ਸਤਿਕਾਰ ਕਮੇਟੀ ਨੇ ਕੋਠਾ ਗੁਰੂ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਚੁੱਕਿਆ
ਪੱਤਰ ਪ੍ਰੇਰਕ
ਭਗਤਾ ਭਾਈ, 18 ਜੂਨ
ਸਤਿਕਾਰ ਕਮੇਟੀ ਕੋਠਾ ਗੁਰੂ ਨੇ ਨਗਰ ਨਿਵਾਸੀਆਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਪਿੰਡ ਕੋਠਾ ਗੁਰੂ ਨੂੰ ਹਰਿਆ-ਭਰਿਆ ਬਣਾਉਣ ਲਈ ਨਵੇਂ ਬੂਟੇ ਲਗਾਉਣ ਅਤੇ ਇਨ੍ਹਾਂ ਦੀ ਸੰਭਾਲ ਦਾ ਬੀੜਾ ਚੁੱਕਿਆ ਹੈ। ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਵਾਰ 1500 ਬੂਟੇ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਜਾਣਗੇ। ਇਸ ਤੋਂ ਇਲਾਵਾ 750 ਸਜਾਵਟੀ ਬੂਟੇ ਪਿੰਡਾਂ ਦੇ ਵੱਖ ਵੱਖ ਰਾਹਾਂ ’ਤੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ 2000 ਸਜਾਵਟੀ ਪੌਦੇ ਅਤੇ ਦਰੱਖਤ ਪਿੰਡ ਦੇ ਵੱਖ-ਵੱਖ ਰਸਤਿਆਂ ’ਤੇ ਵਿਸ਼ੇਸ਼ ਟ੍ਰੀ ਗਾਰਡ ਲਗਾ ਕੇ ਲਗਾਏ ਗਏ ਸਨ ਜਿਨ੍ਹਾਂ ਦੀ ਕਮੇਟੀ ਦੇ ਮੈਂਬਰਾਂ ਨੇ ਪੂਰਾ ਸਾਲ ਦੇਖਭਾਲ ਕੀਤੀ। ਇਨ੍ਹਾਂ ਵਿੱਚੋਂ 1700 ਬੂਟੇ ਬੜੇ ਵਧੀਆ ਢੰਗ ਨਾਲ ਚੱਲ ਰਹੇ ਹਨ। ਇਸ ਸਮੇਂ ਪੈ ਰਹੀ ਸਖ਼ਤ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਤਿਕਾਰ ਕਮੇਟੀ ਦੇ ਮਿਹਨਤੀ ਵਲੰਟੀਅਰਾਂ ਵਲੋਂ ਪਾਣੀ ਦੀ ਵੱਡੀ ਟੈਂਕੀ ਨਾਲ ਪਿੰਡ ਵਿੱਚ ਲੱਗੇ ਦਰੱਖਤਾਂ ਅਤੇ ਬੂਟਿਆਂ ਨੂੰ ਧੋਣ ਦੇ ਨਾਲ-ਨਾਲ ਪਾਣੀ ਅਤੇ ਦਵਾਈ ਦੇਣ ਦੀ ਸੇਵਾ ਨਿਭਾਈ ਜਾ ਰਹੀ ਹੈ।