ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਕਤੂਬਰ
ਪੁਲੀਸ ਨੇ ਸਰਹਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਰੂਪ ਸਿੰਘ ਉਰਫ ਜੂਪਾ, ਜਗਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2.15 ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਤਿੰਨੋਂ ਵਿਅਕਤੀ ਪਾਕਿਸਤਾਨੀ ਤਸਕਰ ਕਾਲੀ ਦੇ ਸੰਪਰਕ ਵਿੱਚ ਸਨ, ਜੋ ਸਰਹੱਦ ਪਾਰੋਂ ਨਸ਼ਿਆਂ ਦੀ ਢੋਆ ਢੁਆਈ ਵਾਸਤੇ ਡਰੋਨ ਦੀ ਵਰਤੋਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਇਹ ਤਿੰਨੋਂ ਵਿਅਕਤੀ ਨਸ਼ੀਲੇ ਪਦਾਰਥ ਦੀ ਇਹ ਖੇਪ ਇੱਥੇ ਛੇਹਰਟਾ ਬਾਈਪਾਸ ਇਲਾਕੇ ਵਿੱਚ ਡਿਲੀਵਰ ਕਰਨ ਵਾਸਤੇ ਜਾ ਰਹੇ ਹਨ। ਜਿਸ ’ਤੇ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਪਿੰਡ ਬਹਿੜਵਾਲ ਕੋਲੋਂ ਉਨ੍ਹਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਜਾਂਚ ਕਰ ਰਹੀ ਹੈ ਕਿ ਇਹ ਨਸ਼ਾ ਤਸਕਰ ਨਸ਼ੇ ਦੀ ਖੇਪ ਕਿਸ ਨੂੰ ਪਹੁੰਚਾਉਣ ਜਾ ਰਹੇ ਸਨ। ਪੁਲੀਸ ਕਮਿਸ਼ਨਰ ਨੇ ਖੁਲਾਸਾ ਕੀਤਾ ਹੈ ਕਿ ਇਹ ਵਿਅਕਤੀ ਵਿਦੇਸ਼ੀ ਮੂਲ ਦੇ ਹਰਭੇਜ ਜਾਵੇਦ ਦੇ ਇਸ਼ਾਰੇ ’ਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਕਰ ਰਹੇ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਸਰਹੱਦੀ ਇਲਾਕੇ ਵਿੱਚੋਂ ਦੋ ਡਰੋਨ ਬਰਾਮਦ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸੀਮਾ ਸੁਰੱਖਿਆ ਬਲ ਨੇ ਅੱਜ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਦੋ ਡਰੋਨ ਬਰਾਮਦ ਕੀਤੇ ਹਨ। ਬੀਐੱਸਐੱਫ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੀਐੱਸਐੱਫ ਨੇ ਸਰਹੱਦੀ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ’ਤੇ ਡਿੱਗੇ ਡਰੋਨ ਬਰਾਮਦ ਕੀਤੇ ਹਨ, ਜਿਸ ਬਾਰੇ ਗ੍ਰਾਮੀਣ ਰੱਖਿਆ ਕਮੇਟੀਆਂ ਨੇ ਜਾਣਕਾਰੀ ਦਿੱਤੀ ਸੀ। ਪੰਜਾਬ ਪੁਲੀਸ ਨਾਲ ਕੀਤੀ ਸਾਂਝੀ ਕਾਰਵਾਈ ਦੌਰਾਨ ਇੱਕ ਟੁੱਟਿਆ ਹੋਇਆ ਡਰੋਨ ਬੱਚੀਵਿੰਡ ਵਿੱਚ ਵਾਹੀਯੋਗ ਜ਼ਮੀਨ ਤੋਂ ਮਿਲਿਆ ਅਤੇ ਇੱਕ ਹੋਰ ਡਰੋਨ ਅੰਮ੍ਰਿਤਸਰ ਦੇ ਪਿੰਡ ਰਤਨ ਖੁਰਦ ਤੋਂ ਬਰਾਮਦ ਕੀਤਾ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ ਕਿ ਇਹ ਡਰੋਨ ਚੀਨ ਦੇ ਬਣੇ ਹੋਏ ਡੀਜੇਆਈ ਮੈਵਿਕ 3 ਕਲਾਸਿਕ ਹਨ , ਜੋ ਕਿ 500 ਤੋਂ 600 ਗ੍ਰਾਮ ਹੈਰੋਇਨ ਦੀ ਤਸਕਰੀ ਲਈ ਵਰਤੇ ਜਾਂਦੇ ਸਨ।