ਇੱਟਾਂ ਨਾਲ ਹੀ ਕੀਤਾ ਜਾ ਰਿਹੈ ਫੜ੍ਹ ਦਾ ਨਵੀਨੀਕਰਨ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 22 ਅਗਸਤ
ਕਸਬੇ ਸ਼ਹਿਣਾ ਦੇ 9 ਏਕੜ ਵਿੱਚ ਲੱਗੇ ਖਰੀਦ ਕੇਂਦਰ ਦੇ ਫੜ੍ਹ ਨੂੰ ਨਵੀਨੀਕਰਨ ਦੇ ਨਾਮ ’ਤੇ ਇੱਟਾਂ ਦਾ ਫਰਸ਼ ਪੁੱਟ ਕੇ ਇੱਟਾਂ ਦਾ ਹੀ ਫਰਸ਼ ਲਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਨਵੇਂ ਬਣ ਰਹੇ ਫੜ੍ਹ ਲਈ ਮਿੱਟੀ ਪਾਉਣ ਦਾ ਕੰਮ ਨਾਲ ਹੀ ਡੂੰਘਾ ਟੋਆ ਪੁੱਟ ਕੇ ਸਾਰਿਆ ਜਾ ਰਿਹਾ ਹੈ। ਇਹ ਕਈ ਵਿਸਵਿਆਂ ਵਿੱਚ ਬਣੇ ਟੋਇਆ ਕਾਰਨ ਕਿਸੇ ਵੀ ਸਮੇਂ ਹਾਦਸਾ ਹੋ ਸਕਦਾ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੰਡੀ ਦੇ ਫੜ੍ਹ ਦੀ ਪੁਰਾਣੀਆਂ ਪੁੱਟੀਆਂ ਜਾ ਰਹੀਆਂ ਇੱਟਾਂ ਨੂੰ 3000 ਰੁਪਏ ਤੋਂ 3500 ਰੁਪਏ ਪ੍ਰਤੀ ਹਜ਼ਾਰ ਵੇਚਿਆ ਜਾ ਰਿਹਾ ਹੈ। ਇੱਟਾਂ ਵੇਚਣ ਸਬੰਧੀ ਠੇਕੇਦਾਰ ਦਾ ਕਹਿਣਾ ਹੈ ਕਿ ਇਹ ਇੱਟਾਂ ਵੇਚਣ ਦੀ ਮਨਜ਼ੂਰੀ ਬਾਕਾਇਦਾ ਐਗਰੀਮੈਟ ਵਿੱਚ ਹੈ। ਦੂਜੇ ਪਾਸੇ ਮੰਡੀ ਵਿੱਚ ਝੋਨੇ ਦੀ ਫਸਲ ਵਿਕਣ ਲਈ ਆਉਣ ਵਿੱਚ ਸਿਰਫ਼ 50 ਦਿਨ ਰਹਿ ਗਏ ਹਨ, 50 ਦਿਨਾਂ ਵਿੱਚ ਫਰਸ਼ ਮਕੁੰਮਲ ਨਹੀ ਹੋ ਸਕਦਾ ਹੈ। ਫੜ੍ਹ ਉੱਚਾ ਕਰਕੇ ਬਣਾਉਣ ਲਈ ਪਾਈ ਜਾ ਰਹੀ ਸਵਾਹ ਅਤੇ ਮਿੱਟੀ ਦਾ ਖਰਚ ਵੀ ਆੜ੍ਹਤੀਆਂ ਅਤੇ ਕਿਸਾਨਾਂ ਦੇ ਸਿਰ ਪਾਇਆ ਗਿਆ ਹੈ।
ਗੁਰਵਿੰਦਰ ਸਿੰਘ ਨਾਮਧਾਰੀ ਨੇ ਫੜ੍ਹ ਦੇ ਨਾਮ ’ਤੇ 60 ਪੈਸੇ ਪ੍ਰਤੀ ਗੱਟਾ ਭਰਤ ਪਾਉਣ ਲਈ ਕਿਸਾਨਾਂ ਤੋਂ ਕੱਟੇ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇੱਟਾਂ ਦੀ ਬਜਾਏ ਸੀਮਿੰਟ ਦਾ ਕੰਕਰੀਟ ਵਾਲਾ ਫਰਸ਼ ਲਾਉਣਾ ਚਾਹੀਦਾ ਸੀ।
ਘੱਟੋ-ਘੱਟ 6 ਏਕੜ ਦਾ ਫੜ੍ਹ ਤਿਆਰ ਹੋ ਜਾਵੇਗਾ: ਸਕੱਤਰ
ਉਧਰ, ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਠੇਕੇਦਾਰ ਪੁਰਾਣੀ ਇੱਟ ਵੇਚ ਸਕਦਾ ਹੈ, ਇਸ ਦੀ ਮਨਜ਼ੂਰੀ ਹੈ। ਫੜ੍ਹ ਨੂੰ ਜਲਦੀ ਹੀ ਮੁਕੰਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਅਤੇ ਜ਼ਿੰਮੇਵਾਰ ਲੋਕਾਂ ਵੱਲੋਂ ਫੜ੍ਹ ਉੱਚਾ ਕਰਨ ਲਈ ਭਰਤ ਪਾਉਣ ਵਿੱਚ ਕੀਤੀ ਗਈ ਦੇਰੀ ਕਾਰਨ ਹੀ ਫਰਸ਼ ਲੱਗਣ ਵਿੱਚ ਦੇਰੀ ਹੋਈ ਹੈ। ਝੋਨੇ ਦੀ ਮੰਡੀ ਤੱਕ ਜੇ ਸਾਰਾ ਨਹੀ ਤਾਂ ਘੱਟੋ ਘੱਟ 6 ਏਕੜ ਦਾ ਫੜ੍ਹ ਤਿਆਰ ਹੋ ਜਾਵੇਗਾ। ਬਾਕੀ ਦਾ ਬਾਅਦ ਵਿੱਚ ਤਿਆਰ ਹੋਵੇਗਾ।
ਪਿੱਲੀਆਂ ਇੱਟਾਂ ਲਾਉਣ ਖ਼ਿਲਾਫ਼ ਨਾਅਰੇਬਾਜ਼ੀ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਅੱਜ ਮੰਡੀ ਦੇ ਫੜ੍ਹ ਨੂੰ ਪੱਕਾ ਕਰਨ ਲਈ ਵਰਤੀਆਂ ਜਾ ਰਹੀਆਂ ਪਿੱਲੀਆਂ ਇੱਟਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਜਗਤਾਰ ਸਿੰਘ ਝੱਜ, ਬੇਅੰਤ ਸਿੰਘ ਸਰ੍ਹਾਂ, ਸੁਖਦੇਵ ਸਿੰਘ, ਸਿਕੰਦਰ ਸਿੰਘ ਹਾਜ਼ਰ ਸਨ। ਕਿਸਾਨ ਆਗੂ ਨਾਮਧਾਰੀ ਨੇ ਦੱਸਿਆ ਕਿ ਮੰਡੀ ਦੇ ਫੜ੍ਹ ਵਿੱਚ ਮੰਡੀ ਕੋਲੋਂ ਹੀ ਮਿੱਟੀ ਪੁੱਟ ਕੇ ਪਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤਿੰਨ ਦਿਨਾਂ ਵਿੱਚ ਪਿੱਲੀਆਂ ਇੱਟਾਂ ਨਾ ਹਟਾਈਆਂ, ਮਿੱਟੀ ਮੰਡੀ ਦੇ ਨੇੜੋਂ ਪੁੱਟਣੀ ਬੰਦ ਨਾ ਕੀਤੀ ਤਾਂ ਤੇਜ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।