For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਪੀੜਤਾ ਦੀ ਮਾਂ ਵੱਲੋਂ ਪੁਲੀਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ

08:29 AM Sep 05, 2024 IST
ਜਬਰ ਜਨਾਹ ਪੀੜਤਾ ਦੀ ਮਾਂ ਵੱਲੋਂ ਪੁਲੀਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ
ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਪੀੜਤਾ ਅਤੇ ਉਸਦੀ ਮਾਂ।
Advertisement

ਗਗਨਦੀਪ ਅਰੋੜਾ
ਲੁਧਿਆਣਾ, 4 ਸਤੰਬਰ
ਗਿਆਸਪੁਰਾ ਇਲਾਕੇ ਦੀ ਰਹਿਣ ਵਾਲੀ ਜਬਰ-ਜਨਾਹ ਪੀੜਤਾ ਦੀ ਮਾਂ ਇਨਸਾਫ਼ ਦੀ ਮੰਗ ਲਈ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਈ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਮਾਮਲੇ ਵਿੱਚ ਸਹੀ ਕਾਰਵਾਈ ਨਹੀਂ ਕਰ ਰਹੀ। ਇਸ ਦੌਰਾਨ ਉਸ ਨੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ। ਪੀੜਤਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦਾ ਇੱਕ ਵਿਧਾਇਕ ਮੁਲਜ਼ਮਾਂ ਦੀ ਖੁੱਲ੍ਹੇਆਮ ਮਦਦ ਕਰ ਰਿਹਾ ਹੈ ਅਤੇ ਮੁਲਜ਼ਮ ਸ਼ਰ੍ਹੇਆਮ ਘੁੰਮ ਰਹੇ ਹਨ। ਉਸ ਨੂੰ ਰੋਜ਼ਾਨਾ ਧਮਕੀਆਂ ਮਿਲ ਰਹੀਆਂ ਹਨ ਅਤੇ ਕਈ ਵਾਰ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ ਜਿਸ ਕਾਰਨ ਉਹ ਹੜਤਾਲ ’ਤੇ ਬੈਠਣ ਲਈ ਮਜਬੂਰ ਹੋ ਗਏ। ਜਬਰ-ਜਨਾਹ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨਾਲ ਚਾਰ ਮੁਲਜ਼ਮਾਂ ਨੇ ਸਮੂਹਿਕ ਜਬਰ-ਜਨਾਹ ਕੀਤਾ ਸੀ। ਉਸ ਨੇ ਥਾਣਾ ਸਾਹਨੇਵਾਲ ਵਿੱਚ ਸ਼ਿਕਾਇਤ ਦਿੱਤੀ ਸੀ ਜਿਸ ’ਤੇ ਪੁਲੀਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦੀ ਬੱਚੀ ਗਰਭਵਤੀ ਹੋ ਗਈ ਅਤੇ ਉਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਬੱਚੇ ਦੀ ਡਿਲਵਰੀ ਕਰਵਾਈ। ਪੀੜਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਚੰਡੀਗੜ੍ਹ ਸਥਿਤ ਮਨੁੱਖੀ ਅਧਿਕਾਰ ਦਫ਼ਤਰ ਗਈ ਤਾਂ ਮੁਲਜ਼ਮਾਂ ਨੇ ਦਫ਼ਤਰ ਨੇੜੇ ਉਸ ਦੀ ਧੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੇ ਅਤੇ ਉਸ ਦੀ ਧੀ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਵੀਡੀਓ ਉਸ ਕੋਲ ਮੌਜੂਦ ਹੈ। ਉਹ ਸਾਰੇ ਵੀਡੀਓ ਸਬੂਤ ਪੁਲੀਸ ਨੂੰ ਦਿਖਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹ ਥਾਣਿਆਂ ਦੇ ਚੱਕਰ ਲਾ ਕੇ ਤੰਗ ਆ ਚੁੱਕੀ ਹੈ। ਇਸ ਕਾਰਨ ਅੱਜ ਉਹ ਆਪਣੀ ਪੀੜਤਾ ਧੀ ਸਣੇ ਰੋਸ ਧਰਨੇ ’ਤੇ ਬੈਠੀ ਹੈ।

ਪੁਲੀਸ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ: ਏਸੀਪੀ

ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਜਾਂਚ ਦੌਰਾਨ ਜਿਨ੍ਹਾਂ ਦੋਵਾਂ ਨੌਜਵਾਨਾਂ ’ਤੇ ਦੋਸ਼ ਲਾਏ ਜਾ ਰਹੇ ਹਨ, ਉਨ੍ਹਾਂ ਖਿਲਾਫ਼ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਇਸ ਕੇਸ ਦਾ ਚਲਾਨ ਵੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਪੁਲੀਸ ਕਾਨੂੰਨ ਅਨੁਸਾਰ ਪੂਰੀ ਕਾਰਵਾਈ ਕਰ ਰਹੀ ਹੈ।

Advertisement

Advertisement
Author Image

Advertisement