ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ ਲੁਟੇਰੇ ਪੁਲੀਸ ਨੇ ਦਬੋਚੇ
ਸ਼ਗਨ ਕਟਾਰੀਆ
ਬਠਿੰਡਾ, 15 ਜੁਲਾਈ
ਇੱਥੇ ਮਹਿਣਾ ਚੌਕ ’ਚ ਇੱਕ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਵਾਰਦਾਤ ਕਰਨ ਵਾਲੇ ਦੋਵੇਂ ਲੁਟੇਰਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿੱਚ ਪੀੜਤ ਦੁਕਾਨਦਾਰ ਰਸਿਤ ਗਰਗ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ। ਪੁਲੀਸ ਅਨੁਸਾਰ ਦੁਪਹਿਰ ਕਰੀਬ 12 ਵਜੇ ਦੁਕਾਨ ’ਤੇ ਆਏ ਇੱਕ ਨੌਜਵਾਨ ਨੇ ਕਰੰਸੀ ਐਕਸਚੇਂਜ ਕਰਾਉਣ ਦੀ ਗੱਲ ਕਹੀ। ਇਸ ਦੌਰਾਨ ਉਹ ਦੁਕਾਨ ’ਚੋਂ ਬਾਹਰ ਗਿਆ ਅਤੇ ਇਸ਼ਾਰੇ ਰਾਹੀਂ ਆਪਣੇ ਸਾਥੀ ਦੁਕਾਨ ’ਚ ਸੱਦ ਲਿਆ। ਦੂਜੇ ਨੌਜਵਾਨ ਦੇ ਹੱਥ ’ਚ ਤਲਵਾਰ ਸੀ ਅਤੇ ਉਸ ਨੇ ਤਲਵਾਰ ਨਾਲ ਦੁਕਾਨਦਾਰ ’ਤੇ ਹਮਲਾ ਕੀਤਾ, ਪਰ ਦੁਕਾਨਦਾਰ ਵੱਲੋਂ ਚੌਕਸੀ ਵਰਤੇ ਜਾਣ ’ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਮਲਾ ਕਰਨ ਮਗਰੋਂ ਦੋਵਾਂ ਨੇ ਦੁਕਾਨ ਦੇ ਕਾਊਂਟਰ ਵਿਚਲੇ ਦਰਾਜ ’ਚ ਪਏ ਕਰੀਬ 70 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਵਿਦੇਸ਼ੀ ਡਾਲਰ ਅਤੇ ਖ਼ੁਸ਼ੀ ਦੇ ਮੌਕੇ ਗਲ ’ਚ ਪਹਿਨਾਏ ਜਾਣ ਵਾਲੇ ਨੋਟਾਂ ਦੇ ਹਾਰ ਚੁੱਕ ਲਏ। ਸਭ ਕੁਝ ਕਬਜ਼ੇ ’ਚ ਲੈਣ ਬਾਅਦ ਉਹ ਦੁਕਾਨ ਅੱਗੇ ਖੜੋਤੀ ਆਪਣੀ ਸਫ਼ੈਦ ਰੰਗ ਦੀ ਐਕਟਿਵਾ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਬਾਰੇ ਦੱਸਿਆ ਗਿਆ ਹੈ ਕਿ ਨੀਰਜ ਕੁਮਾਰ ਪਾਂਡੇ ਅਤੇ ਦਿਪਾਂਸ਼ੂ ਪਾਂਡੇ ਦੋਵੇਂ ਸਕੇ ਭਰਾ ਹਨ ਅਤੇ ਉਹ ਬਠਿੰਡਾ ਦੇ ਸ਼ਕਤੀ ਵਿਹਾਰ ਏਰੀਏ ’ਚ ਰਹਿੰਦੇ ਹਨ। ਘਟਨਾ ਨੂੰ ਅੰਜਾਮ ਦੇਣ ਬਾਅਦ ਦੋਵੇਂ ਜਣੇ ਬ੍ਰਿੰਦਾਵਨ (ਉੱਤਰ ਪ੍ਰਦੇਸ਼) ਚਲੇ ਗਏ ਸਨ ਅਤੇ ਪੁਲੀਸ ਨੇ ਇਨ੍ਹਾਂ ਨੂੰ ਉੱਥੋਂ ਹੀ ਗ੍ਰਿਫ਼ਤਾਰ ਕੀਤਾ।