ਕਾਵਿ ਕਿਆਰੀ
ਸੌਦੇਬਾਜ਼ੀ ਇਸ਼ਕਾਂ ਵਿੱਚ
ਸ਼ਮਸ਼ੇਰ ਸੰਧੂ
ਐਵੇਂ ਨਾ ਲੰਘ ਜਾਏ ਰੁੱਤ ਬਹਾਰਾਂ ਦੀ।
ਮਾਣ ਲੈ ਰੱਜ ਕੇ ਸੰਗਤ ਜਿਗਰੀ ਯਾਰਾਂ ਦੀ।
ਲਿਸ਼ਕ-ਪੁਸ਼ਕ ਤੇ ਸੌਦੇਬਾਜ਼ੀ ਇਸ਼ਕਾਂ ਵਿੱਚ,
ਕਦਰ ਨਾ ਕੋਈ ਅੱਜਕੱਲ੍ਹ ਸੱਚੇ ਪਿਆਰਾਂ ਦੀ।
ਤੇਰੀ ਦੇਖ ਕੇ ਆਦਤ ਸਦਾ ਹੀ ਜਿੱਤਣ ਦੀ,
ਅਸੀਂ ਬਣਾ ਲਈ ਆਦਤ ਸਦਾ ਹੀ ਹਾਰਾਂ ਦੀ।
ਮਿਲ ਜਾਵੀਂ ਇੱਕ ਵਾਰ ਤਾਂ ਆ ਕੇ ਮਿਲ ਜਾਵੀਂ,
ਜੇ ਗੱਲ ਚੇਤੇ ਕੀਤੇ ਹੋਏ ਇਕਰਾਰਾਂ ਦੀ।
ਬੰਦੇ ਜਦ ਤੋਂ ਕੁੱਤੇ ਬਿੱਲੇ ਬਣ ਗਏ ਨੇ,
ਜਾਨ ਹੈ ਕੰਬਦੀ ਘੁੱਗੀਆਂ ਅਤੇ ਗੁਟਾਰਾਂ ਦੀ।
ਮੇਰੇ ਨਾਲ ਤੂੁੰ ਪੈਦਲ ਕਦ ਤੱਕ ਚੱਲਣਾ ਸੀ,
ਤੇਰੀ ਸੋਚ ਸੀ ਕੋਠੀਆਂ ਦੀ ਤੇ ਕਾਰਾਂ ਦੀ।
ਗਿੱਧੇ, ਲਹਿੰਗੇ, ਘੱਗਰੇ, ਛਾ ਗਏ ਦੁਨੀਆ ਵਿੱਚ,
ਰੀਸ ਕਰੂਗਾ ਕੌਣ ਪੰਜਾਬਣ ਨਾਰਾਂ ਦੀ।
ਪਿੱਠ ਪਿੱਛੇ ਤੈਨੂੰ ਚਮਚਾ ਕੜਛਾ ਕਹਿੰਦੇ ਨੇ,
ਛੱਡ ਦੇ ਮਾਰਨੀ ਚਮਚੀ ਤੂੰ ਸਰਕਾਰਾਂ ਦੀ।
ਬੁੱਲ੍ਹਾਂ ਉੱਤੇ ਜੀਭ ਹੈ ਹੁਣ ਵੀ ਫਿਰ ਜਾਂਦੀ,
ਯਾਦ ਹੈ ਆਉਂਦੀ ਜਦ ਮੱਝਾਂ ਦੀਆਂ ਧਾਰਾਂ ਦੀ।
ਸਮੇਂ ਦਾ ਪਹੀਆ ਪੁੱਠਾ ਵੀ ਹੈ ਗਿੜ ਜਾਂਦਾ,
ਫੁੱਲ ਨੂੰ ਰਾਖੀ ਕਰਨੀ ਪੈਂਦੀ ਖਾਰਾਂ ਦੀ।
ਨਵੇਂ ਯਾਰ ਜਦ ਚੌਕ ’ਚ ਛੱਡ ਤੁਰ ਜਾਵਣਗੇ,
ਫਿਰ ਸੰਧੂਆ ਆਊ ਯਾਦ ਪੁਰਾਣੇ ਯਾਰਾਂ ਦੀ।
ਸੰਪਰਕ: 98763-12860
ਗ਼ਜ਼ਲ
ਡਾ. ਨਰੇਸ਼
ਚੁੱਪ ਸਿਆਣਪ ਨਹੀਂ ਸਿਆਸਤ ਹੈ।
ਜ਼ੁਲਮ ਅੰਦਰ ਖ਼ਾਮੋਸ਼ ਸ਼ਿਰਕਤ ਹੈ।
ਝੂਠ ਹਨ ਹੱਥ ਦੀਆਂ ਲਕੀਰਾਂ ਸਭ,
ਹੱਥ ਦੀ ਕਾਰ ਹੀ ਹਕੀਕਤ ਹੈ।
ਤੇਰੇ ਪੱਲੇ ਨੇ ਨੋਟ ਕਾਗਜ਼ ਦੇ,
ਮੇਰੇ ਪੱਲੇ ਕਲਮ ਦੀ ਦੌਲਤ ਹੈ।
ਜਿੱਥੇ ਦਰਕਾਰ ਹਨ ਗਵਾਹ ਨਾ ਸਬੂਤ,
ਐਸੀ ਵੀ ਉੱਤੇ ਇੱਕ ਅਦਾਲਤ ਹੈ।
ਕੌਮ ਹੈ ਸੱਖਣੀ ਜ਼ਮੀਰਾਂ ਤੋਂ,
ਇਹ ਮੇਰੇ ਦੌਰ ਦੀ ਹਕੀਕਤ ਹੈ।
ਬੰਦਗੀ ਬੇਗਰਜ਼ ਨਾ ਹੋਵੇ ਤਾਂ,
ਹਰ ਇਬਾਦਤ ਨਿਰੀ ਤਿਜਾਰਤ ਹੈ।
ਇਲਮ ਵੀ ਇਸ਼ਕ ਤੋਂ ਬਗੈਰ ‘ਨਰੇਸ਼’,
ਵਿੰਗੀ ਟੇਢੀ ਜਿਹੀ ਇਬਾਰਤ ਹੈ।
* * *
ਗ਼ਜ਼ਲ
ਜਗਜੀਤ ਗੁਰਮ
ਅੰਦਰ ਦੀ ਟੁੱਟ-ਭੱਜ ਨੂੰ ਅੰਦਰ ਹੀ ਰੱਖਦਾ ਹਾਂ
ਉਂਝ ਬਾਹਰੋਂ ਮੈਂ ਬਿਲਕੁਲ ਸਾਬਤ ਦਿਸਦਾ ਹਾਂ।
ਨਾ ਮੇਰੀ ਆਹਟ ਅੱਖ ਕਿਸੇ ਦੀ ਖੋਲ੍ਹ ਦਵੇ
ਤਾਂ ਹੀ ਨ੍ਹੇਰੇ ਵਿੱਚ ਬੋਚ ਬਚਾ ਕੇ ਤੁਰਦਾ ਹਾਂ।
ਸਾਰਾ ਸਫ਼ਰ ਸੁਖਾਵਾਂ ਮੈਨੂੰ ਜਾਪਣ ਲਗਦਾ
ਜਦ ਮਾਰੂਥਲ ਉੱਤੇ ਮੈਂ ਆ ਕੇ ਵਰ੍ਹਦਾ ਹਾਂ।
ਮੈਂ ਜਿਨ੍ਹਾਂ ਦੇ ਲਈ ਸੀਸ ਕਟਾਉਂਦਾ ਹਾਂ ਆਪਣਾ
ਉਨ੍ਹਾਂ ਹੱਥੋਂ ਜਲ ਕੇ, ਕਟ ਕੇ ਫਿਰ ਮਰਦਾ ਹਾਂ।
ਹੋਰਾਂ ਨਾਲ ਕਦੇ ਉਲਝਣ ਦੀ ਗੱਲ ਹੀ ਛੱਡੋ
ਮੈਂ ਆਪਣਾ ਵੀ ਸਾਹਮਣਾ ਕਰਨੋਂ ਬਚਦਾ ਹਾਂ।
ਬਹੁਤ ਜ਼ਲੀਲ ਕਰੇ ਰੋਜ਼ਾਨਾ ਜ਼ਿੰਦਗੀ ਮੈਨੂੰ
ਜਿਉਣ ਲਈ ਹਿੱਕ ਉੱਤੇ ਕਿੰਨਾ ਕੁਝ ਜਰਦਾ ਹਾਂ।
ਨਜ਼ਰ ਸ਼ਿਕਾਰੀ ਦੀ ਫਿਰ ਮੇਰੇ ਉੱਪਰ ਰਹਿੰਦੀ
ਜਦ ਵੀ ਮੈਂ ਅੰਬਰ ਨੂੰ ਖੰਭਾਂ ਵਿੱਚ ਭਰਦਾ ਹਾਂ।
ਸੰਪਰਕ: 99152-64836