਾਸ਼ਾ ਵਿੱਚ ਲੋਰੀਆਂ, ਬਾਤਾਂ, ਕਹਾਣੀਆਂ, ਗੀਤ, ਘੋੜੀਆਂ, ਸੁਹਾਗ ਅਤੇ ਖ਼ੁਸ਼ੀ-ਗ਼ਮੀ ਸਮੇਂ ਬੋਲਦਿਆਂ ਸੁਣਦੇ ਹਾਂ, ਉਹ ਭਾਸ਼ਾ ਹੀ ਬੱਚੇ ਦੀ ਮਾਂ-ਬੋਲੀ ਅਖਵਾਉਂਦੀ ਹੈ। ਮਾਂ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ ਸਗੋਂ ਬੱਚੇ ਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ ਜਿੱਥੋਂ ਉੁਹ ਸਿੱਖਣ ਦੀ ਪਹਿਲੀ ਪੁਲਾਂਘ ਪੁੱਟਦਾ ਹੈ।
ਬੋਲਚਾਲ ਅਤੇ ਲਿਖਤੀ ਬੋਲੀ: ਜਦੋਂ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਬੋਲ ਕੇ ਪ੍ਰਗਟ ਕਰਦੇ ਹਾਂ ਉਸ ਨੂੰ ਬੋਲਚਾਲ ਦੀ ਜਾਂ ਮੌਖਿਕ ਬੋਲੀ ਆਖਦੇ ਹਨ। ਇਸ ਦੀ ਵਰਤੋਂ ਆਮ ਗੱਲਬਾਤ ਲਈ ਕੀਤੀ ਜਾਂਦੀ ਹੈ। ਆਪਣੇ ਮਨ ਦੇ ਭਾਵਾਂ ਨੂੰ ਲਿਖ ਕੇ ਪੇਸ਼ ਕਰਦੇ ਹਾਂ ਤਾਂ ਉਸ ਨੂੰ ਲਿਖਤੀ ਬੋਲੀ, ਟਕਸਾਲੀ ਬੋਲੀ ਜਾਂ ਸਾਹਿਤਕ ਬੋਲੀ ਆਖਦੇ ਹਨ। ਇਹ ਭਾਸ਼ਾ ਵਿਆਕਰਨਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਭਾਵਾਂ ਦਾ ਪ੍ਰਗਟਾਵਾ ਠੀਕ ਕਰਨ ਲਈ ਢੁੱਕਵੇਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲੇਖਕ, ਸਾਹਿਤਕਾਰ, ਵਿਦਵਾਨ ਆਪਣੀਆਂ ਲਿਖਤਾਂ ਵਿੱਚ ਭਾਸ਼ਾ ਦੀ ਸੁਚੱਜੀ ਵਰਤੋਂ ਨਾਲ ਪਾਠਕਾਂ ਨੂੰ ਜੋੜ ਕੇ ਰੱਖਦੇ ਹਨ।

Advertisement

ਰਾਜ ਭਾਸ਼ਾ: ਕਿਸੇ ਸੂਬੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਰਾਜ ਭਾਸ਼ਾ ਆਖਦੇ ਹਨ। ਉਸ ਸੂਬੇ ਵਿੱਚ ਵਿਦਿਅਕ ਅਦਾਰਿਆਂ ਤੇ ਸਰਕਾਰੀ ਦਫਤਰਾਂ ਦੇ ਕੰਮਕਾਜ ਰਾਜ ਭਾਸ਼ਾ ਵਿੱਚ ਹੀ ਹੁੰਦੇ ਹਨ। ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਦਸਵੀਂ ਜਮਾਤ ਵਿੱਚ ਰਾਜ ਭਾਸ਼ਾ ਪੜ੍ਹੇ ਹੋਣਾ ਲਾਜ਼ਮੀ ਹੈ ਤਾਂ ਜੋ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸੌਖਿਆਂ ਸਮਝਿਆ ਜਾ ਸਕੇ। ਰਾਜ ਦਾ ਸੱਭਿਆਚਾਰ, ਸੰਸਕ੍ਰਿਤੀ, ਰੀਤੀ-ਰਿਵਾਜਾਂ ਨੂੰ ਸਥਾਨਕ ਭਾਸ਼ਾ ਤੋਂ ਬਿਨਾ ਨਹੀਂ ਸਮਝਿਆ ਜਾ ਸਕਦਾ। ਇਲਾਕੇ ਦੀ ਭਿੰਨਤਾ ਆ ਜਾਣ ਕਾਰਨ ਬੋਲੀ ਦੇ ਵੱਖ-ਵੱਖ ਰੂਪ ਮਿਲਦੇ ਹਨ ਜਿਨ੍ਹਾਂ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ। ਭਾਸ਼ਾ ਸਾਰੇ ਭੂਗੋਲਿਕ ਇਲਾਕਿਆਂ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਸਥਾਨ ਬਦਲਣ ਕਾਰਨ ਭਾਸ਼ਾ ਵਿੱਚ ਵਿਸ਼ੇਸ਼ ਸਥਾਨਕ ਰੰਗ ਵੇਖਣ ਨੂੰ ਮਿਲਦੇ ਹਨ।

ਪੰਜਾਬੀ ਦੀਆਂ ਉਪ-ਬੋਲੀਆਂ
ਪੰਜਾਬੀ ਭਾਸ਼ਾ ਵਿੱਚ ਮਾਝੀ, ਦੁਆਬੀ, ਮਲਵਈ, ਮੁਲਤਾਨੀ, ਪੋਠੋਹਾਰੀ ਪੁਆਧੀ ਆਦਿ ਪ੍ਰਸਿੱਧ ਉਪ-ਬੋਲੀਆਂ ਹਨ। 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬੀ ਬੋਲਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਜਾਣ ਕਰਕੇ ਪੋਠੋਹਾਰੀ ਅਤੇ ਮੁਲਤਾਨੀ ਉਪ-ਭਾਸ਼ਾਵਾਂ ਪਾਕਿਸਤਾਨ ਵਿੱਚ ਬੋਲਦੇ ਹਨ।
ਮਾਝੀ: ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਬਿਆਸ, ਪਠਾਨਕੋਟ ਆਦਿ ਇਲਾਕਿਆਂ ਵਿੱਚ ਮਾਝੀ ਬੋਲੀ ਜਾਂਦੀ ਹੈ। ਇਹ ਖਿੱਤਾ ਮਾਝੇ ਦੇ ਇਲਾਕੇ ਦੇ ਨਾਂ ਨਾਲ ਪ੍ਰਚੱਲਤ ਹੈ। ਇੱਥੋਂ ਦੇ ਰਹਿਣ ਵਾਲਿਆਂ ਨੂੰ ‘ਮਝੈਲ’ ਕਹਿੰਦੇ ਹਨ। ਇੱਥੇ ਵਰਤੇ ਜਾਂਦੇ ਡਿਹਾ, ਉਹਦਾ, ਬੱਧਾ, ਡਿੱਠਾ ਖ਼ਾਸ ਸ਼ਬਦ ਪ੍ਰਚੱਲਿਤ ਹਨ।
ਦੁਆਬੀ: ਦਰਿਆ ਸਤਲੁਜ ਅਤੇ ਬਿਆਸ ਦੇ ਨਾਲ ਲੱਗਦੇ ਜਲੰਧਰ, ਕਪੂਰਥਲਾ, ਨਕੋਦਰ, ਨਵਾਂਸ਼ਹਿਰ, ਫਗਵਾੜਾ, ਹੁਸ਼ਿਆਰਪੁਰ, ਬੰਗਾ, ਫਿਲੌਰ ਅਤੇ ਸ਼ਹੀਦ ਭਗਤ ਸਿੰਘ ਨਗਰ ਆਦਿ ਇਲਾਕਿਆਂ ਵਿੱਚ ਦੁਆਬੀ ਬੋਲੀ ਜਾਂਦੀ ਹੈ। ਇਸ ਖੇਤਰ ਨੂੰ ਦੁਆਬਾ ਤੇ ਇੱਥੋਂ ਦੇ ਲੋਕਾਂ ਨੂੰ ਦੁਆਬੀਏ ਆਖਦੇ ਹਨ। ਇੱਥੇ ਮੁੱਖ ਤੌਰ ’ਤੇ ਬਿਚੋਲਾ, ਬੱਖੀ, ਖੱਟਾ, ਬੰਗਾ ਆਦਿ ਸ਼ਬਦ ਬੋਲਦੇ ਹਨ।
ਮਲਵਈ: ਬਠਿੰਡਾ, ਮੁਕਤਸਰ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਸਤਲੁਜ ਤੋਂ ਉਪਰਲੇ ਪਾਸੇ ਦੇ ਸਿਰਸਾ (ਹਰਿਆਣਾ) ਵਿੱਚ ਮਲਵਈ ਬੋਲਦੇ ਹਨ। ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਇੱਥੋਂ ਦੇ ਲੋਕਾਂ ਨੂੰ ਮਲਵਈ ਆਖਦੇ ਹਨ ਤੇ ਇਹ ਇਲਾਕਾ ਮਾਲਵੇ ਦੇ ਨਾਂ ਨਾਲ ਮਸ਼ਹੂਰ ਹੈ। ਅਸੀਂ ਦੀ ਥਾਂ ਆਪ, ਕਰਦਾ ਦੀ ਥਾਂ ਕਰਨਾ, ਖੜ੍ਹ ਜਾ ਆਦਿ ਸ਼ਬਦ ਵਰਤਦੇ ਹਨ।
ਪੁਆਧੀ: ਇਹ ਉਪ-ਬੋਲੀ ਜ਼ਿਲ੍ਹਾ ਰੂਪਨਗਰ, ਮੁਹਾਲੀ ਅਤੇ ਸਿਰਸਾ, ਅੰਬਾਲਾ (ਹਰਿਆਣਾ) ਜ਼ਿਲ੍ਹੇ ਦੇ ਪੇਂਡੂ ਇਲਾਕਿਆਂ, ਪਟਿਆਲਾ ਪੂਰਬੀ ਤੇ ਫਤਹਿਗੜ੍ਹ ਸਾਹਿਬ ਦੇ ਕੁਝ ਹਿੱਸਿਆਂ ਵਿੱਚ ਬੋਲਦੇ ਹਨ। ਇਸ ਨੂੰ ਪੁਆਧ ਦਾ ਇਲਾਕਾ ਅਤੇ ਇੱਥੇ ਰਹਿਣ ਵਾਲਿਆਂ ਨੂੰ ਪੁਆਧੜ ਜਾਂ ਪੁਆਧੀ ਆਖਦੇ ਹਨ। ਇਸ ਇਲਾਕੇ ਵਿੱਚ ਸਾਨੂੰ ਦੀ ਜਗ੍ਹਾ ਹਮੇਂ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
ਪੋਠੋਹਾਰੀ: ਪਾਕਿਸਤਾਨ ਦੇ ਜਿਹਲਮ, ਕੈਮਲਪੁਰ ਅਤੇ ਰਾਵਲਪਿੰਡੀ ਦੇ ਪਹਾੜੀ ਇਲਾਕੇ ਵਿੱਚ ਪੋਠੋਹਾਰੀ ਬੋਲਦੇ ਹਨ। ਇਸ ਇਲਾਕੇ ਵਿੱਚ ਨੂੰ ਦੀ ਥਾ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ- ਉਸ ਨੂੰ ਦੀ ਥਾਂ ਉਸ ਕੀ ਸ਼ਬਦ ਵਰਤਿਆ ਜਾਂਦਾ ਹੈ।
ਮੁਲਤਾਨੀ: ਪਾਕਿਸਤਾਨ ਦੇ ਮੁਲਤਾਨ, ਬਹਾਵਲਪੁਰ, ਝੰਗ ਅਤੇ ਡੇਰਾ ਗਾਜ਼ੀ ਖਾਂ, ਮੁਜ਼ੱਫਰਗੜ੍ਹ ਵਿੱਚ ਮੁਲਤਾਨੀ ਉਪ-ਬੋਲੀ ਬੋਲਦੇ ਹਨ। ਇਸ ਉਪ-ਬੋਲੀ ਵਿੱਚ ਮੁੰਡਾ, ਤੋੜਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਡੋਗਰੀ: ਜੰਮੂ ਅਤੇ ਕਾਂਗੜੇ ਵਿੱਚ ਬੋਲਦੇ ਡੋਗਰੀ ਹਨ। ਇੱਥੋਂ ਦੇ ਲੋਕ ਦੇ, ਦੀ ਸ਼ਬਦ ਬਹੁਤ ਵਰਤੋਂ ਕਰਦੇ ਹਨ। ਜਿਵੇਂ - ਗਏ ਦੋ ਨੇ, ਆਇਆ ਦਾ ਏ ਆਦਿ।

ਦੇਸ਼ ਦੀ ਦਫਤਰੀ ਭਾਸ਼ਾ:
ਹਿੰਦੀ ਸਮੁੱਚੇ ਭਾਰਤ ਦੀ ਸਾਂਝੀ ਦਫਤਰੀ ਭਾਸ਼ਾ ਹੈ। ਇਸ ਦੀ ਵਰਤੋਂ ਸਰਕਾਰ, ਸਿੱਖਿਆ, ਸਿਨੇਮਾ, ਮੀਡੀਆ ਅਤੇ ਕਾਰੋਬਾਰ ਵਿੱਚ ਕੀਤੀ ਜਾਂਦੀ ਹੈ। ਹਿੰਦੀ ਦਾ ਗਿਆਨ ਭਾਰਤੀ ਸੱਭਿਆਚਾਰ ਅਤੇ ਸਮਾਜ ਵਿੱਚ ਡੂੰਘੀ ਸਮਝ ਅਤੇ ਏਕੀਕਰਨ ਦੀ ਸਮਰੱਥਾ ਦਿੰਦਾ ਹੈ। ਹਾਲਾਂਕਿ ਬਹੁਤ ਸਾਰਾ ਰਾਸ਼ਟਰੀ ਕਾਰੋਬਾਰ ਅੰਗਰੇਜ਼ੀ ਅਤੇ ਭਾਰਤੀ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਹੋਰ ਭਾਸ਼ਾਵਾਂ ਵਿੱਚ ਵੀ ਕੀਤਾ ਜਾਂਦਾ ਹੈ। ਹਿੰਦੀ ਦੇਸ਼ ਦੀ ਅਨੇਕਤਾ ਨੂੰ ਏਕਤਾ ਦੀ ਲੜੀ ਵਿੱਚ ਪਿਰੋਣ ਲਈ ਅਹਿਮ ਰੋਲ ਨਿਭਾਉਂਦੀ ਹੈ। ਹਿੰਦੀ ਕੇਂਦਰ ਦੀ ਦਫਤਰੀ ਭਾਸ਼ਾ ਹੈ।

ਕੌਮਾਂਤਰੀ ਭਾਸ਼ਾ:
ਅੰਗਰੇਜ਼ੀ ਕੌਮਾਂਤਰੀ ਪੱਧਰ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਰਾਹੀਂ ਕੁਲ ਸੰਸਾਰ ਵਪਾਰ, ਕੂਟਨੀਤਕ ਸਮਝੌਤੇ, ਕੌਮਾਂਤਰੀ ਪੱਧਰ ਦੇ ਸਮਾਜਿਕ ਮੰਚ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਕਿਸੇ ਵੀ ਦੇਸ਼ ਦੇ ਅੰਗਰੇਜ਼ੀ ਜਾਣਦੇ ਨਾਗਰਿਕ ਨੂੰ ਦੂਜੇ ਮੁਲਕਾਂ ਵਿੱਚ ਕੰਮ, ਵਪਾਰ ਜਾਂ ਪੜ੍ਹਾਈ ਕਰਨ ਲੱਗਿਆਂ ਬਹੁਤੀ ਮੁਸ਼ਕਿਲ ਨਹੀਂ ਆਉਂਦੀ। ਸੰਸਾਰ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਅੰਗਰੇਜ਼ੀ ਬੋਲੀ ਜਾਂਦੀ ਹੈ।

ਭਾਸ਼ਾਵਾਂ ਦੀ ਸੰਵਿਧਾਨਕ ਮਾਨਤਾ
ਸਾਡੇ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕ੍ਰਿਤ, ਸਿੰਧੀ, ਤਮਿਲ, ਤੇਲਗੂ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ ਪ੍ਰਵਾਨਿਤ ਹਨ।

ਆਧੁਨਿਕ ਅਤੇ ਸਭਿਅਕ ਸੰਸਾਰ ਵਿੱਚ ਜਿਉਂਦੇ ਰਹਿਣ ਲਈ ਭਾਸ਼ਾ ਗਿਆਨ ਬਹੁਤ ਜ਼ਰੂਰੀ ਹੈ। ਅੱਜ ਭਾਸ਼ਾ ਵਪਾਰ ਦਾ ਵੱਡਾ ਸਾਧਨ ਹੈ। ਬਹੁਤ ਸਾਰੀਆਂ ਅਨੁਵਾਦ ਕੰਪਨੀਆਂ ਅਨੁਵਾਦ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਆਲਮੀ ਪੱਧਰ ’ਤੇ ਵਪਾਰ ਵਧਣ ਕਾਰਨ ਅਨੁਵਾਦ ਸੇਵਾਵਾਂ ਵਿੱਚ ਅਥਾਹ ਵਾਧਾ ਹੋਇਆ ਹੈ। ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਮਾਂ-ਬੋਲੀ ਪੰਜਾਬੀ ਹੁਣ ਦੇਸ਼ਾਂ-ਵਿਦੇਸ਼ਾਂ ਵਿੱਚ ਬੋਲੀ, ਸੁਣੀ ਤੇ ਲਿਖੀ ਜਾ ਰਹੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਘਰਾਂ ਵਿੱਚ ਰੋਜ਼ਮੱਰ੍ਹਾ ਦੀ ਬੋਲਚਾਲ ਵਿੱਚੋਂ ਘਟਦੀ ਜਾ ਰਹੀ ਹੈ। ਸਮਾਜ ਵਿੱਚ ਵਿਚਰਦਿਆਂ ਸਾਨੂੰ ਪੰਜਾਬੀ ਬੋਲਣ ’ਤੇ ਮਾਣ ਹੋਣਾ ਚਾਹੀਦਾ ਹੈ। ਸਭ ਭਾਸ਼ਾਵਾਂ ਸਿੱਖੀਏ, ਬੋਲੀਏ, ਪੜ੍ਹੀਏ ਤੇ ਲਿਖੀਏ। ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਬਿਹਤਰ ਹੈ ਪਰ ਮਾਂ ਬੋਲੀ ਪੰਜਾਬੀ ਨਾਲੋਂ ਮੁੱਖ ਨਹੀਂ ਮੋੜਨਾ ਚਾਹੀਦਾ। ਪੰਜਾਬੀ ਜ਼ੁਬਾਨ ਦੀ ਅਹਿਮੀਅਤ ਬਾਰੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਬਾਦਸਤੂਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਬੁਲੰਦੀਆਂ ਵੱਲ ਲਿਜਾ ਸਕਣ।
ਸੰਪਰਕ: 78374-90309

Advertisement