For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਨੇ ਬਜ਼ੁਰਗ ਤੋਂ ਖੋਹ ਲਿਆ ਸਾਰਾ ਪਰਿਵਾਰ

07:59 AM Mar 28, 2024 IST
ਸੜਕ ਹਾਦਸੇ ਨੇ ਬਜ਼ੁਰਗ ਤੋਂ ਖੋਹ ਲਿਆ ਸਾਰਾ ਪਰਿਵਾਰ
ਪਿੰਡ ਨੱਥੂਵਾਲਾ ਗਰਬੀ ਵਿੱਚ ਬਜ਼ੁਰਗ ਗੁਰਵਿੰਦਰਪਾਲ ਸਿੰਘ ਨਾਲ ਦੁੱਖ ਸਾਂਝਾ ਕਰਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਮਾਰਚ
ਸ੍ਰੀਗੰਗਾਨਗਰ ਨੇੜੇ ਕੱਲ੍ਹ ਵਾਪਰੇ ਸੜਕ ਹਾਦਸੇ ’ਚ ਪਿੰਡ ਨੱਥੂਵਾਲਾ ਗਰਬੀ ਦੇ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਕਾਰਨ ਪਿੰਡ ਵਿਚ ਗ਼ਮਗੀਨ ਮਾਹੌਲ ਹੈ। ਪਰਿਵਾਰ ਦੇ ਇਕਲੌਤੇ ਪੁੱਤਰ ਦੇ ਚਲੇ ਜਾਣ ਕਾਰਨ ਹਾਦਸੇ ਨੇ ਲੋਕਾਂ ਨੂੰ ਹਾਸਦੇ ਨੇ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਬਜ਼ੁਰਗ ਗੁਰਵਿੰਦਰਪਾਲ ਸਿੰਘ ਦਾ ਕੋਈ ਬੁਢਾਪੇ ਦਾ ਸਹਾਰਾ ਨਹੀਂ ਰਿਹਾ। ਪਿੰਡ ਦੇ ਲੋਕ ਅਫ਼ਸੋਸ ਕਰਨ ਆ ਰਹੇ ਹਨ ਪਰ ਬਜ਼ੁਰਗ ਦੀਆਂ ਭਿੱਜੀਆਂ ਅੱਖਾਂ ਬੁਢਾਪੇ ਦਾ ਸਹਾਰਾ ਲੱਭਦੀਆਂ ਖ਼ਾਮੋਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਤਾਂ ਕਿਸੇ ਦੁਸ਼ਮਣ ’ਤੇ ਵੀ ਵਾਪਰੇ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਬਜ਼ੁਰਗ ਦੇ ਬੁਢਾਪੇ ਦਾ ਸਹਾਰਾ ਵੀ ਖੋਹ ਲਿਆ।
ਪਰਿਵਾਰ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਦੋ ਮਹੀਨੇ ਪਹਿਲਾਂ ਜਿਸ ਘਰ ਵਿਚ ਖੁਸ਼ੀਆਂ ਖੇੜੇ ਸਨ, ਉਥੇ ਸੱਥਰ ਵਿੱਛ ਜਾਵੇਗਾ। ਇਸ ਹਾਦਸੇ ਵਿੱਚ ਮਾਰੇ ਗਏ ਬਜ਼ੁਰਗ ਦੇ ਪੁੱਤ ਸੂਰਜਵੀਰ ਸਿੰਘ (30) ਦਾ ਵਿਆਹ ਹਾਲੇ ਬੀਤੀ 21 ਜਨਵਰੀ ਨੂੰ ਮਨਦੀਪ ਕੌਰ (28) ਨਾਲ ਹੋਇਆ ਸੀ। ਇਹ ਨਵਾਂ ਵਿਆਹਿਆ ਜੋੜਾ ਆਪਣੀ ਮਾਂ ਕੁਲਦੀਪ ਕੌਰ, ਪਰਵਾਸੀ ਪੰਜਾਬੀ ਭੈਣ ਮਨਵੀਰ ਕੌਰ ਤੇ ਮਾਸੂਮ ਇਕ ਸਾਲ ਦੀ ਕੈਨੇਡੀਅਨ ਬੱਚੀ ਵਾਣੀ ਨਾਲ ਸ੍ਰੀਗੰਗਾਨਗਰ ’ਚ ਪਦਮਪੁਰ ਵਿਚ ਰਿਸ਼ਤੇਦਾਰੀ ਵਿਚ ਮਿਲਕੇ ਮੰਗਲਵਾਰ ਨੂੰ ਵਾਪਸ ਪੰਜਾਬ ਵਾਪਸ ਆ ਰਹੇ ਸੀ। ਇਸ ਦੌਰਾਨ ਘੜਸਾਨਾ ਤੋਂ ਸ੍ਰੀਗੰਗਾਨਗਰ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ 1 ਸਾਲ ਦੀ ਕੈਨੇਡੀਅਨ ਭਾਣਜੀ ਵਾਣੀ ਦੀ ਵੀ ਮੌਤ ਹੋ ਗਈ ਅਤੇ ਉਸ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪਿੰਡ ਨੱਥੂਵਾਲਾ ਗਰਬੀ ਦੇ ਸਰਪੰਚ ਜਸਵੀਰ ਸਿੰਘ ਮੁਤਾਬਕ ਮਨਵੀਰ ਤੇ ਸੂਰਜਵੀਰ ਦੋਵੇਂ ਭੈਣ-ਭਰਾ ਸਨ। ਮਨਵੀਰ ਕੌਰ ਆਪਣੇ ਭਰਾ ਸੂਰਜਵੀਰ ਦੇ ਵਿਆਹ ਤੇ ਕੈਨੇਡਾ ਤੋਂ ਆਈ ਸੀ ਤੇ ਉਸ ਦਾ ਪਤੀ ਵਿਆਹ ਮਗਰੋਂ ਵਾਪਸ ਕੈਨੇਡਾ ਚਲਾ ਗਿਆ ਸੀ। ਮ੍ਰਿਤਕ ਦੇਹਾਂ ਨੇੜਲੇ ਪਿੰਡ ਸਿੰਘਾਂਵਾਲਾ ਵਿਖੇ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਖੇ ਰੱਖੀਆਂ ਗਈਆਂ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ’ਚੋਂ ਆਉਣ ਉੱਤੇ ਸਸਕਾਰ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×