ਰਾਜਿੰਦਰਾ ਕਾਲਜ ਵਿੱਚ ਪੀਐੱਸਯੂ ਦੀ ਨਵੀਂ ਕਮੇਟੀ ਚੁਣੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਯੂਨੀਅਨ ਦੀ ਨਵੀਂ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਪੀਐਸਯੂ ਦੇ ਸੂਬਾਈ ਆਗੂ ਧੀਰਜ ਫ਼ਾਜ਼ਿਲਕਾ ਅਤੇ ਰਜਿੰਦਰ ਸਿੰਘ ਢਿੱਲਵਾਂ ਨੇ ਜਥੇਬੰਦੀ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਵਾਲੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਸਰਕਾਰ ਤੋਂ ਚੰਗੇ ਸਿੱਖਿਆ ਪ੍ਰਬੰਧ ਦੀ ਮੰਗ ਕਰਦਿਆਂ, ਸੰਘਰਸ਼ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਹੀ ਅਜਿਹਾ ਰਾਹ ਹੈ, ਜਿਹੜਾ ਸੰਘਰਸ਼ਾਂ ਦੇ ਮੈਦਾਨ ਵਿੱਚ ਨੌਜਵਾਨਾਂ ਦੀ ਸੁਚੱਜੀ ਅਗਵਾਈ ਕਰ ਸਕਦਾ ਹੈ। ਮੰਚ ਸੰਚਾਲਨ ਪਾਇਲ ਬਠਿੰਡਾ ਵੱਲੋਂ ਬਾਖ਼ੂਬੀ ਕੀਤੀ ਗਿਆ ਜਦਕਿ ਪ੍ਰਦੀਪ ਗੋਨਿਆਣਾ ਨੇ ਸਾਥੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪੀਐੱਸਯੂ ਦੀ ਨਵੀਂ ਕਮੇਟੀ ਲਈ ਪਾਇਲ ਬਠਿੰਡਾ ਨੂੰ ਪ੍ਰਧਾਨ, ਪ੍ਰਦੀਪ ਗੋਨਿਆਣਾ ਨੂੰ ਮੀਤ ਪ੍ਰਧਾਨ, ਗੁਰਵਿੰਦਰ ਘੁੰਮਣ ਸਕੱਤਰ, ਪਵਨ ਗਹਿਰੀ ਭਾਗੀ ਸਹਾਇਕ ਸਕੱਤਰ, ਕ੍ਰਿਸ਼ਟੀ ਬਠਿੰਡਾ ਖ਼ਜ਼ਾਨਚੀ ਅਤੇ ਲਵਦੀਪ ਰੋਮਾਣਾ ਪ੍ਰੈੱਸ ਸਕੱਤਰ ਚੁਣੇ ਗਏ।