ਐੱਨਆਈਏ ਵੱਲੋਂ ਮਹਿਲਾ ਕਿਸਾਨ ਆਗੂ ਦੇ ਘਰ ’ਤੇ ਛਾਪਾ ਤਾਨਾਸ਼ਾਹੀ ਕਰਾਰ
ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਐੱਨ ਕੇ ਜੀਤ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਸਕੱਤਰ ਐਡਵੋਕੇਟ ਸੁਦੀਪ ਸਿੰਘ ਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਐੱਨਆਈਏ ਦੀ ਟੀਮ ਵੱਲੋਂ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਦੇ ਘਰ ਛਾਪਾ ਮਾਰਨ ਵੇਲੇ ਨਾ ਤਾਂ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਨਾ ਹੀ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਕੌਂਸਲਰ ਨੂੰ ਹੀ ਨਾਲ ਲਿਆ ਗਿਆ। ਇਸ ਸਬੰਧੀ ਸਭਾ ਨੇ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਦੌਰਾ ਕਰਨ ਉਪਰੰਤ ਤੱਥ ਰਿਪੋਰਟ ਪੇਸ਼ ਕਰਦਿਆਂ ਐੱਨਆਈਏ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਸਭਾ ਦੀ ਐਮਰਜੈਂਸੀ ਮੀਟਿੰਗ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਇਹ ਛਾਪਾ ਪਾਰਦਰਸ਼ੀ ਨਾ ਹੋ ਕੇ ਕਿਸੇ ਝੂਠੇ ਕੇਸ ਦੀ ਬੁਨਿਆਦ ਬਣਾਉਣ ਲਈ ਮਾਰਿਆ ਗਿਆ ਹੈ ਜਿਸ ਦਾ ਮਕਸਦ ਸੰਘਰਸ਼ਸ਼ੀਲ ਜਥੇਬੰਦੀ ਦੇ ਆਗੂਆਂ ਨੂੰ ਬੇਵਜਾ ਕੇਸਾਂ ’ਚ ਉਲਝਾਉਣਾ ਹੈ। ਸਭਾ ਨੇ ਤੱਥ ਰਿਪੋਰਟ ਵਿੱਚ ਜ਼ਿਕਰ ਕੀਤਾ ਕਿ ਜਾਂਚ ਏਜੰਸੀ ਦੀ ਟੀਮ ਨੇ ਬੇਹੱਦ ਸ਼ੱਕੀ ਹਾਲਤ ਅਤੇ ਅਨੇਕਾਂ ਬੇਨਿਯਮੀਆਂ ਤਹਿਤ ਇਹ ਛਾਪਾ ਮਾਰਿਆ। ਸੁਖਵਿੰਦਰ ਕੌਰ ਦੇ ਆਪਣੇ ਘਰ ਵਿੱਚ ਮੌਜੂਦ ਨਾ ਹੋਣ ਦੇ ਬਾਵਜੂਦ ਤਲਾਸ਼ੀ ਬੇਰੋਕ ਕਰੀਬ 7 ਘੰਟੇ ਜਾਰੀ ਰੱਖੀ ਗਈ। ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਵੀ ਉਨ੍ਹਾਂ ਦੇ ਕਿਸੇ ਵਕੀਲ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਭਾ ਦੇ ਐਡਵੋਕੇਟ ਐੱਨ.ਕੇ. ਜੀਤ ਨੇ ਕਿਹਾ ਕਿ ਛਾਪੇ ਦਾ ਬਹਾਨਾ 2023 ਵਿੱਚ ਲਖਨਊ ਵਿੱਚ ਦਰਜ ਐੱਫਆਈਆਰ ਨੂੰ ਬਣਾਇਆ ਗਿਆ ਪਰ ਸੁਖਵਿੰਦਰ ਕੌਰ ਨੇ ਪੱਖ ਪੇਸ਼ ਕਰਦਿਆਂ ਕਿਹਾ ਉਹ ਤਾਂ ਕਦੇ ਲਖਨਊ ਗਈ ਹੀ ਨਹੀਂ।
ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਦੀਆਂ ਹਦਾਇਤਾਂ ’ਤੇ ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਯੂਪੀ ਦੇ ਵਕੀਲਾਂ ਤੇ ਜਮਹੂਰੀ ਕਾਰਕੁਨਾਂ ਤੋਂ ਇਲਾਵਾ ਰਾਮਪੁਰਾ ਫੂਲ ਦੇ ਸਰਾਭਾ ਨਗਰ ਸਥਿਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਘਰ ’ਤੇ ਮਾਰੇ ਛਾਪੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਇਸ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।