For the best experience, open
https://m.punjabitribuneonline.com
on your mobile browser.
Advertisement

ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਅਕਾਲ ਤਖ਼ਤ ’ਤੇ ਖਿਮਾ ਯਾਚਨਾ

06:49 AM Jul 02, 2024 IST
ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਅਕਾਲ ਤਖ਼ਤ ’ਤੇ ਖਿਮਾ ਯਾਚਨਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ ਤੇ ਹੋਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵਿਚਾਲੇ ਪੈਦਾ ਹੋਇਆ ਸੰਕਟ ਅੱਜ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਨਾਰਾਜ਼ ਅਕਾਲੀ ਆਗੂਆਂ ਦੇ ਧੜੇ ਨੇ ਅੱਜ ਇੱਥੇ ਅਕਾਲ ਤਖਤ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਖਿਮਾ ਯਾਚਨਾ ਪੱਤਰ ਸੌਂਪਿਆ ਤੇ ਅਕਾਲੀ ਸਰਕਾਰ ਵੇਲੇ ਹੋਈਆਂ ਵੱਡੀਆਂ ਗਲਤੀਆਂ ਤੇ ਭੁੱਲਾਂ ਦਾ ਇੰਕਸ਼ਾਫ ਕੀਤਾ। ਉਨ੍ਹਾਂ ਨੇ ਦੀ ਖਿਮਾ ਲਈ ਅਰਦਾਸ ਵੀ ਕੀਤੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੱਧਰ ’ਤੇ ਹੀ ਅਕਾਲ ਤਖਤ ਵਿਖੇ ਅਰਦਾਸ ਕਰ ਕੇ ਭੁੱਲਾਂ ਦੀ ਖਿਮਾ ਯਾਚਨਾ ਕੀਤੀ ਜਾ ਚੁੱਕੀ ਹੈ ਪਰ ਉਸ ਵੇਲੇ ਕਿਹੜੀਆਂ-ਕਿਹੜੀਆਂ ਭੁੱਲਾਂ ਤੇ ਗਲਤੀਆਂ ਹੋਈਆਂ ਹਨ, ਉਨ੍ਹਾਂ ਬਾਰੇ ਕਦੇ ਖੁਲਾਸਾ ਨਹੀਂ ਕੀਤਾ ਗਿਆ ਸੀ ਪਰ ਅੱਜ ਬਾਗ਼ੀ ਧੜੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅੱਜ ਜਥੇਦਾਰ ਨੂੰ ਪੱਤਰ ਸੌਂਪਣ ਵਾਲਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ, ਚਰਨਜੀਤ ਸਿੰਘ ਬਰਾੜ, ਸੁਖਵੰਤ ਸਿੰਘ, ਤਜਿੰਦਰ ਪਾਲ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾਂ, ਰਣਧੀਰ ਸਿੰਘ ਰੱਖੜਾ, ਕਰਨੈਲ ਸਿੰਘ ਪੰਜੋਲੀ ਤੇ ਹੋਰ ਸ਼ਾਮਲ ਸਨ।

Advertisement

ਅਕਾਲ ਤਖ਼ਤ ’ਤੇ ਅਰਦਾਸ ਕਰਦੇ ਹੋਏ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ। -ਫੋਟੋ: ਵਿਸ਼ਾਲ ਕੁਮਾਰ

ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਰ ਸਫਿਆਂ ਦਾ ਇੱਕ ਪੱਤਰ ਦਿੱਤਾ ਜਿਸ ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਅਤੇ ਭੁੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 2007 ਦਾ ਸਲਾਬਤਪੁਰਾ ਕੇਸ, ਜਿਸ ਵਿੱਚ ਡੇਰਾ ਸਿਰਸਾ ਦੇ ਮੁਖੀ ਵੱਲੋਂ ਦਸਵੇਂ ਗੁਰੂ ਗੋਬਿੰਦ ਸਿੰਘ ਵਾਂਗ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ ਗਈ ਸੀ, ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਸ ਵੇਲੇ ਪੁਲੀਸ ਕੇਸ ਤਾਂ ਦਰਜ ਹੋਇਆ ਸੀ ਪਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਅਗਲੀ ਕਾਰਵਾਈ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਵਾਪਸ ਲੈ ਲਿਆ। ਦੂਜਾ ਮਾਮਲਾ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹੈ, ਜਿਸ ਵਿੱਚ ਉਸ ਵੇਲੇ ਦੀ ਅਕਾਲੀ ਸਰਕਾਰ ਅਤੇ ਬਤੌਰ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਂ ਸਿਰ ਸਹੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਵਿੱਚ ਅਸਫਲ ਰਹੇ। ਤੀਜਾ ਮਾਮਲਾ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾ ਮੰਗਿਆਂ ਮਾਫੀ ਦੇਣ ਸਬੰਧੀ ਹੈ। ਚੌਥਾ ਮਾਮਲਾ ਸੁਮੇਧ ਸੈਣੀ ਨੂੰ ਪੰਜਾਬ ਪੁਲੀਸ ਦਾ ਮੁਖੀ ਬਣਾਉਣ ਅਤੇ ਅਤਿਵਾਦ ਵੇਲੇ ਪੰਜਾਬ ’ਚ ਹੋਏ ਝੂਠੇ ਮੁਕਾਬਲਿਆਂ ਦੀ ਜਾਂਚ ਲਈ ਜਾਂਚ ਕਮਿਸ਼ਨ ਨਾ ਬਣਾਉਣ ਸਬੰਧੀ ਹੈ।
ਇਸ ਬਾਰੇ ਬੀਬੀ ਜਗੀਰ ਕੌਰ ਅਤੇ ਚੰਦੂਮਾਜਰਾ ਨੇ ਕਿਹਾ ਕਿ ਬਾਗ਼ੀ ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਨੂੰ ਇਸ ਸਬੰਧੀ ਅਕਾਲ ਤਖਤ ਤੋਂ ਭੁੱਲ ਬਖਸ਼ਾਉਣ ਵਾਸਤੇ ਕਈ ਵਾਰ ਕਿਹਾ ਗਿਆ ਪਰ ਉਨ੍ਹਾਂ ਨੇ ਇਹ ਗੱਲ ਅਣਸੁਣੀ ਕਰ ਦਿੱਤੀ ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਪਾਰਟੀ ਪ੍ਰਤੀ ਨਰਾਜ਼ਗੀ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਦੇਸ਼ ਅਤੇ ਪੰਜਾਬ ’ਚ ਸਿੱਖਾਂ ਦੇ ਮਸਲਿਆਂ ਨੂੰ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਣ ਲੱਗਾ। ਬਾਗ਼ੀ ਅਕਾਲੀ ਆਗੂਆਂ ਨੇ ਮੰਨਿਆ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਖਿਮਾ ਯਾਚਨਾ ਸਬੰਧੀ ਪੱਤਰ ਸੌਂਪਿਆ ਹੈ ਅਤੇ ਜਥੇਦਾਰ ਰਘਬੀਰ ਸਿੰਘ ਨੇ ਇਸ ਮਾਮਲੇ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਅਕਾਲੀ ਦਲ ਦੇ ਬਾਗ਼ੀ ਆਗੂਆਂ ’ਚੋਂ ਕੁਝ ਅੱਜ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੂੰ ਵੀ ਮਿਲੇ। ਇਸ ਦੀ ਪੁਸ਼ਟੀ ਕਰਦਿਆਂ ਚੰਦੂਮਾਜਰਾ ਨੇ ਆਖਿਆ ਕਿ ਇਹ ਇੱਕ ਗੈਰ-ਰਸਮੀ ਮੁਲਾਕਾਤ ਸੀ।

ਅਕਾਲੀ ਦਲ ਦੇ ਮੁੱਖ ਧੜੇ ਨੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਧੜੇ ਨੇ ਦੋ ਜੁਲਾਈ ਨੂੰ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਰਾਹੀਂ ਇਹ ਪਤਾ ਲਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਪਾਰਟੀ ਦੇ ਮੁੱਖ ਧੜੇ ਨਾਲ ਹਨ ਅਤੇ ਕਿੰਨੇ ਮੈਂਬਰ ਇਸ ਤੋਂ ਨਾਰਾਜ਼ ਹਨ।

ਸਮੁੱਚਾ ਅਕਾਲੀ ਦਲ ਪ੍ਰਧਾਨਗੀ ਵਾਸਤੇ ਕਹੇ ਤਾਂ ਵਿਚਾਰ ਕਰਾਂਗਾ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ: ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਤੱਕ ਪਾਰਟੀ ਦੀ ਪ੍ਰਧਾਨਗੀ ਵਾਸਤੇ ਪਹੁੰਚ ਕਰਦਾ ਹੈ ਤਾਂ ਉਹ ਇਸ ਵਿਸ਼ੇ ’ਤੇ ਵਿਚਾਰ ਕਰ ਸਕਦੇ ਹਨ। ਇੱਥੇ ਹਰਿਮੰਦਰ ਸਾਹਿਬ ਸਮੂਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਕਿਸੇ ਵੀ ਅਕਾਲੀ ਧੜੇ ਨੇ ਉਨ੍ਹਾਂ ਤੱਕ ਕੋਈ ਪਹੁੰਚ ਨਹੀਂ ਕੀਤੀ। ਉਹ ਧੜਿਆਂ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਮੁੱਚਾ ਅਕਾਲੀ ਦਲ ਉਨ੍ਹਾਂ ਤੱਕ ਇਸ ਸਬੰਧੀ ਪਹੁੰਚ ਕਰਦਾ ਹੈ ਤਾਂ ਉਹ ਇਸ ਬਾਰੇ ਵਿਚਾਰ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਬਣੇ ਸੰਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਪੁਰਾਤਨ ਰਾਜਸੀ ਜਥੇਬੰਦੀ ਹੈ ਅਤੇ ਇਸ ਨੂੰ ਕਾਇਮ ਰਹਿਣਾ ਚਾਹੀਦਾ ਹੈ। ਇਸ ਨੂੰ ਦੋਫਾੜ ਨਹੀਂ ਹੋਣਾ ਚਾਹੀਦਾ। ਹਾਲ ਹੀ ’ਚ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪੰਜਾਬ ਤੋਂ ਪਾਣੀ ਦੀ ਮੰਗ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਉਨ੍ਹਾਂ ਕਿਹਾ ਕਿ ਉਸ ਦੀ ਰਿਹਾਈ ਨੂੰ ਲਟਕਾਉਣਾ ਅਤੇ ਐੱਨਐੱਸਏ ਦੀ ਮਿਆਦ ਵਿੱਚ ਵਾਧਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਨੂੰ ਸੈਲਾਨੀ ਕੇਂਦਰ ਨਹੀਂ ਬਣਾਉਣਾ ਚਾਹੀਦਾ। ਇਹ ਰੂਹਾਨੀਅਤ ਵਾਲਾ ਸਥਾਨ ਹੈ ਅਤੇ ਇੱਥੇ ਧਾਰਮਿਕ ਅਸਥਾਨ ਵਜੋਂ ਹੀ ਆਉਣਾ ਚਾਹੀਦਾ ਹੈ।

Advertisement
Author Image

sukhwinder singh

View all posts

Advertisement
Advertisement
×