ਪੰਜਾਬ ਨੂੰ ਬੰਜਰ ਨਹੀਂ ਹੋਣ ਦਿਆਂਗੇ: ਹਰਸਿਮਰਤ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 15 ਮਈ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਫ਼ਸਲੀ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਅਤੇ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਣ ਤੋਂ ਭੱਜਣ ਮਗਰੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਹੁਣ ਕਿਸਾਨਾਂ ਤੋਂ 326 ਕਰੋੜ ਰੁਪਏ ਮਾਮਲਾ (ਵਾਟਰ ਸੈੱਸ) ਵਸੂਲਣ ਦੇ ਹੁਕਮ ਜਾਰੀ ਕੀਤੇ ਹਨ।
ਜਲ ਸਰੋਤ ਵਿਭਾਗ ਦੇ ਚੀਫ਼ ਇੰਜਨੀਅਰ ਵੱਲੋਂ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ 326 ਕਰੋੜ ਰੁਪਏ ਮਾਮਲਾ ਵਸੂਲਣ ਦੇ ਹੁਕਮ ਜਾਰੀ ਹੋਏ ਸਨ। ਉਨ੍ਹਾਂ ਇਸ ਨੂੰ ਧੱਕੇਸ਼ਾਹੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਮਾਮਲਾ ਖ਼ਤਮ ਕੀਤਾ ਸੀ ਪਰ ਹੁਣ ਧੱਕੇ ਨਾਲ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਹਿਰੀ ਪਾਣੀ ’ਤੇ ਲਾਇਆ ਵਾਟਰ ਸੈੱਸ ਦੇਣ ਦੇ ਸਮਰੱਥ ਨਹੀਂ ਹਨ ਕਿਉਂਕਿ ਸੂਬੇ ਵਿੱਚ ਨਰਮੇ ਦੇ ਚਿੱਟੀ ਮੱਖੀ ਨਾਲ ਹਮਲੇ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਤੋਂ ਇਨਕਾਰ ਕੀਤੇ ਜਾਣ ਕਾਰਨ ਕਿਸਾਨ ਆਰਥਿਕ ਤੌਰ ’ਤੇ ਟੁੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਯਕੀਨੀ ਬਣਾਏਗਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਲਾਗੂ ਨਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਹਦਾਇਤ ਉਦੋਂ ਦਿੱਤੀ ਗਈ ਹੈ, ਪੰਜਾਬ ਤੋਂ ਦਰਿਆਈ ਪਾਣੀ ਖੋਹ ਕੇ ਐਸਵਾਈਐਲ ਰਾਹੀਂ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਦਾਇਤ ’ਤੇ ਇਸ ਸਾਜ਼ਿਸ਼ ਨੂੰ ਅੰਜ਼ਾਮ ਦੇਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਹਿਰੀ ਪਟਵਾਰੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਰਿਕਾਰਡ ਵਿਚ ਜਾਅਲੀ ਐਂਟਰੀਆਂ ਪਾ ਕੇ ਵਿਖਾਉਣ ਕਿ ਵੱਡੀ ਪੱਧਰ ’ਤੇ ਖੇਤੀਬਾੜੀ ਜ਼ਮੀਨ (ਜੋ ਅਸਲ ਵਿਚ ਨਹਿਰੀ ਪਾਣੀ ਨਾਲ ਸਿੰਜੀ ਨਹੀਂ ਜਾ ਰਹੀ ਹੈ) ਨੂੰ ਨਹਿਰੀ ਪਾਣੀ ਨਾਲ ਸਿੰਜਿਆ ਗਿਆ ਹੈ ਤੇ ਅਜਿਹਾ ਕਰ ਕੇ ਇਹ ਦਰਸਾਇਆ ਜਾ ਰਿਹਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਜਾਨਾਂ ਵਾਰ ਦਿਆਂਗੇ, ਪਰ ਸੂਬੇ ਨੂੰ ਕਦੇ ਬੰਜਰ ਨਹੀਂ ਹੋਣ ਦਿਆਂਗੇ। ਉਨ੍ਹਾਂ ਨੇ ਸਰਕਾਰ ਦਾ ਕਹਿਣਾ ਨਾ ਮੰਨਣ ’ਤੇ ਮੁਅੱਤਲ ਹੋਏ ਨਹਿਰੀ ਪਟਵਾਰੀਆਂ ਨਾਲ ਵੀ ਇਕਜੁੱਟਤਾ ਪ੍ਰਗਟਾਈ।
ਬੋਹਾ ਵਿਚ ਚੋਣ ਦਫ਼ਤਰ ਦਾ ਉਦਘਾਟਨ
ਬੋਹਾ (ਪੱਤਰ ਪ੍ਰੇਰਕ): ਹਰਸਿਮਰਤ ਕੌਰ ਬਾਦਲ ਨੇ ਬੋਹਾ ਸਥਿਤ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ। ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰਸਿਮਰਤ ਕੌਰ ਦਾ ਸਮਰਥਨ ਕਰਨ।