ਤਰਕਸ਼ੀਲ ਸੁਸਾਇਟੀ ਵੱਲੋਂ ਸੂਰਜਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਪੱਤਰ ਪ੍ਰੇਰਕ
ਮਾਨਸਾ, 7 ਜੁਲਾਈ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮਾਨਸਾ ਵਿੱਚ ਮੀਟਿੰਗ ਹੋਈ, ਜਿਸ ਦੌਰਾਨ ਪਿਛਲੇ ਦਿਨੀਂ ਹਾਥਰਸ ’ਚ ਇੱਕ ਸਤਿਸੰਗ ਦੌਰਾਨ ਮੱਚੀ ਭਗਦੜ ਕਾਰਨ ਮਾਰੇ ਗਏ ਸਰਧਾਲੂਆਂ ਦੀਆਂ ਮੌਤ ਲਈ ਜ਼ਿੰਮੇਵਾਰ ਪਾਖੰਡੀ ਬਾਬੇ ਸੂਰਜਪਾਲ ਨੂੰ ਸਜ਼ਾ ਦੇਣ ਮੰਗ ਕੀਤੀ ਗਈ। ਸੁਸਾਇਟੀ ਦੇ ਆਗੂਆਂ ਵੱਲੋਂ ਮੋਦੀ ਸਰਕਾਰ ਤੋਂ ਅੰਧ ਵਿਸ਼ਵਾਸ ਫੈਲਾਉਣ ਵਾਲੇ ਅਜਿਹੇ ਡੇਰਿਆਂ ਉਤੇ ਸਖ਼ਤ ਰੋਕ ਲਾਉਣ ਲਈ ਮਹਾਰਾਸਟਰ ਵਾਂਗ ਪੂਰੇ ਮੁਲਕ ਵਿੱਚ ਕੌਮੀ ਪੱਧਰ ਤੇ ਇਕਸਾਰ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਗਈ। ਸੁਸਾਇਟੀ ਦੇ ਆਗੂਆਂ ਲੱਖਾ ਸਿੰਘ ਸਹਾਰਨਾ, ਡਾ. ਸੁਰਿੰਦਰ ਸਿੰਘ, ਮਹਿੰਦਰਪਾਲ ਅਤਲਾ, ਸੇਵਾ ਸਿੰਘ ਬੁਢਲਾਡਾ, ਭੁਪਿੰਦਰ ਸਿੰਘ ਫੌਜੀ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਇੱਕ ਅਪਰਾਧਿਕ ਕੇਸ ਵਿੱਚ ਪੁਲੀਸ ਦੀ ਨੌਕਰੀ ਤੋਂ ਬਰਖਾਸਤ ਇਸ ਬਾਬੇ ਨੂੰ ਢਾਈ ਲੱਖ ਲੋਕਾਂ ਦੇ ਗੈਰ-ਕਾਨੂੰਨੀ ਇਕੱਠ ਕਰਨ ਅਤੇ ਸੁਰੱਖਿਆ ਕੁਤਾਹੀ ਕਰਨ ਕਾਰਨ 121 ਸ਼ਰਧਾਲੂਆਂ ਦੀ ਮੌਤ ਦੇ ਬਾਵਜੂਦ ਕੇਸ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਦੀ ਇਸ ਪਾਖੰਡੀ ਸਾਧ ਨਾਲ ਮਿਲੀਭੁਗਤ ਸਾਫ਼ ਨਜ਼ਰ ਆਉਂਦੀ ਹੈ। ਤਰਕਸ਼ੀਲ ਆਗੂਆਂ ਨੇ ਜਿੱਥੇ ਸਾਰੀਆਂ ਸਿਆਸੀ ਧਿਰਾਂ ਨੂੰ ਦੇਸ਼ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਦੀ ਮੰਗ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਪੂਰੇ ਜੋਰ ਨਾਲ ਉਠਾਉਣ ਦੀ ਮੰਗ ਕੀਤੀ ਹੈ ਉਥੇ ਹੀ ਆਮ ਲੋਕਾਂ ਨੂੰ ਵਿਗਿਆਨਿਕ ਸੋਚ ਰਾਹੀਂ ਸੁਚੇਤ ਹੋਣ ਅਤੇ ਅਜਿਹੇ ਪਾਖੰਡੀ ਬਾਬਿਆਂ ਦੇ ਡੇਰਿਆਂ ਦੇ ਝਾਂਸੇ ਵਿੱਚ ਨਾ ਫਸਣ ਦੀ ਅਪੀਲ ਕੀਤੀ। ਇਸ ਸਮੇਂ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਮੈਗਜ਼ੀਨ ਵੀ ਜਾਰੀ ਕੀਤਾ ਗਿਆ।