For the best experience, open
https://m.punjabitribuneonline.com
on your mobile browser.
Advertisement

ਤਿੜਕੇ ਰਿਸ਼ਤਿਆਂ ਦੀ ਆਖ਼ਰੀ ਰਸਮ

10:39 AM Dec 29, 2024 IST
ਤਿੜਕੇ ਰਿਸ਼ਤਿਆਂ ਦੀ ਆਖ਼ਰੀ ਰਸਮ
Advertisement

Advertisement

ਮੁਖ਼ਤਾਰ ਗਿੱਲ

Advertisement

ਇਹ ਕਦੇ ਉਸ ਦਾ ਘਰ ਹੁੰਦਾ ਸੀ, ਪਰ ਬੇਰਹਿਮ ਸਮਿਆਂ ਤੇ ਰਿਸ਼ਤਿਆਂ ਦੀ ਦੂਰੀ ਨੇ ਇਸ ਨੂੰ ਉਜਾੜ ਵਿੱਚ ਬਦਲ ਦਿੱਤਾ ਹੈ। ਕਦੇ ਇਸ ਵਸਦੇ ਘਰ ਬਾਲਾਂ ਦੀਆਂ ਕਿਲਕਾਰੀਆਂ ਗੂੰਜਦੀਆਂ ਸਨ। ਸਾਰੇ ਹਸਦੇ ਹਸਾਉਂਦੇ ਸਨ। ਠਹਾਕੇ ਲੱਗਦੇ ਸਨ। ਅੱਜ ਉਸ ਘਰ ਦਾ ਵਿਹੜਾ ਬੇਲੋੜੇ ਤੇ ਸੁੱਕੇ ਸੜੇ ਰੁੱਖਾਂ ਦੇ ਝਾੜ ਵਿੱਚ ਤਬਦੀਲ ਹੋ ਕੇ ਸੱਪਾਂ, ਨਿਓਲਿਆਂ, ਚੂਹਿਆਂ ਦਾ ਵਸੇਬਾ ਬਣ ਚੁੱਕਾ ਹੈ। ਇਸ ਉੱਜੜੇ ਘਰ ਦਾ ਮਾਲਕ, ਮੇਰਾ ਭਾਵ ਮੇਰੀ ਇਸ ਕਹਾਣੀ ਦਾ, ‘ਉਹ’ ਪਾਤਰ ਕਦੇ ਹਜ਼ਾਰਾਂ ਦਾ ਕਾਰੋਬਾਰ ਸਫਲਤਾਪੂਰਵਕ ਚਲਾਉਂਦਾ ਸੀ ਤੇ ਅੱਜ ਆਪਣਿਆਂ ਦੀ ਸੇਵਾ ਸੰਭਾਲ ਤੋਂ ਵਿਰਵਾ, ਸਕੇ ਸਬੰਧੀਆਂ ਦੀ ਅਣਦੇਖੀ ਦਾ ਸ਼ਿਕਾਰ ਹੋ ਇਸ ਦੁਨੀਆ ਤੋਂ ਕੂਚ ਕਰ ਗਿਆ ਸੀ। ਜੰਗਲਨੁਮਾ ਵਿਹੜੇ ਦੇ ਚੁਬੱਚੇ ਉੱਤੇ, ਆਪਣੇ ਮਾਲਕ ਦਾ ਚਹੇਤਾ ਡੌਗੀ ਬੈਠਾ ਸੀ। ਉਸ ਦਾ ਸਭ ਤੋਂ ਵੱਧ ਵਫ਼ਾਦਾਰ ਰੌਕੀ ਆਪਣੀ ਭੁੱਖ ਪਿਆਸ ਆਵਾਰਗੀ ਦੌਰਾਨ ਆਂਢ ਗੁਆਂਢ ਤੋਂ ਮਿਲੀ ਰੋਟੀ ਦੀ ਬੁਰਕੀ ਖਾ ਮਿਟਾਉਂਦਾ ਸੀ, ਪਰ ਆਪਣੇ ਮਾਲਕ ਦਾ ਘਰ ਨਹੀਂ ਸੀ ਛੱਡਦਾ।
ਫਿਰ ਉਹ ਵੀ ਮੰਦਭਾਗੇ ਦਿਨ ਆਏ ਜਦੋਂ ਉਹ ਉਮਰ ਦੇ ਆਖ਼ਰੀ ਪੜਾਅ ’ਤੇ ਪਹੁੰਚ, ਆਪਣਿਆਂ ਵੱਲੋਂ ਬੇਸਹਾਰਾ ਹੋ ਗਿਆ। ਮਾੜੇ ਘਰੇਲੂ ਹਾਲਾਤ ਕਰਕੇ ਉਹ ਰੋਟੀ ਤੋਂ ਮੁਥਾਜ ਨਹੀਂ ਹੋ ਗਿਆ ਸਗੋਂ ਇਕੱਲਤਾ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਗਿਆ। ਬੁਢਾਪੇ ਦੀ ਚਿੰਤਾ ਦੇ ਤਣਾਅ ਤੇ ਰਿਸ਼ਤਿਆਂ ਦੀ ਬੇਵਫ਼ਾਈ ਦੇ ਦਰਦ ਨੇ ਉਸ ਨੂੰ ਬੇਵੱਸ, ਲਾਚਾਰ ਤੇ ਫਾਲਤੂ ਵਸਤ ਬਣਾ ਦਿੱਤਾ ਸੀ।
ਉਸ ਦੇ ਦਾਰ ਜੀ (ਬਾਪ) ਦੇ ਬਣਵਾਏ ਮਕਾਨ ਦੇ ਅੱਧੇ ਹਿੱਸੇ ਵਿੱਚ ਵੱਡੇ ਭਰਾ ਦਾ ਪਰਿਵਾਰ ਰਹਿੰਦਾ ਸੀ ਅਤੇ ਦੂਜੇ ’ਚ ਛੋਟਾ ਭਰਾ ਵੱਸਦਾ ਸੀ।ਜੀਵਨ ਦੇ ਪੁਲਾਂ ਹੇਠੋਂ ਦੀ ਕਿੰਨਾ ਪਾਣੀ ਲੰਘ ਚੁੱਕਾ ਸੀ। ਉਹ ਅੱਜ ਉਸੇ ਮਕਾਨ ਦੀ ਇੱਕ ਨੁੱਕਰੇ ਸਲ੍ਹਾਬੇ, ਹਨੇਰੇ ਅਤੇ ਬਦਬੂ ਵਾਲੇ ਕਮਰੇ ਵਿੱਚ ਗੰਦੇ ਬਿਸਤਰੇ ’ਤੇ ਪਿਆ ਸੀ। ਗੰਦਗੀ ਕਰਕੇ ਉਸ ਉਪਰ ਮੱਖੀਆਂ ਭਿਣਕ ਰਹੀਆਂ ਸਨ। ਢਿੱਡ ’ਚ ਹੋ ਰਹੀ ਗੜਬੜ ਤੋਂ ਪਹਿਲਾਂ ਉਸ ਹਾਜਤ ਲਈ ਆਵਾਜ਼ਾਂ ਮਾਰੀਆਂ ਸਨ, ਪਰ ਨਾ ਉਸ ਦੇ ਆਪਣੇ ਪੁੱਤਰ ਅਤੇ ਨਾ ਹੀ ਭਰਾ ਭਰਜਾਈ ਕਿਸੇ ਨਹੀਂ ਸੀ ਸੁਣੀ। ਉਹ ਗੰਦਗੀ ’ਚ ਪਿਆ ਨਰਕ ਹੰਢਾ ਰਿਹਾ ਸੀ।
ਉਸ ਦੀ ਇਸ ਮੰਦੀ ਹਾਲਤ ਦਾ ਜਦੋਂ ਸਮਾਜ ਸੇਵੀ ਚਾਚੇ ਚੰਡੀਗੜ੍ਹੀਏ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੀ ‘ਨੌਜਵਾਨ ਸਮਾਜ ਸੁਧਾਰ ਸਭਾ’ ਦੇ ਸਾਥੀਆਂ ਨਾਲ ਜਾ ਕੇ ਉਸ ਨੂੰ ਨੁਹਾਇਆ ਧੁਆਇਆ, ਕੱਪੜੇ ਤੇ ਬਿਸਤਰਾ ਬਦਲਿਆ। ਸ਼ਹਿਰ ਦੇ ਹਸਪਤਾਲ ਲੈ ਗਏ। ਸਾਰੇ ਟੈਸਟ ਕਰਵਾਏ। ਲੀਵਰ ਸਿਰੋਸਿਸ ਤੇ ਕਮਜ਼ੋਰ ਨਜ਼ਰ ਬਾਰੇ ਪਤਾ ਲੱਗਾ। ਡਾਕਟਰ ਨੇ ਐਮਆਰਆਈ ਕਰਵਾਉਣ ਦੀ ਸਲਾਹ ਦਿੱਤੀ। ਸਭਾ ਵਾਲੇ ਉਸ ਦੇ ਪੁੱਤਰ ਤੇ ਭਰਾ ਨੂੰ ਦੱਸ ਗਏ। ਅਸਲ ਵਿੱਚ ਉਸ ਦੀਆਂ ਅੱਖਾਂ ਬਾਬਿਆਂ ਵੱਲੋਂ ਲਗਾਏ ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ ਦੌਰਾਨ ਕਿਸੇ ਅਨਾੜੀ ਡਾਕਟਰ ਵੱਲੋਂ ਕੀਤੇ ਅਪਰੇਸ਼ਨ ਕਰਕੇ ਖਰਾਬ ਹੋ ਗਈਆਂ ਸਨ, ਭਾਵ ਉਸ ਦੀ ਨਜ਼ਰ ਬਹਿ ਗਈ ਸੀ। ਉਹ ਲਗਭਗ ਅੰਨ੍ਹਾ ਹੀ ਹੋ ਗਿਆ ਸੀ।
ਵੱਡਾ ਭਰਾ ਕਮੀਨਾ, ਮੀਸਣਾ ਤੇ ਲਾਲਚੀ ਸੀ। ਉਸ ਦੀ ਸੋਚ ਹਰ ਵਕਤ ਛੋਟੇ ਭਰਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਠਿੱਬੀ ਲਾਉਣ ਦੀ ਰਹੀ ਸੀ। ਇੱਕ ਨੇਕ ਕੰਮ ਉਨ੍ਹਾਂ ਦਾ ਦਾਰ ਜੀ ਕਰ ਗਿਆ ਜਿਹੜਾ ਜਿਉਂਦੇ ਜੀਅ ਆਪਣੀਆਂ ਦੋਵਾਂ ਧੀਆਂ ਦੇ ਵਿਆਹ, ਇੱਕ ਕਾਰੋਬਾਰੀ ਤੇ ਸਰਦੇ ਪੁੱਜਦੇ ਘਰ ਕਰ ਗਿਆ। ਉਨ੍ਹਾਂ ਦੀ ਮਾਂ ਵੀ ਬਹੁਤ ਮਿਹਨਤੀ ਸੀ। ਉਹ ਪਲਾਟ ਵਿੱਚ ਸਬਜ਼ੀਆਂ ਬੀਜਦੀ ਸੀ। ਘਰ ਪਰਿਵਾਰ ਲਈ ਰੱਖ ਬਾਕੀ ਜੈਵਿਕ ਸਬਜ਼ੀ ਆਂਢ ਗੁਆਂਢ ਮੁੱਲ ਲੈ ਜਾਂਦਾ ਸੀ। ਉਹ ਲਵੇਰਾ ਵੀ ਰੱਖਦੀ ਸੀ ਜਿਸ ਦਾ ਦੁੱਧ ਵੇਚਦੀ ਸੀ।
ਕਸਬੇ ਦੀ ਜਿਸ ਪ੍ਰਿਟਿੰਗ ਪ੍ਰੈੱਸ ਵਿੱਚ ਉਨ੍ਹਾਂ ਦਾ ਬਾਪ ਮਕੈਨਿਕ ਕਮ ਮੈਨੇਜਰ ਸੀ, ਉਸ ਨੇ ਆਪਣੇ ਬੱਚਿਆਂ ਨੂੰ ਕੰਪੋਜ਼ਿੰਗ (ਅੱਖਰ ਤੇ ਲਗਾਂ ਮਾਤਰਾਂ ਜੋੜਨੀਆਂ) ਸਿਖਾਈ ਸੀ। ਛੋਟਾ ਜੀਅ ਜਾਨ ਮਾਰ ਕੇ ਕੰਪੋਜ਼ਿੰਗ ਦਾ ਕੰਮ ਕਰਨ ਲੱਗਾ ਸੀ। ਵੱਡੇ ਦਾ ਕੰਪੋਜ਼ਿੰਗ ਦੇ ਕੰੰਮ ਵਿੱਚ ਜੀਅ ਨਹੀਂ ਸੀ ਲੱਗਦਾ। ਛੋਟੇ ਭਰਾ ਦਾ ਇੱਕ ਜਾਣਕਾਰ ਗਾਰਮੈਂਟ ਟੈਕਨਾਲੋਜੀ ਕਾਲਜ ਵਿੱਚ ਸੇਵਾਦਾਰ ਸੀ। ਸੋ ਉਸ ਦੀ ਸਿਫ਼ਾਰਿਸ਼ ਨਾਲ ਵੱਡੇ ਭਰਾ ਨੂੰ ਡਿਪਲੋਮਾ ਕਰਨ ਲਈ ਉਸ ਨੇ ਗਾਰਮੈਂਟ ਟੈਕਨਾਲੋਜੀ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਸੀ। ਛੋਟਾ ਅਠਾਰਾਂ ਅਠਾਰਾਂ ਘੰਟੇ ਕੰੰਮ ਕਰਕੇ ਵੱਡੇ ਭਰਾ ਦੀਆਂ ਲੋੜਾਂ ਜਿਵੇਂ ਬਸ ਪਾਸ, ਫੀਸਾਂ, ਕਿਤਾਬਾਂ ਆਦਿ ਦੇ ਖਰਚੇ ਦਿੰਦਾ ਸੀ, ਪਰ ਦੋ ਸਾਲ ਦੇ ਆਖ਼ਰ ਵਿੱਚ ਹੋਈ ਸਾਲਾਨਾ ਪ੍ਰੀਖਿਆ ਵਿੱਚੋਂ ਉਸ ਦੀ ਕੰਪਾਰਟਮੈਂਟ ਆ ਗਈ ਜੋ ਉਸ ਕੋਲੋਂ ਕਲੀਅਰ ਨਾ ਹੋਈ। ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀਂ ਆਏ।
ਫਿਰ ਛੋਟੇ ਭਰਾ ਨੇ ਆਪਣੇ ਪ੍ਰਿਟਿੰਗ ਪ੍ਰੈੱਸ ਦੇ ਮਾਲਕ ਦੀ ਸਿਫ਼ਾਰਿਸ਼ ਨਾਲ ‘ਨਵਾਂ ਕਾਰੋਬਾਰ’ ਸ਼ੁਰੂ ਕਰਨ ਦੇ ਮਕਸਦ ਨਾਲ ਬੈਂਕ ਤੋਂ ਕਰਜ਼ ਮਨਜ਼ੂਰ ਕਰਵਾਇਆ। ਉਨ੍ਹਾਂ ਅੱਡੇ ਦੇ ਬਾਜ਼ਾਰ ਵਿੱਚ ਕਿਰਾਏ ’ਤੇ ਦੁਕਾਨ ਲੈ ਕੇ ‘ਬ੍ਰਦਰਜ਼ ਟੇਲਰਜ਼’ ਦੇ ਨਾਂ ਹੇਠ ਕੱਪੜੇ ਸਿਊਣ ਦਾ ਕੰਮ ਸ਼ੁਰੂ ਕੀਤਾ। ਕੱਪੜੇ ਸਿਊਣ ’ਚ ਥੋੜ੍ਹੇ ਬਹੁਤੇ ਜਾਣਕਾਰ ਲੜਕੇ ਰੱਖ ਲਏ। ਉਹ ਵੀ ਕੱਪੜੇ ਸਿਊਣ ਲੱਗ ਪਏ। ਹੌਲੀ ਹੌਲੀ ਉਨ੍ਹਾਂ ਦਾ ਦਰਜ਼ੀ ਦਾ ਕੰਮ ਚੰਗਾ ਚੱਲ ਨਿਕਲਿਆ। ਹੈਂਗਰਾਂ ’ਤੇ ਟੰਗੇ ਵੰਨ ਸੁਵੰਨੇ ਸੂਟ ਕਾਰੋਬਾਰ ਦੀ ਚੜ੍ਹਾਈ ਦੀ ਗਵਾਹੀ ਦੇ ਰਹੇ ਸਨ। ਦੁਕਾਨ ’ਤੇ ਆਏ ਸਿਊਣ ਵਾਲੇ ਕੱਪੜਿਆਂ ਦੀ ਕਟਾਈ ਕਰਕੇ, ਕੱਟੇ ਸੂਟ ਰੱਖੇ ਕਾਰੀਗਰਾਂ ਨੂੰ ਦੇਣ, ਸਵਾਈ ਦੇ ਪੈਸਿਆਂ ਦਾ ਹਿਸਾਬ ਕਿਤਾਬ ਅਤੇ ਸ਼ਾਮ ਦੇ ਖਰਚੇ ਦੀ ਨਿਗਰਾਨੀ ਵੱਡਾ ਕਰਦਾ ਸੀ।ਵੱਡੇ ਭਰਾ ਦੀ ਬਦਨੀਤ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਸੀ ਕਿ ਉਸ ਛੋਟੇ ਨੂੰ ਨਾ ਕੱਪੜੇ ਦੀ ਕਟਾਈ ਤੇ ਨਾ ਸਿਲਾਈ ਸਿਖਾਈ ਸਗੋਂ ਉਸ ਨੂੰ ਨੇੜਲੇ ਪਿੰਡਾਂ ਤੋਂ ਸ਼ਰਾਬ ਲੈਣ ਭੇਜ ਛੱਡਦਾ ਜਿਸ ਕਰਕੇ ਉਹ ਕੱਪੜੇ ਸਿਊਣ ਦੇ ਹੁਨਰ ਤੋਂ ਵਾਂਝਾ ਰਹਿ ਗਿਆ।
ਫਿਰ ਰਿਸ਼ਤੇਦਾਰਾਂ ਤੇ ਸ਼ਰੀਕਾ ਬਿਰਾਦਰੀ ਦੇ ਵਾਰ ਵਾਰ ਕਹਿਣ ਸੁਣਨ ਤੋਂ ਬਾਅਦ ਛੋਟੇ ਭਰਾ ਦਾ ਵਿਆਹ ਕੀਤਾ। ਵੱਡਾ ਭਰਾ ਵਿਆਹ ਦਾ ਸਾਰਾ ਖਰਚਾ ਲਿਖਦਾ ਰਿਹਾ। ਸ਼ਗਨ, ਰਿਸ਼ਤੇਦਾਰਾਂ ਨਾਲ ਲੈਣ ਦੇਣ ਦਾ ਹਿਸਾਬ ਵੱਡੇ ਦਾ ਪਰਿਵਾਰ ਆਪਣੀ ਮਨਮਰਜ਼ੀ ਨਾਲ ਕਰਦਾ ਰਿਹਾ। ਸਿਆਣਿਆਂ ਦਾ ਕਥਨ ਹੈ ਕਿ ਨੀਤ ਨੂੰ ਮੁਰਾਦਾਂ ਮਿਲਦੀਆਂ। ਸੋ ਛੋਟੇ ਦੇ ਸਹੁਰੇ ਚੰਗੇ ਕਾਰੋਬਾਰੀ, ਅਸਰ ਰਸੂਖ ਵਾਲੇ ਅਤੇ ਮਿਲਣਸਾਰ ਸਨ। ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਾਈ ਤੋਂ ਬਾਅਦ ਪਿੰਡ ਖੁੱਲ੍ਹੇ ਸਿਲਾਈ ਕਢਾਈ ਸੈਂਟਰ ਤੋਂ ਸਿਊਣ ਪਰੋਣ ਦਾ ਕੋਰਸ ਕਰਵਾਇਆ ਸੀ। ਉਹ ਲੇਡੀਜ਼ ਸੂਟ ਸਿਊਣ ’ਚ ਮਾਹਰ ਸੀ। ਪਰਿਵਾਰ ਦੀ ਨਵੀਂ ਵਹੁਟੀ ਦੁਕਾਨ ’ਤੇ ਸਿਊਣ ਲਈ ਆਉਂਦੇ ਸੂਟ ਘਰ ਵਿੱਚ ਸਿਊਣ ਲੱਗ ਪਈ। ਦੁਕਾਨ ਦੀ ਕਮਾਈ ਵੱਡਾ ਘੁੱਟ ਜਾਂਦਾ ਸੀ।ਉਹ ਕੋਈ ਹਿਸਾਬ ਹੀ ਨਹੀਂ ਸੀ ਦੱਸਦਾ, ਉਲਟਾ ਕਹਿੰਦਾ, ‘‘ਤੇਰੇ ਵਿਆਹ ’ਤੇ ਮੈਂ ਬਹੁਤ ਖਰਚ ਕੀਤਾ ਸੀ। ਸਾਰਾ ਖਰਚਾ ਇਧਰੋਂ ਉਧਰੋਂ ਫੜ ਕੇ ਕੀਤਾ ਸੀ। ਉਹ ਕਰਜ਼ਾ ਮੈਂ ਹੁਣ ਮੈਂ ਹੌਲੀ ਹੌਲੀ ਦੁਕਾਨ ਦੀ ਕਮਾਈ ਤੋਂ ਲਾਹ ਰਿਹਾ ਹਾਂ।’’ ਪਰ ਜਿਹੜਾ ਛੋਟੇ ਨੇ ਵੱਡੇ ਭਰਾ ਦੇ ਡਿਪਲੋਮੇ ਲਈ ਕਰਜ਼ ਲਿਆ ਸੀ ਅਤੇ ਜੋ ਉਸ ਨੇ ਰਾਤ ਦਿਨ ਮੁਸ਼ੱਕਤ ਕਰਕੇ ਤਨਖ਼ਾਹ ਦੇ ਰੂਪ ਵਿੱਚ ਵਿਆਜ ਸਮੇਤ ਭੁਗਤਾਨ ਕੀਤਾ ਸੀ, ਉਸ ਦਾ ਵੱਡੇ ਨੇ ਕਦੇ ਭੋਗ ਹੀ ਨਹੀਂ ਸੀ ਪਾਇਆ। ਉਸ ਆਪਣੇ ਛੋਟੇ ਭਰਾ ਤੇ ਭਰਜਾਈ ਨੂੰ ਅੱਡ ਕਰ ਦਿੱਤਾ ਸੀ।
ਅਜਿਹੀ ਆਰਥਿਕ ਮੰਦਹਾਲੀ ਦੇ ਚਲਦਿਆਂ ਉਸ ਦੇ ਸਹੁਰਿਆਂ ਨੇ ਬਹੁਤ ਮਦਦ ਕੀਤੀ। ਉਨ੍ਹਾਂ ਆਪਣੇ ਜਵਾਈ ਨੂੰ ਬਜਾਜੀ ਦੇ ਕਾਰੋਬਾਰ ਲਈ ਪ੍ਰੇਰਿਆ। ਪਹਿਲਾਂ ਉਨ੍ਹਾਂ ਉਸ ਨੂੰ ਪਿੰਡਾਂ ਵਿੱਚ ਕੱਪੜੇ ਦੀ ਡੱਗੀ ਲੈ ਕੇ ਜਾਣ ਲਈ ਕਿਹਾ। ਇਸ ਫੇਰੀ ਲਾਉਣ ਦਾ ਫ਼ਾਇਦਾ ਉਸ ਨੂੰ ਕੱਪੜੇ ਦੀ ਪਛਾਣ ਤੇ ਆਪਣੇ ਗਾਹਕਾਂ ਨਾਲ ਸੌਦੇਬਾਜ਼ੀ ਕਰਨ ਦੀ ਕਲਾ ਦੇ ਰੂਪ ਵਿੱਚ ਹੋਇਆ। ਇਸ ਦੌਰਾਨ ਉਸ ਦੀ ਘਰਵਾਲੀ ਨੂੰ ਅੱਡੇ ਦੇ ਬਾਜ਼ਾਰ ਵਿੱਚ ਚੰਗੀ ਚੱਲ ਰਹੀ ਬੁਟੀਕ ਵਿੱਚ ਨੌਕਰੀ ਮਿਲ ਗਈ। ਘਰਵਾਲੀ ਦੀ ਤਨਖ਼ਾਹ ਤੇ ਡੱਗੀ ਦੀ ਫੇਰੀ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਹੋਣਾ ਸ਼ੁਰੂ ਹੋ ਗਿਆ ਤੇ ਕੁਝ ਜਮ੍ਹਾਂ ਪੂੰਜੀ ਵੀ ਉਨ੍ਹਾਂ ਕੋਲ ਹੋ ਗਈ। ਉਸ ਅੱਡੇ ਦੇ ਬਾਜ਼ਾਰ ਵਿੱਚ ਇੱਕ ਛੋਟੀ ਜਿਹੀ ਕਿਰਾਏ ਦੀ ਦੁਕਾਨ ਵਿੱਚ ਬਜਾਜੀ ਦਾ ਕੰਮ ਸ਼ੁਰੂ ਕੀਤਾ।ਸਹੁਰਿਆਂ ਦੀ ਗਾਰੰਟੀ ਕਰਕੇ ਸ਼ਹਿਰ ਦੇ ਥੋਕ ਕੱਪੜਾ ਵਪਾਰੀਆਂ ਤੋਂ ਉਸ ਨੂੰ ਉਧਾਰ ਕੱਪੜਾ ਮਿਲਣਾ ਸ਼ੁਰੂ ਹੋ ਗਿਆ। ਉਸ ਦੀ ਬਜਾਜੀ ਦੀ ਦੁਕਾਨ ਤੋਂ ਦਾਜ ਵਰੀ ਸਮੇਤ ਹਰ ਪ੍ਰਕਾਰ ਦਾ ਕੱਪੜਾ ਬਾਜ਼ਾਰ ਤੋਂ ਸਸਤਾ ਮਿਲ ਜਾਂਦਾ ਸੀ। ਪੱਕੇ ਗਾਹਕਾਂ ਨਾਲ ਹਾੜ੍ਹੀ ਸਾਉਣੀ ਉਧਾਰ ਸੁਧਾਰ ਵੀ ਚਲਦਾ ਸੀ। ਚੰਗੇ ਦਿਨ ਤੇ ਭਲੇ ਲੋਕ ਸਨ ਜਿਸ ਕਰਕੇ ਉਗਰਾਹੀ ਤਕਰੀਬਨ ਹੋ ਜਾਂਦੀ ਸੀ।
ਦਿਨ ਲੰਘਦੇ ਗਏ। ਉਨ੍ਹਾਂ ਦਾ ਛੋਟਾ ਜਿਹਾ ਪਰਿਵਾਰ ਸੀ। ਉਸ ਦੀ ਘਰਵਾਲੀ ਦੀ ਬੁਟੀਕ ਦੀ ਤਨਖ਼ਾਹ ਤੇ ਆਂਢ ਗੁਆਂਢ ਦੀਆਂ ਔਰਤਾਂ ਦੇ ਸੀਤੇ ਸੂਟਾਂ ਦੀ ਸਵਾਈ ਤੋਂ ਚੰਗੀ ਆਮਦਨ ਹੋ ਰਹੀ ਸੀ। ਬਜਾਜੀ ਦਾ ਧੰਦਾ ਵੀ ਬਾਖ਼ੂਬੀ ਚੱਲ ਰਿਹਾ ਤੇ ਮੁਨਾਫ਼ਾ ਦੇ ਰਿਹਾ ਸੀ। ਉਨ੍ਹਾਂ ਦੇ ਘਰ ਧੀ ਰਾਣੀ ਆ ਗਈ। ਵੱਡਾ ਭਰਾ ਸ਼ੁਰੂ ਤੋਂ ਮੀਸਣਾ ਤੇ ਨਿਰਲੱਜ ਸੀ ਅਤੇ ਉਸ ਦਾ ਪਰਿਵਾਰ ਉਸ ਤੋਂ ਵੀ ਕਮੀਨਾ। ਵੱਡੇ ਦੇ ਪਰਿਵਾਰ ਦੀ ਨਜ਼ਰ ਰਿੱਧੇ ਪੱਕੇ ’ਤੇ ਹੁੰਦੀ ਸੀ। ਕਦੇ ਨੂੰਹ ਤੇ ਕਦੇ ਭਰਜਾਈ ਕੁਝ ਨਾ ਕੁਝ ਮੰਗਣ ਤੁਰੀਆਂ ਰਹਿੰਦੀਆਂ ਸਨ। ਪੋਤਰੀ ਤਾਂ ਏਨੀ ਸ਼ਾਤਰ ਚੋਰ ਸੀ ਕਿ ਉਹ ਉਨ੍ਹਾਂ ਦੀ ਰਸੋਈ ਵਿੱਚੋਂ ਦੁੱਧ, ਅੰਡੇ, ਮੱਖਣ ਤੇ ਬਰੈੱਡ ਹੱਥ ’ਤੇ ਹੱਥ ਮਾਰ ਕੇ ਲੈ ਜਾਂਦੀ ਸੀ। ਵੱਡਾ ਭਰਾ ਉਸ ਵਕਤ ਆ ਟਪਕਦਾ ਜਦੋਂ ਉਸ ਦਾ ਖਾਣ ਪੀਣ ਦਾ ਵੇਲਾ ਹੁੰਦਾ ਸੀ। ਜੇ ਉਹ ਉਸ ਤਰ੍ਹਾਂ ਬੈਠਾ ਹੁੰਦਾ ਤਾਂ ਵੀ ਉਹ ਆ ਪੁੱਛਦਾ, ‘‘ਰੱਖੀ ਊ!’’ ਉਹ ਬੋਤਲ ਵੱਲ ਇਸ਼ਾਰਾ ਕਰਦਾ ਤੇ ਉਹ ਲਾਰਜ ਪੈੱਗ ਪੀ ਕਮੀਨਗੀ ਦੀਆਂ ਸਭ ਹੱਦਾਂ ਬੰਨੇ ਪਾਰ ਕਰ ਜਾਂਦਾ ਸੀ। ਜੇ ਮੀਟ ਬਣ ਰਿਹਾ ਹੁੰਦਾ, ਫੇਰ ਤਾਂ ਚਿਪਕ ਹੀ ਜਾਂਦਾ ਸੀ।
ਕਾਲੇ ਦਿਨ ਦਸਤਕ ਦੇਣ ਲੱਗੇ। ਅਚਾਨਕ ਫ਼ਿਜ਼ਾ ਵਿੱਚ ਫ਼ਿਰਕੂ ਨਫ਼ਰਤ ਦੀ ਜ਼ਹਿਰੀਲੀ ਹਵਾ ਫੈਲਣ ਲੱਗੀ। ਅਤਿਵਾਦ ਦਾ ਕਾਲਾ ਦੌਰ। ਮਾੜੀਆਂ ਸ਼ਕਤੀਆਂ ਗਤੀਸ਼ੀਲ ਹੋ ਗਈਆਂ ਸਨ। ਧਰਮ ਆਧਾਰਿਤ ਵੰਡੀਆਂ ਦੀ ਅੱਗ ਦੀ ਲਪੇਟ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕ ਆਉਣ ਲੱਗੇ। ਸ਼ਹਿਰ ਦੇ ਅਹਿਮ ਧਾਰਮਿਕ ਸਥਾਨਾਂ ਵਿੱਚ ਬੀੜੀਆਂ-ਸਿਗਰਟਾਂ ਦੇੇ ਬੰਡਲ ਤੇ ਮਾਸ ਸੁੱਟਣ ਦੀਆਂ ਅਫ਼ਵਾਹਾਂ ਫੈਲਾਈਆਂ ਜਾਣ ਲੱਗੀਆਂ। ਇਸ ਫ਼ਿਰਕੂ ਨਫ਼ਰਤ ਦੀ ਅੱਗ ਦਾ ਸੇਕ ਪਿੰਡਾਂ/ਕਸਬਿਆਂ ਤੱਕ ਆ ਪੁੱਜਾ ਸੀ। ਕੁਝ ਫ਼ਿਰਕੂ ਅਖ਼ਬਾਰਾਂ ਨੇ ਖ਼ਾਸ ਫ਼ਿਰਕੇ ਦੇ ਲੋਕਾਂ ਨੂੰ ਬੱਸਾਂ ਅਤੇ ਘਰਾਂ ਵਿੱਚੋਂ ਕੱਢ ਕੱਢ ਮਾਰਨ ਦੀਆਂ ਵਧਾ ਚੜ੍ਹਾ ਕੇ ਖ਼ਬਰਾਂ ਛਾਪ ਛਾਪ ਬਲਦੀ ਅੱਗ ’ਤੇ ਤੇਲ ਪਾਇਆ ਅਤੇ ਦੂਜੀ ਅਖ਼ਬਾਰ ਨੇ ਫ਼ਿਰਕੂ ਜਨੂੰਨੀਆਂ ਦੀਆਂ ਧਮਕੀਆਂ, ਜ਼ਿੰਮੇਵਾਰੀਆਂ ਦੀਆਂ ਖ਼ਬਰਾਂ ਅਤੇ ਇਸ਼ਤਿਹਾਰ ਮੁਫ਼ਤ ਛਾਪ ਕੇ ਫ਼ਿਰਕੂ ਅੱਗ ਨੂੰ ਹੋਰ ਮਚਾਇਆ। ਅੱਡੇ ਦੇ ਬਾਜ਼ਾਰ ਵਿੱਚ ਨਿੱਤ ਦੁਕਾਨਦਾਰਾਂ ਨੂੰ ਧਮਕੀਆਂ ਮਿਲਣ ਲੱਗੀਆਂ। ਫਿਰੌਤੀਆਂ ਲਈ ਚਿੱਠੀਆਂ ਆਉਣ ਲੱਗੀਆਂ। ਬਾਜ਼ਾਰ ਬੰਦ ਹੋਣ ਲੱਗੇ। ਲੱਖਾਂ ਦੀਆਂ ਰਕਮਾਂ ਨਾ ਦੇਣ ਦੀ ਸੂਰਤ ਵਿੱਚ ਸੋਧ ਦੇਣ ਦੇ ਪਰਚੇ ਦੁਕਾਨਾਂ ਬਾਹਰ ਚਿਪਕਾਏ ਜਾਣ ਲੱਗੇ। ਸੋ ਡਰਦੇ ਕਈ ਪਰਿਵਾਰ ਸ਼ਹਿਰਾਂ ਵੱਲ ਜਾਣ ਲੱਗੇ। ਉਸ ਨੇ ਵੀ ਆਪਣੇ ਮਾਲਕ ਤੋਂ ਨਕਦ ਰਾਸ਼ੀ ਦੇ ਕੇ ਰਜਿਸਟਰੀ ਕਰਵਾ ਲਈ। ਉਧਰ ਬੁਟੀਕ ਵਾਲੀ ਦੁਕਾਨ ਵੀ ਉਸ ਦੀ ਘਰਵਾਲੀ ਨੂੰ ਮਿਲ ਗਈ ਸੀ ਕਿਉਂਕਿ ਉਨ੍ਹਾਂ ਦਾ ਪਰਿਵਾਰ ਕਰਨਾਲ ਵੱਲ ਹਿਜਰਤ ਕਰ ਗਿਆ।
‘ਬਾਬਿਆਂ’ ਦੇ ਭੇਸ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰੇ, ਮੁਖ਼ਬਰ ਤੇ ਪੁਲੀਸ ਦੇ ਕੈਟਾਂ ਦੀਆਂ ਕਰਤੂਤਾਂ ਕਰਕੇ ਆਮ ਲੋਕਾਂ ਨੇ ਵੀ ਇਨ੍ਹਾਂ ਅਨਸਰਾਂ ਤੋਂ ਦੂਰੀ ਬਣਾ ਲਈ ਸੀ। ਸਰਕਾਰ ਦੀ ਸਖ਼ਤ ਕਾਰਵਾਈ ਨੇ ਦਹਿਸ਼ਤੀਆਂ ਨੂੰ ਕੁਚਲ ਦਿੱਤਾ ਸੀ। ਇਨ੍ਹਾਂ ਦੇ ਖ਼ਾਤਮੇ ਨਾਲ ਹਾਲਾਤ ਆਮ ਵਰਗੇ ਹੋ ਗਏ ਸਨ। ਫਿਰ ਵੀ ਬਹੁਤ ਸਾਰੇ ਦੁਕਾਨਦਾਰ ਤੇ ਉਨ੍ਹਾਂ ਦੇ ਪਰਿਵਾਰ ਵਾਪਸ ਨਹੀਂ ਸਨ ਆਏ।
ਸਮੇਂ ਨੇ ਤਾਂ ਲੰਘਦੇ ਜਾਣਾ ਸੀ। ਇਸ ਨੂੰ ਬਤੀਤ ਹੋਣ ਤੋਂ ਕੌਣ ਰੋਕ ਸਕਦਾ ਹੈ। ਪਹਿਲਾਂ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਤੇ ਮਹਿੰਗਾਈ ਦੀ ਵਜ੍ਹਾ ਕਰਕੇ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਦੋ ਵੱਡੀਆਂ ਕੁੜੀਆਂ ਤੇ ਮੁੰਡੇ ਦੇ ਵਿਆਹਾਂ ਦੇ ਖਰਚੇ ਕਿਸ ਤਰ੍ਹਾਂ ਕੀਤੇ, ਉਹ ਹੀ ਜਾਣਦਾ ਸੀ। ਧੀਆਂ ਸਹੁਰੇ ਘਰ ਚਲੀਆਂ ਗਈਆਂ ਅਤੇ ਨੂੰਹ ਘਰ ਆ ਗਈ। ਉਹ ਉਸ ਦੀ ਘਰਵਾਲੀ, ਪੁੱਤ ਨੂੰਹ ਤੇ ਕੁਆਰਾ ਛੋਟਾ ਮੁੰਡਾ। ਛੋਟਾ ਜਿਹਾ ਪਰਿਵਾਰ।ਖ਼ੁਸ਼ ਤੇ ਖੁਸ਼ਹਾਲ ਜੀਵਨ ਜੀਅ ਰਹੇ ਸਨ। ਇਸ ਦੌਰਾਨ ਵੱਡੇ ਦੀ ਦੁਕਾਨਦਾਰੀ ਦਿਨੋ ਦਿਨ ਲੀਹੋਂ ਲੱਥ ਰਹੀ ਸੀ। ਵੱਡੇ ਦੀ ਘਰਵਾਲੀ ਬਿਲਕੁਲ ਹੀ ਸਿੱਧੀ ਸਾਦੀ ਘਰੇਲੂ ਔਰਤ ਸੀ। ਉਸ ਦੇ ਦੋਵੇਂ ਮੁੰਡੇ ਅੱਠਵੀਂ ਨੌਵੀਂ ਤੋਂ ਨਹੀਂ ਸਨ ਟੱਪ ਸਕੇ। ਵੱਡੇ ਭਰਾ ਦੀ ਵਿਚਕਾਰਲੀ ਧੀ ਗੁਆਂਢ ਦੁੱਧ ਦੀ ਡੇਅਰੀ ’ਚ ਕੰਮ ਕਰਦੇ ਕਾਮੇ ਨਾਲ ਨਿਕਲ ਗਈ ਸੀ।
ਦੋਵਾਂ ਜਵਾਈਆਂ ਦਾ ਚੰਗਾ ਕੰਮ ਧੰਦਾ ਸੀ। ਇੱਕ ਦੀ ਅੱਡੇ ਵਿੱਚ ਹਾਰਡਵੇਅਰ ਦੀ ਦੁਕਾਨ ਸੀ ਅਤੇ ਦੂਜੇ ਦਾ ਬੰਬੀਆਂ ਦੇ ਬੋਰਾਂ ਦਾ ਕਾਰੋਬਾਰ ਸੀ। ਪਤਾ ਨਹੀਂ ਕਿਸ ਲਾਲਚਵੱਸ ਉਨ੍ਹਾਂ ਦੀਆਂ ਦੋਵਾਂ ਭੈਣਾਂ ਨੇ ਕੋਠੀ ਅਤੇ ਪਲਾਟਾਂ ਵਿੱਚੋਂ ਆਪਣਾ ਹਿੱਸਾ ਮੰਗ ਲਿਆ ਸੀ। ਇਸ ਤੋਂ ਵੱਡੇ ਭਰਾ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਭਣਵੱਈਆਂ ਨੇ ਕਚਹਿਰੀ ’ਚ ਕੇਸ ਕਰ ਦਿੱਤਾ ਅਤੇ ਸਹੁਰਿਆਂ ਨਾਲ ਬੋਲਚਾਲ ਤੇ ਆਉਣਾ ਜਾਣਾ ਬੰਦ ਕਰ ਦਿੱਤਾ। ਅੱਜ ਦੇ ਦੌਰ ਵਿੱਚ ਰਿਸ਼ਤਿਆਂ ’ਚ ਆਈਆਂ ਦੂਰੀਆਂ ਦੀ ਤਾਂ ਸਮਝ ਆਉਂਦੀ ਹੈ, ਪਰ ਲਹੂ ਮਾਸ ਤੇ ਆਂਦਰਾਂ ਨਾਲ ਬੱਝੇ ਸਕੇ ਭੈਣ ਭਰਾਵਾਂ ਦੇ ਪਵਿੱਤਰ ਰਿਸ਼ਤਿਆਂ ਦਾ ਇਸ ਤਰ੍ਹਾਂ ਆਪਸੀ ਨਫ਼ਰਤ ਦੀ ਦਲਦਲ ਵਿੱਚ ਗਰਕ ਜਾਣਾ ਸਮਝ ਤੋਂ ਬਾਹਰ ਹੈ। ਵੱਡੇ ਵਡੇਰਿਆਂ ਦੀਆਂ ਜੱਦੀ ਪੁਸ਼ਤੀ ਜਾਇਦਾਦਾਂ ਨੂੰ ਲੈ ਕੇ ਭੈਣਾਂ ਭਰਾਵਾਂ ਵਿਚਾਲੇ ਵੰਡ ਵੰਡਾਈਆਂ ਕਰਕੇ ਕਚਹਿਰੀਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਹੱਡ ਮਾਸ ਦੇ ਰਿਸ਼ਤੇ ਇਉਂ ਸੰਵੇਦਨਹੀਣ, ਬੇਲੋੜੇ ਤੇ ਫਾਲਤੂ ਹੋ ਜਾਣਗੇ, ਕਿਸੇ ਸ਼ਾਇਦ ਕਲਪਨਾ ਵੀ ਨਹੀਂ ਸੀ ਕੀਤੀ।
ਬਜਾਜੀ ਦੀ ਦੁਕਾਨਦਾਰੀ ਛੁੱਟ ਗਈ। ਥਕਿਆ ਹੰਭਿਆ ਬਜ਼ੁਰਗ ਘਰ ਆ ਬੈਠਾ। ਦੋਵੇਂ ਪੁੱਤਰ ਦੁਕਾਨ ’ਤੇ ਬੈਠਦੇ ਜ਼ਰੂਰ ਸਨ, ਪਰ ਇਸ ਕਾਰੋਬਾਰ ਵਿੱਚ ਦਿਲਚਸਪੀ ਨਾ ਹੋਣ ਕਰਕੇ ਉਨ੍ਹਾਂ ਦਾ ਕੱਪੜੇ ਦਾ ਧੰਦਾ ਹੇਠਾਂ ਹੀ ਹੇਠਾਂ ਜਾਣ ਲੱਗਾ। ਜਿਨ੍ਹਾਂ ਪੁੱਤਰਾਂ ਦੀ ਜ਼ਿੰਦਗੀ ਬਣਾਉਣ ਲਈ ਉਸ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਲਗਾ ਦਿੱਤਾ ਸੀ ਉਨ੍ਹਾਂ ਕਪੂਤਾਂ ਨੇ ਆਪਣੇ ਮਾਂ ਬਾਪ ਤੇ ਭੈਣਾਂ ਤੋਂ ਚੋਰੀ ਅੱਡੇ ਵਾਲੀ ਬਜਾਜੀ ਦੀ ਦੁਕਾਨ ਵੇਚ ਦਿੱਤੀ।ਦੁਕਾਨ ਦੀ ਮਿਲੀ ਰਕਮ ਵਿੱਚੋਂ ਆਪਣਾ ਹਿੱਸਾ ਲੈ ਵੱਡਾ ਲੜਕਾ ਸਹੁਰਿਆਂ ਦੇ ਕਾਰੋਬਾਰ ਵਿੱਚ ਜਾ ਸ਼ਾਮਲ ਹੋਇਆ ਤੇ ਸਹੁਰੇ ਘਰ ਵੱਸ ਗਿਆ। ਛੋਟਾ ਆਪਣੇ ਮਾਂ ਬਾਪ ਦੀ ਸਲਾਹ ਤੋਂ ਬਿਨਾਂ ਕਿਸੇ ਏਜੰਟ ਨਾਲ ਗੰਢ ਤਰੁਪ ਕਰਕੇ ਦੁਬਈ ਚਲਾ ਗਿਆ। ਉਧਰ ਵੱਡੇ ਭਰਾ ਦੀ ਬ੍ਰਦਰਜ਼ ਟੇਲਰਜ਼ ਦੁਕਾਨ ਮਾਲਕਾਂ ਨੇ ਉੱਚੀ ਕਰਨ ਬਹਾਨੇ ਛੁਡਵਾ ਲਈ ਸੀ ਅਤੇ ਉਸ ਨੇ ਅੱਡੇ ਦੇ ਚੌਕ ਤੋਂ ਦੂਰ ਇੱਕ ਘੱਟ ਕਿਰਾਏ ਵਾਲੀ ਦੁਕਾਨ ਲੈ ਦਰਜ਼ੀ ਦਾ ਕੰਮ ਸ਼ੁਰੂ ਕੀਤਾ ਸੀ ਜੋ ਚਲਿਆ ਨਹੀਂ ਸੀ।
ਚੰਗੇ ਦਿਨ ਸਦਾ ਨਹੀਂ ਰਹਿੰਦੇ। ਛੋਟੇ ਦੀ ਘਰਵਾਲੀ ਦੀ ਅਚਾਨਕ ਮੌਤ ਹੋ ਗਈ ਤਾਂ ਉਹ ਬਿਲਕੁਲ ਇਕੱਲਾ ਹੋ ਗਿਆ। ਉਹ ਸੋਗ ਤੇ ਤਣਾਅ ਕਰਕੇ ਟੁੱਟ ਗਿਆ। ਦੋਵਾਂ ਧੀਆਂ ਨੇ ਵੀ ਉਸ ਦੀ ਸਾਰ ਨਹੀਂ ਸੀ ਲਈ। ਉਹ ਆਪਣੇ ਛੋਟੇ ਭਰਾ ਤੋਂ ਆਨੇ ਬਹਾਨੇ ਰਕਮਾਂ ਆਪੋ ਆਪਣੇ ਬੈਂਕ ਖਾਤਿਆਂ ਵਿੱਚ ਪੁਆਉਂਦੀਆਂ ਰਹਿੰਦੀਆਂ ਸਨ। ਵੱਡਾ ਭਰਾ ਇਨ੍ਹਾਂ ਨੂੰ ਪੱਲਾ ਨਹੀਂ ਸੀ ਫੜਾਉਂਦਾ। ਉਸ ਦਾ ਵੱਡਾ ਪੁੱਤਰ ਸ਼ਰਮੋ ਸ਼ਰਮੀ ਆਪਣੀ ਮਾਂ ਦੇ ਭੋਗ ’ਤੇ ਅੰਤਿਮ ਰਸਮਾਂ ਨਿਭਾਉਣ ਆਇਆ ਸੀ। ਉਸ ਦੀਆਂ ਭੈਣਾਂ ਆਈਆਂ ਸਨ, ਪਰ ਛੋਟਾ ਭਰਾ ਬਾਹਰ ਹੋਣ ਕਰਕੇ ਨਹੀਂ ਸੀ ਆਇਆ। ਉਸ ਦਾ ਵੱਡਾ ਪੁੱਤਰ ਪਾਠ ਦਾ ਭੋਗ, ਅੰਤਿਮ ਅਰਦਾਸ, ਲੰਗਰ ਪਾਣੀ ਅਤੇ ਮਾਂ ਦਾ ਵਰ੍ਹੀਣਾ ਆਦਿ ਦਾ ਸਾਰਾ ਖਰਚਾ ਕਰ ਗਿਆ।
ਸਾਲ ਕੁ ਪਹਿਲਾਂ ਅੱਜ ਦੇ ਦਿਨ ਉਸ ਦੀ ਘਰਵਾਲੀ ਤੇ ਬੱਚਿਆਂ ਦੀ ਮਾਂ ਗੁਰੂ ਚਰਨਾਂ ਵਿੱਚ ਜਾ ਬਿਰਾਜੀ ਸੀ। ਬਾਪ, ਭੈਣਾਂ ਤੇ ਸ਼ਰੀਕੇ ਬਿਰਾਦਰੀ ਵੱਲੋਂ ਵਿਆਹ ਕਰਵਾਉਣ ਲਈ ਕਹਿਣ ’ਤੇ ਛੋਟੇ ਨੂੰ ਬਾਹਰੋਂ ਆਉਣਾ ਪਿਆ ਸੀ। ਛੋਟੇ ਨੇ ਬੜੀ ਰੀਝ ਨਾਲ ਕਮਰਾ ਬਣਵਾਇਆ। ਅਟੈਚਡ ਬਾਥਰੂਮ ਦਾ ਸਾਰਾ ਸੈਨੇਟਰੀ ਦਾ ਸਾਮਾਨ ਵਿਦੇਸ਼ੀ ਲਗਵਾਇਆ। ਫਿਰ ਪੁਰਾਣਾ ਫਰਿੱਜ ਤੇ ਵਾਸ਼ਿੰਗ ਮਸ਼ੀਨ ਬਦਲੇ। ਆਧੁਨਿਕ ਬਿਜਲਈ ਉਪਕਰਣ ਮੰਗਵਾਏ। ਨਵਾਂ ਡਬਲਬੈੱਡ, ਗੱਦੇ, ਪਰਦੇ, ਤਕੀਏ ਤੇ ਚਾਦਰਾਂ ਆਦਿ ਸਭ ਕੁਝ ਬਰਾਂਡਿਡ ਆਇਆ। ਤਾਏ ਤੇ ਤਾਏ ਦੇ ਪੁੱਤਰਾਂ ਦਾ ਚਚੇਰੇ ਭਰਾ ਪ੍ਰਤੀ ਪਿਆਰ ਜਾਗਿਆ। ਪੁਰਾਣੀ ਕੋਠੀ ਦੇ ਇੱਕ ਨੁੱਕਰ ਵਾਲੇ ਤੰਗ ਤੇ ਹਨੇਰੇ ਕਮਰੇ ਵਿੱਚ ਬਜ਼ੁਰਗ ਖਊਂ ਖਊਂ ਕਰਦਾ ਰਹਿੰਦਾ ਤੇ ਉਧਰ ਉਸ ਦੇ ਆਪਣੇ ਛੋਟੇ ਪੁੱਤਰ ਦੇ ਨਵੇਂ ਲਗਜ਼ਰੀ ਕਮਰੇ ਵਿੱਚ ਮਹਿਫ਼ਿਲਾਂ ਸਜਦੀਆਂ ਜਿਨ੍ਹਾਂ ਵਿੱਚ ਤਾਏ ਪੁੱਤ, ਉਨ੍ਹਾਂ ਦੇ ਕੁਝ ਦੋਸਤ ਅਤੇ ਕਦੇ ਕਦੇ ਤਾਇਆ ਸ਼ਾਮਲ ਹੁੰਦੇ ਸਨ। ਫਰਾਈ ਫਿਸ਼, ਲੈਮਨ ਚਿਕਨ, ਕੜਾਹੀ ਪਨੀਰ ਅਤੇ ਦਾਰੂ। ਇਹ ਸਾਰਾ ਖਰਚਾ ਛੋਟੇ ਦਾ ਹੁੰਦਾ ਸੀ। ਕਦੇ ਬੁੱਢੇ ਬਾਪ ਨੂੰ ਵੀ ਪੈੱਗ ਪਹੁੰਚ ਜਾਂਦਾ ਸੀ। ਆਪਣੇ ਬਾਪ ਲਈ ਛੋਟੇ ਨੇ ਕੰਮ ਵਾਲੀ ਰੱਖ ਦਿੱਤੀ ਜਿਹੜੀ ਉਸ ਲਈ ਦੋ ਵੇਲੇ ਦੀ ਰੋਟੀ ਬਣਾ, ਕੱਪੜੇ ਧੋ ਤੇ ਸਾਫ਼ ਸਫ਼ਾਈ ਕਰ ਜਾਂਦੀ ਸੀ। ਆਪ ਕਦੇ ਤਾਏ ਕਿਆਂ ਵੱਲੋਂ ਤੇ ਕਦੇ ਬਾਹਰੋਂ ਹੋਟਲ ਤੋਂ ਖਾ ਲੈਂਦਾ ਸੀ।
ਜ਼ਿਆਦਾ ਦਾਰੂ ਪੀਣ ਕਰਕੇ ਤਾਏ ਦਾ ਛੋਟਾ ਪੁੱਤ ਮਿਹਦੇ ਦੇ ਅਲਸਰ (ਬਿਮਾਰੀ) ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਚਾਚੇ ਦੇ ਪੁੱਤ ਤੋਂ ਇਲਾਜ ਲਈ ਪੰਜਾਹ ਹਜ਼ਾਰ ਰੁਪਏ ਉਧਾਰ ਲੈ ਲਏ। ਇਸ ਤਰ੍ਹਾਂ ਛੋਟੇ ਦੀ ਜਮ੍ਹਾਂ ਪੂੰਜੀ ਮੁੱਕਦੀ ਜਾ ਰਹੀ ਸੀ। ਛੋਟੇ ਨੇ ਆਪਣੇ ਤੋਂ ਵੱਡੀ ਭੈਣ ਨੂੰ ਪੇਕੇ ਘਰ ਪਿਓ ਕੋਲ ਪਰਿਵਾਰ ਸਮੇਤ ਰਹਿਣ ਲਈ ਬਥੇਰਾ ਜ਼ੋਰ ਲਾਇਆ, ਪਰ ਭਣਵੱਈਏ ਨੇ ਸਾਫ਼ ਇਨਕਾਰ ਕਰ ਦਿੱਤਾ ਭਾਵੇਂ ਸਹੁਰੇ ਘਰ ਸਭ ਸਹੂਲਤਾਂ ਸਨ। ਉਸ ਨੂੰ ਪੇਕੇ ਘਰ ਆਪਣੀ ਘਰਵਾਲੀ ਦੇ ਚਾਲ ਚਲਣ ’ਤੇ ਸ਼ੱਕ ਸੀ। ਹਾਲਾਂਕਿ ਸਹੁਰਿਆਂ ਦੇ ਸ਼ਹਿਰ ਉਨ੍ਹਾਂ ਕੋਲ ਆਪਣਾ ਘਰ ਤੱਕ ਨਹੀਂ ਸੀ। ਕਿਰਾਏ ’ਤੇ ਰਹਿੰਦੇ ਸਨ। ਫਿਰ ਕਾਰੋਬਾਰ ਵੀ ਕੋਈ ਬਹੁਤਾ ਚੰਗਾ ਨਹੀਂ ਸੀ। ਕਿਸੇ ਐੱਸਡੀਓ ਦੀ ਕਾਰ ਦਾ ਡਰਾਈਵਰ ਸੀ। ਘਰਵਾਲੀ ਬਾਜ਼ਾਰ ਤੋਂ ਸਿਲਾਈ ਕਢਾਈ ਦਾ ਕੰਮ ਲਿਆ ਕੇ ਘਰ ਦਾ ਗੁਜ਼ਾਰਾ ਕਰਦੀ ਸੀ।
ਕਦੇ ਬਜ਼ੁਰਗ ਘਰਾਂ ਦੀ ਆਨ ਤੇ ਸ਼ਾਨ ਹੁੰਦੇ ਸਨ, ਪਰ ਅੱਜ ਨਵੀਂ ਪੀੜ੍ਹੀ ਫਾਲਤੂ ਵਸਤ ਸਮਝ ਕੇ ਉਨ੍ਹਾਂ ਦਾ ਤ੍ਰਿਸਕਾਰ ਹੀ ਨਹੀਂ ਕਰ ਰਹੀ ਸਗੋਂ ਉਨ੍ਹਾਂ ਨੂੰ ਅੱਖੋਂ ਪਰੋਖੇ ਵੀ ਕਰ ਰਹੀ ਹੈ। ਟੁੱਟ ਰਹੇ ਸਾਂਝੇ ਪਰਿਵਾਰਾਂ ਦੇ ਬਜ਼ੁਰਗ ਮਾਂ ਬਾਪ ਮਹੀਨਾ ਮਹੀਨਾ ਕਿਸ ਨੂੰਹ ਪੁੱਤ ਦੇ ਘਰ ਰਹਿਣਗੇ? ਮਹੀਨਾ ਬੀਤ ਜਾਣ ਤੋਂ ਬਾਅਦ ਮਾਂ ਬਾਪ ਕਿਸ ਦੇ ਹਿੱਸੇ ਆਉਣਗੇ, ਕੋਈ ਨਹੀਂ ਜਾਣਦਾ। ਇਹ ਦੁੱਖ ਦਰਦ ਪੀੜਤ ਹੀ ਜਾਣ ਸਕਦੇ ਹਨ। ਜਦੋਂਕਿ ਉਮਰ ਦੇ ਇਸ ਆਖ਼ਰੀ ਪੜਾਅ ਦੌਰਾਨ ਦੋਵਾਂ ਜੀਆਂ (ਮਾਂ ਬਾਪ) ਨੂੰ ਆਪੋ ਆਪਣੇ ਬੁਢਾਪੇ ਨੂੰ ਧੱਕਾ ਦੇਣ ਲਈ ਇੱਕ ਦੂਜੇ ਦੇ ਸਹਾਰੇ ਦੀ ਜ਼ਿਆਦਾ ਲੋੜ ਹੁੰਦੀ ਹੈ। ਬੁਢਾਪੇ ਦਾ ਇਹ ਵਕਤ ਗੁਜ਼ਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ। ਰਿਸ਼ਤਿਆਂ ਦਾ ਇਸ ਤਰ੍ਹਾਂ ਘਾਣ ਹੋ ਜਾਵੇਗਾ, ਤਰੇੜਾਂ ਏਨੀਆਂ ਡੂੰਘੀਆਂ ਹੋ ਜਾਣਗੀਆਂ ਕਿ ਧੀਆਂ ਪੁੱਤ ਬੁਢਾਪਾ ਹੰਢਾ ਰਹੇ ਮਾਪਿਆਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਹੀ ਸਿਰਜੀ ਦੁਨੀਆ ਵਿੱਚ ਗੁਆਚ ਜਾਣਗੇ, ਇਸ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇ।
ਖ਼ੈਰ, ਪਿਛਲੇ ਕਈ ਦਿਨਾਂ ਤੋਂ ਬਜ਼ੁਰਗ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।ਉਸ ਨੂੰ ਚਿਰੋਕਣੀ ਖੰਘ, ਸਾਹ ਚੜ੍ਹਨ ਤੇ ਸਾਹ ਲੈਣ ’ਚ ਤਕਲੀਫ਼ ਆ ਰਹੀ ਸੀ। ਬਲੱਡ ਪ੍ਰੈਸ਼ਰ ਦੇ ਵਧਣ ਘਟਣ, ਨਜ਼ਰ ਦੀ ਪ੍ਰੇਸ਼ਾਨੀ, ਗੋਲੀਆਂ ਬਗੈਰ ਨੀਂਦ ਨਾ ਆਉਣ ਅਤੇ ਡਿਪਰੈਸ਼ਨ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਸੀ। ਇੱਕ ਦਿਨ ਲੌਢੇ ਵੇਲੇ ਉਸ ਦੀ ਹਾਲਤ ਜ਼ਿਆਦਾ ਹੀ ਵਿਗੜ ਗਈ। ਛੋਟਾ ਦੇਰ ਰਾਤ ਤੱਕ ਤਾਏ ਕਿਆਂ ਨਾਲ ਕਿਸੇ ਦੋਸਤ ਦੇ ਘਰ ਪਾਰਟੀ ’ਚ ਸ਼ਾਮਲ ਹੋਣ ਗਿਆ ਹੋਇਆ ਸੀ। ਇਧਰ ਬਾਪ ਤੜਫ਼ਦਾ ਰਿਹਾ, ਪਰ ਉਸ ਦੀ ਆਵਾਜ਼ ਭਰਜਾਈ ਤੇ ਨੂੰਹ ਦੋਵਾਂ ਨੂੰ ਨਾ ਸੁਣੀ। ਅਗਲੇ ਦਿਨ ਜਦੋਂ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਸਿਰ ਫੇਰ ਦਿੱਤਾ। ਉਹ ਤਾਂ ਰਾਤ ਹੀ ਚੱਲ ਵੱਸਿਆ ਸੀ। ਛੋਟੇ ਮੁੰਡੇ ਨੇ ਭੂਆ ਤੇ ਭੈਣਾਂ ਨੂੰ ਫੋਨ ਕੀਤੇ। ਭੈਣਾਂ ਆ ਗਈਆਂ ਸਨ। ਸ਼ਰੀਕਾ ਬਿਰਾਦਰੀ, ਆਂਢ ਗੁਆਂਢ ਤੇ ਸ਼ਰਮੋ ਸ਼ਰਮੀ ਤਾਏ ਕੇ ਉਸ ਨੂੰ ਮੜ੍ਹੀਆਂ ’ਚ ਲੈ ਗਏ। ਉਸ ਦਾ ਪਾਲਤੂ ਡੌਗੀ ਵੀ ਅਰਥੀ ਦੇ ਪਿੱਛੇ ਜਾ ਰਿਹਾ ਸੀ। ਉਸ ਦੀਆਂ ਅੱਖਾਂ ਨਮ ਸਨ।ਭੂਆ ਵੀ ਮੜ੍ਹੀਆਂ ’ਚ ਆ ਪਹੁੰਚੀਆਂ। ਦੋਵੇਂ ਭੂਆ ਨੇ ਨਾ ਤਾਂ ਭਤੀਜੇ ਭਤੀਜੀਆਂ ਨੂੰ ਗਲੇ ਲਾ ਦਿਲਾਸਾ ਦਿੱਤਾ ਅਤੇ ਨਾ ਹੀ ਸਕੇ ਭਰਾ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ। ਬਾਬਾ ਜੀ ਨੇ ਸ਼ਮਸ਼ਾਨਘਾਟ ਵਿੱਚ ਜੁੜੇ ਰਿਸ਼ਤੇਦਾਰਾਂ ਤੇ ਸ਼ਰੀਕੇ ਬਿਰਾਦਰੀ ਦੇ ਲੋਕਾਂ ਨੂੰ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਦਾ ਦਿਨ ਦੱਸਿਆ। ਦੋਵੇਂ ਭੂਆ ਮੜ੍ਹੀਆਂ ’ਚੋਂ ਹੀ ਆਪਣੇ ਬੇਟੇ ਦੀ ਕਾਰ ਵਿੱਚ ਬੈਠ ਕੇ ਵਾਪਸ ਚਲੀਆਂ ਗਈਆਂ।
ਇਸ ਦੌਰਾਨ ਉਸ ਦੇ ਛੋਟੇ ਪੁੱਤਰ ਦਾ ਵੀਜ਼ਾ ਲੱਗ ਕੇ ਆ ਗਿਆ। ਉਸ ਨੂੰ ਹਵਾਈ ਟਿਕਟ ਤੇ ਹੋਰ ਖਰਚਿਆਂ ਲਈ ਵੱਡੀ ਰਕਮ ਦੀ ਜ਼ਰੂਰਤ ਸੀ।ਉਸ ਨੇ ਆਪਣੇ ਤਾਏ ਤੋਂ ਉਸ ਦੇ ਛੋਟੇ ਪੁੱਤ ਦੀ ਬਿਮਾਰੀ ਦੇ ਇਲਾਜ ਲਈ ਉਧਾਰ ਲਏ ਪੰਜਾਹ ਹਜ਼ਾਰ ਰੁਪਏ ਵਾਪਸ ਮੰਗੇ ਤਾਂ ਤਾਏ ਕਿਆਂ ਨੇ ਸਕੇ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਸਾਫ਼ ਕਹਿ ਦਿੱਤਾ, ‘‘ਪੈਸੇ ਕਾਹਦੇ? ਅਸੀਂ ਛੇ ਮਹੀਨੇ ਤੈਨੂੰ ਰੋਟੀਆਂ ਖੁਆਉਂਦੇ ਤੇ ਚਾਹਾਂ ਪਿਆਉਂਦੇ ਰਹੇ ਹਾਂ।’’
ਛੋਟੇ ਨੇ ਵੱਡੇ ਭਰਾ ਨੂੰ ਬਾਪ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦੀ ਤਰੀਕ ਬਾਰੇ ਦੱਸਿਆ ਤਾਂ ਉਸ ਨੇ ਆਪਣੀ ਨਾ ਆ ਸਕਣ ਦੀ ਮਜਬੂਰੀ ਬਾਰੇ ਦੱਸਦਿਆਂ ਕਿਹਾ, ‘‘ਤੂੰ ਬਾਪੂ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਲੰਗਰ ਪਾਣੀ ਤੇ ਹੋਰ ਰੀਤੀ ਰਿਵਾਜ ਮੁਤਾਬਿਕ ਸੇਵਾ ਸੰਭਾਲ ਲਵੀਂ। ਮੈਂ ਮਾਂ ਦੇ ਭੋਗ ’ਤੇ ਆਇਆ ਸੀ। ਉਸ ਦੇ ਪਾਠ ਦਾ ਭੋਗ ਤੇ ਅਰਦਾਸ ਕਰਵਾ ਗਿਆ ਸੀ।’’
ਤਿੜਕੇ ਰਿਸ਼ਤਿਆਂ ਦੀ ਆਖ਼ਰੀ ਰਸਮ ਨਿਭਾ ਛੋਟਾ ਪੁੱਤਰ ਵਿਦੇਸ਼ ਉੱਡ ਗਿਆ ਸੀ।
ਸੰਪਰਕ: 98140-82217

Advertisement
Author Image

Advertisement