For the best experience, open
https://m.punjabitribuneonline.com
on your mobile browser.
Advertisement

ਝੋਨਾ: ਅਨਾਜ ਮੰਡੀਆਂ ਵਿੱਚ ਸਿੱਲ੍ਹ ਨੇ ਉਲਝਾਈ ਖਰੀਦ ਦੀ ਤਾਣੀ

11:08 AM Nov 04, 2024 IST
ਝੋਨਾ  ਅਨਾਜ ਮੰਡੀਆਂ ਵਿੱਚ ਸਿੱਲ੍ਹ ਨੇ ਉਲਝਾਈ ਖਰੀਦ ਦੀ ਤਾਣੀ
ਪਿੰਡ ਤਾਮਕੋਟ ਦੇ ਖਰੀਦ ਕੇਂਦਰ ਵਿੱਚ ਲੱਗੀਆਂ ਝੋਨੇ ਦੀਆਂ ਢੇਰੀਆਂ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 3 ਨਵੰਬਰ
ਇਸ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਮੌਸਮ ਵਿੱਚ ਤਬਦੀਲੀ ਹੋਣ ਕਾਰਨ ਸਿੱਲ੍ਹ ਨੇ ਝੋਨੇ ਦੀ ਖਰੀਦ ਨੂੰ ਉਲਝਾ ਦਿੱਤਾ ਹੈ ਅਤੇ ਲਿਫਟਿੰਗ ਨੇ ਕਿਸਾਨਾਂ ਦੀ ਸਮੱਸਿਆ ਵਧਾ ਦਿੱਤੀ ਹੈ। ਸਿੱਲ੍ਹ ਕਾਰਨ ਮੰਡੀਆਂ ਵਿੱਚ ਝੋਨੇ ਦੀ ਬੋਲੀ ਨਹੀਂ ਲੱਗ ਰਹੀ ਹੈ ਜਦਕਿ ਲਿਫਟਿੰਗ ਹੋਣ ਕਾਰਨ ਖੇਤਾਂ ’ਚੋਂ ਆਉਣ ਵਾਲੇ ਝੋਨੇ ਨੂੰ ਸੁੱਟਣ ਲਈ ਕੋਈ ਥਾਂ ਨਹੀਂ ਬਚੀ ਹੈ। ਬਹੁਤੀਆਂ ਥਾਵਾਂ ’ਤੇ ਕਿਸਾਨ ਖਰੀਦ ਕੇਂਦਰਾਂ ਤੋਂ ਬਾਹਰ ਕੱਚੀਆਂ ਉਤੇ ਆਪਣੇ ਸੋਨੇ ਰੰਗੇ ਝੋਨੇ ਨੂੰ ਸੁੱਟਣ ਲਈ ਮਜਬੂਰ ਹੋਏ ਪਏ ਹਨ। ਦਰਜਨਾਂ ਮੰਡੀਆਂ ਵਿੱਚ ਸੈਂਕੜੇ ਕਿਸਾਨ ਕਈ-ਕਈ ਦਿਨਾਂ ਤੋਂ ਝੋਨੇ ਦੀ ਤੁਲਾਈ ਬੈਠੇ ਹਨ ਅਤੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਬੋਲੀ ਸ਼ੈੱਲਰ ਮਾਲਕਾਂ ਦੀ ‘ਮਰਜ਼ੀ’ ਨਾਲ ਲੱਗਣ ਲੱਗੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਸਮੇਤ ਫੂਡ ਸਪਲਾਈ ਵਿਭਾਗ ਦੇ ਉਚ ਅਫ਼ਸਰਾਂ ਦੀ ਸੁਸਤ ਪ੍ਰਬੰਧਾਂ ਨੂੰ ਲੈ ਕੇ ਖਿਚਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਪਏ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਅੱਜ ਇੱਕ ਦਰਜਨ ਤੋਂ ਵੱਧ ਮੰਡੀਆਂ ਦਾ ਦੌਰਾਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਆਮ ਕਿਸਾਨ ਦਾ ਕੋਈ ਹਾਲ ਨਹੀਂ ਅਤੇ ਮਾੜੇ ਬੰਦੇ ਦੀ ਉਥੇ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਖਿਆਲਾ, ਭੈਣੀਬਾਘਾ, ਤਾਮਕੋਟ, ਨੰਗਲ ਕਲਾਂ, ਡੇਲੂਆਣਾ, ਕੋਟਧਰਮੂ, ਰੱਲਾ, ਅਕਲੀਆ ਅਤੇ ਜੋਗਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਜਿੱਥੇ ਬੋਲੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਹੈ, ਉਥੇ ਭੈਣੀਬਘਾ ਦੀ ਅਨਾਜ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ 40 ਹਜ਼ਾਰ ਦੇ ਕਰੀਬ ਪਈਆਂ ਹਨ।

Advertisement

ਸਾਦਿਕ ਵਿੱਚ ਮਾੜੇ ਖਰੀਦ ਪ੍ਰਬੰਧਾਂ ਕਾਰਨ ਆਵਾਜਾਈ ਰੋਕੀ

ਸਾਦਿਕ (ਗੁਰਪ੍ਰੀਤ ਸਿੰਘ): ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਵੱਲੋਂ ਸਾਦਿਕ ਦਾਣਾ ਮੰਡੀ ਦੇ ਮੁੱਖ ਗੇਟ ਅੱਗੇ ਫਰੀਦਕੋਟ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਰਜਿੰਦਰ ਸਿੰਘ ਕਿੰਗਰਾ, ਕੁਲਵਿੰਦਰ ਸਿੰਘ ਬੀਹਲੇ ਵਾਲਾ ਨੇ ਆਖਿਆ ਕਿ ਸੀਜ਼ਨ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਾਸਕ ਖਰੀਦ ਪ੍ਰਬੰਧਾਂ ਕਾਰਨ ਕਿਸਾਨ ਲਗਾਤਾਰ ਮੰਡੀ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੀਦ ਦੀ ਰਫਤਾਰ ਹੌਲੀ ਹੈ, ਸਮੇਂ ਸਿਰ ਬਾਰਦਾਨਾ ਵੀ ਨਹੀਂ ਆ ਰਿਹਾ ਤੇ ਲਿਫਟਿੰਗ ਦਾ ਬੁਰਾ ਹਾਲ ਹੈ। ਆੜ੍ਹਤੀ ਯੁਨੀਅਨ ਦੇ ਨੁਮਾਇੰਦੇ ਜੈਦੀਪ ਸਿੰਘ ਬਰਾੜ, ਦਲਜੀਤ ਸਿੰਘ ਢਿੱਲੋਂ ਤੇ ਪਰਮਜੀਤ ਸੋਨੀ ਨੇ ਆਖਿਆ ਕਿ ਪਨਸਪ ਵੱਲੋਂ ਹੁਣ ਤੱਕ 250000 ਗੱਟਾ ਖਰੀਦ ਕੀਤਾ ਗਿਆ ਹੈ ਜਿਸ ਵਿੱਚੋਂ ਸਿਰਫ 20000 ਦੀ ਚੁਕਵਾਈ ਹੀ ਹੋ ਸਕੀ ਹੈ ਤੇ ਹਾਈਬਰੈੱਡ ਤੇ ਪੀਆਰ 126 ਕਿਸਮ ਨੂੰ ਸ਼ੈੱਲਰਾਂ ਵਾਲੇ ਉਤਾਰ ਨਹੀਂ ਰਹੇ। ਉਨ੍ਹਾਂ ਖਰੀਦ ਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਮੰਗ ਕਰਦਿਆਂ ਆਖਿਆ ਕਿ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਜਾਰੀ ਰਹੇਗਾ।

Advertisement

ਸਿਆਸੀ ਆਗੂਆਂ ਨੇ ਮੰਡੀਆਂ ਤੋਂ ਦੂਰੀ ਬਣਾਈ

ਦਿਲਚਸਪ ਗੱਲ ਹੈ ਕਿ ਇਸ ਵਾਰ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਤੋਂ ਸੱਤਾਧਾਰੀ ਪਾਰਟੀ ਸਮੇਤ ਹੋਰ ਸਿਆਸੀ ਧਿਰਾਂ ਦੇ ਆਗੂ ਦੂਰ ਰਹਿਣ ਲੱਗੇ ਹਨ। ਉਹ ਕਿਸਾਨ ਜਥੇਬੰਦੀਆਂ ਦੇ ਘਿਰਾਓ ਤੋਂ ਡਰਦੇ ਮੰਡੀਆਂ ਵਿੱਚ ਜਾਣ ਤੋਂ ਹੀ ਕੰਨੀ ਕਤਰਾਉਣ ਲੱਗੇ ਹਨ। ਪਹਿਲਾਂ ਸੱਤਾਧਾਰੀ ਧਿਰ ਨਾਲ ਜੁੜੇ ਸਿਆਸੀ ਨੇਤਾ ਅਕਸਰ ਮੰਡੀਆਂ ਵਿੱਚ ਜਾਕੇ ਝੋਨੇ ਦੀ ਬੋਲੀ ਆਰੰਭ ਕਰਵਾਉਂਦੇ ਸਨ ਅਤੇ ਵਿਰੋਧੀ ਪਾਰਟੀਆਂ ਦੇ ਆਗੂ ਮੰਡੀਆਂ ਵਿੱਚ ਜਾਕੇ ਕਿਸਾਨਾਂ ਦੀ ਸਾਰ ਲੈਣ ਦੇ ਬਹਾਨੇ ਮਾੜੇ ਪ੍ਰਬੰਧਾਂ ਨੂੰ ਅਕਸਰ ਹੀ ਕੋਸਦੇ ਸਨ, ਪਰ ਇਸ ਵਾਰ ਅਜਿਹੇ ਨੇਤਾਵਾਂ ਦਾ ਖਰੀਦ ਕੇਂਦਰਾਂ ਤੋਂ ਕਿਸਾਨਾਂ ਨੂੰ ਮਿਲਣ ਲਈ ਮੋਹ ਭੰਗ ਹੋਣ ਲੱਗਿਆ ਹੈ।

Advertisement
Author Image

sukhwinder singh

View all posts

Advertisement