For the best experience, open
https://m.punjabitribuneonline.com
on your mobile browser.
Advertisement

ਟ੍ਰਾਈਸਿਟੀ ਵਾਸੀਆਂ ਲਈ ਆਫ਼ਤ ਬਣ ਕੇ ਵਰ੍ਹਿਆ ਮੀਂਹ

07:28 AM Sep 27, 2024 IST
ਟ੍ਰਾਈਸਿਟੀ ਵਾਸੀਆਂ ਲਈ ਆਫ਼ਤ ਬਣ ਕੇ ਵਰ੍ਹਿਆ ਮੀਂਹ
ਜ਼ੀਰਕਪੁਰ ਦੀ ਨਿਰਮਲ ਛਾਇਆ ਸੁਸਾਇਟੀ ’ਚ ਭਰਿਆ ਪਾਣੀ। -ਫੋਟੋ: ਰਵੀ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਸਤੰਬਰ
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਭਾਵੇਂ ਮੌਸਮ ਤਾਂ ਖੁਸ਼ਗਵਾਰ ਕਰ ਦਿੱਤਾ ਹੈ ਅਤੇ ਲੋਕਾਂ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਆਵਾਜਾਈ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਵੀ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਪੀਜੀਆਈ ਤੇ ਹੋਰਨਾਂ ਕਈ ਥਾਵਾਂ ’ਤੇ ਵੀ ਪਾਣੀ ਭਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਕਿ 10-11 ਵਜੇ ਤੱਕ ਰੁਕ-ਰੁਕ ਕੇ ਪੈਂਦਾ ਰਿਹਾ ਹੈ। ਮੀਂਹ ਕਰਕੇ ਸ਼ਹਿਰ ਦੇ ਸੈਕਟਰ-33 ਵਿੱਚ ਗੁਰਦੁਆਰਾ ਚੌਕ, ਸੈਕਟਰ-30 ’ਚ ਆਇਰਨ ਮਾਰਕੀਟ, ਸੈਕਟਰ-20/21/33/34 ਵਾਲੇ ਚੌਕ, ਕਲਾਗ੍ਰਾਮ ਲਾਈਟ ਪੁਆਇੰਟ, ਦੱਖਣ ਮਾਰਗ ’ਤੇ ਪੋਲਟਰੀ ਫਾਰਮ ਚੌਕ ਤੋਂ ਗੁਰਦੁਆਰਾ ਚੌਕ, ਸੈਕਟਰ-32 ’ਚ ਬੀਐੱਸਐੱਨਐਲ ਮੋੜ ’ਤੇ, ਸੈਕਟਰ-21, 25 ਸਣੇ ਵੱਖ-ਵੱਖ ਥਾਵਾਂ ’ਤੇ ਪਾਣੀ ਭਰ ਗਿਆ।

Advertisement

ਮੀਂਹ ਮਗਰੋਂ ਪੀਜੀਆਈ ਦੇ ਇੱਕ ਬਲਾਕ ’ਚ ਭਰਿਆ ਪਾਣੀ। -ਫੋਟੋ: ਪ੍ਰਦੀਪ ਤਿਵਾੜੀ

ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ 24 ਘੰਟਿਆਂ ਵਿੱਚ 42.9 ਐੱਮਐੱਮ ਮੀਂਹ ਪਿਆ ਹੈ। ਮੀਂਹ ਪੈਣ ਦੇ ਨਾਲ ਸ਼ਹਿਰ ਦਾ ਤਾਪਮਾਨ ਵਿੱਚ ਗਿਰਾਵਟ ਆਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 6.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪੰਚਕੂਲਾ ’ਚ 24 ਘੰਟਿਆਂ ਵਿੱਚ 59.5 ਐੱਮਐੱਮ ਮੀਂਹ ਪਿਆ ਹੈ। ਪੰਚਕੂਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ 27 ਸਤੰਬਰ ਨੂੰ ਹਲਕਾ ਮੀਂਹ ਪੈਣ ਅਤੇ 28 ਤੇ 29 ਸਤੰਬਰ ਨੂੰ ਬਦੱਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

Advertisement

ਭਰਵੇਂ ਮੀਂਹ ਕਾਰਨ ਮੁਲਾਜ਼ਮ ਤੇ ਵਿਦਿਆਰਥੀ ਹੋਏ ਪ੍ਰੇਸ਼ਾਨ

ਪੰਚਕੂਲਾ (ਪੀ.ਪੀ. ਵਰਮਾ):

ਪੰਚਕੂਲਾ ਵਿੱਚ ਅੱਜ ਪਏ ਭਰਵੇਂ ਮੀਂਹ ਕਾਰਨ ਵਿਦਿਆਰਥੀ ਅਤੇ ਦਫਤਰੀ ਮੁਲਾਜ਼ਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੈਕਟਰ 16-17 ਚੌਕ, ਤਵਾ ਚੌਕ, ਲੇਬਰ ਚੌਕ, ਪੁਰਾਣਾ, ਮਾਜਰੀ ਚੌਕ, ਸੈਕਟਰ-20 ਦੇ ਟੀ ਪੁਆਇੰਟ ’ਤੇ ਕਾਫੀ ਪਾਣੀ ਭਰ ਗਿਆ ਅਤੇ ਲੋਕਾਂ ਦੇ ਵਾਹਨ ਪਾਣੀ ਵਿੱਚ ਖੜ੍ਹ ਗਏ। ਸਭ ਤੋਂ ਵੱਧ ਬੁਰਾ ਹਾਲ ਸੈਕਟਰ-19 ਦੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਹੋਇਆ, ਜਿੱਥੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਹਨਾਂ ਦੋ ਮਰਲੇ ਦੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਨੇ ਬਾਲਟੀਆਂ ਨਾਲ ਆਪਣੇ ਮਕਾਨਾਂ ਵਿੱਚੋਂ ਪਾਣੀ ਬਾਹਰ ਕੱਢਿਆ। ਕੁਸ਼ੱਲਿਆ ਡੈਮ, ਸਿਸਵਾਂ ਨਦੀ ਅਤੇ ਘੱਗਰ ਵਿੱਚ ਵੀ ਪਾਣੀ ਓਵਰ ਫਲੋਅ ਰਿਹਾ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਗੇਟਾਂ ਉੱਤੇ ਵੀ ਪਾਣੀ ਨਹਿਰਾਂ ਵਾਂਗ ਚੱਲ ਰਿਹਾ ਸੀ। ਸੁਸਾਇਟੀ ਨੰਬਰ 105, 106 ਅਤੇ 107 ਦੇ ਬਹਾਰ ਗੋਡੇ ਗੋਡੇ ਪਾਣੀ ਸੀ। ਮਨੀਮਾਜਰਾ ਤੋਂ ਆ ਰਿਹਾ ਬਰਸਾਤੀ ਨਾਲਾ ਇੰਦਰਾਂ ਕਲੋਨੀ ਅਤੇ ਰਾਜੀਵ ਕਲੋਨੀ ਵਿੱਚ ਰਹਿੰਦੇ ਕਬਾੜੀਆਂ ਦਾ ਸਾਮਾਨ ਪਾਣੀ ਵਿੱਚ ਬਹਾ ਕੇ ਲੈ ਗਿਆ ਜਿਹੜਾ ਉਹਨਾਂ ਨੇ ਬਰਸਾਤੀ ਨਾਲੇ ਦੇ ਆਸਪਾਸ ਰੱਖਿਆ ਹੋਇਆ ਸੀ। ਦਿਨ ਚੜ੍ਹਦੇ ਸ਼ੁਰੂ ਹੋਈ ਬਰਸਾਤ ਬਾਅਦ ਦੁਪਹਿਰ ਤੱਕ ਪੈਂਦੀ ਰਹੀ।

ਨਵਾਂ ਗਰਾਉਂ ਦੀਆਂ ਗਲੀਆਂ ਹੋਈਆਂ ਜਲ-ਥਲ

ਨਵਾਂ ਗਰਾਉਂ ਵਿੱਚ ਗਲੀਆਂ ਵਿੱਚ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਲੋਕ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ):

ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਸਮੇਤ ਨਿਊ ਚੰਡੀਗੜ੍ਹ ਇਲਾਕੇ ਵਿੱਚ ਪਏ ਤੇਜ਼ ਮੀਂਹ ਕਾਰਨ ਪਿੰਡਾਂ, ਕਲੋਨੀਆਂ ਵਿੱਚ ਸਣੇ ਘਰਾਂ, ਦਫ਼ਤਰਾਂ ਵਿੱਚ ਗੰਦਾ ਪਾਣੀ ਭਰ ਗਿਆ ਹੈ। ਲਾਕੇ ਵਿੱਚ ਪੜੌਲ, ਪਟਿਆਲਾ ਕੀ ਰਾਉ, ਮੁੱਲਾਂਪੁਰ ਗਰੀਬਦਾਸ, ਜੈਯੰਤੀ ਮਾਜਰੀ, ਗੁੜਾ ਦੀਆਂ ਬਰਸਾਤੀ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ। ਮੀਂਹ ਕਾਰਨ ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਕਰੀਬ ਸਾਰੇ ਇਲਾਕੇ ਵਿੱਚ ਬਰਸਾਤੀ ਅਤੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਬਣਾਏ ਹੋਏ ਗਟਰਾਂ ਵਿੱਚੋਂ ਉਛਲ ਕੇ ਸੜਕ ’ਤੇ ਭਰ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਮੈਨ ਹੋਲ ਬਿਨਾਂ ਢੱਕਣਾਂ ਤੋਂ ਖੁੱਲ੍ਹੇ ਪਏ ਹਨ ਅਤੇ ਇਨ੍ਹਾਂ ਦੀ ਹਾਲਤ ਬਦਤਰ ਹੋਈ ਪਈ ਹੈ। ਦੋ ਪਹੀਆ ਵਾਹਨਾਂ ਤੇ ਰੇਹੜੀਆਂ ਵਾਲੇ ਚਾਲਕਾਂ ਗੰਦੇ ਪਾਣੀ ਵਿੱਚੋਂ ਲੰਘਦੇ ਰਹੇ।

Advertisement
Author Image

joginder kumar

View all posts

Advertisement