ਅਦਾਕਾਰ ਦੀ ਅਸਲੀ ਸਫਲਤਾ ਦਰਸ਼ਕਾਂ ਦਾ ਪਿਆਰ ਤੇ ਸਨਮਾਨ: ਪੰਕਜ ਤ੍ਰਿਪਾਠੀ
ਮੁੰਬਈ:
ਬੌਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਹਾਲ ਹੀ ਵਿੱਚ ਨਿਊਯਾਰਕ ਵਿੱਚ ਸਾਲਾਨਾ ਇੰਡੀਆ ਡੇਅ ਪਰੇਡ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ ਜਿੱਥੇ ਉਸ ਨੇ ਆਪਣੇ ਵੱਡੀ ਗਿਣਤੀ ਪ੍ਰਸ਼ੰਸਕਾਂ ਨਾਲ ਪਿਆਰ ਜਤਾਇਆ। ਪੰਕਜ ਦਾ ਮੰਨਣਾ ਹੈ ਕਿ ਇੱਕ ਅਦਾਕਾਰ ਦੀ ਅਸਲ ਸਫਲਤਾ ਦਰਸ਼ਕਾਂ ਦਾ ਪਿਆਰ ਅਤੇ ਸਤਿਕਾਰ ਹੈ। ਇਸ ਸਮਾਗਮ ਤੋਂ ਬਾਅਦ ਪ੍ਰਸੰਸਕਾਂ ਨੇ ਅਦਾਕਾਰ ਨਾਲ ਤਸਵੀਰਾਂ ਖਿਚਵਾਉਣ ਲਈ ਕਿਹਾ ਪਰ ਸੁਰੱਖਿਆ ਕਾਰਨਾਂ ਅਤੇ ਸੁਰੱਖਿਆ ਪ੍ਰੋਟੋਕੋਲ ਕਾਰਨ ਅਦਾਕਾਰ ਅਤੇ ਉਸ ਦੇ ਪ੍ਰਸ਼ੰਸਕਾਂ ਦਰਮਿਆਨ ਸੀਮਤ ਗੱਲਬਾਤ ਹੋ ਸਕੀ ਕਿਉਂਕਿ ਇਸ ਖੇਤਰ (ਅਦਾਕਾਰ ਤੇ ਪ੍ਰਸ਼ੰਸਕਾਂ ਦਰਮਿਆਨ ਥਾਂ) ’ਤੇ ਬੈਰੀਕੇਡਿੰਗ ਕੀਤੀ ਗਈ ਸੀ। ਹਾਲਾਂਕਿ ਪੰਕਜ ਨੇ ਇੱਥੋਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀਆਂ ਖਿਚਵਾਈਆਂ। ਇਸ ਦੌਰਾਨ ਉਹ ਇਕ ਥਾਂ ’ਤੇ ਪੂਰੀ ਤਰ੍ਹਾਂ ਝੁਕ ਗਿਆ ਤਾਂ ਕਿ ਵੱਧ ਤੋਂ ਵੱਧ ਪ੍ਰਸੰਸਕਾਂ ਨਾਲ ਸੈਲਫੀ ਲਈ ਜਾ ਸਕੇ। ਇਸ ਬਾਰੇ ਗੱਲ ਕਰਦਿਆਂ ਪੰਕਜ ਨੇ ਕਿਹਾ, ‘ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਇੱਕ ਅਦਾਕਾਰ ਦੀ ਅਸਲ ਸਫਲਤਾ ਦਰਸ਼ਕਾਂ ਦੇ ਪਿਆਰ ਅਤੇ ਸਤਿਕਾਰ ਵਿੱਚ ਹੁੰਦੀ ਹੈ। ਮੇਰੇ ਪ੍ਰਸ਼ੰਸਕਾਂ ਨੇ ਮੇਰੇ ਪੂਰੇ ਸਫ਼ਰ ਦੌਰਾਨ ਮੇਰਾ ਸਮਰਥਨ ਕੀਤਾ ਅਤੇ ਇਹ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਉਨ੍ਹਾਂ ਨਾਲ ਪਿਆਰ ਜਤਾਵਾਂ। ਨਿਊਯਾਰਕ ਵਿੱਚ ਇੰਡੀਆ ਡੇਅ ਪਰੇਡ ਇੱਕ ਖਾਸ ਮੌਕਾ ਸੀ।’ ਜ਼ਿਕਰਯੋਗ ਹੈ ਕਿ ਪੰਕਜ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ ‘ਸਤ੍ਰੀ 2’ ਨੇ ਬਾਕਸ-ਆਫਿਸ ’ਤੇ ਹਲਚਲ ਮਚਾ ਦਿੱਤੀ ਹੈ। -ਆਈਏਐੱਨਐੱਸ