ਡਿਵਾਈਡਰ ਕੱਟ ਬੰਦ ਕਰਨ ਦਾ ਮਾਮਲਾ ਭਖਿਆ
ਇਕਬਾਲ ਸਿੰਘ ਸ਼ਾਂਤ
ਲੰਬੀ, 7 ਜਨਵਰੀ
ਕੌਮੀ ਸ਼ਾਹ ਰਾਹ-9 ’ਤੇ ਮਹਿਣਾ ਅਤੇ ਸਿੰਘੇਵਾਲਾ ਦਰਮਿਆਨ ਕਥਿਤ ਪੈਟਰੋਲ ਪੰਪ ਦੀ ਐੱਨਓਸੀ ਖਾਤਰ ਡਿਵਾਈਡਰ ਕੱਟ ਬੰਦ ਕਰਨ ਦਾ ਵਿਵਾਦ ਹੋਰ ਭਖ ਗਿਆ ਹੈ। ਅੱਜ ਮੁੜ ਕੱਟ ਬੰਦ ਕਰਨ ਲਈ ਸੜਕ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਈ-5 ਅਤੇ ਨਿਰੀਖਣ ਕੰਪਨੀ ਵੋਆਂਟਸ ਦਾ ਅਮਲਾ ਪੁੱਜਿਆ ਸੀ ਪਰ ਭਾਕਿਯੂ (ਏਕਤਾ) ਉਗਰਾਹਾਂ ਤੇ ਪਿੰਡਾਂ ਦੇ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਲੰਘੇ ਸ਼ਨਿਚਰਵਾਰ ਨੂੰ ਸਾਂਭ-ਸੰਭਾਲ ਕੰਪਨੀ ਵੱਲੋਂ ਇਹ ਕੱਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਦੇ ਵਿਰੋਧ ਕਰ ਕੇ ਟੀਮ ਨੇ ਅੱਜ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਸੀ। ਇਸ ਮਾਮਲੇ ‘ਚ ਸਬੰਧਤ ਗਰਾਮ ਪੰਚਾਇਤਾਂ ਨੇ ਐੱਨਐੱਚਏਆਈ ਮੰਤਰਾਲੇ ਦੇ ਪੋਰਟਲ ’ਤੇ ਐੱਨਐੱਚਏਆਈ ਬਠਿੰਡਾ ਦੇ ਅਧਿਕਾਰੀਆਂ ਖ਼ਿਲਾਫ਼ ਲੋਕ-ਹਿੱਤਾਂ ਨੂੰ ਦਰਕਿਨਾਰ ਕੀਤੇ ਜਾਣ ਖਿਲਾਫ਼ ਸ਼ਿਕਾਇਤ ਕੀਤੀ ਹੈ। ਇਸੇ ਵਿਚਕਾਰ ਕੱਲ੍ਹ ਪਿੰਡ ਸਿੰਘੇਵਾਲਾ, ਢਾਣੀ ਸਿੰਘੇਵਾਲਾ ਦੀਆਂ ਪੰਚਾਇਤਾਂ ਨੇ ਐੱਨਐੱਚਏਆਈ ਬਠਿੰਡਾ ਦੇ ਪ੍ਰਾਜੈਕਟ ਡਾਇਰੈਕਟਰ ਰਾਜੀਵ ਕੁਮਾਰ ਨਾਲ ਮੁਲਾਕਾਤ ਕੀਤੀ ਸੀ ਜਿਸ ਵਿੱਚ ਅਧਿਕਾਰੀਆਂ ਨੇ ਡਿਵਾਇਡਰ ਨੂੰ ਨਿਯਮਾਂ ਤਹਿਤ ਬੰਦ ਕਰਨ ਲਾਜ਼ਮੀ ਦੱਸਿਆ ਸੀ। ਅੱਜ ਸੜਕ ਸਾਂਭ-ਸੰਭਾਲ ਕੰਪਨੀ ਈ-5 ਦੇ ਰੋਡ ਮੈਨੇਜਰ ਸੰਦੀਪ ਕੁਮਾਰ ਅਤੇ ਨਿਰੀਖਣ ਕੰਪਨੀ ਵੋਆਂਟਸ ਦੇ ਅਧਿਕਾਰੀ ਰਾਜਿੰਦਰ ਕੁਮਾਰ ਨੇ ਮੌਕੇ ’ਤੇ ਪੁੱਜ ਕੇ ਡਿਵਾਈਡਰ ਕੱਟ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਅਤੇ ਪਿੰਡਾਂ ਵਾਲਿਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਕਿਯੂ (ਏਕਤਾ) ਉਗਰਾਹਾਂ ਨੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਸਿੰਘੇਵਾਲਾ ਦੇ ਸਰਪੰਚ ਹਰਵਿੰਦਰ ਸਿੰਘ ਤੇ ਸਿੰਘੇਵਾਲਾ ਢਾਣੀਆਂ ਦੇ ਸਰਪੰਚ ਪ੍ਰਤੀਨਿਧੀ ਬਿੱਟੂ ਸਿੰਘ ਨੇ ਕਿਹਾ ਕਿ ਐੱਨਐੱਚਏਆਈ ਵੱਲੋਂ ਪੈਟਰੋਲ ਪੰਪ ਦੀ ਐੱਨਓਸੀ ਲਈ ਚਾਰ ਪਿੰਡਾਂ ਦੇ ਹੱਕਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਇਹ ਡਿਵਾਈਡਰ ਕੱਟ ਬੰਦ ਹੋਣ ਨਾਲ ਸੜਕੀ ਹਾਦਸੇ ਵਧਣਗੇ। ਇਸ ਕੱਟ ਨੂੰ ਜ਼ਬਰਦਸਤੀ ਬੰਦ ਕੀਤੇ ਜਾਣ ਨੂੰ ਕਿਸੇ ਸਹਿਣ ਨਹੀਂ ਕੀਤਾ ਜਾਵੇਗਾ। ਵੋਆਂਟਸ ਸੋਲਿਊਸ਼ਨ ਦੇ ਰਾਜਿੰਦਰ ਕੁਮਾਰ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਹਦਾਇਤ ’ਤੇ ਕੱਟ ਨੂੰ ਬੰਦ ਕਰਵਾਉਣ ਪੁੱਜੇ ਸਨ ਪਰ ਲੋਕਾਂ ਦੇ ਵਿਰੋਧ ਕਾਰਨ ਕੱਟ ਬੰਦ ਨਹੀਂ ਕੀਤਾ ਗਿਆ। ਰੋਡ ਮੈਨੇਜਰ ਸੰਦੀਪ ਕੁਮਾਰ ਨੇ ਕਿਹਾ ਕਿ ਲੋਹੜੀ ਮਗਰੋਂ ਕੱਟ ਨੂੰ ਬੰਦ ਕਰਨ ਲਈ ਕਵਾਇਦ ਵਿੱਢੀ ਜਾਵੇਗੀ।