ਕਿੰਗਵਾਹ ਰਜਬਾਹੇ ਦੀ ਚੌੜਾਈ ਘੱਟ ਕਰਨ ਤੋਂ ਭੜਕੇ ਕਿਸਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜਨਵਰੀ
ਮੋਗਾ ਖੇਤਰ ’ਚ ਸਿੰਜਾਈ ਲਈ ਕਿੰਗਵਾਹ ਰਜਬਾਹੇ ਦੀ ਚੌੜਾਈ ਘੱਟ ਕਰਨ ਤੋਂ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨ ਜਥੇਬੰਦੀਆਂ ਨੇ ਪਿੰਡ ਘੱਲਕਲਾਂ ਵਿੱਚ ਰਜਬਾਹੇ ’ਤੇ ਰੋਸ ਮੁਜ਼ਾਹਰਾ ਕਰਕੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਸੰਘਰਸ਼ ਲਈ ਕਿਸਾਨ ਜਥੇਬੰਦੀਆਂ ਅਧਾਰਤ ਸਾਂਝਾ ਮੋਰਚਾ ਕਾਇਮ ਕੀਤਾ ਗਿਆ ਹੈ।
ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਬੁੱਕਣਵਾਲਾ ਵਾਲਾ ਅਤੇ ਬੀਕੇਯੂ ਕਿਰਤੀ ਯੂਨੀਅਨ ਯੂਥ ਵਿੰਗ ਆਗੂ ਤੀਰਥ ਸਿੰਘ ਘੱਲਕਲਾਂ ਨੇ ਦੱਸਿਆ ਕਿ ਕਿੰਗਵਾਹ ਰਜਬਾਹੇ ਵਿੱਚ ਸਾਲ ’ਚੋਂ ਸਿਰਫ 4 ਮਹੀਨੇ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਇਹ ਨਹਿਰੀ ਪਾਣੀ ਕੇਵਲ 20 ਫ਼ੀਸਦੀ ਕਿਸਾਨਾਂ ਨੂੰ ਮਿਲਦਾ ਹੈ। ਇਹ ਇਲਾਕਾ ਪਾਣੀ ਪੱਖੋਂ ਡਾਰਕ ਜ਼ੋਨ ਵਿੱਚ ਹੈ। ਲੰਬੇ ਸਮੇਂ ਤੋਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਇਸ ਰਜਬਾਹੇ ਵਿੱਚ ਪੂਰਾ ਸਾਲ ਨਹਿਰੀ ਪਾਣੀ ਚਲਾਉਣ ਅਤੇ ਮੋਘਿਆ ਦਾ ਸਾਇਜ਼ ਵੱਡਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ ਨਹਿਰ ਦੀ ਹਾਲਤ ਖਸਤਾ ਦਾ ਹਵਾਲਾ ਦੇ ਕੇ ਪਾਣੀ ਨਹੀਂ ਸੀ ਵਧਾਉਂਦਾ ਅਤੇ ਭਰੋਸਾ ਦਿੱਤਾ ਜਾਂਦਾ ਹੈ ਕਿ ਜਦੋਂ ਇਹ ਰਜਬਾਹਾ ਪੱਕਾ ਹੋ ਗਿਆ ਤਾਂ ਪੂਰਾ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਜਬਾਹਾ ਪੱਕਾ ਤਾਂ ਕੀਤਾ ਜਾ ਰਿਹਾ ਪਰ ਚੌੜਾਈ ਕਾਫੀ ਘੱਟ ਕਰ ਦਿੱਤੀ ਗਈ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪਹਿਲਾਂ ਹੀ 200 ਫੁੱਟ ’ਤੇ ਹੈ ਹੁਣ ਰਾਜਬਾਹਾ ਦੇ ਚੌੜਾਈ ਘਟਣ ਕਾਰਨ ਨਹਿਰੀ ਪਾਣੀ ਤਾਂ ਹੋਰ ਵੀ ਘੱਟ ਜਾਵੇਗਾ, ਜਿਸ ਕਾਰਨ ਕਿਸਾਨਾਂ ਦੀ ਫ਼ਸਲ ਸੋਕੇ ਦਾ ਸ਼ਿਕਾਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਰਜਬਾਹੇ ਲਈ 238 ਕਿਊਸਿਕ ਤੋਂ ਘਟਾ ਕੇ ਪਹਿਲਾਂ ਹੀ 218 ਕਿਊਸਿਕ ਕਰ ਦਿੱਤਾ ਹੈ। ਇਸਦੇ ਬਾਵਜੂਦ ਸਿੰਜਾਈ ਵਿਭਾਗ ਸਿਰਫ 180 ਕਿਊਸਿਕ ਪਾਣੀ ਹੀ ਰਜਬਾਹੇ ਵਿੱਚ ਛੱਡ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ, ਕੌਮੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਖੋਸਾ ਅਤੇ ਹੋਰ ਵੀ ਕਿਸਾਨ ਜਥੇਬੰਦੀਆ ਇਸ ਸੰਘਰਸ਼ ’ਚ ਸ਼ਾਮਲ ਹੋ ਰਹੀਅਂ ਹਨ ਅਤੇ ਸਾਂਝਾ ਮੋਰਚਾ ਕਾਇਮ ਕੀਤਾ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਛਿੰਦਾ ਸਿੰਘ ਘਾਲੀ, ਕਿਸਾਨ ਆਗੂ ਰਣਵੀਰ ਸਿੰਘ, ਪਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਸੁਖਰਾਜ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਪਰਮਪਾਲ ਸਿੰਘ ਗੁਰਜੰਟ ਸਿੰਘ, ਲਖਵਿੰਦਰ ਸਿੰਘ, ਨਵਨੀਤ ਸਿੰਘ ਹਾਜ਼ਰ ਸਨ।