ਮਾਸੂਮਾਂ ਦੀ ਸ਼ਹਾਦਤ ਤੋਂ ਉਗਮੀ ਬਗ਼ਾਵਤ
ਸੁਰਿੰਦਰ ਸਿੰਘ ਤੇਜ
ਮਾਲੇਰਕੋਟਲਾ ਉਹ ਨਗਰ ਹੈ ਜੋ ਮੁਗ਼ਲ ਰਾਜ ਦੇ ਪਤਨ ਤੇ ਪੰਜਾਬ ਵਿੱਚ ਸਿੱਖਾਂ ਦੀ ਸਰਦਾਰੀ ਸਥਾਪਿਤ ਹੋਣ ਦੇ ਦਿਨਾਂ ਦੌਰਾਨ ਵੀ ਮੁਸਲਿਮ ਰਿਆਸਤ ਵਜੋਂ ਸਲਾਮਤ ਰਿਹਾ ਅਤੇ ਸੰਤਾਲੀ ਦੇ ਸੰਤਾਪ ਦੌਰਾਨ ਵੀ। ਪੰਜਾਬੀ ਸੂਬੇ ਦੀ ਸਥਾਪਨਾ ਮਗਰੋਂ ਵੀ ਇਸ ਦਾ ਮੁਸਲਿਮ ਬਹੁਗਿਣਤੀ ਵਾਲਾ ਕਿਰਦਾਰ ਬਰਕਰਾਰ ਰਿਹਾ ਅਤੇ ਹੁਣ ਵੀ ਹੈ। ਅਫ਼ਗ਼ਾਨਿਸਤਾਨ ਤੋਂ ਆਏ ਸੂਫ਼ੀ ਫ਼ਕੀਰ ਸ਼ੇਖ ਸਦਰੂਦੀਨ-ਇ-ਜਹਾਨ ਵੱਲੋਂ 1454 ਵਿੱਚ ਵਸਾਈ ਇਸ ਨਗਰੀ ਨੂੰ 1600 ਈਸਵੀ ਵਿੱਚ ਇਸਮਾਈਲ ਖ਼ਾਨ ਨੇ ਨੀਮ-ਖ਼ੁਦਮੁਖ਼ਤਾਰ ਰਿਆਸਤ ਦਾ ਜਾਮਾ ਪ੍ਰਦਾਨ ਕੀਤਾ। ਉਸ ਦਾ ਰੁਤਬਾ ਸਰਦਾਰ ਦਾ ਸੀ। ਇਸ ਰੁਤਬੇ ਨੂੰ ਨਵਾਬੀ ਰੂਪ ਦੇਣਾ ਉਸ ਦੇ ਜਾਨਸ਼ੀਨਾਂ ਦੇ ਹਿੱਸੇ ਆਇਆ। ਬੰਦਾ ਬਹਾਦਰ ਨੇ 1710 ਵਿੱਚ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਮਗਰੋਂ ਮਾਲਵੇ ਵਿੱਚ ਕਈ ਹੋਰਨਾਂ ਨਵਾਬਾਂ ਤੇ ਫ਼ੌਜਦਾਰਾਂ ਨੂੰ ਪਸਤ ਕੀਤਾ, ਪਰ ਮਾਲੇਰਕੋਟਲੇ ਵੱਲ ਰੁਖ਼ ਨਹੀਂ ਕੀਤਾ। ਇਸ ਰਿਆਸਤ ਦੇ ਆਖ਼ਰੀ ਨਵਾਬ ਇਫ਼ਤਿਖਾਰ ਅਲੀ ਖ਼ਾਨ ਸਨ ਜਿਨ੍ਹਾਂ ਦਾ ਇੰਤਕਾਲ 1982 ਵਿੱਚ ਹੋਇਆ। ਉਨ੍ਹਾਂ ਦੇ ਕਈ ਸਾਕ-ਸਬੰਧੀ ਸੰਤਾਲੀ ਵੇਲੇ ਪਾਕਿਸਤਾਨ ਚਲੇ ਗਏ ਅਤੇ ਉੱਥੇ ਉਹ ਨਵਾਬ ਮਾਲੇਰਕੋਟਲਾ ਵਜੋਂ ਵਿਚਰਦੇ ਰਹੇ, ਪਰ ਇਫ਼ਤਿਖਾਰ ਅਲੀ ਖ਼ਾਨ ਨੇ ਹਿੰਦ ਪ੍ਰਤੀ ਵਫ਼ਾਦਾਰੀ ਨਹੀਂ ਤਿਆਗੀ। ਇਹ ਸਾਰੀ ਬਰਕਤ ਉਸ ‘ਹਾਅ ਦੇ ਨਾਅਰੇ’ ਨਾਲ ਜੁੜੀ ਹੋਈ ਹੈ ਜੋ ਇਸ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸੂਬਾ ਸਰਹਿੰਦ ਵਜ਼ੀਰ ਖ਼ਾਨ ਵੱਲੋਂ ਬਿਠਾਈ ਕਚਹਿਰੀ ਵਿੱਚ ਮਾਰਿਆ ਸੀ। ਇਹ ਘਟਨਾ 25 ਦਸੰਬਰ 1704 (ਕਈ ਇਤਿਹਾਸਕਾਰਾਂ ਮੁਤਾਬਿਕ 1705) ਦੀ ਦੱਸੀ ਜਾਂਦੀ ਹੈ। ਉਸ ਨੇ ਦਸਵੇਂ ਗੁਰੂ ਦੇ ਛੋਟੇ ਸਾਹਿਬਜ਼ਾਦਿਆਂ- ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਿਹ ਸਿੰਘ (6 ਸਾਲ) ਨੂੰ ਸਜ਼ਾ-ਇ-ਮੌਤ ਸੁਣਾਏ ਜਾਣ ਨੂੰ ਨਾਇਨਸਾਫ਼ੀ ਦੱਸਦਿਆਂ ਭਰੇ ਦਰਬਾਰ ਵਿੱਚੋਂ ਉੱਠ ਜਾਣ ਦੀ ਦਲੇਰੀ ਦਿਖਾਈ ਸੀ। ਸਿਰਫ਼ ਏਨਾ ਹੀ ਨਹੀਂ, ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਸ਼ਿਕਾਇਤ ਪੱਤਰ ਵਿੱਚ ਉਸ ਨੇ ਵਜ਼ੀਰ ਖ਼ਾਨ ਦੇ ਫ਼ੈਸਲੇ ਨੂੰ ਇਸਲਾਮੀ ਸ਼ਰ੍ਹਾ ਤੇ ਇਖ਼ਲਾਕ ਦੀ ਤੌਹੀਨ ਦੱਸਿਆ ਸੀ। ਉਸ ਦੀ ਇਹ ਦੀਦਾ-ਦਲੇਰੀ ਜਿੱਥੇ ਸਿੱਖ ਇਤਿਹਾਸ ਤੇ ਇਨਸਾਨੀ ਹੱਕਾਂ ਦੀ ਤਵਾਰੀਖ਼ ਵਿੱਚ ਉਸ ਦਾ ਨਾਮ ਅਮਰ ਕਰ ਗਈ, ਉੱਥੇ ਮਾਲੇਰਕੋਟਲਾ ਨੂੰ ਵੀ ਗੁਰੂ ਦੀ ਮਿਹਰ ਦਾ ਸਦੀਵੀ ਪਾਤਰ ਬਣਾ ਗਈ।
ਬੜਾ ਦਰਦਨਾਕ ਸਾਕਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਦੋ ਮਾਸੂਮਾਂ ਨੂੰ ਪਹਿਲਾਂ ਜਿਊਂਦਿਆਂ ਹੀ ਕੰਧ ਵਿੱਚ ਚਿਣੇ ਜਾਣਾ ਅਤੇ ਫਿਰ ਉਨ੍ਹਾਂ ਦੇ ਸਿਰ ਕਲਮ ਕੀਤੇ ਜਾਣਾ। ਇਸ ਸਜ਼ਾ ਬਾਰੇ ਸੁਣਦਿਆਂ ਹੀ ਉਨ੍ਹਾਂ ਦੀ 81 ਵਰ੍ਹਿਆਂ ਦੀ ਦਾਦੀ, ਮਾਤਾ ਗੁਜਰੀ ਗਸ਼ ਖਾ ਕੇ ਡਿੱਗ ਪਈ ਤੇ ਦਮ ਤੋੜ ਗਈ। ਇਹ ਘਟਨਾ ਉਸ ਸਮੇਂ ਮੁਤਾਬਿਕ 26 ਦਸੰਬਰ 1704 ਦੀ ਹੈ। ਸਿੱਖੀ ਵਿੱਚ ‘ਜੂਝ ਮਰੌਂ ’ ਨੂੰ ਬਿਹਤਰੀਨ ਕਿਸਮ ਦੀ ਮੌਤ ਮੰਨਿਆ ਜਾਂਦਾ ਹੈ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਕੀਦਤ ਸੋਗ ਨਾਲ ਪੇਸ਼ ਕੀਤਾ ਜਾਂਦਾ ਹੈ। ਸੋਗ ਕਰਨਾ ਬਣਦਾ ਵੀ ਹੈ। ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਵਜ਼ੀਰ ਖ਼ਾਨ ਨੂੰ ਸਵਾਲ ਕੀਤਾ ਸੀ: ‘‘ਸਾਡੀ ਦੁਸ਼ਮਣੀ ਗੁਰੂ ਨਾਲ ਹੈ, ਇਨ੍ਹਾਂ ਮਾਸੂਮ ਬੱਚਿਆਂ ਨਾਲ ਨਹੀਂ। ਇਨ੍ਹਾਂ ਬੱਚਿਆਂ ਦਾ ਕੀ ਕਸੂਰ?’’ ਉਸ ਨੂੰ ਜਵਾਬ ਸੁੱਚਾ ਨੰਦ ਨਾਮੀ ਅਹਿਲਕਾਰ ਪਾਸੋਂ ਮਿਲਿਆ ਸੀ: ‘‘ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ। ਉਨ੍ਹਾਂ ਦਾ ਸਿਰ ਫਿਹਣਾ ਹੀ ਵਾਜਬ ਹੈ।’’ ਨਵਾਬ ਨੇ ਇਸ ਜਵਾਬ ਨੂੰ ਠੁਕਰਾ ਦਿੱਤਾ ਅਤੇ ਗ਼ੈਰ-ਇਨਸਾਨੀ ਕਾਰੇ ਵਿੱਚ ਭਾਗੀਦਾਰ ਬਣਨ ਤੋਂ ਨਾਂਹ ਕਰ ਦਿੱਤੀ ਸੀ। ਵਜ਼ੀਰ ਖ਼ਾਨ ਉਸ ਦਾ ਰਿਸ਼ਤੇਦਾਰ ਸੀ। ਉਹ ਨਹੀਂ ਸੀ ਪਿਘਲਿਆ। ਪਰ ਉਸ ਦਾ ਨਾ ਪਿਘਲਣਾ ਅੰਤ ਉਸ ਨੂੰ ਮਹਿੰਗਾ ਪਿਆ। ਪੰਜ ਵਰ੍ਹਿਆਂ ਬਾਅਦ (12 ਮਈ 1710 ਨੂੰ ਚੱਪੜਚਿੜੀ ਦੀ ਜੰਗ ਵਿੱਚ) ਨਾ ਸਿਰਫ਼ ਉਸ ਦਾ ਸਿਰ ਕਲਮ ਹੋਇਆ ਬਲਕਿ ਉਸ ਦਾ ਪੂਰਾ ਖ਼ਾਨਦਾਨ ਵੀ ਤਲਵਾਰ ਦੀ ਭੇਟ ਚੜ੍ਹ ਗਿਆ। ਕਹਿਰ ਕਮਾਉਣ ਵਾਲਿਆਂ ਦਾ ਆਪਣਾ ਹਸ਼ਰ ਵੀ ਕਹਿਰੀ ਹੁੰਦਾ ਹੈ।
* * *
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਨਸਾਨੀ ਇਤਿਹਾਸ ਵਿੱਚ ਲਾਸਾਨੀ ਮੰਨਿਆ ਜਾਂਦਾ ਹੈ। ਧਰਮ ਹੇਤੁ ਕੁਰਬਾਨੀ ਦੇਣ ਦੀ ਅਜਿਹੀ ਮਿਸਾਲ ਹੋਰਨਾਂ ਕੌਮਾਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਸਿੱਖ ਸਾਖੀਕਾਰ ਇਸ ਕੁਰਬਾਨੀ ਦਾ ਵਰਣਨ ਬੜੇ ਮਾਰਮਿਕ ਢੰਗ ਨਾਲ ਕਰਦੇ ਆਏ ਹਨ। ਪਰ ਜੇ ਨਿਰਪੱਖ ਇਨਸਾਨੀ ਤਕਾਜ਼ਿਆਂ ਤੋਂ ਵੀ ਦੇਖਿਆ ਜਾਏ ਤਾਂ ਵੀ ਇਹ ਕੁਰਬਾਨੀ ਘੱਟ ਮਾਰਮਿਕ ਨਹੀਂ ਲੱਗਦੀ। ਸਮੁੱਚੀ ਘਟਨਾਵਲੀ ਕੁਝ ਇਸ ਤਰ੍ਹਾਂ ਰਹੀ:
- ਖਾਲਸੇ ਦੀ ਸਿਰਜਣਾ ਤੋਂ ਬਾਅਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਹਕੂਮਤ-ਇ-ਮੁਗ਼ਲੀਆ ਦੀਆਂ ਅੱਖਾਂ ਵਿੱਚ ਲਗਾਤਾਰ ਰੜਕਣ ਲੱਗੇ। ਉਨ੍ਹਾਂ ਦੇ ਮੁਰੀਦਾਂ ਵੱਲੋਂ ਸਿਰ ’ਤੇ ਦਸਤਾਰ ਸਜਾਉਣੀ, ਹਥਿਆਰਬੰਦ ਹੋ ਕੇ ਚੱਲਣਾ, ਘੋੜਸਵਾਰੀ, ਨਿਰਬਲਾਂ ਦੀ ਹਿਫ਼ਾਜ਼ਤ ਉਹ ਕਦਮ ਸਨ ਜਿਨ੍ਹਾਂ ਨੂੰ ਗ਼ੈਰ-ਮੁਸਲਮਾਨਾਂ ਲਈ ਆਲਮਗੀਰੀ ਫ਼ਰਮਾਨਾਂ ਤੇ ਬੰਦਿਸ਼ਾਂ ਦੀ ਅਵੱਗਿਆ ਅਤੇ ਹਕੂਮਤ ਦੇ ਖ਼ਿਲਾਫ਼ ਵਿਦਰੋਹ ਵਜੋਂ ਦੇਖਿਆ ਜਾਣ ਲੱਗਾ। ਆਨੰਦਪੁਰ ਸਾਹਿਬ ਕਹਿਲੂਰ ਰਿਆਸਤ ਦੇ ਰਾਜਪੂਤ ਰਾਜਾ ਭੀਮ ਸੈਨ (ਬਾਅਦ ਵਿੱਚ ਰਾਜਾ ਅਜਮੇਰ ਚੰਦ) ਦੇ ਇਲਾਕੇ ਵਿੱਚ ਪੈਂਦਾ ਸੀ। ਉਹ ਤੇ ਹੋਰ ਪਹਾੜੀ ਰਿਆਸਤਾਂ ਦੇ ਰਾਜੇ ਗੁਰੂ ਜੀ ਪਾਸੋਂ ਭੰਗਾਣੀ ਦਾ ਯੁੱਧ ਹਾਰ ਚੁੱਕੇ ਸਨ। ਕਿਸੇ ਵੀ ਮੁਗ਼ਲ ਬਾਦਸ਼ਾਹ ਨੇ ਕਦੇ ਧੌਲਾਧਾਰ (ਮੌਜੂਦਾ ਹਿਮਾਚਲ) ਜਾਂ ਉੱਤਰਾਖੰਡ ਦੀਆਂ ਰਿਆਸਤਾਂ ਵੱਲ ਚੜ੍ਹਾਈ ਨਹੀਂ ਕੀਤੀ। ਇਨ੍ਹਾਂ ਰਿਆਸਤਾਂ ਨੇ ਮਹਿਜ਼ ਦਬਕਿਆਂ ਤੋਂ ਡਰ ਕੇ ਮੁਗ਼ਲ ਸਲਤਨਤ ਦੀ ਅਧੀਨਤਾ ਸਵੀਕਾਰ ਕੀਤੀ ਹੋਈ ਸੀ ਅਤੇ ਸਾਲਾਨਾ ਜਾਂ ਛਿਮਾਹੀ ਖਿਰਾਜ ਤੇ ਤੋਹਫ਼ੇ ਨਿਯਮਿਤ ਤੌਰ ’ਤੇ ਮੁਗ਼ਲ ਦਰਬਾਰ ਵਿੱਚ ਭੇਜਦੇ ਆਏ ਸਨ। ਖਾਲਸੇ ਦੀਆਂ ਸਰਗਰਮੀਆਂ ਤੋਂ ਉਹ ਫ਼ਿਕਰਮੰਦ ਸਨ। ਗੁਰੂ ਜੀ ਵੱਲੋਂ ‘ਰਾਜ ਨਾ ਚਾਹੂੰ, ਮੁਕੁਟ ਨਾ ਚਾਹੂੰ’ ਦੇ ਐਲਾਨਾਂ ਦੇ ਬਾਵਜੂਦ ਉਹ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਕਲਗੀਧਰ ਦੇ ਖ਼ਿਲਾਫ਼ ਸ਼ਿਕਾਇਤਾਂ ਲਗਾਤਾਰ ਭੇਜਦੇ ਆ ਰਹੇ ਸਨ। ਇਨ੍ਹਾਂ ਸ਼ਿਕਾਇਤਾਂ ਵਿੱਚ ਉਹ ਗੁਰੂ ਜੀ ਤੇ ਉਨ੍ਹਾਂ ਦੇ ਮੁਰੀਦਾਂ ਨੂੰ ਬਾਗ਼ੀ ਦੱਸਦੇ ਰਹੇ।
- ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਜਦੋਂ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਤਾਂ ਰਾਜਿਆਂ ਨੇ ਅਜਿਹਾ ਕਰਨ ਲਈ ਮੁਗ਼ਲ ਫ਼ੌਜ ਦੀ ਮਦਦ ਮੰਗ ਲਈ। ਬਾਦਸ਼ਾਹ ਨੇ ਮਦਦ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਹਿੰਦ ਵਜ਼ੀਰ ਖ਼ਾਨ ਨੂੰ ਸੌਂਪ ਦਿੱਤੀ। ਉਸ ਨੇ ਲਸ਼ਕਰ ਸਮੇਤ ਆਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਦਿੱਤੀ। ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੀ ਉਸ ਲਸ਼ਕਰ ਵਿੱਚ ਆ ਰਲੀਆਂ।
- ਆਨੰਦਪੁਰ ਸਾਹਿਬ ਦੀਆਂ ਦੋ ਜੰਗਾਂ ਹੋਈਆਂ। ਪਹਿਲੀ ਜੰਗ ਵਿੱਚ ਮੁਗ਼ਲਾਂ ਦੀ ਹਾਰ ਹੋਈ ਤੇ ਉਨ੍ਹਾਂ ਦਾ ਜਰਨੈਲ ਰਮਜ਼ਾਨ ਖ਼ਾਨ ਸਖ਼ਤ ਜ਼ਖ਼ਮੀ ਹੋ
ਗਿਆ। ਇਸ ਮਗਰੋਂ ਲਾਹੌਰ ਤੇ ਹੋਰਨਾਂ ਥਾਵਾਂ ’ਤੇ ਫ਼ੌਜੀ ਕੁਮਕ ਮੰਗਵਾਈ ਗਈ। ਸਿੱਖ ਇਤਿਹਾਸਕਾਰ ਇਸ ਲਸ਼ਕਰ ਦੀ ਗਿਣਤੀ ਇੱਕ ਲੱਖ ਤੋਂ ਵੱਧ ਦੱਸਦੇ ਹਨ। ਇਹ ਤੋਪਖਾਨੇ ਨਾਲ ਲੈਸ ਸੀ। ਇਸ ਲਸ਼ਕਰ ਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਦੀ ਘੇਰਾਬੰਦੀ ਕਰ ਲਈ। ਖ਼ਾਲਸਾ ਫ਼ੌਜ ਨੂੰ ਬਾਕੀ ਕਿਲੇ ਛੱਡ ਕੇ ਆਨੰਦਗੜ੍ਹ ਵਿੱਚ ਇਕੱਤਰ ਹੋਣਾ ਪਿਆ। ਘੇਰਾਬੰਦੀ ਅੱਠ ਮਹੀਨੇ ਚੱਲੀ। ਕਿਲੇ ਅੰਦਰ ਫ਼ਾਕਾਕਸ਼ੀ ਦੇ ਦਿਨ ਆ ਗਏ। ਮੁਰੀਦਾਂ ਵਿੱਚੋਂ ਵੀ ਕਈ ਬੇਦਾਵਾ ਲਿਖ ਕੇ ਸਾਥ ਛੱਡ ਗਏ। - ਅਖ਼ੀਰ ਮੁਗ਼ਲ ਜਰਨੈਲਾਂ ਤੇ ਪਹਾੜੀ ਰਾਜਿਆਂ ਨੇ ਆਪੋ-ਆਪਣੇ ਧਰਮ ਗਰੰਥਾਂ ਦੀਆਂ ਕਸਮਾਂ ਖਾ ਕੇ ਵਾਅਦਾ ਕੀਤਾ ਕਿ ਜੇ ਗੁਰੂ ਜੀ ਤੇ ਉਨ੍ਹਾਂ ਦੇ ਪੈਰੋਕਾਰ ਕਿਲਾ ਛੱਡ ਜਾਣ ਤਾਂ ਉਨ੍ਹਾਂ ਨੂੰ ਅਮਨਪੂਰਬਕ ਕਿਤੇ ਹੋਰ ਜਾਣ ਦਿੱਤਾ ਜਾਵੇਗਾ। ਸਿੱਖ ਸਰੋਤਾਂ ਮੁਤਾਬਿਕ 20 ਦਸੰਬਰ 1704 ਦੀ ਰਾਤ ਨੂੰ ਗੁਰੂ ਸਾਹਿਬ, ਉਨ੍ਹਾਂ ਦਾ ਪਰਿਵਾਰ, ਪੰਜ ਪਿਆਰੇ ਤੇ 400 ਦੇ ਕਰੀਬ ਸਿੱਖ ਕਿਲਾ ਖਾਲੀ ਕਰ ਗਏ। ਪਰ ਉਹ ਸਰਸਾ ਨਦੀ ਦੇ ਕੰਢੇ ’ਤੇ ਪਹੁੰਚੇ ਤਾਂ ਸ਼ਾਹੀ ਲਸ਼ਕਰ ਨੇ ਵਾਅਦਾਖ਼ਿਲਾਫ਼ੀ ਕਰਦਿਆਂ ਉਨ੍ਹਾਂ ’ਤੇ ਹੱਲਾ ਬੋਲ ਦਿੱਤਾ।
- ਸਰਸਾ ਨਦੀ ਵਿੱਚ ਉਸ ਸਮੇਂ ਬਾਰਸ਼ਾਂ ਕਰ ਕੇ ਹੜ੍ਹ ਆਇਆ ਹੋਇਆ ਸੀ। ਇਸ ਕਾਰਨ ਮਚੀ ਹਫ਼ੜਾ-ਦਫ਼ੜੀ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਉਨ੍ਹਾਂ ਦੇ ਦੋ ਮਹਿਲ (ਸੁਪਤਨੀਆਂ) ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਤੇ ਕੁਝ ਹੋਰ ਮੁਰੀਦਾਂ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ; ਗੁਰੂ ਜੀ, ਦੋਵੇਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਤੇ 40 ਦੇ ਕਰੀਬ ਹੋਰ ਸਿੱਖ ਯੋਧੇ ਚਮਕੌਰ ਸਾਹਿਬ ਵੱਲ ਹੋ ਤੁਰੇ। ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਅਲਹਿਦਾ ਹੋ ਗਏ।
- ਮੁਗ਼ਲੀਆ ਲਸ਼ਕਰ ਨੇ ਗੁਰੂ ਸਾਹਿਬ ਦਾ ਪਿੱਛਾ ਕਰਨਾ ਜਾਰੀ ਰੱਖਿਆ। ਗੁਰੂ ਸਾਹਿਬ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਜਾ ਮੋਰਚਾਬੰਦੀ ਕੀਤੀ। ਇਹ ਗੜ੍ਹੀਨੁਮਾ ਹਵੇਲੀ ਚਮਕੌਰ ਸਾਹਿਬ ਦੇ ਮੁਖੀਏ ਦੇ ਛੋਟੇ ਭਰਾ ਨੇ ਠਾਹਰ ਵਜੋਂ ਉਨ੍ਹਾਂ ਦੇ ਸਪੁਰਦ ਕੀਤੀ ਸੀ। ਮੁਗ਼ਲੀਆ ਲਸ਼ਕਰ ਵੱਲੋਂ ਇਸ ਗੜ੍ਹੀ ਦੀ ਘੇਰਾਬੰਦੀ ਕੀਤੇ ਜਾਣ ਅਤੇ ਦੋਵਾਂ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਭਾਣਾ 21 ਦਸੰਬਰ (ਕੁਝ ਸਰੋਤਾਂ ਮੁਤਾਬਿਕ 20 ਦਸੰਬਰ) ਨੂੰ ਵਾਪਰਿਆ। 21 ਤੇ 22 ਦੀ ਰਾਤ ਦੌਰਾਨ ਪੰਜ ਪਿਆਰਿਆਂ ਦਾ ਹੁਕਮ ਮੰਨਦਿਆਂ ਗੁਰੂ ਸਾਹਿਬ ਉਸ ਗੜ੍ਹੀ ਵਿੱਚੋਂ ਬਚ ਨਿਕਲੇ। ਉਨ੍ਹਾਂ ਨਾਲ ਪੰਜ ਸਾਥੀ ਸਨ, ਪਰ ਹਨੇਰੇ ਤੇ ਜੰਗਲ-ਬੇਲਿਆਂ ਦੀ ਭਰਮਾਰ ਕਾਰਨ ਸਾਥੀ ਗੁਰੂ ਜੀ ਪਾਸੋਂ ਨਿਖੜ ਗਏ।
- ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ 21-22 ਦਸੰਬਰ ਵਾਲੀ ਰਾਤ ਪਿੰਡ ਚੱਕ ਢੇਰਾ ਵਿੱਚ ਕੁੰਮਾ ਮਾਸ਼ਕੀ ਦੀ ਝੌਂਪੜੀ ਵਿੱਚ ਬਿਤਾਈ। ਫਿਰ ਗੰਗਾ ਰਾਮ ਨਾਮੀ ਰਸੋਈਆ ਉਨ੍ਹਾਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਲੈ ਗਿਆ। ਸਿੱਖ ਸਾਖੀਕਾਰ ਇਸ ਘਟਨਾਕ੍ਰਮ ਦੇ ਦੋ ਪੱਖ ਪੇਸ਼ ਕਰਦੇ ਹਨ। ਇੱਕ ਤਾਂ ਇਹ ਕਿ ਗੰਗਾ ਰਾਮ ਉਰਫ਼ ਗੰਗੂ ਬ੍ਰਾਹਮਣ ਪਹਿਲਾਂ ਹੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਗ ਸੀ। ਉਸ ਦਾ ਮਨ ਇਨ੍ਹਾਂ ਕੋਲ ਮੌਜੂਦ ਅਸ਼ਰਫ਼ੀਆਂ (ਸੋਨੇ ਦੀਆਂ ਮੋਹਰਾਂ) ਦੇਖ ਕੇ ਡੋਲ ਗਿਆ। ਦੂਜਾ ਪੱਖ ਇਹ ਕਿ ਉਹ ਆਪਣੇ ਪਿੰਡ ਵਿੱਚ ਸੀ। ਚੱਕ ਢੇਰਾ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਮੌਜੂਦਗੀ ਦਾ ਪਤਾ ਲੱਗਣ ’ਤੇ ਉਹ ਉੱਥੇ ਆਇਆ ਅਤੇ ਪਹਿਲਾਂ ਤਾਂ ਉਨ੍ਹਾਂ ਨੂੰ ਸ਼ਰਧਾਵੱਸ ਆਪਣੇ ਘਰ ਲੈ ਗਿਆ, ਪਰ ਫਿਰ ਸਰਕਾਰੀ ਇਨਾਮ-ਸਨਮਾਨ ਦੇ ਲਾਲਚਵੱਸ ਉਸ ਨੇ ਮੋਰਿੰਡਾ ਦੇ ਕੋਤਵਾਲ ਨੂੰ ਇਤਲਾਹ ਕਰ ਦਿੱਤੀ।
- ਮੋਰਿੰਡਾ ਦੇ ਕੋਤਵਾਲ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਕੇ ਪਹਿਲਾਂ ਤਾਂ 22 ਦਸੰਬਰ ਦੀ ਰਾਤ ਨੂੰ ਮੋਰਿੰਡੇ ਦੀ ਕੋਤਵਾਲੀ ਵਿੱਚ ਰੱਖਿਆ। ਫਿਰ ਅਗਲੇ ਦਿਨ ਬਾਕਾਇਦਾ ਕੈਦੀਆਂ ਵਜੋਂ ਸੂਬਾ ਸਰਹਿੰਦ ਵਜ਼ੀਰ ਖ਼ਾਨ ਅੱਗੇ ਪੇਸ਼ ਕਰ ਦਿੱਤਾ। ਵਜ਼ੀਰ ਖ਼ਾਨ ਪਹਿਲਾਂ ਹੀ ਕਲਗੀਧਰ ਦੇ ਸੁਰੱਖਿਅਤ ਬਚ ਨਿਕਲਣ ਤੋਂ ਖਫ਼ਾ ਸੀ, ਉਸ ਨੇ ਮਾਤਾ ਜੀ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਕੈਦ ਕੀਤੇ ਜਾਣ ਤੇ ਭੁੱਖੇ ਰੱਖੇ ਜਾਣ ਦੇ ਹੁਕਮ ਦੇ ਦਿੱਤੇ।
- 25 ਦਸੰਬਰ 1704 ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾ ਕੇ ਇਸਲਾਮ ਧਾਰਨ ਕਰਨ ਵਾਸਤੇ ਕਿਹਾ ਗਿਆ। ਉਨ੍ਹਾਂ ਵੱਲੋਂ ਨਾਂਹ ਕੀਤੇ ਜਾਣ ’ਤੇ ਸਜ਼ਾ-ਇ-ਮੌਤ ਸੁਣਾਈ ਗਈ। ਅਗਲੇ ਦਿਨ ਵੀ ਜਦੋਂ ਉਹ ਅਡੋਲ ਰਹੇ ਤਾਂ ਕੰਧ ਵਿੱਚ ਚਿਣਨ ਤੇ ਸਿਰ-ਕਲਮ ਕੀਤੇ ਜਾਣ ਵਾਲਾ ਕਾਰਾ ਅਮਲ ਵਿੱਚ ਲਿਆਂਦਾ।
- * * *
ਇਸ ਨਾਪਾਕ ਕਾਰੇ ਖ਼ਿਲਾਫ਼ ‘ਹਾਅ ਦਾ ਨਾਅਰਾ’ ਸਿਰਫ਼ ਨਵਾਬ ਸ਼ੇਰ ਮੁਹੰਮਦ ਖ਼ਾਨ ਤਕ ਸੀਮਿਤ ਨਹੀਂ ਰਿਹਾ। ਪੂਰੇ ਪੰਜਾਬ ਵਿੱਚ ਇਸ ਖ਼ਿਲਾਫ਼ ਰੋਹ ਦੀ ਲਹਿਰ ਉੱਠੀ। ਗੁਰੂ ਸਾਹਿਬ ਨੇ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ‘ਜੂਝ ਮਰਨ’ ਵਾਸਤੇ ਆਪਣੇ ਹੱਥੀਂ ਤਿਆਰ ਕਰ ਕੇ ਭੇਜਿਆ ਸੀ। ਉਨ੍ਹਾਂ ਦੇ ਮਨ ਵਿੱਚ ਉਸ ਸਮੇਂ ਜੋ ਸੋਗ ਸੀ, ਉਸ ਨੂੰ ਉਨ੍ਹਾਂ ਨੇ ਸਬਰ ਦੇ ਘੁੱਟ ਵਾਂਗ ਪੀ ਲਿਆ ਸੀ। ਛੋਟਿਆਂ ਦੀ ਹੋਣੀ ਬਾਰੇ ਉਨ੍ਹਾਂ ਨੂੰ ਜਾਣਕਾਰੀ, ਜਨਵਰੀ 1705 ਵਿੱਚ ਰਾਏਕੋਟ ਵਿੱਚ ਮੁਸਲਮਾਨ ਜਗੀਰਦਾਰ ਰਾਏ ਕੱਲ੍ਹਾ ਦੇ ਨਿਵਾਸ ਵਿਖੇ ਮਿਲੀ। ਰਾਏ ਕੱਲ੍ਹਾ ਨੇ ਗੁਰੂ ਜੀ ਦੇ ਸ਼ਰਧਾਲੂ ਨੂਰਾ ਮਾਹੀ ਨੂੰ ਸਰਹਿੰਦ ਭੇਜਿਆ ਸੀ। ਉਹ ਜਦੋਂ ਛੋਟਿਆਂ ਦੀ ਸ਼ਹਾਦਤ ਬਿਆਨ ਕਰ ਰਿਹਾ ਸੀ ਤਾਂ ਕਲਗੀਧਰ ਸਿਰ ਝੁਕਾਏ ਇੱਕ ਝਾੜ ਦੀ ਜੜ੍ਹ ਆਪਣੇ ਤੀਰ ਨਾਲ ਖੁਰਚਦੇ ਰਹੇ। ਬਾਹਰੋਂ ਅਡੋਲ ਜਾਪਣ ਦੇ ਬਾਵਜੂਦ ਜੜ੍ਹ ਨੂੰ ਤੀਰ ਨਾਲ ਖੁਰਚਦੇ ਰਹਿਣਾ ਉਨ੍ਹਾਂ ਦੀ ਮਨ ਦੀ ਵਿਅਥਾ ਦਾ ਇਜ਼ਹਾਰ ਸੀ। ਨੂਰੇ ਮਾਹੀ ਦਾ ਬਿਆਨ ਖ਼ਤਮ ਹੁੰਦਿਆਂ ਹੀ ਉਨ੍ਹਾਂ ਫ਼ਰਮਾਇਆ, ‘‘ਲਓ, ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ।’’ ਇਹ ਵਾਕ, ਸਚਮੁੱਚ ਹੀ, ਭਵਿੱਖਬਾਣੀ ਸਾਬਤ ਹੋਇਆ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਪੰਜਾਬੀਆਂ ਦੀ ਗ਼ੈਰਤ ਤੇ ਬਲਵਈ ਜਜ਼ਬੇ ਨੂੰ ਗ਼ੈਰਮਾਮੂਲੀ ਹਲੂਣਾ ਦਿੱਤਾ। ਰੋਹ ਤੇ ਰੋਸ ਮਜ਼ਹਬੀ ਹੱਦਬੰਦੀਆਂ ਪਾਰ ਕਰ ਗਿਆ। ਹਰ ਧਰਮ ਵਾਲੇ ਗੁਰੂ ਨਾਲ ਹੋ ਤੁਰੇ। ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਕਲਗੀਧਰ ਦਾ ਸਾਥ ਛੱਡਣ ਵਾਲੇ ਤਾਂ ਪਰਤੇ ਹੀ, ਖਾਲਸਈ ਬੂਟਾ ਵੀ ਤੇਜ਼ੀ ਨਾਲ ਮੌਲਣ ਲੱਗਿਆ। ਗੁਰੂ ਵਾਲਿਆਂ ਦੀਆਂ ਸਫ਼ਾਂ ਹਰ ਪਾਸੇ ਵਧਣ-ਫੁੱਲਣ ਲੱਗੀਆਂ। ਇਸੇ ਹਕੀਕਤ ਦਾ ਜ਼ਿਕਰ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਜਿੱਤ ਦੀ ਚਿੱਠੀ ‘ਜ਼ਫ਼ਰਨਾਮਾ’ ਵਿੱਚ ਕੀਤਾ। ਇਸ ਖ਼ਤ ਦੇ ਜਵਾਬ ਵਿੱਚ ਬਾਦਸ਼ਾਹ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਰੋਹ ਕਿਸ ਹੱਦ ਤਕ ਗੁਰੂ ਸਾਹਿਬ ਦੇ ਮਨ ਵਿੱਚ ਰਿਹਾ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ 1708 ਵਿੱਚ ਔਰੰਗਜ਼ੇਬ ਦੇ ਫ਼ੌਤ ਹੋਣ ’ਤੇ ਜਦੋਂ ਉਸ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ (ਬਾਅਦ ਵਿੱਚ ਬਹਾਦਰ ਸ਼ਾਹ) ਨੇ ਤਾਜਦਾਰੀ ਦੀ ਜੰਗ ਲਈ ਗੁਰੂ ਸਾਹਿਬ ਪਾਸੋਂ ਮਦਦ ਮੰਗੀ ਤਾਂ ਜਵਾਬ ਵਿੱਚ ਗੁਰੂ ਸਾਹਿਬ ਨੇ ਇੱਕੋ ਸ਼ਰਤ ‘ਵਜ਼ੀਰ ਖ਼ਾਨ ਦੀ ਹਵਾਲਗੀ’ ਦੀ ਮੰਗੀ। ਜਦੋਂ ਮੁਅੱਜ਼ਮ, ਤਾਜਦਾਰ ਹੋ ਕੇ ਵਾਅਦਾ ਵਫ਼ਾਈ ਤੋਂ ਮੁੱਕਰਦਾ ਜਾਪਿਆ ਤਾਂ ਗੁਰੂ ਸਾਹਿਬ ਨੇ ਦੁਸ਼ਟਾਂ ਦੇ ਦਮਨ ਲਈ ਬੰਦਾ ਬਹਾਦਰ ਨੂੰ ਪੰਜਾਬ ਵੱਲ ਤੋਰ ਦਿੱਤਾ। ਗੁਰੂ ਦੇ ਇਸ ਬੰਦੇ ਨੇ ਗੁਰੂ ਦੇ ਮਿਸ਼ਨ ਨੂੰ ਢਾਈ ਵਰ੍ਹਿਆਂ ਦੇ ਅੰਦਰ (12 ਮਈ 1710 ਨੂੰ) ਸਫ਼ਲ ਕਰ ਦਿਖਾਇਆ: ਚੱਪੜਚਿੜੀ ਦੀ ਜੰਗ ਵਿੱਚ ਵਜ਼ੀਰ ਖ਼ਾਨ ਨੂੰ ਦੋਜ਼ਖ਼ ਵੱਲ ਰੁਖ਼ਸਤ ਕਰ ਕੇ।
ਇਹ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਹੀ ਅਸਰ ਸੀ ਕਿ ਜਿਹਲਮ ਤੋਂ ਲੈ ਕੇ ਘੱਗਰ ਤੱਕ ਸਿੱਖ ਜਥੇ, ਮੁਗ਼ਲੀਆ ਫ਼ੌਜਦਾਰਾਂ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਦੀਨਾਂ-ਦੁਖੀਆਂ ਦਾ ਸਹਾਰਾ ਬਣਨ ਲੱਗੇ। ਸਿਰਾਂ ਦਾ ਮੁੱਲ ਪੁਆ ਕੇ ਵੀ ਉਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਫ਼ਲਦਾਰ ਬਣਾਈ ਰੱਖਿਆ। ਦੋ ਸ਼ਹੀਦੀ ਸਾਕਿਆਂ ਤੋਂ ਮਹਿਜ਼ 45 ਵਰ੍ਹਿਆਂ ਬਾਅਦ 1750 ਤੱਕ ਪੰਜ ਦਰਿਆਵਾਂ ਦੀ ਪੂਰੀ ਧਰਤੀ ’ਤੇ ਬਕੌਲ ਬੁੱਲ੍ਹੇਸ਼ਾਹ ‘ਭੂਰਿਆਂ ਵਾਲਿਆਂ’ ਦਾ ਬੋਲਬਾਲਾ ਦ੍ਰਿਸ਼ਮਾਨ ਹੋਣ ਲੱਗਾ। ਅਗਲੇ 30 ਵਰ੍ਹਿਆਂ ਦੇ ਅੰਦਰ, ਸਿੱਖ ਕੌਮ ਪੰਜ-ਆਬ ਦੀ ਕੁਲ ਵਸੋਂ ਦਾ ਮਹਿਜ਼ 8 ਫ਼ੀਸਦੀ ਹੋਣ ਦੇ ਬਾਵਜੂਦ ਪੂਰਾ ਖੇਤਰ ਖ਼ਾਲਸੇ ਦੀ ਧਰਤੀ ਵਿੱਚ ਬਦਲ ਗਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਦਰਬਾਰ ਦੀਆਂ ਹੱਦਾਂ ਦਾ ਵਿਸਤਾਰ ਦੱਰਾ ਖ਼ੈਬਰ ਤੋਂ ਲੈ ਕੇ ਪੂਰੇ ਕਸ਼ਮੀਰ ਤੇ ਪੂਰੇ ਲੱਦਾਖ਼ ਅਤੇ (ਬਲੋਚ) ਖ਼ਾਨ ਕਲਾਤ ਦੀਆਂ ਹੱਦਾਂ ਤੋਂ ਲੈ ਕੇ ਅੱਧੇ ਤੋਂ ਵੱਧ ਮੌਜੂਦਾ ਹਿਮਾਚਲ ਤਕ ਕਿਵੇਂ ਕੀਤਾ, ਉਸ ਦੀ ਕਹਾਣੀ ਫਿਰ ਕਦੇ ਸਹੀ।