ਇਨਕਲਾਬੀ ਕੇਂਦਰ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ
ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਜਨਵਰੀ
ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਟੋਹਾਣਾ ਦੀ ਮਹਾਪੰਚਾਇਤ ਵਿੱਚ ਸਾਮਲ ਹੋਣ ਜਾ ਰਹੇ ਕਿਸਾਨਾਂ ਨਾਲ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਮਾਰੀਆਂ ਗਈਆਂ ਭਾਕਿਯੂ ਉਗਰਾਹਾਂ ਦੀਆਂ ਤਿੰਨ ਕਿਸਾਨ ਔਰਤਾਂ ਅਤੇ ਭਾਕਿਯੂ ਉਗਰਾਹਾਂ ਅਤੇ ਸਿੱਧੂਪੁਰ ਦੇ ਲਗਪਗ ਤਿੰਨ ਦਰਜਨ ਜ਼ਖ਼ਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੂਬਾਈ ਆਗੂ ਨਰਾਇਣ ਦੱਤ, ਕਵਲਜੀਤ ਖੰਨਾ, ਮੁਖਤਿਆਰ ਸਿੰਘ ਪੂਹਲਾ ਅਤੇ ਜਗਜੀਤ ਸਿੰਘ ਲਹਿਰਾ ਮੁਹੰਬਤ ਨੇ ਕਿਹਾ ਕਿ ਕਿਸਾਨਾਂ ਦੇ ਘਰਾਂ ਵਿੱਚ ਸੱਥਰ ਵਸਾਉਣ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਗੰਭੀਰਤਾ ਨਾਲ ਲੈ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ, ਤਾਂ ਇਨ੍ਹਾਂ ਦੁਰਘਟਨਾਵਾਂ ਦੀ ਨੌਬਤ ਨਾ ਆਉਂਦੀ ਅਤੇ ਜਾਨਾਂ ਬਚ ਜਾਣੀਆਂ ਸੀ ਅਤੇ ਜ਼ਖ਼ਮੀ ਕਿਸਾਨਾਂ ਨੂੰ ਕੜਾਕੇ ਦੀ ਠੰਢ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਣੀ ਪੈਂਦੀ। ਉਨ੍ਹਾਂ ਪੀੜਤ ਪਰਿਵਾਰਾਂ ਅਤੇ ਹੋਰਨਾਂ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁਖਦਾਈ ਮਾਹੌਲ ਨੂੰ ਰੋਹ ਵਿੱਚ ਪਲਟਣ।