ਰੇਲਵੇ ਪੁਲੀਸ ਨੇ ਰੇਹੜੀ ’ਤੇ ਰੱਖ ਕੇ ਹਸਪਤਾਲ ਪਹੁੰਚਾਈ ਲਾਸ਼
ਫਰੀਦਕੋਟ (ਜਸਵੰਤ ਜੱਸ):
ਇਥੇ ਰੇਲਵੇ ਪੁਲੀਸ ਨੇ ਮੌਕੇ ’ਤੇ ਐਂਬੂਲੈਂਸ ਨਾ ਮਿਲਣ ’ਤੇ ਪਰਵਾਸੀ ਮਜ਼ਦੂਰ ਦੀ ਲਾਸ਼ ਰੇਹੜੀ ’ਤੇ ਪਾ ਕੇ ਹੀ ਹਸਪਤਾਲ ਪਹੁੰਚਾ ਦਿੱਤੀ। ਮ੍ਰਿਤਕ ਪਰਵਾਸੀ ਮਜ਼ਦੂਰ ਦੀ ਪਛਾਣ ਦਿਨੇਸ਼ ਬਿੰਦ ਵਜੋਂ ਹੋਈ ਹੈ। ਦਿਨੇਸ਼ ਦੀ ਲਾਸ਼ ਰੇਲਵੇ ਸਟੇਸ਼ਨ ਨਜ਼ਦੀਕ ਮਿਲੀ ਸੀ। ਇਸ ਸਬੰਧੀ ਜਦੋਂ ਰੇਲਵੇ ਪੁਲੀਸ ਫਰੀਦਕੋਟ ਨੂੰ ਜਾਣਕਾਰੀ ਮਿਲੀ ਤਾਂ ਉਹ ਐਂਬੂਲੈਂਸ ਨਾ ਮਿਲਣ ’ਤੇ ਦਿਨੇਸ਼ ਬਿੰਦ ਦੀ ਲਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਰੇਹੜੀ ’ਤੇ ਪਾ ਕੇ ਹੀ ਲੈ ਗਏ। ਦਿਨੇਸ਼ ਬਿੰਦ ਪਿਛਲੇ ਕਾਫੀ ਸਮੇਂ ਤੋਂ ਫਰੀਦਕੋਟ ਦੀ ਜੋਤ ਰਾਮ ਕਲੋਨੀ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨਿਰਬੋਧ ਗੋਬਿੰਦ ਅਤੇ ਗੌਤਮ ਨੇ ਰੋਸ ਪ੍ਰਗਟਾਇਆ ਕਿ ਰੇਲਵੇ ਪੁਲੀਸ ਵੱਲੋਂ ਦਿਨੇਸ਼ ਦੀ ਲਾਸ਼ ਨੂੰ ਐਂਬੂਲੈਂਸ ਦੀ ਥਾਂ ਰੇਹੜੀ ’ਤੇ ਪਾ ਕੇ ਹਸਪਤਾਲ ਪਹੁੰਚਾਇਆ ਗਿਆ। ਰੇਲਵੇ ਥਾਣੇ ਦੇ ਐੱਸਐੱਚਓ ਕੁਲਦੀਪ ਚੰਦ ਨੇ ਕਿਹਾ ਕਿ ਪਰਵਾਸੀ ਮਜ਼ਦੂਰ ਦੀ ਮੌਤ ਹੋ ਚੁੱਕੀ ਸੀ ਅਤੇ ਤੁਰੰਤ ਐਂਬੂਲੈਂਸ ਨਹੀਂ ਮਿਲ ਸਕੀ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਿਨੇਸ਼ ਬਿੰਦ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਉਸ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਲਾਸ਼ ਵਾਲੀ ਰੇਹੜੀ ਨੂੰ ਦਿਨੇਸ਼ ਬਿੰਦ ਦੇ ਲੜਕੇ ਖਿੱਚ ਕੇ ਹਸਪਤਾਲ ਤੱਕ ਲੈ ਕੇ ਗਏ।