ਮਾਲਵੇ ’ਚ ਚੜ੍ਹੇ ਪਾਰੇ ਨੇ ਲੋਕਾਂ ਨੂੰ ਤਰੇਲੀਆਂ ਲਿਆਂਦੀਆਂ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਪੰਜਾਬ ਸਣੇ ਗੁਆਂਢੀ ਸੂਬਿਆਂ ਵਿੱਚ ਹਫ਼ਤਾ ਪਹਿਲਾਂ ਪਏ ਮੀਂਹਾਂ ਕਾਰਨ ਜਿਹੜਾ ਪਾਰਾ ਹੇਠਾਂ ਆਇਆ ਸੀ, ਉਹ ਹੁਣ ਮਾਲਵਾ ਖੇਤਰ ਵਿੱਚ ਮੁੜ ਸਿਖ਼ਰ ‘ਤੇ ਜਾਣ ਲੱਗਿਆ ਹੈ। ਮਾਲਵਾ ਖੇਤਰ ਦੇ ਅਗਲੇ ਪੰਜ ਦਿਨ ਹੋਰ ਤਪੇ ਰਹਿਣ ਦੀ ਸੰਭਾਵਾਨਾ ਹੈ।
ਇਸ ਖੇਤਰ ਵਿੱਚ ਮੌਨਸੂਨ ਪੌਣਾਂ ਦੇ ਆਉਣ ਤੱਕ ਲੋਕਾਂ ਨੂੰ ਗਰਮੀ ਦੀ ਵੱਡੀ ਲਹਿਰ ਵਿੱਚੋਂ ਲੰਘਣਾ ਪਵੇਗਾ, ਜਦੋਂਕਿ ਇਸ ਖੇਤਰ ਦੇ ਮਾਨਸਾ ਸਣੇ ਬਠਿੰਡਾ, ਸੰਗਰੂਰ, ਬਰਨਾਲਾ ਖੇਤਰ ‘ਚੋਂ ਲੰਘਦੀ ਵੱਡੀ ਨਹਿਰ ਕੋਟਲਾ ਬ੍ਰਾਂਚ ਦੀ 18 ਜੂਨ ਤੱਕ ਬੰਦੀ ਕਾਰਨ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਣ ਲੱਗੀਆਂ ਹਨ।
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤਾਪਮਾਨ 40 ਡਿਗਰੀ ਤੋਂ ਉੱਪਰ ਰਿਹਾ। ਇਸ ਕਾਰਨ ਲੋਕਾਂ ਨੂੰ ਦੁਪਹਿਰ ਵੇਲੇ ਬਾਹਰ ਨਿਕਲਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੀਏਯ ਲੁਧਿਆਣਾ ਅਨੁਸਾਰ ਅੱਜ ਬਠਿੰਡਾ ਖੇਤਰ ਵਿੱਚ 40 ਡਿਗਰੀ ਸੈਂਟੀਗਰੇਡ ਤਾਪਮਾਨ ਰਿਹਾ ਹੈ ਜਦੋਂਕਿ ਮਾਨਸਾ, ਬਰਨਾਲਾ, ਸੰਗਰੂਰ, ਫ਼ਰੀਦਕੋਟ, ਫਾਜ਼ਿਲਕਾ, ਮੋਗਾ, ਲੁਧਿਆਣਾ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਭਗ 40.28 ਡਿਗਰੀ ਸੈਲਸੀਅਸ ਰਿਹਾ ਹੈ।
ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਦੁਪਹਿਰ ਵੇਲੇ ਬਿਨਾਂ ਕਿਸੇ ਕੰਮ-ਕਾਰ ਤੋਂ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪੀਏਯੂ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਪੰਜ ਦਿਨਾਂ ਦੌਰਾਨ ਆਮ ਤੌਰ ‘ਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ।
ਪੀਏਯੂ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਕਿਹਾ ਕਿ ਹੁਣ ਗਰਮੀ ਵਧਣ ਕਾਰਨ ਸੋਹਲ ਫ਼ਸਲਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ। ਉਨ੍ਹਾਂ ਸਲਾਹ ਦਿੰਤੀ ਕਿ ਗਰਮੀ ਦੇ ਮੱਦੇਨਜ਼ਰ ਕਿਸਾਨ ਨਰਮੇ, ਪਸ਼ੂਆਂ ਦੇ ਹਰੇ-ਚਾਰੇ, ਸਬਜ਼ੀਆਂ ਅਤੇ ਬਾਗਾਂ ਨੂੰ ਲੋੜ ਮੁਤਾਬਕ ਲਗਾਤਾਰ ਪਾਣੀ ਦਿੰਦੇ ਰਹਿਣ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਗਰਮੀ ਵਧਣ ਕਾਰਨ ਫ਼ਸਲਾਂ ਮੁਰਝਾਉਣ ਲੱਗੀਆਂ ਹਨ।
ਉਨ੍ਹਾਂ ਕਿਹਾ ਕਿ ਨਹਿਰੀ ਬੰਦੀ ਤੇ ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਘੱਟ ਆਉਣ ਕਾਰਨ ਫ਼ਸਲਾਂ ਸੁੱਕਣ ਲੱਗੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀ ਮੋਟਰਾਂ ਵਾਸਤੇ ਬਿਜਲੀ ਸਪਲਾਈ ਨਿਰਵਿਘਨ 12 ਘੰਟੇ ਦਿੱਤੀ ਜਾਵੇ।