ਕਲੋਨੀਆਂ ਦੇ ਵਾਸੀ ਸਾਰੀ ਰਾਤ ਬੰਨ੍ਹ ਬਣਾਉਂਦੇ ਰਹੇ
ਜਲੰਧਰ (ਹਤਿੰਦਰ ਮਹਿਤਾ): ਬਿਸਤ ਦੁਆਬ ਨਹਿਰ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤਕ ਵਧਣ ਅਤੇ ਕਾਲਾ ਸੰਘਿਆਂ ਡਰੇਨ ਵਿੱਚ ਸੰਭਾਵਿਤ ਦਾਖਲੇ ਦੇ ਖਤਰੇ ਨੂੰ ਦੇਖਦੇ ਹੋਏ ਸੰਭਾਵੀ ਨੁਕਸਾਨ ਨੂੰ ਘੱਟ ਕਰਨ ਲਈ ਇਲਾਕਾ ਨਿਵਾਸੀਆਂ ਅਤੇ ਪ੍ਰਸ਼ਾਸਨ ਵਲੋਂ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਪਾਣੀ ਨੂੰ ਅੰਦਰ ਜਾਣ ਤੋਂ ਰੋਕਣ ਲਈ ਨਾਲੇ ਦੇ ਨਾਲ ‘ਬੰਨ੍ਹ’ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਲਾਕੇ ਭਰ ਦੇ ਹਾਲਾਤ ਅਤੇ ਸ਼ਾਹਕੋਟ ਦੇ ਧੁੱਸੀ ਬੰਨ੍ਹ ਨੇੜੇ ਦੋ ਪਾੜਾਂ ਨੂੰ ਦੇਖਦਿਆਂ ਕਾਲੀਆ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ, ਗੁਰੂ ਅਮਰਦਾਸ ਨਗਰ ਅਤੇ ਕਾਲਾ ਸੰਘਿਆਂ ਡਰੇਨ ਨੇੜੇ ਆਪਣੇ ਘਰ ਵਾਲੇ ਵਸਨੀਕ ਇਸ ਗੱਲੋਂ ਚਿੰਤਤ ਸਨ ਕਿ ਪਾਣੀ ਦਾ ਪੱਧਰ ਵੱਧ ਕੇ ਓਵਰਫਲੋਅ ਹੋ ਸਕਦਾ ਹੈ। ਬੀਤੀ ਰਾਤ ਡਰੇਨ ਕੰਢੇ ਝੁੱਗੀਆਂ ਬਣਾ ਕੇ ਰਹਿ ਰਹੇ ਝੁੱਗੀਆਂ-ਝੌਂਪੜੀਆਂ ਵਾਲਿਆਂ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇਅ ਦੇ ਨਾਲ ਉੱਚੇ ਇਲਾਕਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵੀ ਆਪਣਾ ਸਮਾਨ ਉੱਪਰਲੀਆਂ ਮੰਜ਼ਿਲਾਂ ’ਤੇ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਿਛਲੇ ਹੜ੍ਹਾਂ ’ਚ ਪਾਣੀ ਘਰਾਂ ’ਚ ਵੜ ਗਿਆ ਸੀ।
ਹਿਮਾਚਲ ਪ੍ਰਦੇਸ਼ ਲਈ ਲੰਮੇ ਰੂਟਾਂ ਲਈ ਬੱਸਾਂ ਬੰਦ
ਜਲੰਧਰ: ਹਿਮਾਚਲ ਪ੍ਰਦੇਸ਼ ਵਿਚ ਸੜਕਾਂ ’ਤੇ ਪੱਥਰ ਡਿੱਗਣ ਤੋਂ ਬਾਅਦ ਇਥੋਂ ਦੇ ਬੱਸ ਸਟੈਂਡ ਤੋਂ ਹਿਮਾਚਲ ਪ੍ਰਦੇਸ਼ ਲਈ ਲੰਮੇ ਰੂਟਾਂ ਲਈ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਰੋਡਵੇਜ਼ ਦੇ ਅਧਿਕਾਰੀਆਂ ਅਨੁਸਾਰ ਅੱਜ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨ ਮਾਤਾ ਚਿੰਤਪੂਰਨੀ ਅਤੇ ਊਨਾ ਤੱਕ ਹੀ ਬੱਸਾਂ ਨੂੰ ਭੇਜਿਆ ਗਿਆ ਤੇ ਹੋਰ ਜ਼ਿਲ੍ਹਿਆਂ ਤੋਂ ਹਿਮਾਚਲ ਲਈ ਲੰਮੇ ਰੂਟਾਂ ਲਈ ਆ ਰਹੀਆਂ ਬੱਸਾਂ ਵੀ ਹੁਸ਼ਿਆਰਪੁਰ ਤੋਂ ਵਾਪਸ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਤਾ ਚਿੰਤਪੂਰਨੀ ਅਤੇ ਊਨਾ ਤੱਕ ਪਹਾੜੀ ਇਲਾਕਾ ਘੱਟ ਹੈ ਤੇ ਇਥੇ ਤੱਕ ਦੀਆਂ ਸੜਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਿਆ ਹੈ।
ਜਲੰਧਰ ਜ਼ਿਲ੍ਹੇ ’ਚ ਹਾਲਾਤ ਕਾਬੂ ਹੇਠ; ਲੋਕਾਂ ਨੂੰ ਰਾਹਤ ਕੈਂਪਾਂ ’ਚ ਪਹੁੰਚਾਇਆ
ਜਲੰਧਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ ਬਚਾਅ ਕਾਰਜਾਂ ਦੌਰਾਨ ਲਗਪਗ 200 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਰਾਹਤ ਕੈਂਪਾਂ ’ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਅਤ ਕੱਢੇ ਗਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।